Thu, Apr 13, 2017 at 2:49 PM
ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਨਜ਼ਰ ਆਇਆ ਨਾਮਧਾਰੀ ਸੇਵਾ ਦਾ ਕਮਾਲ
ਨਾਮਧਾਰੀਆਂ ਨੇ ਬੜੇ ਅਨੁਸ਼ਾਸਨ ਨਾਲ ਹੱਥੀਂ ਸੇਵਾ ਕਰਕੇ ਮਨਾਈ ਵਿਸਾਖੀ
ਸ੍ਰੀ ਅਨੰਦਪੁਰ ਸਾਹਿਬ: 13 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਦੀ ਅਗਵਾਈ ਹੇਠ ਜਿੱਥੇ ਹਿੰਦੂਆਂ ਅਤੇ ਹੋਰਨਾਂ ਧਰਮਾਂ ਦੇ ਨਾਲ ਨਾਲ ਸਰਬੱਤ ਦੇ ਭਲੇ ਵਾਲੀ ਭਾਵਨਾ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਉੱਥੇ ਸਿੱਖ ਜਗਤ ਨਾਲ ਵੀ ਦੂਰੀਆਂ ਘਟਾਉਣ ਦੇ ਉਪਰਾਲੇ ਤੇਜ਼ ਕੀਤੇ ਗਏ ਹਨ। ਗੁਰੂਆਂ ਦੀਆਂ ਸਿੱਖਿਆਵਾਂ ਅਤੇ ਜੀਵਨਜਾਚ ਨੂੰ ਵੀ ਅਮਲੀ ਜ਼ਿੰਦਗੀ ਵਿੱਚ ਉਤਾਰਨ ਦੀਆਂ ਕੋਸ਼ਿਸ਼ਾਂ ਵੀ ਤੇਜ਼ ਕੀਤੀਆਂ ਗਈਆਂ ਹਨ। ਸ੍ਰੀ ਜੀਵਨ ਨਗਰ ਵਿਖੇ ਜਾਤ ਪਾਤ ਨੂੰ ਛੱਡਣ ਅਤੇ ਸਾਦਗੀ ਭਰਿਆ ਜੀਵਨ ਜਿਊਣ ਦਾ ਸੱਦਾ ਇਹਨਾਂ ਉਪਰਾਲਿਆਂ ਦਾ ਹੀ ਇੱਕ ਹਿੱਸਾ ਸੀ। ਇਸਤੋਂ ਬਾਅਦ ਦਿੱਲੀ ਅਤੇ ਹੁਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਾਮਧਾਰੀ ਇਕੱਤਰਤਾ ਇਸੇ ਦਿਸ਼ਾ ਵਿਹਚ ਵਧਾਇਆ ਗਿਆ ਕਦਮ ਹੈ।
ਧਾਰਮਿਕ ਸਥਾਨਾਂ ਦੀ ਸੇਵਾ। ਜੋੜਿਆਂ ਦੀ ਸੇਵਾ। ਬਰਤਨਾਂ ਦੀ ਸੇਵਾ। ਜਿਸ ਗੱਲ ਨੂੰ ਸਿੱਖ ਸਿਆਸਤ ਦੇ ਕੁਝ ਹਿੱਸਿਆਂ ਵਿੱਚ ਸਜ਼ਾ ਆਖਿਆ ਜਾਂਦਾ ਹੈ ਅਸਲ ਵਿੱਚ ਉਹ ਇੱਕ ਸੌਗਾਤ ਹੁੰਦੀ ਹੈ। ਇਹ ਸੇਵਾ ਆਤਮਸ਼ੁੱਧੀ ਦਾ ਇੱਕ ਸੌਖਾ ਅਤੇ ਤੇਜ਼ ਗੁਰ ਹੈ। ਆਖ਼ਿਰੀ ਸਾਹ ਦਾ ਪਤਾ ਨਹੀਂ ਹੁੰਦਾ ਪਰ ਬੰਦਾ ਆਪਣੇ ਹੰਕਾਰ ਵਿੱਚ ਡੁੱਬਿਆ ਆਪਣੇ ਆਪ ਵਿੱਚ ਹੀ ਮਸਤ ਹੁੰਦਾ ਹੈ। ਆਪਣੇ ਹੀ ਜੂਠੇ ਬਰਤਨਾਂ ਨੂੰ ਸਾਫ ਕਰਨਾ ਉਸਨੂੰ ਮਾੜਾ ਲੱਗਦਾ ਹੈ। ਨਿਮਰਤਾ ਅਤੇ ਸੰਵੇਦਨਾ ਦਾ ਉਸਨੂੰ ਕੁਝ ਪਤਾ ਨਹੀਂ ਹੁੰਦਾ। ਪ੍ਰੇਮ ਦੀ ਭਾਵਨਾਂ ਤੋਂ ਉਹ ਕੋਹਾਂ ਦੂਰ ਰਹਿੰਦਾ ਹੈ। ਜੂਠੇ ਬਰਤਨਾਂ ਨੂੰ ਧੋਣ ਲਈ ਨਾਮਧਾਰੀਆਂ ਨੇ ਬਹੁਤ ਹੀ ਨਵਾਂ ਅਤੇ ਅਨੁਸ਼ਾਸਿਤ ਤਰੀਕਾ ਦੱਸਿਆ। ਇਸ ਨਾਲ ਸੇਵਾ ਦੀ ਛੋਹ ਜ਼ਿਆਦਾ ਲੋਕਾਂ ਨੂੰ ਮਿਲਦੀ ਸੀ ਤੇ ਰੌਲਾ ਰੱਪਾ ਬਿਲੁਕਲ ਵੀ ਨਹੀਂ ਸੀ। ਸਾਰੀ ਸੇਵਾ ਬੜੀ ਸ਼ਾਂਤੀ ਨਾਲ ਹੋ ਰਹੀ ਸੀ। ਲੰਗਰ ਮਗਰੋਂ ਚੁੱਕਿਆ ਗਿਆ ਜੂਠਾ ਬਰਤਨ ਰਸਤੇ ਵਿੱਚ ਬਿਨਾ ਕਿਸੇ ਥਾਂ ਡਿੱਗੇ ਸਿੱਧਾ ਬਰਤਨ ਮਾਂਜਣ ਧੋਣ ਵਾਲੀਆਂ ਟੂਟੀਆਂ ਤੱਕ ਪਹੁੰਚਾਇਆ ਜਾ ਰਿਹਾ ਸੀ।
ਅੱਜ ਸ੍ਰੀ ਅਨੰਦਪੁਰ ਸਾਹਿਬ ਪੁੱਜੀ ਨਾਮਧਾਰੀ ਸੰਗਤ ਨੇ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਿਸਾਖੀ ਦੇ ਸ਼ੁਭ ਦਿਹਾੜੇ ਅਤੇ ਖਾਲਸੇ ਦੇ ਸਿਰਜਨਾ ਦਿਵਸ ਦੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਕੇ ਲੰਗਰ ਦੀ ਹੱਥੀਂ ਸੇਵਾ ਕਰਕੇ ਵਿਸਾਖੀ ਦਾ ਪੁਰਬ ਮਨਾਇਆ। ਦੀ ਸੇਵਾ ਦੇ ਨਾਲ-ਨਾਲ ਨਾਮਧਾਰੀ ਸੰਗਤ ਨੇ ਸ਼ਰਦਾਈ ਦਾ ਲੰਗਰ ਵੀ ਸੰਗਤਾਂ ਵਾਸਤੇ ਲਾਇਆ।
ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਦੱਸਿਆ ਕਿ ਅਸੀਂ ਨਾਮਧਾਰੀਏ ਅੰਮ੍ਰਿਤਧਾਰੀ ਸਿੰਘ ਹਾਂ। ਸਤਿਗੁਰੂ ਰਾਮ ਸਿੰਘ ਜੀ ਨੇ ਸਾਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬਣਾਇਆ, ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਅਤੇ ਸਿੰਘ ਸਜਾਇਆ। ਅੱਜ ਵਿਸਾਖੀ ਦੇ ਦਿਨ ਤਖਤ ਕੇਸਗੜ ਸਾਹਿਬ ਵਿਖੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ। ਇਸ ਕਰਕੇ ਅੰਮ੍ਰਿਤਧਾਰੀ ਹੋਣ ਦੇ ਨਾਤੇ ਵਿਸਾਖੀ ਵਾਲੇ ਦਿਨ ਇਸ ਸਥਾਨ ਤੇ ਲੰਗਰ ਦੀ ਸੇਵਾ ਕਰਨ ਆਏ ਹਾਂ। ਦੂਸਰਾ ਅਸੀਂ ਨਾਮਧਾਰੀ ਅਤੇ ਬਾਕੀ ਸਿੱਖਾਂ ਵਿੱਚ ਜੋ ਦੂਰੀਆਂ ਵਧ ਗਈਆਂ ਸਨ, ਉਨਾਂ ਨੂੰ ਘਟਾਉਣ ਵਾਸਤੇ ਲਗਾਤਾਰ ਯਤਨਸ਼ੀਲ ਹਾਂ।
