Thursday, October 20, 2016

ਪੰਜਾਬ ਦੇ ਗੰਭੀਰ ਮਸਲਿਆਂ ’ਤੇ ਚਿੰਤਨ ਮੰਥਨ ਮਗਰੋਂ 38ਵਾਂ ਪ੍ਰੋ. ਮੋਹਨ ਸਿੰਘ ਮੇਲਾ ਸੰਪਨ

 2016-10-20 17:14 GMT+05:30
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ  ਵੱਲੋਂ ਆਯੋਜਨ 
ਜਾਰੀ ਹੈ ਜਗਦੇਵ ਸਿੰਘ ਜੱਸੋਵਾਲ ਵੱਲੋਂ ਅਰੰਭਿਆ ਉਪਰਾਲਾ 
ਲੁਧਿਆਣਾ: 20 ਅਕਤੂਬਰ  2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਸਿਆਸਤ ਦਾ ਕਰੂਪ ਚੇਹਰਾ ਦੇਖ ਕੇ ਸਾਹਿਤ ਦੇ ਸਦੀਵੀ ਸੱਚ ਵੱਲ ਮੁੜੇ ਜਗਦੇਵ ਸਿੰਘ ਜੱਸੋਵਾਲ ਹੁਰਾਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸਿਆਸੀ ਲੀਡਰ ਨੂੰ ਮਾੜਾ ਨਹੀਂ ਆਖਿਆ ਪਰ ਆਪਣਾ ਧਿਆਨ ਵੀ ਓਧਰੋਂ ਹਟਾ ਲਿਆ।  ਆਪਣੀ ਸਾਰੀ ਊਰਜਾ ਸਾਹਿਤ ਵੱਲ ਲਾ ਦਿੱਤੀ। ਸਾਹਿਤਕਾਰਾਂ ਦਾ ਮੱਕਾ ਮਦੀਨਾ ਬਣ ਗਿਆ ਸੀ ਜੱਸੋਵਾਲ ਦਾ ਆਲ੍ਹਣਾ ਜਿੱਥੇ ਹਰ ਲੋੜਵੰਦ ਸ਼ਰਨ ਲੈ ਸਕਦਾ ਸੀ, ਆਪਣਾ ਦੁੱਖ ਦਰਦ ਦੱਸ ਸਕਦਾ ਸੀ ਅਤੇ ਉਸਦੀ ਵਿੱਥਿਆ ਅੰਜਾਈ ਨਹੀਂ ਸੀ ਜਾਂਦੀ। ਕਈ ਵਾਰ ਜੱਸੋਵਾਲ ਸਾਹਿਬ ਵਿੱਤੋਂ ਬਾਹਰ ਜਾ ਕੇ ਵੀ ਉਸਦੀ ਮਦਦ ਕਰਦੇ। ਮੈ ਕਰ ਸਕਦੇ ਤਾਂ ਉਸਨੂੰ ਹੋਂਸਲਾ ਦੇਂਦੇ ਅਤੇ ਪ੍ਰਬੰਧ ਹੁੰਦਿਆਂ ਹੀ ਅਚਾਨਕ ਉਸਦੇ ਘਰ ਜਾ ਪਹੁੰਚਦੇ। ਜੱਸੋਵਾਲ ਸਾਹਿਬ ਦੇ ਤੁਰ ਜਾਨ ਮਗਰੋਂ ਬਹੁਤ ਸਾਰਿਆਂ  ਦਾ ਰੱਬ ਹੀ ਰੁਸ ਗਿਆ। ਹੁਣ ਉਹਨਾਂ ਵਰਗਾ ਹੋਰ ਕੋਈ ਵੀ ਨਹੀਂ। ਜੱਸੋਵਾਲ ਸਾਹਿਬ ਨੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨਾਲ ਯਾਰੀ ਨਿਭਾਈ। ਜਿਊਂਦੇ ਜੀਅ ਵੀ ਅਤੇ ਪ੍ਰੋਫੈਸਰ ਸਾਹਿਬ ਦੇ ਦੇਹਾਂਤ ਤੋਂ ਬਾਅਦ ਵੀ। ਮੈਨੂੰ ਅੱਜ ਵੀ ਯਾਦ ਹਨ ਉਹ ਸ਼ਾਮਾਂ ਜਿਹੜੀਆਂ ਪੀਏਯੂ ਦੇ ਤਿੰਨ ਨੰਬਰ ਵਾਲੇ ਗੇਟ ਨੇੜਲੇ ਪ੍ਰੋਫੈਸਰ ਸਾਹਿਬ ਦੇ ਘਰ ਵਿੱਚ ਗੁਜ਼ਰਦੀਆਂ। ਇਹਨਾਂ ਸ਼ਾਮਾਂ ਦੌਰਾਨ ਸੁਰਜੀਤ ਪਾਤਰ ਹੁਰਾਂ ਦੀ ਮੌਜੂਦਗੀ ਬੇਹੱਦ ਜ਼ਰੂਰੀ ਗਿਣੀ ਜਾਂਦੀ ਸੀ। ਮੇਰਾ ਇਥੇ ਆਉਣਾ ਜਾਣਾ ਮੇਰੇ ਪਿਤਾ ਕਾਰਨ ਸੰਭਵ ਹੋਇਆ ਸੀ ਜਿਹਨਾਂ ਦੀ ਜੱਸੋਵਾਲ ਸਾਹਿਬ ਨਾਲ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਵੀ ਅਟੁੱਟ ਸਾਂਝ ਸੀ। ਪ੍ਰੋਫੈਸਰ ਮੋਹਨ ਸਿੰਘ ਦੀਆਂ ਸਤਰਾਂ ਇਸ ਸਾਂਝ ਦਾ ਮੁੱਖ ਅਧਾਰ ਸਨ :
ਦੋ ਟੋਟਿਆਂ ਦੇ ਵਿਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ,
ਦੋ ਧੜਿਆਂ ਵਿਚ ਖ਼ਲਕਤ ਵੰਡੀ,
ਇਕ ਲੋਕਾਂ ਦਾ ਇਕ ਜੋਕਾਂ ਦਾ। 
ਲੋਕ ਵਿਰੋਧੀ ਅਨਸਰਾਂ ਦੀਆਂ ਸਾਜ਼ਿਸ਼ਾਂ ਬਾਰੇ ਲਿਖਦਿਆਂ ਪ੍ਰੋਫੈਸਰ ਮੋਹਨ ਸਿੰਘ ਆਖਦੇ ਹਨ:
ਜਨਤਾ ਨੂੰ ਥਹੁ ਨਾ ਲਗਣ ਦਿਤਾ
ਇਨ੍ਹਾਂ ਜਾਦੂਗਰ ਵਿਥਕਾਰਾਂ ਨੇ,
ਅਸਲੀਅਤ ਵਿਚ ਨੇ ਦੋ ਵਿੱਥਾਂ,
ਬਾਕੀ ਸਭ ਕੂੜੀਆਂ ਪਾੜਾਂ ਨੇ।  
ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ (ਰਜਿ.) ਦੇ ਸਹਿਯੋਗ ਨਾਲ 38ਵੇਂ ਪ੍ਰੋ. ਮੋਹਨ ਸਿੰਘ ਮੇਲੇ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸੈਮੀਨਾਰ ਵਿਚ ਉੱਘੇ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ‘ਪੰਜਾਬ ਦਾ ਖੇਤੀ ਸੰਕਟ’ ਅਤੇ ਡਾ. ਨਾਹਰ ਸਿੰਘ ‘ਪੰਜਾਬੀ ਸਭਿਆਚਾਰ : ਹਕੀਕਤ ਅਤੇ ਚੁਣੌਤੀਆਂ’ ਵਿਸ਼ੇ ’ਤੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਮਲਕੀਤ ਸਿੰਘ ਦਾਖਾ, ਸ. ਇੰਦਰਜੀਤ ਸਿੰਘ ਗਰੇਵਾਲ, ਇੰਗਲੈਂਡ ਤੋਂ ਆਏ ਚਿੱਤਰਕਾਰ ਕਮਲ ਧਾਲੀਵਾਲ ਅਤੇ ਡਾ. ਸੁਰਜੀਤ ਸਿੰਘ ’ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ‘ਪੰਜਾਬ ਦਾ ਖੇਤੀ ਸੰਕਟ’ ਅਜੇ ਦੇ ਪੰਜਾਬ ਦੀ ਗੱਲ ਕਰਦਾ ਹੈ। ਵਿਕਾਸ ਦੀ ਇਸ਼ਤਿਹਾਰੀ ਚਮਕ ਦਮਕ ਦੇ ਮਾਇਆ ਜਾਲ ਨੂੰ ਤੋੜ ਕੇ ਹਕੀਕਤ ਦਿਖਾਉਂਦਾ ਹੈ। ਅਜਿਹੇ ਉਪਰਾਲੇ ਲਈ ਪੰਜਾਬੀ ਸਾਹਿਤ ਅਕਾਦਮੀ ਅਤੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਨਿਸਚੇ ਹੀ ਵਧਾਈ ਦੇ ਪਾਤਰ ਹਨ। ਪੰਜਾਬ ਦੀਆਂ ਖੁਦਕੁਸ਼ੀਆਂ ਦੀ ਗੱਲ ਉਂਝ ਹੋ ਹੀ ਨਹੀਂ ਸੀ ਸਕਦੀ। 
ਪੰਜਾਬ ਦੇ ਖੇਤੀ ਸੰਕਟ ਸੰਬੰਧੀ ਗੱਲ ਕਰਦਿਆਂ ਡਾ. ਸੁਖਪਾਲ ਸਿੰਘ, ਮੁਖੀ ਅਰਥ ਸਾਸ਼ਤਰ ਵਿਭਾਗ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਸਿਆ ਕਿ ਪਿਛਲੇ ਦਹਾਕੇ ਵਿਚ ਪੰਜਾਬ ਵਿਚ ਤਿੰਨ ਲੱਖ ਦੇ ਕਰੀਬ ਖ਼ੁਦਕੁਸ਼ੀਆਂ ਹੋ ਚੁੱਕੀਆਂ ਹਨ। ਇਹ ਗੱਲ ਸਰਵੇ ਦੇ ਅੰਕੜਿਆਂ ਦੇ ਆਧਾਰ ’ਤੇ ਗਲ ਕਰੀਏ ਤਾਂ ਇਹ ਸਾਡੇ ਲੋਕਾਂ ਅੰਦਰ ਪਾਏ ਜਾਂਦੇ ਬਹੁਤ ਸਾਰੇ ਭਰਮਾਂ ਨੂੰ ਤੋੜ ਦਿੰਦੀ ਹੈ। ਉਨ੍ਹਾਂ ਆਮ ਤੌਰ ’ਤੇ ਚਲੰਤ ਕਿਸਮ ਦੇ ਸੁਆਲ ਕਿਸਾਨ ਹੀ ਕਿਉ ਖ਼ੁਦਕੁਸ਼ੀ ਕਰਦਾ ਹੈ ਦਾ ਜਵਾਬ ਦਿੰਦਿਆਂ ਆਖਿਆ ਕਿ ਕਿਸਾਨ ਤੇ ਮਜ਼ਦੂਰ ਬਰਾਬਰ ਖ਼ੁਦਕੁਸ਼ੀਆਂ ਕਰਦੇ ਹਨ। ਉਨ੍ਹਾਂ ਬਿਮਾਰੀ ਦੀ ਜੜ੍ਹ ਸਮਝਦਿਆਂ ਵਿਸ਼ਵੀਕਰਣ ਦੀਆਂ ਨੀਤੀਆਂ, ਜਿਹੜੀਆਂ ਕਿਸਾਨ ਦੇ ਖਰਚਿਆਂ ਨੂੰ ਵਧਾ ਰਹੀਆਂ ਹਨ, ਨੂੰ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ। ਵਸਤਾਂ ਦੇ ਖਰਚਿਆਂ ਨੂੰ ਥੋਕ, ਨਕਦ, ਉਧਾਰ ਦਾ ਫ਼ਰਕ ਬੁਰੀ ਤਰ੍ਹਾਂ ਨਿਰਧਾਰਤ ਕਰ ਰਿਹਾ ਹੈ। ਆਮ ਤੌਰ ’ਤੇ ਖ਼ੁਦਕੁਸ਼ੀਆਂ ਨੂੰ ਨਸ਼ਿਆਂ ਨਾਲ ਜੋੜਿਆ ਜਾਂਦਾ ਹੈ। ਪਰ ਉਨ੍ਹਾਂ ਕਿਹਾ ਕਿ ਬਿਨਾਂ ਨਸ਼ੇ ਕਰਨ ਵਾਲਿਆਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਵੀ ਕੁਝ ਘੱਟ ਨਹੀਂ। ਉਨ੍ਹਾਂ ਅੰਤ ਵਿਚ ਆਖਿਆ ਕਿ ਕਾਰਪੋਰੇਟ ਮਾਡਲ ਦੀ ਥਾਂ ’ਤੇ ਮੌਲਿਕ ਮਾਡਲ ਉਸਾਰ ਕੇ ਅਸੀਂ ਖ਼ੁਦਕੁਸ਼ੀਆਂ ਦੇ ਝਮੇਲੇ ਵਿਚੋਂ ਨਿਕਲ ਸਕਦੇ ਹਾਂ। 
ਡਾ. ਨਾਹਰ ਸਿੰਘ ਨੇ ਪੰਜਾਬ ਦੇ ਸੱਭਿਆਚਾਰ ਦੀਆਂ ਚੁਣੌਤੀਆਂ ਬਾਰੇ ਬੋਲਦਿਆਂ ਆਖਿਆ ਕਿ ਸਾਡੇ ਆਰਥਿਕ ਵਿਕਾਸ ਨੇ ਸਭਿਆਚਾਰਕ ਕਦਰਾਂ ਕੀਮਤਾਂ ਵਿਚ ਵੀ ਵਿਗਾੜ ਲਿਆਂਦਾ ਹੈ। 1980 ਦੇ ਕਰੀਬ  ਜਿਹੜਾ ਵਿਕਾਸ ਆਪਣੀ ਸੀਮਾਂ ਛੋਹ ਗਿਆ ਉਸ ਤੋਂ ਬਾਅਦ ਕਿਸਾਨੀ ਨੇ ਆਪਣੇ ਤੌਰ ’ਤੇ ਪਰਿਵਾਰ ਨਿਯੋਜਨ ਵੀ ਅਪਣਾਇਆ ਤੇ ਔਰਤ ਨੂੰ ਸਿੱਖਿਆ ਦੇਣ ਦਾ ਹਾਂ-ਪੱਖੀ ਕਾਰਜ ਵੀ ਕੀਤਾ ਪਰ ਸੱਤਾ ਦੇ ਵਿਕਾਸ ਮਾਡਲ ਕਾਰਨ ਸਮੱਸਿਆਵਾਂ ਵਿਚ ਏਨਾਂ ਵਾਧਾ ਹੁੰਦਾ ਗਿਆ ਸਾਡੇ ਸਿਹਤਮੰਦ ਸਮਾਜ ਵਿਚ ਗੰਭੀਰ ਸੰਕਟ ਪੈਦਾ ਹੋ ਗਿਆ। ਪਰ ਫਿਰ ਵੀ ਆਸ ਦੀ ਕਿਰਨ ਬਾਕੀ ਹੈ ਕਿ ਪੰਜਾਬੀ ਬਾਹਰਮੁਖੀ ਤੌਰ ’ਤੇ ਹਰ ਗੱਲ ਨੂੰ ਆਤਮਸਾਤ ਕਰਕੇ ਪ੍ਰਤੀਕਰਮ ਕਰਨਾ ਜਾਣਦੇ ਹਨ। ਜਿਥੇ ਸੱਭਿਆਚਾਰ ਦਾ ਗੰਭੀਰ ਸੰਕਟ ਸਾਡੇ ਭਵਿੱਖ ਲਈ ਚਿੰਤਾਜਨਕ ਹੈ ਉਥੇ ਆਸ ਵੀ ਬੱਝਦੀ ਹੈ ਕਿ ਪੰਜਾਬੀ ਦੁਨੀਆਂ ਵਿਚ ਮਿਹਨਤੀ ਲੋਕਾਂ ਵਜੋਂ ਕੋਈ ਨਵਾਂ ਰਾਹ ਕੱਢ ਸਕਦੇ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਹੋਰਾਂ ਸੁਆਗਤੀ ਸ਼ਬਦ ਕਹੇ। ਉਨ੍ਹਾਂ ਪ੍ਰੋ. ਮੋਹਨ ਸਿੰਘ ਨੂੰ ਉਸ ਆਪਣੇ ਸਮੇਂ ਅਤੇ ਅਜੋਕੇ ਸਮੇਂ ਦੇ ਸੰਦਰਭ ਵਿਚ ਵੇਖਦਿਆਂ ਲੋਕ ਮਸਲਿਆਂ ਦੀ ਪ੍ਰਸੰਗਕਤਾ ਸਾਡੇ ਸਾਹਮਣੇ ਰੱਖੀ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਖੇਤੀਬਾੜੀ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਕ ਦੀ ਪ੍ਰਗਤੀ ਦੂਸਰੇ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੇ ਪੰਜਾਬ ਵਿਚ ਫ਼ਜ਼ੂਲ ਖਰਚੀ, ਕਰਜ਼ਿਆਂ ਦਾ ਰੁਝਾਨ ਅਤੇ ਖ਼ੁਦਕੁਸ਼ੀਆਂ, ਖ਼ਾਸ ਕਰ ਦੱਖਣੀ ਪੱਛਮੀ ਨਰਮਾ ਪੱਟੀ ਦੇ ਇਲਾਕਿਆਂ, ਵੱਲ ਧਿਆਨ ਖਿੱਚਦਿਆਂ ਇਸ ਸਮੱਸਿਆ ਦਾ ਸਾਰਥਕ ਹੱਲ ਲੱਭਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਮਨਰੇਗਾ ਵਰਗੀਆਂ ਸਕੀਮਾਂ ਕਾਮਿਆਂ ਲਈ ਸਹਾਇਕ ਹਨ ਪਰ ਕਿਸਾਨਾਂ ਦੇ ਕਰਜ਼ੇ ਦੀ ਸਮੱਸਿਆ ਨੂੰ ਅਤੇ ਖੇਤੀ ਤੋਂ ਸਹੀ ਆਮਦਨ ਲੈਣ ਲਈ ਯੋਗ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਸੱਭਿਆਚਾਰਕ ਗਿਰਾਵਟ ਵੱਲ ਵੀ ਧਿਆਨ ਖਿੱਚਿਆ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਮਨੁੱਖ ਨੂੰ ਸਹੀ ਦਾਰਸ਼ਨਿਕਤਾ ਅਪਨਾਉਣੀ ਚਾਹੀਦੀ ਹੈ ਕਿਉਕਿ ਫ਼ਲਸਫ਼ਾ ਸਾਰੇ ਵਿਗਿਆਨਾਂ ਦੀ ਮਾਂ ਹੁੰਦੀ ਹੈ। ਸੱਭਿਆਚਾਰਕ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਅੰਤਰਰਾਸ਼ਟਰੀ ਦਿ੍ਰਸ਼ ਪੇਸ਼ ਕੀਤਾ।  ਉਨ੍ਹਾਂ ਕਿਹਾ ਕਿ ਸਮਾਜ ਨੂੰ ਸੇਧ ਦੇਣ ਵਾਸਤੇ ਸਹੀ ਬੁੱਧੀਜੀਵੀਆਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਖੇਤੀ ਆਰਥਿਕਤਾ ਨੂੰ ਪੱਕੇ ਪੈਰੀ ਨਿਜੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਇਹ ਨਹੀਂ ਮੰਨਣਾ ਚਾਹੀਦਾ ਕਿ ਇਸ ਦਾ ਕੋਈ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਲੜਕੀਆਂ ਦਾ ਪੜ੍ਹ ਲਿਖ ਕੇ ਸਮਾਜ ਦੇ ਹਰ ਪਹਿਲੂ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਸਤੇ ਅੱਗੇ ਆਉਣਾ ਅਤੇ ਕਿਰਸਾਨਾਂ ਵੱਲੋਂ ਵਾਤਾਵਰਣ ਹਿਤੈਸ਼ੀ ਆਧੁਨਿਕ ਵਿਧੀਆਂ ਅਪਣਾਅ ਕੇ ਅਗਾਂਹ ਵਧੂ ਹੋਂਦ ਦਰਸਾਉਣਾ ਚੰਗੀਆਂ ਉਦਾਹਰਣਾਂ ਹਨ। ਪੰਜਾਬੀ ਸੂਬੇ ਦਾ ਸੰਕਲਪ ਅਜੇ ਵੀ ਭਾਸ਼ਾ ਦੇ ਆਧਾਰਤਮਕ ਰਾਜ ਹੋਣਾ ਸਾਰਥਿਕ ਸੰਕਲਪ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਸ ਸੈਮੀਨਾਰ ਵਿਚ ਖੇਤੀਬਾੜੀ ਅਤੇ ਸੱਭਿਆਚਾਰ ਦੇ ਚਲੰਤ ਮਸਲਿਆਂ ਨੂੰ ਬਹੁਤ ਬਾਰੀਕੀ ਨਾਲ ਵਿਚਾਰਿਆ ਗਿਆ ਉਨ੍ਹਾਂ ਸੈਮੀਨਾਰ ਵਿਚੋਂ ਉੱਭਰ ਰਹੀਆਂ ਸਿਫ਼ਾਰਸ਼ਾਂ ਦਾ ਜ਼ਿਕਰ ਕਰਦਿਆਂ ਮਤੇ ਪੇਸ਼ ਕੀਤੇ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਸਰਕਾਰੀ ਅਤੇ ਗ਼ੈਰ ਸਰਕਾਰੀ ਕਰਜ਼ੇ ਨੂੰ ਲੰਬੇ ਸਮੇਂ ਦੇ ਕਰਜ਼ੇ ਵਿਚ ਤਬਦੀਲ ਕਰਕੇ ਇਸ ਨੂੰ ਵੀਹ ਸਾਲਾਂ ਵਿਚ ਬਿਨਾਂ ਵਿਆਜ ਵਾਪਸ ਲੈਣਾ ਚਾਹੀਦਾ ਹੈ। ਸਾਰੀਆਂ ਫਸਲਾਂ ਦੀਆਂ ਘੱਟੋ ਘੱਟ ਕੀਮਤਾਂ ਸਮੇਂ ਮੁਨਾਫ਼ੇ ਵਾਲੀਆਂ ਫ਼ਸਲਾ ਬੀਜਣ ਤੋਂ ਪਹਿਲਾਂ ਘੋਸ਼ਿਤ ਕਰਨੀਆਂ ਚਾਹੀਦੀਆਂ ਹਨ। ਫ਼ਸਲੀ ਲਾਗਤਾਂ ਨੂੰ ਮੱਦੇ ਨਜ਼ਰ ਰੱਖ ਕੇ ਘੱਟੋ ਘੱਟ ਸਮਰਥਣ ਮੁੱਲ ਤਹਿ ਕੀਤਾ ਜਾਣਾ ਚਾਹੀਦਾ ਹੈ। ਸੈਮੀਨਾਰ ਵਿਚ ਇਹ ਗੱਲ ਵੀ ਉੱਭਰ ਕੇ ਆਈ ਕਿ ਮਨਰੇਗਾ ਸਕੀਮ ਮਜ਼ਦੂਰਾ ਅਤੇ ਕਿਸਾਨਾਂ ਲਈ ਆਪਣੇ ਖੇਤਾਂ ਜਾਂ ਆਪਣੇ ਕੰਮ ਕਰਨ ਲਈ ਵੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਕਰਜ਼ੇ ਅਤੇ ਆਰਥਿਕ ਤੰਗੀ ਨਾਲ ਖ਼ੁਦਕੁਸ਼ੀ ਕਰਨ ਵਾਲੇ ਹਰ ਪਰਿਬਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਕਿਸਾਨਾਂ ਦੀ ਸਹੂਲਤ ਵਾਸਤੇ ਹਰ ਪਿੰਡ ਵਿਚ ਸਹਿਕਾਰੀ/ਸਰਕਾਰੀ ਐਗਰੋ ਸਰਵਿਸ ਸੈਂਟਰ ਖੋਲ੍ਹੇ ਜਾਣੇ ਚਾਹੀਦੇ ਹਨ। ਡਾ. ਸੁਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸਰੋਤਿਆਂ ਵੱਲੋਂ ਅਸ਼ਲੀਲ, ਹਿੰਸਾ ਭਰਪੂਰ, ਹਥਿਆਰਾਂ ਦੀ ਮਹਿਮਾ ਵਾਲੇ ਗੀਤਾਂ ਨੂੰ ਨਕਾਰਣ ਲਈ ਠੋਸ ਉਪਰਾਲੇ ਕਰਨ ਦਾ ਪੁਰਜ਼ੋਰ ਸਮਰਥਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਨਿਰੋਏ ਸੱਭਿਆਚਾਰ ਲਈ ਲਾਇਬ੍ਰੇਰੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪੱਕੇ ਪੈਰੀ ਕਰਨ ਦੀ ਲੋੜ ਹੈ। ਇਹ ਮਤੇ ਸਰਵਸੰਮਤੀ ਨਾਲ ਪਾਸ ਹੋਏ। ਡਾ. ਸੁਰਜੀਤ ਹੋਰਾਂ ਆਖਿਆ ਕਿ ਇਹੀ ਤਰੀਕਾ ਪ੍ਰੋ. ਮੋਹਨ ਸਿੰਘ ਵਰਗੇ ਸ਼ਾਇਰ ਨੂੰ ਯਾਦ ਕਰਨ ਦਾ ਹੈ। 
ਬਾਅਦ ਦੁਪਹਿਰ 2 ਵਜੇ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਪ੍ਰੋ. ਸੁਰਜੀਤ ਜੱਜ, ਤ੍ਰੈਲੋਚਨ ਲੋਚੀ, ਸਵਰਨਜੀਤ ਸਵੀ, ਸੁਖਵਿੰਦਰ ਅੰਮ੍ਰਿਤ, ਜਸਵੰਤ ਜ਼ਫ਼ਰ, ਭੁਪਿੰਦਰ, ਅਜੀਤ ਪਿਆਸਾ, ਸੁਖਦੇਵ ਸਿੰਘ ਪ੍ਰੇਮੀ, ਚੰਨ ਬੋਲੇਵਾਲੀਆ, ਵਰਗਿਸ ਸਲਾਮਤ, ਸੰਧੂ ਬਟਾਲਵੀ, ਮਨਜਿੰਦਰ ਧਨੋਆ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਕੁਲਵਿੰਦਰ ਕਿਰਨ, ਹਰਦਿਆਲ ਪ੍ਰਵਾਨਾ, ਜਸਵੀਰ ਝੱਜ ਨੇ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕੀਤੀ। ਇਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਅਨੂਪ ਸਿੰਘ, ਇੰਦਰਜੀਤ ਸਿੰਘ ਜ਼ੀਰਾ, ਹਰਿੰਦਰ ਸਿੰਘ ਚਾਹਲ, ਕੇ. ਕੇ.ਬਾਵਾ, ਸਰਦਾਰ ਪੰਛੀ ਨੇ ਕੀਤੀ। ਕਵੀ ਦਰਬਾਰ ਦਾ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ। ਇਸ ਮੌਕੇ ਪ੍ਰੋ. ਮੋਹਨ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਤੇ ਅਧਾਰਿਤ ਕਿਤਾਬਚਾ ‘ਸਾਵੇ ਪੱਤਰਾਂ ਦੀ ਦਾਸਤਾਨ’ ਜਿਸ ਵਿਚ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਕਵਿਤਾਵਾਂ ਦਾ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਸ਼ਾਮਲ ਹੈ ਜਾਰੀ ਕੀਤਾ ਗਿਆ। ਇਸ ਮੌਕੇ ਅਮਰਿੰਦਰ ਸੋਹਲ ਦੀ ਪੁਸਤਕ ‘ਆਇਨੇ ਵਿਚ ਟਾਪੂ’ ਲੋਕ ਅਰਪਿਤ ਕੀਤੀ ਗਈ।
ਇਸ ਮੌਕੇ ਹਾਜ਼ਰ ਪਤਵੰਤਿਆਂ ਵਿਚ ਪਿ੍ਰੰ. ਪ੍ਰੇਮ ਸਿੰਘ ਬਜਾਜ, ਹਰਦੇਵ ਸਿੰਘ ਗਰੇਵਾਲ, ਸ. ਭੁਪਿੰਦਰ ਸਿੰਘ ਸੰਧੂ, ਸੁਰਿੰਦਰ ਰਾਮਪੁਰੀ, ਡਾ. ਜੋਗਾ ਸਿੰਘ, ਜਨਮੇਜਾ ਸਿੰਘ ਜੌਹਲ, ਦਵਿੰਦਰ ਗਰੇਵਾਲ, ਰਵਿੰਦਰ ਰਵੀ, ਜਸਵੀਰ ਝੱਜ, ਡਾ. ਜਗਤਾਰ ਸਿੰਘ ਧੀਮਾਨ, ਸਾਹਿਬ ਸਿੰਘ ਥਿੰਦ, ਜਤਿੰਦਰ ਪੰਨੂੰ ਪੱਤਰਕਾਰ, ਡਾ. ਜਸਮੀਨ ਤੂਰ, ਪਲਵਿੰਦਰ ਚੀਮਾ, ਜਸਵੰਤ ਸਿੰਘ ਛਾਪਾ, ਕੰਵਲਜੀਤ ਸਿੰਘ ਸ਼ੰਕਰ, ਡੀ.ਆਰ ਭੱਟੀ, ਡਾ. ਜਸਮੇਲ ਸਿੰਘ ਧਾਲੀਵਾਲ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਸਾਧੂ ਸਿੰਘ, ਅਮਰੀਕ ਸਿੰਘ ਤਲਵੰਡੀ, ਸ. ਹਕੀਕਤ ਸਿੰਘ ਮਾਂਗਟ, ਈਸ਼ਰ ਸਿੰਘ ਸੋਬਤੀ, ਡਾ. ਸ.ਨ.ਸੇਵਕ, ਇੰਦਰਜੀਤਪਾਲ ਕੌਰ, ਸੁਖਵਿੰਦਰ ਆਹੀ, ਸੁਰਿੰਦਰ ਦੀਪ, ਜਸਪ੍ਰੀਤ ਫਲਕ, ਸਤੀਸ਼ ਗੁਲਾਟੀ, ਸਤਨਾਮ ਸਿੰਘ ਕੋਮਲ, ਪਰਮਜੀਤ ਕੌਰ ਮਹਿਕ, ਜਸਵੰਤ ਸਿੰਘ ਅਮਨ, ਪਵਨ ਹਰਚੰਦਪੁਰੀ, ਕੇ. ਕੇ. ਬਾਵਾ, ਦਲਜੀਤ ਬਾਗੀ, ਸੁਮਿਤ ਗੁਲਾਟੀ, ਰਜਿੰਦਰ ਸਿੰਘ, ਅਜਮੇਰ ਸਿੰਘ, ਰਾਜੀਵ ਕੁਮਾਰ ਲਵਲੀ ਆਦਿ ਸ਼ਾਮਲ ਸਨ।

No comments: