ਮਜਬੂਰੀਆਂ ਮਾਰੇ ਲੋਕਾਂ ਨੂੰ ਨਜ਼ਰ ਆਈ ਖੁਸ਼ੀਆਂ ਵਾਲੀ ਇੱਕ ਨਵੀਂ ਮੰਜ਼ਿਲ
ਪਟਿਆਲਾ: 20 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਮਰਨਾ ਸੌਖਾ ਨਹੀਂ ਹੁੰਦਾ ਪਰ ਖ਼ੁਦਕੁਸ਼ੀ ਕਰਕੇ ਮਰਨ ਵਾਲੇ ਨੂੰ ਹਮੇਸ਼ਾਂ ਕਾਇਰ ਆਖਿਆ ਜਾਂਦਾ ਹੈ ਜਿਹੜਾ ਜ਼ਿੰਦਗੀ ਦੇ ਫਰਜ਼ਾਂ ਤੋਂ ਭਗੌੜਾ ਹੋ ਜਾਂਦਾ ਹੈ। ਜ਼ਿੰਦਗੀ ਹਰ ਕਦਮ ਇਕ ਨਈ ਜੰਗ ਹੈ। ਇਹ ਇੱਕ ਹਕੀਕਤ ਹੈ ਜਿਹੜੀ ਇਸ ਗੀਤ ਦੇ ਲਿਖੇ ਜਾਣ ਤੋਂ ਸਦੀਆਂ ਪਹਿਲਾਂ ਵੀ ਮੌਜੂਦ ਸੀ। ਜ਼ਿੰਦਗੀ ਦੀ ਹਰ ਚੁਣੌਤੀ ਦਾ ਸਾਹਮਣਾ ਕਰਨਾ ਅਤੇ ਉਹ ਵੀ ਮੁਸਕਰਾ ਕੇ-ਇਹ ਇੱਕ ਕਲਾ ਹੈ ਜਿਸ ਨਾਲ ਜ਼ਿੰਦਗੀ ਦੀ ਅਸਲੀ ਤਾਕਤ ਦਾ ਵਰਦਾਨ ਕਿਸੇ ਦੈਵੀ ਵਰਦਾਨ ਵਾਂਗ ਸਾਹਮਣੇ ਆਉਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜ਼ਿੰਦਗੀ ਜਿਊਣ ਦੀ ਇਹੀ ਜਾਚ ਸਿਖਾਉਂਦੀ ਹੈ। ਸਿਆਸੀ ਲੀਡਰਾਂ ਵਾਂਗ ਖ਼ੁਦਕੁਸ਼ੀ ਉੱਤੇ ਚਰਚਾ ਕਰਨ ਦੀ ਬਜਾਏ ਇਹ ਉਹਨਾਂ ਅਰਥੀ ਕਮਜ਼ੋਰੀਆਂ ਵਾਲੇ ਕਾਰਨਾਂ ਨੂੰ ਦੂਰ ਕਰਨ ਵਿੱਚ ਰੁੱਝੀ ਹੋਈ ਹੈ ਜਿਹਨਾਂ ਕਾਰਨ ਅਕਸਰ ਘਰਾਂ ਵਿੱਚ ਕਲੇਸ਼ ਪੈਂਦੇ ਹਨ ਅਤੇ ਵੇਖਦਿਆਂ ਹੀ ਵੇਖਦਿਆਂ ਗੱਲ ਰਾਈ ਦਾ ਪਹਾੜ ਬਣ ਜਾਂਦੀ ਹੈ। ਪੀ ਏ ਯੂ ਨੇ ਅਜਿਹੇ ਲੋਕਾਂ ਦੀ ਇੱਕ ਫੌਜ ਤਿਆਰ ਕਰਕੇ ਦਿਖਾ ਦਿੱਤੀ ਹੈ ਜਿਸਨੇ ਆਰਥਿਕ ਕਮਜ਼ੋਰੀਆਂ ਵਾਲਾ ਵੱਡਾ ਮੋਰਚਾ ਜਿੱਤ ਲਿਆ ਹੈ। ਇਹਨਾਂ ਨੂੰ ਹੁਣ ਉਹ ਸਮਾਂ ਯਾਦ ਵੀ ਨਹੀਂ। ਜਿਹਨਾਂ ਨੂੰ ਯਾਦ ਹੈ ਉਹ ਵੀ ਜਲਦੀ ਭੁੱਲ ਭੁਲਾ ਜਾਣਗੇ। ਪੀਏਯੂ ਵੱਲੋਂ ਦਿਖਾਏ ਰਸਤੇ ਤੇ ਚਲਦਿਆਂ ਇਹਨਾਂ ਨੇ ਆਪਣੀ ਮਰਜ਼ੀ ਦੇ ਸਵਰਗ ਵਾਲੀ ਦੁਨੀਆ ਸਿਰਜ ਲਈ ਹੈ। ਇਹਨਾਂ ਵਿੱਚ ਛੋਟੀ ਉਮਰ ਤੋਂ ਲੈ ਕੇ ਬਜ਼ੁਰਗ ਉਮਰ ਤੱਕ ਦੇ ਲੋਕ ਸ਼ਾਮਿਲ ਹਨ। ਨੌਕਰੀ ਦੇ ਉਲਝੇਵਿਆਂ ਅਤੇ ਮਜਬੂਰੀਆਂ ਤੋਂ ਕੋਹਾਂ ਦੂਰ ਇਹ ਲੋਕ ਆਪਣੇ ਕੰਮ ਦਾ ਸਮਾਂ ਖੁਦ ਨਿਸਚਿਤ ਕਰਦੇ ਹਨ ,ਆਪਣਾ ਕੰਮ ਦਾ ਥਾਂ ਵੀ ਖੁਦ ਚੁਣਦੇ ਹਨ। ਆਪਣੀ ਇਨਵੈਸਟਮੈਂਟ ਵੀ ਖੁਦ ਤੈਅ ਕਰਦੇ ਹਨ ਅਤੇ ਫਿਰ ਇਹਨਾਂ ਨੂੰ ਆਪਣੀ ਉਸ ਉੱਚੀ ਸੁੱਚੀ ਕਮਾਈ ਦੇ ਨ ਗਿਣਦਿਆਂ ਜਿਹੜਾ ਅਨੰਦ ਆਉਂਦਾ ਹੈ ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।
ਅਜਿਹੇ ਲੋਕਾਂ ਨਾਲ ਇੱਕ ਨਵੀਂ ਮੁਲਾਕਾਤ ਦਾ ਸਬੱਬ ਬਣਿਆ ਕਿਸਾਨ ਮੇਲਾ ਪਟਿਆਲਾ ਵਿਖੇ। ਇਹਨਾਂ ਮੁਲਾਕਾਤਾਂ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾ ਰਿਹਾ ਹੈ ਕੁਝ ਅਗਲੀਆਂ ਪੋਸਟਾਂ ਵਿੱਚ।
No comments:
Post a Comment