ਨਿਸ਼ਾਨਾ 2030 ਤੱਕ ਸ਼ੁੱਧ ਇਨਸਾਨੀਅਤ ਵਾਲਾ ਸਮਾਜ ਸਿਰਜਣਾ
ਲੁਧਿਆਣਾ: 12 ਨਵੰਬਰ 2016: (ਪੰਜਾਬ ਸਕਰੀਨ ਬਿਊਰੋ):
ਅੱਖਾਂ ਦੇ ਹਨੇਰੇ ਨੂੰ ਦੂਰ ਕਰਦਿਆਂ ਮਿਲੀ ਸਫਲਤਾ ਨੇ ਡਾਕਟਰ ਰਮੇਸ਼ ਦੇ ਮਨ ਵਿੱਚ ਇੱਕ ਹੋਰ ਮਕਸਦ ਪੈਦਾ ਕੀਤਾ ਕਿ ਜਦੋਂ ਤੀਕ ਸਮਾਜ ਹੀ ਹਨੇਰਾ ਹੈ ਉਦੋਂ ਤੱਕ ਸਿਰਫ ਅੱਖਾਂ ਦੀ ਰੌਸ਼ਨੀ ਤਾਂ ਜ਼ਿੰਦਗੀ ਅਤੇ ਸਮਾਜ ਨੂੰ ਖੁਸ਼ੀਆਂ ਨਹੀਂ ਦੇ ਸਕਦੀ। ਇਸ ਹਨੇਰੇ ਕਾਰਨ ਹੀ ਹੁੰਦੇ ਨੇ ਆਏ ਦਿਨ ਕਤਲ। ਆਏ ਦਿਨ ਖੂਨ ਖਰਾਬੇ ਅਤੇ ਫਸਾਦ। ਕਿਓਂ ਨਾ ਇਸ ਹਨੇਰੇ ਨੂੰ ਵੀ ਦੂਰ ਕੀਤਾ ਜਾਵੇ। ਇਸ ਹਨੇਰੇ ਨੂੰ ਦੂਰ ਕਰਨ ਲਈ ਦਿਨ ਚੁਣਿਆ ਗਿਆ ਬਾਲ ਦਿਵਸ ਦਾ। ਇਸ ਨਾਲ ਉਮੀਦ ਨੂੰ ਹੋਰ ਸ਼ਕਤੀ ਵੀ ਮਿਲੀ ਕਿ ਸ਼ਾਇਦ ਡੇੜ ਦੋ ਦਹਾਕੇ ਤੱਕ ਇੱਕ ਅਜਿਹੀ ਨਵੀਂ ਪੀੜ੍ਹੀ ਤਿਆਰ ਕੀਤੀ ਜਾ ਸਕੇ ਜਿਹੜੀ ਧਰਮਾਂ-ਜਾਤਾਂ-ਪਾਤਾਂ ਅਤੇ ਹੋਰ ਸਾਰੇ ਵਖਰੇਵਿਆਂ ਤੋਂ ਬਿਲਕੁਲ ਨਿਰਲੇਪ ਹੋ ਕੇ ਸਿਰਫ ਇਨਸਾਨੀਅਤ ਨੂੰ ਆਪਣਾ ਧਰਮ ਸਮਝੇ। ਅੱਜ ਪੁਨਰਜੋਤ ਹਸਪਤਾਲ ਵਿਖੇ ਮਨਾਇਆ ਗਿਆ ਬਾਲ ਦਿਵਸ ਅਸਲ ਵਿੱਚ ਇਸ ਮਕਸਦਨੂੰ ਪੂਰਾ ਕਰਨ ਦਾ ਸੰਕਲਪ ਦਿਵਸ ਵੀ ਸੀ।
ਪੁਨਰਜੋਤ ਸੁਸਾਇਟੀ ਵੱਲੋਂ ਬੱਚਿਆਂ ਵਿਚ ਆਪਸੀ ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ ਲਈ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਗਈ। ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਅੱਜ ਬਾਲ ਦਿਵਸ਼ ਇਕ ਵੱਖਰੇ ਢੰਗ ਨਾਲ “ਪੁਨਰਜੋਤ ਸਦਭਾਵਨਾ ਪਰਿਵਾਰ-2030”ਦੇ ਮਿਲਨ ਨਾਲ ਮਨਾਇਆ ਗਿਆ। ਇਸ ਵਿੱਚ ਸਾਰੇ ਧਰਮਾਂ ਦੇ ਬੱਚੇ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆ ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਮੈਡੀਕਲ ਡਾਇਰੈਕਟਰ ਡਾ. ਰਮੇਸ਼ ਐਮ. ਡੀ. ਸਟੇਟ ਆਵਾਰਡੀ ਨੇ ਦੱਸਿਆ ਕਿ ਅੱਖਾਂ ਦਾਨ ਮਹਾਂਦਾਨ ਦੀ ਸਫਲ ਮੁਹਿੰਮ ਤੋਂ ਬਾਅਦ ਸਮਾਜਿਕ ਭਾਈਚਾਰੇ ਨੂੰ ਬੇਹਤਰ ਬਣਾਉਣ ਲਈ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ “ਪੁਨਰਜੋਤ ਦਾ ਵਿਆਹ” ਲਘੂ ਨਾਟਕ ਇਕੱਠਾਂ ਵਿਚ ਵਿਖਾਇਆ ਜਾ ਰਿਹਾ ਹੈ।ਅੱਜ ਬੱਚਿਆਂ ਵਿਚ ਆਪਸੀ ਭਾਈਚਾਰਾ ਅਤੇ ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨ ਦੇ ਮਕਸਦ ਨਾਲ “ਪੁਨਰਜੋਤ ਸਦਭਾਵਨਾ ਪਰਿਵਾਰ-2030” ਮਿਲਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਮਿਲਨ ਵਿਚ ਹਿੰਦੂ, ਮੁਸਲਿਮ, ਸਿੱਖ, ਅਤੇ ਇਸਾਈ ਭਾਈਚਾਰੇ ਦੇ ਦਸ ਸਾਲ ਤੱਕ ਦੇ ਬੱਚਿਆਂ ਨੂੰ ਸਾਮਲ ਕੀਤਾ ਗਿਆ ਹੈ। ਇਹ ਵੱਖ-ਵੱਖ ਧਰਮਾ ਦੇ ਬੱਚੇ ਸਮੇਂ-ਸਮੇਂ ਤੇ ਇਕੱਠੇ ਕੇ ਆਪਸੀ ਸਦਭਾਵਨਾ ਕਾਇਮ ਕਰਕੇ 2030 ਤੱਕ ਪੁਨਰਜੋਤ ਸਦਭਾਵਨਾ ਪਰਿਵਾਰ ਵਜੋਂ ਵਿਕਸਤ ਹੋ ਕੇ ਦੇਸ ਵਿਚ ਇਕ ਮਿਸਾਲ ਬਣਨਗੇ। ਸਮਾਗਮ ਨੂੰ ਡਾ. ਸ਼ਕੁੰਤਲਾ ਯਾਦਵ, ਡਾ.ਗੁਲਜ਼ਾਰ ਸਿੰਘ ਪੰਧੇਰ, ਜਿਓਤੀ ਡੰਗ ਅਤੇ ਰਾਕੇਸ਼ ਦੁੱਗਲ ਨੇ ਸੰਬੋਧਨ ਕੀਤਾ।ਡਾ. ਸ਼ਕੁੰਤਲਾ ਯਾਦਵ ਇਸ ਸਾਰੇ ਆਯੋਜਨ ਵਿੱਚ ਪੁਨਰਜੋਤ ਦੀ ਦਾਦੀ ਬਣ ਕੇ ਸਾਹਮਣੇ ਆਈ।
ਇਸ ਮੌਕੇ ਤੇ ਡਾ.ਸ਼ਕੁੰਤਲਾ ਯਾਦਵ ਨੂੰ ਦਾਦੀ ਦਾ ਸਨਮਾਨ ਦੇ ਕੇ ਪੁਨਰਜੋਤ ਸਹਿਯੋਗੀ ਆਵਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋ ਇਲਾਵਾ ਬੱਚਿਆਂ ਨਾਲ ਆਏ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧਾਂ ਨੂੰ ਵੀ ਪੁਨਰਜੋਤ ਸਹਿਯੋਗੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਦੰਡੀ ਸਵਾਮੀ ਮੰਦਰ ਤੋਂ ਪੰਡਿਤ ਸੁਮਿਤ ਮਿਤਰਾ ਤੇ ਰੋਹਿਤ, ਇਸਾਈ ਧਰਮ ਵੱਲੋਂ ਕੇਹਰ ਸਿੰਘ, ਮੁਸਲਿਮ ਭਾਈਚਾਰੇ ਵੱਲੋਂ ਮੁਹੰਮਦ ਹਸੀਨ ਗੁੱਲ, ਸਰਦਾਰ ਦਲਬੀਰ ਸਿੰਘ ਮੱਕੜ, ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ, ਸ੍ਰੀ ਰਤਨ ਗੌਤਮ, ਸ੍ਰੀ ਸੁਖਚੈਨ ਸਿੰਘ ਅਤੇ ਰਛਪਾਲ ਸਿੰਘ ਆਦਿ ਹਾਜਰ ਸਨ।
No comments:
Post a Comment