ਇਸ ਮੌਕੇ ਸੰਤ ਨਵਤੇਜ ਸਿੰਘ ਨਾਮਧਾਰੀ ਨੇ ਕਿਹਾ ਕਿ ਖਾਲਸਾ ਪੰਥ ਦੇ ਸ਼ੁਭ ਦਿਹਾੜਿਆਂ ਦੇ ਮੌਕੇ ਸਾਨੂੰ ਸਿਆਸੀ ਪਿੜਾਂ ਨਹੀਂ ਬਨਣੀਆਂ ਚਾਹੀਦੀਆਂ।ਇਸਦੀ ਬਜਾਏ ਸਾਨੂੰ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ।ਸਿਆਸੀ ਗੱਲਾਂ ਕਰਨ ਦੀ ਬਜਾਏ ਸਾਨੂੰ ਸਤਿਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ।ਇਸਦੇ ਇਲਾਵਾ ਜ਼ਿਆਦਾਤਰ ਦੇਖਣ ਵਿੱਚ ਆਇਆ ਹੈ ਕਿ ਸਿੱਖ ਪੰਥ ਦੇ ਕਈ ਸੰਤ-ਸਾਧ ਵਿਸਾਖੀ ਵਰਗੇ ਪਵਿੱਤਰ ਦਿਹਾੜਿਆਂ ਮੌਕੇ ਗੁਰਧਾਮਾਂ ਦੇ ਸਿਰਫ ਦਰਸ਼ਨ ਕਰਨ ਹੀ ਆਉਂਦੇ ਹਨ । ਉਹਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਸੰਗਤਾਂ ਸਮੇਤ ਹੱਥੀਂ ਸੇਵਾ ਕਰਿਆ ਕਰਨ ਤਾਂ ਜੋ ਬਾਕੀ ਦੀ ਸੰਗਤ ਨੂੰ ਵੀ ਸੇਵਾ ਕਰਨ ਦੀ ਪ੍ਰੇਰਨਾ ਮਿਲ ਸਕੇ।ਅੱਜ ਸਤਿਗੁਰੂ ਦਲੀਪ ਸਿੰਘ ਜੀ ਨੇ ਆਪ ਸਵੇਰ ਤੋਂ ਲੈਕੇ ਸ਼ਾਮ ਤੱਕ ਕਈ ਘੰਟੇ ਲੰਗਰ ਵਿੱਚ ਭਾਂਡੇ ਮਾਂਜਨ ਦੇ ਨਾਲ-ਨਾਲ ਲੰਗਰ ਵਰਤਾਉਣ ਦੀ ਸੇਵਾ ਕੀਤੀ ਅਤੇ ਸੰਗਤਾਂ ਕੋਲੋਂ ਵੀ ਕਰਵਾਈ।
ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਵੀ ਨਾਮਧਾਰੀ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ( ਅੰਮ੍ਰਿਤਸਰ ਸਾਹਿਬ ), ਤਖਤ ਸ੍ਰੀ ਪਟਨਾ ਸਾਹਿਬ, ਗੁਰਦੁਆਰਾ ਚਰਨਕੰਵਲ ਸਾਹਿਬ, ਮਾਛੀਵਾੜਾ ਸਮੇਤ ਹੋਰ ਕਈ ਗੁਰਦੁਆਰਿਆਂ ਅਤੇ ਗੁਰਧਾਮਾਂ ਤੇ ਸਤਿਗੁਰੂ ਦਲੀਪ ਸਿੰਘ ਜੀ ਦੀ ਅਗਵਾਈ ਹੇਠ ਲੰਗਰ, ਭਾਂਡਿਆਂ ਅਤੇ ਜੋੜਿਆਂ ਦੀ ਸੇਵਾ ਕੀਤੀ ਹੈ।
ਇਸ ਮੌਕੇ ਪ੍ਰਿੰਸੀਪਲ ਹਰਮਨ ਸਿੰਘ, ਸੂਬਾ ਦਰਸ਼ਨ ਸਿੰਘ ਰਾਏਸਰ, ਸੂਬਾ ਰਤਨ ਸਿੰਘ ਰਾਜਲਾ, ਪ੍ਰਧਾਨ ਸਾਹਿਬ ਸਿੰਘ ਅੰਮ੍ਰਿਤਸਰ, ਸੰਤ ਲਾਲ ਸਿੰਘ ਅੰਮ੍ਰਿਤਸਰ, ਸੰਤ ਜਸਬੀਰ ਸਿੰਘ ਮੁਕੇਰੀਆਂ, ਸਰਪੰਚ ਜਗਜੀਤ ਸਿੰਘ ਝੱਲ, ਜਥੇਦਾਰ ਗੁਰਦੀਪ ਸਿੰਘ, ਤਜਿੰਦਰ ਸਿੰਘ ਚੰਡੀਗੜ, ਸਤਨਾਮ ਸਿੰਘ ਚੰਡੀਗੜ, ਰਤਨ ਸਿੰਘ ਮੋਹਾਲੀ, ਦਵਿੰਦਰ ਸਿੰਘ ਯਮੁਨਾਨਗਰ, ਸੰਤ ਸਿੰਘ ਯਮੁਨਾ ਨਗਰ ਸਮੇਤ ਵੱਖੋ-ਵੱਖਰੇ ਇਲਾਕਿਆਂ ਤੋਂ ਸੰਗਤਾਂ ਦੇ ਵਿਸ਼ਾਲ ਇਕੱਠ ਨੇ ਅੱਜ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਅਤੇ ਹੱਥੀਂ ਸੇਵਾ ਕੀਤੀ।
No comments:
Post a Comment