ਪੰਜਾਬ ਦੇ ਖੇਤੀ ਵਿਗਿਆਨੀ ਅਤੇ ਕਿਸਾਨ ਬਹੁਤ ਮਿਹਨਤੀ ਹਨ: ਬਦਨੌਰ
ਲੁਧਿਆਣਾ: 22 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਹੋਇਆ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਕਿਸਾਨ ਮੇਲੇ ਵਿੱਚ ਸ਼੍ਰੀ ਵੀ ਪੀ ਸਿੰਘ ਬਦਨੌਰ, ਮਾਣਯੋਗ ਗਵਰਨਰ, ਪੰਜਾਬ ਅਤੇ ਚਾਂਸਲਰ ਪੀ ਏ ਯੂ ਮੁੱਖ ਮਹਿਮਾਨ ਵਜੋਂ ਅਤੇ ਜਥੇਦਾਰ ਤੋਤਾ ਸਿੰਘ, ਮਾਣਯੋਗ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ ਵਿਸੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਸ਼੍ਰੀ ਬਦਨੌਰ ਨੇ ਕਿਹਾ ਕਿ ਪੀ ਏ ਯੂ ਵੱਲੋਂ ਕੀਤੀਆਂ ਜਾ ਰਹੀਆਂ ਖੇਤੀ ਖੋਜਾਂ ਨਾਲ ਨਾ-ਕੇਵਲ ਪੰਜਾਬ, ਸਗੋਂ ਸਮੁੱਚੇ ਦੇਸ਼ ਦੀ ਖੇਤੀਬਾੜੀ ਨੂੰ ਵਿਸ਼ੇਸ਼ ਹੁਲਾਰਾ ਮਿਲ ਰਿਹਾ ਹੈ। ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਦੇ ਦੇ ਅੰਨ ਭੰਡਾਰ ਨੂੰ ਭਰਪੂਰ ਕਰਕੇ ਭੋਜਨ ਸੁਰੱਖਿਆ ਪ੍ਰਦਾਨ ਕਰਨ ਵਿੱਚ ਪੰਜਾਬ ਮੋਹਰੀ ਸੂਬਿਆਂ ਵਿੱਚੋਂ ਹੈ। ਚਿੱਟੀ ਮੱਖੀ ਦੀ ਰੋਕਥਾਮ ਵਿੱਚ ਯੂਨੀਵਰਸਿਟੀ ਮਾਹਿਰਾਂ ਵੱਲੋਂ ਨਿਭਾਈ ਅਹਿਮ ਭੂਮਿਕਾ ਦੀ ਤਾਰੀਫ਼ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਕਿਰਸਾਨੀ ਦੀਆਂ ਖੇਤੀ ਸਬੰਧਿਤ ਸਮੱਸਿਆਵਾਂ ਨੂੰ ਜਿੰਨੀ ਸੂਝ ਬੂਝ ਨਾਲ ਖੇਤੀ ਵਿਗਿਆਨੀ ਨਜਿੱਠਦੇ ਹਨ ਉਸੇ ਸਦਕਾ ਹੀ ਅੱਜ ਪੰਜਾਬ ਖੇਤੀ ਸੈਕਟਰ ਵਿੱਚ ਹੋਰਨਾਂ ਸੂਬਿਆਂ ਦੇ ਮੁਕਾਬਲਤਨ ਵਧੇਰੇ ਤਰੱਕੀ ਕਰ ਰਿਹਾ ਹੈ। ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੇਤੀ ਖੋਜ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ ਇਸ ਲਈ ਉਹਨਾਂ ਨੇ ਮਾਣਯੋਗ ਖੇਤੀਬਾੜੀ ਮੰਤਰੀ ਪੰਜਾਬ ਨੂੰ ਇੱਕ ਯੋਜਨਾ ਬਣਾਉਣ ਲਈ ਵੀ ਕਿਹਾ ਤਾਂ ਜੋ ਵਿੱਤੀ ਸਹਾਇਤਾ ਲਈ ਕੇਂਦਰ ਸਰਕਾਰ ਨੂੰ ਪੇਸ਼ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਚਲਾਏ ਸਵੱਛ ਭਾਰਤ ਮਿਸ਼ਨ ਦੇ ਤਹਿਤ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਖੇਤੀ ਜਿਣਸਾਂ ਦੇ ਮੌਜੂਦਾ ਮੰਡੀਕਰਨ ਪ੍ਰਣਾਲੀ ਜਿਸ ਸਦਕਾ ਖੇਤੀ ਲਾਗਤਾਂ ਨਿਤਾਪ੍ਰਤੀ ਵਧ ਰਹੀਆਂ ਹਨ ਅਤੇ ਆਮਦਨ ਘਟ ਰਹੀ ਹੈ, ਤੇ ਚਿੰਤਾ ਪ੍ਰਗਟ ਕੀਤੀ। ਉੱਤਰ ਪ੍ਰਦੇਸ਼ ਵਰਗੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਦੀ ਮਾੜੀ ਸਥਿਤੀ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਕਿਹਾ ਕਿ ਸਾਡੇ ਦੇਸ਼ ਦੀ ਅੱਧੀ ਤੋਂ ਵੱਧ ਅਬਾਦੀ ਆਪਣੇ ਜੀਵਨ ਨਿਰਬਾਹ ਲਈ ਖੇਤੀ ਤੇ ਅਧਾਰਿਤ ਹੈ। ਜਿਸ ਕਰਕੇ ਖੇਤੀ ਜਿਣਸਾਂ ਦੇ ਮੰਡੀਕਰਨ ਲਈ ਰਾਸ਼ਟਰੀ ਪੱਧਰ ਦੀ ਨੀਤੀ ਘੜਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਬੋਝ ਤੋਂ ਮੁਕਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਮੇਕ ਇਨ ਇੰਡੀਆ ਦੇ ਨਾਅਰੇ ਨਾਲ ਨਿਸ਼ਚੈ ਹੀ ਸਾਡੇ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆਏਗਾ।
ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀ ਏ ਯੂ ਨੇ ਕਿਸਾਨ ਮੇਲੇ ਵਿੱਚ ਹਾਜ਼ਰ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਨੂੰ ਕਿਹਾ। ਉਹਨਾਂ ਕਿਹਾ ਕਿ ਇਕ ਕਿਸਾਨ ਹੋਣ ਦੇ ਨਾਤੇ ਸ਼੍ਰੀ ਬਦਨੌਰ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸਮਾਜ ਪ੍ਰਤੀ ਅਹਿਮ ਜਿੰਮੇਂਵਾਰੀਆਂ ਨਿਭਾਅ ਰਹੇ ਹਨ। ਚਿੱਟੀ ਮੱਖੀ ਦੀ ਰੋਕਥਾਮ ਵਿਚ ਉਹਨਾਂ ਨੇ ਪੀਏਯੂ ਮਾਹਿਰਾਂ, ਖੇਤੀਬਾੜੀ ਵਿਭਾਗ ਪੰਜਾਬ ਅਤੇ ਕਿਸਾਨਾਂ ਵੱਲੋਂ ਕੀਤੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਰਾਜ ਵਿੱਚ ਰਸਾਇਣਾਂ, ਖਾਦਾਂ ਅਤੇ ਪਾਣੀ ਦੀ ਅੰਧਾਧੁੰਦ ਵਰਤੋਂ ਵਿੱਚ ਬਹੁਤ ਕਮੀ ਆਈ ਹੈ ਜਿਸ ਦਾ ਸਿਹਰਾ ਕਿਸਾਨਾਂ ਨੂੰ ਜਾਂਦਾ ਹੈ। ਉਹਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਉਸਦੀ ਸੁਚੱਜੀ ਸਾਂਭ-ਸੰਭਾਲ ਦੀ ਅਪੀਲ ਕੀਤੀ। ਵਧੇਰੇ ਮੁਨਾਫ਼ੇ ਲਈ ਉਹਨਾਂ ਨੇ ਸਹਿਕਾਰੀ ਪੱਧਰ ਤੇ ਮੰਡੀਕਰਨ ਅਤੇ ਖੇਤ ਮਸ਼ੀਨਰੀ ਖਰੀਦਣ ਜਾਂ ਕਿਰਾਏ ਤੇ ਲੈਣ ਤੇ ਜ਼ੋਰ ਦਿੱਤਾ।
ਇਸ ਮੌਕੇ ਡਾ: ਆਰ ਕੇ ਗੁੰਬਰ, ਨਿਰਦੇਸ਼ਕ ਖੋਜ ਪੀ ਏ ਯੂ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੇਤੀ ਖੋਜ ਕਾਰਜਾਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਦਾਲਾਂ ਅਤੇ ਤੇਲ ਬੀਜਾਂ ਦੀ ਮੰਡੀ ਵਿੱਚ ਵਧ ਰਹੀ ਮੰਗ ਕਰਕੇ ਕਿਸਾਨਾਂ ਨੂੰ ਕੁਝ ਰਕਬਾ ਇਹਨਾਂ ਫ਼ਸਲਾਂ ਹੇਠ ਲਿਆਉਣਾ ਚਾਹੀਦਾ ਹੈ। ਉਹਨਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ਸਲਾਂ ਦੀਆਂ ਨਵੀਆਂ ਵਿਕਸਿਤ ਜਾਰੀ ਕੀਤੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨ ਮੇਲੇ ਵਿੱਚ ਆਏ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਲੇ ਵਿੱਚ ਕਿਸਾਨਾਂ ਦੀ ਐਨੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਉਹਨਾਂ ਦੇ ਯੂਨੀਵਰਸਿਟੀ ਪ੍ਰਤੀ ਵਿਸਵਾਸ਼ ਦੀ ਜਿਉਂਦੀ ਜਾਗਦੀ ਮਿਸਾਲ ਹੈ।
ਮੇਲੇ ਵਿੱਚ ਸ਼ਾਮਿਲ ਡਾ. ਓਮ ਗੌਰੀ ਦੱਤ ਸ਼ਰਮਾ ਡਿਪਟੀ ਡਾਇਰੈਕਟਰ ਜਨਰਲ, ਦੂਰਦਰਸ਼ਨ ਕੇਂਦਰ ਜਲੰਧਰ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਸ਼੍ਰੀ ਵੀ ਪੀ ਸਿੰਘ ਬਦਨੌਰ ਨੂੰ ਸ਼ਾਲ ਅਤੇ ਸਨਮਾਨ ਚਿੰਨ ਪ੍ਰਦਾਨ ਕੀਤਾ।
ਇਸ ਮੌਕੇ ਡਾ.ਟੀ ਐਸ ਬਾਹਰਾਜ, ਸਾਬਕਾ ਸੀਨੀਅਰ ਝੋਨਾ ਬਰੀਡਰ, ਡਾ ਜਗਦੀਸ਼ ਕੁਮਾਰ ਅਰੋੜਾ, ਜ਼ਿਲਾ ਪਸਾਰ ਮਾਹਿਰ, ਐਫ ਏ ਐਸ ਸੀ ਫਾਜ਼ਿਲਕਾ, ਡਾ. ਵਿਜੇ ਕੁਮਾਰ, ਸੀਨੀਅਰ ਕੀਟ ਵਿਗਿਆਨੀ ਡਾ.ਜੀ ਐਸ ਮਾਨੇਸ਼ , ਸੀਨੀਅਰ ਖੋਜ ਇੰਜੀਨੀਅਰ ਫਾਰਮ ਮਸ਼ੀਨਰੀ, ਡਾ.ਐਮ ਐਸ ਭੁੱਲਰ, ਸੀਨੀਅਰ ਫ਼ਸਲ ਵਿਗਿਆਨੀ ਅਤੇ ਸ ਸੁਖਦੇਵ ਸਿੰਘ ਸਿੱਧੂ, ਡਿਪਟੀ ਡਾਇਰੈਕਟਰ ਐਗਰੀਕਲਚਰਲ (ਨਰਮਾ ਪਸਾਰ) ਨੂੰ ਰਾਜ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਵਿਚ ਪਾਏ ਅਹਿਮ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸ. ਅਮਰਜੀਤ ਸਿੰਘ ਪਿੰਡ ਬਹਿਰਾਮ ਸਹਿਸਤਾ, ਜ਼ਿਲਾ ਜਲੰਧਰ, ਸ. ਹਾਕਮ ਸਿੰਘ ਪਿੰਡ ਮਾਹਿਲਾਂ, ਜ਼ਿਲਾ ਸੰਗਰੂਰ ਨੂੰ ਪਰਵਾਸੀ ਭਾਰਤੀ ਪੁਰਸਕਾਰ 2016, ਚੇਤਨ ਵਰਮਾ ਪਿੰਡ ਸਾਹੋਵਾਲ, ਜ਼ਿਲਾ ਗੁਰਦਾਸਪੁਰ ਨੂੰ ਸ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ 2016, ਸ.ਰਾਜਮੋਹਨ ਸਿੰਘ ਕਾਲੇਕਾ, ਪਿੰਡ ਬਿਸ਼ਨਪੁਰ ਛੰਨਾ, ਜ਼ਿਲਾ ਪਟਿਆਲਾ ਨੂੰ ਸ ਦੀਲਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ 2016 ਅਤੇ ਵਿਨੋਦ ਕੁਮਾਰੀ ਪਿੰਡ ਮੈਲੀ, ਜ਼ਿਲਾ ਹੁਸ਼ਿਆਰਪੁਰ ਨੂੰ ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪੁਰਸਕਾਰ 2016 ਨਾਲ ਸਨਮਾਨਿਤ ਕੀਤਾ ਗਿਆ । ਮੇਲੇ ਵਿੱਚ ਉਤਸ਼ਾਹ ਨਾਲ ਪਹੁੰਚੇ ਕਿਸਾਨਾਂ ਨੇ ਬੀਜ, ਖੇਤੀ ਸਾਹਿਤ ਖਰੀਦਣ ਅਤੇ ਪ੍ਰਦਰਸ਼ਨੀਆਂ ਦੇਖਣ ਵਿੱਚ ਭਰਪੂਰ ਦਿਲਚਸਪੀ ਦਿਖਾਈ। ਮੇਲਾ ਕੱਲ੍ਹ ਦੂਜੇ ਦਿਨ ਵੀ ਜਾਰੀ ਰਹੇਗਾ।
No comments:
Post a Comment