Monday, July 03, 2017

ਤਰਕਸ਼ੀਲ ਸੋਸਾਇਟੀ ਵੱਲੋਂ ਉਲੀਕੇ ਗਏ ਕਈ ਖਾਸ ਪ੍ਰੋਗਰਾਮ

ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਵਿਰੁੱਧ ਚੇਤਨਾ ਲਹਿਰ ਹੋਰ ਤੇਜ਼
ਲੁਧਿਆਣਾ: 2 ਜੁਲਾਈ 2017: (ਸਤੀਸ਼ ਸਚਦੇਵਾ//ਪੰਜਾਬ ਸਕਰੀਨ):: More Pics on Facebook
ਫਖਰਯੋਗ ਤਕਨੀਕੀ ਅਤੇ ਵਿਗਿਆਨਕ ਵਿਕਾਸ ਦੇ ਬਾਵਜੂਦ ਅਜੇ ਤੱਕ ਅੰਧ ਵਿਸ਼ਵਾਸ ਦੀਆਂ ਦੁਕਾਨਾਂ ਬੰਦ ਨਹੀਂ ਹੋਈਆਂ। ਪੜ੍ਹੇ ਲਿਖੇ ਲੋਕ ਅੱਜ ਵੀ ਕੰਮ ਤੇ ਨਿਕਲਣ ਵੇਲੇ ਨਿੱਛ ਆ ਜਾਣ ਤੇ ਝੱਟ ਬੈਠ ਜਾਂਦੇ ਹਨ ਕਿ ਕਿਤੇ ਕੋਈ ਬਦਸ਼ਨਗਨੀ ਨ ਹੋ ਜਾਵੇ। ਬਹੁਤ ਸਾਰੇ ਪੜ੍ਹੇ ਲਿਖੇ ਅਜੇ ਵੀ ਘਰ ਵਾਪਿਸ ਪਰਤ ਆਉਂਦੇ ਹਨ ਜੇ ਉਹਨਾਂ ਦਾ ਰਸਤਾ ਬਿੱਲੀ ਕੱਟ ਜਾਵੇ। ਅਜਿਹੀ ਕਮਜ਼ੋਰ ਮਾਨਸਿਕਤਾ ਦਾ ਫਾਇਦਾ ਉਹ ਸ਼ਾਤਰ ਲੋਕ ਉਠਾਉਂਦੇ ਹਨ ਜਿਹਨਾਂ ਦੇ ਵਹਿਮਾਂ ਭਰਮਾਂ ਅਤੇ ਜਾਦੂ ਟੂਣਿਆਂ ਦੇ ਆਸਰੇ ਉਹਨਾਂ ਦਾ ਆਪਣਾ ਦਾਲ ਫੁਲਕਾ ਚੱਲਦਾ ਹੈ। ਤਰਕਸ਼ੀਲ ਸੋਸਾਇਟੀ ਬਿਨਾ ਰੁਕੇ-ਬਿਨਾ ਥੱਕੇ ਅਜਿਹੇ ਢੋਂਗੀ ਅਨਸਰਾਂ ਦੇ ਖਿਲਾਫ ਇੱਕ ਚੇਤਨਾ ਮੁਹਿੰਮ ਚਲਾਉਂਦੀ ਆ ਰਹੀ ਹੈ। ਇਸ ਨੂੰ ਮਿਲਣ ਵਾਲਾ ਹੁੰਗਾਰਾ ਵੀ ਵੱਧ ਰਿਹਾ ਹੈ ਅਤੇ ਲੋਕ ਚੇਤਨਾ ਵੀ ਵਿਕਸਿਤ ਹੋ ਰਹੀ ਹੈ ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। 
ਇਸ ਸਭ ਕੁਝ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਤਰਕਸ਼ੀਲ ਸੋਸਾਇਟੀ ਦੇ ਲੁਧਿਆਣਾ ਸਥਿਤ ਦਫਤਰ ਵਿਖੇ ਹੋਈ।  ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ ਇਕਾਈ) ਦੀ ਮੀਟਿੰਗ ਅੱਜ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹਰ ਏਜੰਡੇ ਤੇ ਗੱਲ ਕਰਦਿਆਂ ਤਹਿ ਕੀਤਾ ਗਿਆ ਕਿ ਲੋਕਾਂ ਦਾ ਸੋਚਣ ਢੰਗ ਅਤੇ ਨਜਰੀਆ ਵਿਗਿਆਨਿਕ ਬਣਾਉਣ ਲਈ ਤਰਕਸ਼ੀਲ ਕਾਰਕੁਨਾਂ ਵੱਲੋਂ ਸਮਰਪਿਤ ਭਾਵਨਾ ਨਾਲ ਕੰਮ ਕੀਤਾ ਜਾਵੇ। ਇਸ ਸਮੇਂ ਲੁਧਿਆਣਾ ਜ਼ੋਨ ਦੀ ਹੋਈ ਮੀਟਿੰਗ ਵਿੱਚ ਲਏ ਫੈਸਲਿਆੰ ਦੀ ਰਿਪੋਰਟ ਵੀ ਜਸਵੰਤ ਜੀਰਖ ਅਤੇ ਸਤੀਸ਼ ਸੱਚਦੇਵਾ ਵੱਲੋਂ ਸਾਂਝੀ ਕੀਤੀ ਗਈ ਜਿਸ ਦੌਰਾਨ ਮਹਾਰਾਸ਼ਟਰ ਦੇ ਉੱਘੇ ਤਰਕਸ਼ੀਲ ਆਗੂ ਡਾ. ਨਰੇੰਦਰ ਦਭੋਲਕਰ ਦੀ ਸ਼ਹਾਦਤ ਨੂੰ ਸਮਰਪਿਤ ਹਫ਼ਤਾ 13 ਤੋਂ 20 ਅਗਸਤ ਤੱਕ ਮਨਾਉਣਾ ਤਹਿ ਕੀਤਾ ਗਿਆ ਜਿਸ ਵਿੱਚ ਤਰਕਸ਼ੀਲ ਮੈਗਜ਼ੀਨ ਵੱਧ ਤੋਂ ਵੱਧ ਹੱਥਾਂ ਤੱਕ ਪਹੁੰਚਾਉਣ ਲਈ ਮੁਹਿੰਮ ਚਲਾਈ ਜਾਵੇਗੀ। ਇਸੇ ਤਰ੍ਹਾਂ ਤਰਕਸ਼ੀਲ ਸਾਹਿਤ ਵੈਨ ਰਾਹੀਂ ਵੀ ਵੱਖ- ਵੱਖ ਸਕੂਲਾਂ//ਕਾਲਜਾਂ ਵਿੱਚ ਪਹੁੰਚਾਇਆ ਜਾਵੇਗਾ। ਅਗਸਤ ਮਹੀਨੇ ਦੌਰਾਨ ਤਰਕਸ਼ੀਲ ਪ੍ਰਚਾਰ ਦੀ ਰਫਤਾਰ ਤੇਜ਼ ਕੀਤੀ ਜਾਵੇਗੀ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਕੂਲੀ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਤਹਿ ਕੀਤਾ ਜਾਵੇਗਾ।
       ਲੁਧਿਆਣੇ ਵਿੱਚ ਥਾਂ-ਥਾਂ ਤਾਂਤਰਿਕਾਂ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਢੋਂਗੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਸਬੰਧੀ ਪੁਲੀਸ ਕਮਿਸ਼ਨਰ ਲੁਧਿਆਣਾ ਨੂੰ ਦਿੱਤੇ ਮੰਗ ਪੱਤਰ ਬਾਰੇ ਅਗਲੇ ਲੋੜੀੰਦੇ ਕਦਮ ਚੁੱਕਣ ਦਾ ਵੀ ਫੈਸਲਾ ਲਿਆ ਗਿਆ। ਲੁਧਿਆਣਾ ਇਕਾਈ ਵੱਲੋਂ ਸ਼ੁਰੂ ਕੀਤੀ ਸੈਮੀਨਾਰਾਂ ਦੀ ਲੜੀ ਅਧੀਨ ਅਗਲਾ ਸੈਮੀਨਾਰ 30 ਜੁਲਾਈ ਨੂੰ   "ਵਿਗਿਆਨਕ ਸਮਾਜਵਾਦ " ਵਿਸ਼ੇ ਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਕਰਵਾਉਣਾ ਤਹਿ ਕੀਤਾ ਗਿਆ। ਇਸ ਸੈਮੀਨਾਰ ਦੇ ਬੁਲਾਰੇ ਕਾਮਰੇਡ ਕਸ਼ਮੀਰ ਸਿਰਸਾ (ਹਰਿਆਣਾ) ਹੋਣਗੇ। ਮੀਟਿੰਗ ਵਿੱਚ ਉਪਰੋਕਤ ਆਗੂਆਂ ਸਮੇਤ ਬਲਵਿੰਦਰ ਸਿੰਘ, ਧਰਮਪਾਲ ਸਿੰਘ, ਗੁਰਮੇਲ ਸਿੰਘ ਕਨੇਡਾ, ਰਾਕੇਸ ਆਜਾਦ, ਪ੍ਰਿੰਸੀਪਲ ਹਰਭਜਨ ਸਿੰਘ, ਅਜਮੇਰ ਦਾਖਾ ਆਦਿ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਲੁਧਿਆਣਾ, ਕੋਹਾੜਾ,ਮਾਛੀਵਾੜਾ,ਜਰਗ, ਮਾਲੇਰਕੋਟਲਾ ਅਤੇ ਜਗਰਾਓਂ ਇਕਾਈਆਂ ਨੇ ਵੀ ਭਾਗ ਲਿਆ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵਿੱਤ ਵਿਭਾਗ ਮੁੱਖੀ ਸ਼੍ਰੀ ਹੇਮ ਰਾਜ ਸਟੈਨੋ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਮੀਟਿੰਗ ਵਿੱਚ ਸਕੂਲਾਂ, ਕਾਲਜਾਂ ਵਿੱਚ ਯੋਜਨਾਬੱਧ ਢੰਗ ਨਾਲ ਪ੍ਰੋਗਰਾਮ ਪੇਸ਼ ਕਰਨ, 8 ਜੁਲਾਈ 2017 ਤਰਕਸ਼ੀਲ ਦਫਤਰ ਲੁਧਿਆਣਾ ਵਿਖੇ ਸੂਬਾ ਪੱਧਰੀ ਵਰਕਸ਼ਾਪ ਲਾਉਣ, ਅਗਸਤ ਮਹੀਨੇ ਤਰਕਸ਼ੀਲ ਵੈਨ ਨਾਲ ਲੁਧਿਆਣਾ ਜ਼ੋਨ ਵਿੱਚ ਪ੍ਰੋਗਰਾਮ ਦੇਣ ਦੀ ਰੂਪ ਰੇਖਾ ਬਣਾਈ ਗਈ, ਡਾਕਟਰ ਨਰਿੰਦਰ ਦਬੋਲਕਰ ਸ਼ਹੀਦ ਤਰਕਸ਼ੀਲ ਲਹਿਰ ਦੀ ਯਾਦ ਵਿੱਚ 13 ਅਗਸਤ ਤੋਂ 20 ਅਗਸਤ ਤੱਕ ਮੈਗਜ਼ੀਨ ਹਫਤਾ ਮਨਾਉਣ, 24 ਸਤੰਬਰ  2017 ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ, ਨੌਵੀਂ, ਦਸਵੀਂ ਦੇ ਵਿਦਿਆਰਥੀਆਂ ਦੀ ਸੋਚ  ਵਿਗਿਆਨਕ ਬਣਾਉਣ ਲਈ ਚੋਣਵੀਆਂ ਵਿਗਿਆਨਕ   ਸਮਝ ਦਾ ਵਿਕਾਸ ਕਰਨ ਵਾਲੀਆਂ ਕਿਤਾਬਾਂ ਵਿੱਚੋ ਮੁਕਾਬਲਾ ਟੈਸਟ ਕਰਵਾਉਣ ਦੇ ਫੈਸਲੇ ਲਾਗੂ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ।
 ਮੀਟਿੰਗ ਵਿੱਚ ਉੱਘੇ ਇਨਕਲਾਬੀ ਨਾਟਕਕਾਰ ਅਜਮੇਰ ਔਲਖ ਅਤੇ ਲੋਕ ਪੱਖੀ ਕਵੀ ਇਕਬਾਲ ਰਾਮੂਵਾਲੀਆ ਦੇ ਸਦੀਵੀ ਵਿਛੋੜੇ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿੱਚ ਸ਼੍ਰੀ ਦਲਬੀਰ ਕਟਾਨੀ, ਜਸਵੰਤ ਜੀਰਖ, ਸਤੀਸ਼ ਸਚਦੇਵਾ, ਸ਼ਮਸ਼ੇਰ ਨੂਰਪੁਰੀ,ਡਾਕਟਰ ਮਜੀਦ ਆਜਾਦ,ਸੁਖਵਿੰਦਰ ਲੀਲ, ਸੁਖਵਿੰਦਰ ਸਿੰਘ, ਮਾਸਟਰ ਰਾਜਿੰਦਰ, ਆਦਿ ਹਾਜਰ ਸਨ।
ਪੰਜਾਬ ਸਕਰੀਨ ਵੱਲੋਂ ਰੈਕਟਰ ਕਥੂਰੀਆ ਨੇ ਯਕੀਨ ਦੁਆਇਆ ਕਿ ਇਸ ਮਕਸਦ ਲਈ ਕੋਈ ਠੋਸ ਯੋਜਨਾ ਬਣਾ ਕੇ ਅੰਧ ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਵਿਰੁੱਧ ਵਿਸ਼ੇਸ਼ ਮੁਹਿੰਮ ਲਈ ਸਰਗਰਮ ਸਹਿਯੋਗ ਦਿੱਤਾ ਜਾਵੇਗਾ। 

No comments: