ਭੀੜ ਭੜੱਕੇ ਵਾਲੇ ਇਲਾਕੇ 'ਚ ਹੋਈ ਘਟਨਾ ਦੀ ਚੁਫੇਰਿਓਂ ਨਿਖੇਧੀ
ਜਲੰਧਰ: 6 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਵਿੱਚ ਗੋਲੀ ਦੀ ਭਾਸ਼ਾ ਫਿਰ ਜ਼ੋਰ ਫੜ ਰਹੀ ਹੈ। ਕਦੇ ਇਸਨੂੰ ਆਪਸੀ ਰੰਜਿਸ਼ ਅੱਖ ਕੇ ਅਣਸੁਣਿਆ ਕੀਤਾ ਜਾਂਦਾ ਰਿਹਾ ਅਤੇ ਕਦੇ ਗੈਂਗਸਟਰਾਂ ਦੀ ਗੁੰਡਾਗਰਦੀ ਅੱਖ ਕੇ ਅਸਲੀਅਤ ਤੋਂ ਅੱਖਾਂ ਮੀਚੀਆਂ ਜਾਂਦੀਆਂ ਰਹੀਆਂ। ਲਗਾਤਾਰ ਹੋਈਆਂ ਵਾਰਦਾਤਾਂ ਨੇ ਦੱਸ ਦਿੱਤਾ ਹੈ ਕਿ ਗਰਮਖਿਆਲੀ ਇੱਕ ਵਾਰ ਫਿਰ ਹਥਿਆਰਾਂ ਨਾਲ ਸਰਗਰਮ ਹਨ। ਇਸ ਵਾਰ ਨਿਸ਼ਾਨਾ ਬਣਾਇਆ ਗਿਆ ਆਰ ਐਸ ਐਸ ਦੇ ਸੀਨੀਅਰ ਲੀਡਰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ। ਜਲੰਧਰ ਦੇ ਭੀੜ ਭੜੱਕੇ ਵਾਲੇ ਜਿਓਤੀ ਚੋਂਕ ਵਿੱਚ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਦੀ ਗਿਣਤੀ ਬਾਰੇ ਵੱਖ ਵੱਖ ਰਿਪੋਰਟਾਂ ਆਈਆਂ ਹਨ ਪਰ ਉਹਨਾਂ ਨੂੰ ਘਟੋਘੱਟ ਤਿੰਨ ਗੋਲੀਆਂ ਜ਼ਰੂਰ ਲੱਗੀਆਂ।
ਮੁਢਲੀਆਂ ਰਿਪੋਰਟਾਂ ਮੁਤਾਬਿਕ ਅੱਜ ਇਥੇ ਦੇਰ ਸ਼ਾਮ ਜੋਤੀ ਚੌਕ ਨੇੜੇ ਦੋ ਨਕਾਬਪੋਸ਼ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸਹਿ ਸੰਘ ਸੂਬਾ ਚਾਲਕ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਹਮਲਾਵਰ ਵਾਰਦਾਤ ਤੋਂ ਬਾਅਦ ਬੇਖ਼ੌਫ਼ ਹੋ ਕੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਬਿਲਕੁਲ ਉਸੇ ਤਰਾਂ ਹੀ ਜਿਵੇਂ ਅੱਸੀਵਿਆਂ ਵਿੱਚ ਆਮ ਹੋਇਆ ਕਰਦਾ ਸੀ। ਹਮਲੇ ਪਿੱਛੋਂ ਇਕ ਰਾਹਗੀਰ ਨੇ ਇਕ ਹੋਰ ਵਿਅਕਤੀ ਦੀ ਸਹਾਇਤਾ ਦੇ ਨਾਲ ਜਗਦੀਸ਼ ਗਗਨੇਜਾ ਨੂੰ ਸਥਾਨਕ ਪਟੇਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੇਰ ਰਾਤ ਹਸਪਤਾਲ ਵਿਖੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਸ੍ਰੀ ਗਗਨੇਜਾ ਦੇ ਸਰੀਰ 'ਚੋਂ 2 ਗੋਲੀਆਂ ਕੱਢ ਦਿੱਤੀਆਂ ਸਨ। ਇੱਕ ਚਸ਼ਮਦੀਦ ਗਵਾਹ ਨਰਿੰਦਰ ਸਿੰਘ ਨੇ ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਤੀ ਚੌਕ ਕੋਲ ਉਸ ਦੀ ਕਾਰ ਖ਼ਰਾਬ ਹੋ ਗਈ ਸੀ। ਉਹ ਜਿਉਂ ਹੀ ਮਾਡਲ ਟਾਊਨ ਰੋਡ 'ਤੇ ਕਾਰ ਦੀ ਮੁਰੰਮਤ ਲਈ ਕਿਸੇ ਦੁਕਾਨ ਵੱਲ ਜਾ ਰਿਹਾ ਸੀ ਤਾਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਸ ਨੇ ਦੇਖਿਆ ਕਿ ਇਕ ਸਵਿਫ਼ਟ ਡਿਜ਼ਾਇਰ ਕਾਰ ਦੇ ਪਿੱਛੇ ਕੰਧ ਨਾਲ ਪੇਸ਼ਾਬ ਕਰਨ ਲਈ ਖੜ੍ਹੇ ਇਕ ਵਿਅਕਤੀ ਨੂੰ ਇਕ ਨਕਾਬਪੋਸ਼ ਗੋਲੀਆਂ ਮਾਰ ਰਿਹਾ ਸੀ, ਜਿਸ ਨਾਲ ਉਹ ਵਿਅਕਤੀ ਜ਼ਮੀਨ 'ਤੇ ਡਿਗ ਗਿਆ। ਨਰਿੰਦਰ ਸਿੰਘ ਜਦ ਤੱਕ ਜ਼ਮੀਨ 'ਤੇ ਡਿੱਗੇ ਹੋਏ ਵਿਅਕਤੀ ਤੱਕ ਪਹੁੰਚਦਾ ਉਸ ਸਮੇਂ ਤੱਕ ਹਮਲਾਵਰ ਪਲੈਟਿਨਾ ਮੋਟਰਸਾਈਕਲ 'ਤੇ ਮੌਕੇ ਤੋਂ ਫ਼ਰਾਰ ਹੋ ਗਏ। ਸੜਕ 'ਤੇ ਮੌਜੂਦ ਹੋਰ ਲੋਕ ਬੇਵੱਸ ਉਨ੍ਹਾਂ ਵੱਲ ਦੇਖਦੇ ਰਹੇ। ਬਿਲਕੁਲ ਉਸੇਤਰਾਂ ਜਿਸ ਤਰਾਂ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਹੋਇਆ ਕਰਦਾ ਸੀ। ਨਰਿੰਦਰ ਸਿੰਘ ਨੇ ਦੱਸਿਆ ਕਿ ਪਿੱਛੇ ਬੈਠੇ ਵਿਅਕਤੀ ਦੇ ਹੱਥ 'ਚ 2 ਪਿਸਤੌਲਾਂ ਸਨ, ਜੋ ਲਹਿਰਾਉਂਦਾ ਹੋਇਆ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਦੋ ਹਵਾਈ ਫਾਇਰ ਵੀ ਕੀਤੇ। ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ, ਡੀ.ਸੀ.ਪੀ. ਹਰਜੀਤ ਸਿੰਘ, ਏ.ਡੀ.ਸੀ.ਪੀ. (ਕ੍ਰਾਈਮ) ਵਿਵੇਕ ਸੋਨੀ, ਏ.ਡੀ.ਸੀ.ਪੀ. (ਸਪੈਸ਼ਲ ਬਰਾਂਚ) ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ. (ਸਿਟੀ-1) ਜਸਬੀਰ ਸਿੰਘ, ਏ.ਡੀ.ਸੀ.ਪੀ. (ਸਿਟੀ-2) ਏ.ਐੱਸ. ਪਵਾਰ ਅਤੇ ਹੋਰ ਉੱਚ ਅਧਿਕਾਰੀ ਵੱਡੀ ਗਿਣਤੀ 'ਚ ਮੁਲਾਜ਼ਮਾਂ ਸਮੇਤ ਜਾਂਚ ਕਰਨ ਪਹੁੰਚੇ। ਪੁਲਿਸ ਨੇ ਇਕ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਸਵੀਰਾਂ ਨੂੰ ਵੀ ਚੰਗੀ ਤਰਾਂ ਘੋਖਿਆ ਹੈ ਜਿਸ ਵਿਚ ਦੋ ਨਕਾਬਪੋਸ਼ ਮੋਟਰਸਾਈਕਲ 'ਤੇ ਜਾਂਦੇ ਹੋਏ ਨਜ਼ਰ ਆਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਤੋਂ 4 ਕਾਰਤੂਸਾਂ ਦੇ ਖ਼ੋਲ ਵੀ ਬਰਾਮਦ ਹੋਏ ਹਨ। ਜਿਨ੍ਹਾਂ ਵਿਚੋਂ ਤਿੰਨ ਖ਼ੋਲ ਮੌਕੇ ਤੋਂ ਅਤੇ ਇਕ ਖ਼ੋਲ ਥੋੜ੍ਹੀ ਦੂਰੀ ਤੋਂ ਬਰਾਮਦ ਹੋਇਆ। ਮੁੱਢਲੀ ਜਾਂਚ 'ਚ ਪੁਲਿਸ ਨੂੰ ਪਤਾ ਲੱਗਾ ਕਿ ਦੀਪਨਗਰ, ਜਲੰਧਰ ਛਾਉਣੀ ਦੇ ਰਹਿਣ ਵਾਲੇ ਸ੍ਰੀ ਜਗਦੀਸ਼ ਗਗਨੇਜਾ ਆਪਣੀ ਪਤਨੀ ਸੁਦੇਸ਼ ਗਗਨੇਜਾ ਦੇ ਨਾਲ ਖ਼ਰੀਦਦਾਰੀ ਕਰਨ ਸ਼ਹਿਰ 'ਚ ਆਏ ਹੋਏ ਸਨ ਜਦੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਦੇਰ ਰਾਤ ਤੱਕ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਅਤੇ ਮੋਬਾਈਲ ਡੰਪ ਦੀ ਜਾਂਚ ਕੀਤੀ ਜਾ ਰਹੀ ਸੀ। ਘਟਨਾ ਤੋਂ ਬਾਅਦ ਸਨਸਨੀ ਵਰਗਾ ਮਾਹੌਲ ਬਣਿਆ ਹੋਇਆ ਹੈ।
ਆਗੂ ਹਸਪਤਾਲ ਪੁੱਜੇ
ਦਹਿਸ਼ਤਗਰਦੀ ਦੀ ਇਸ ਸਨਸਨੀਖੇਜ਼ ਘਟਨਾ ਦਾ ਪਤਾ ਲਗਦੇ ਹੀ ਪੰਜਾਬ ਭਾਜਪਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਮੇਅਰ ਸੁਨੀਲ ਜੋਤੀ, ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼, ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ, ਜੰਗਲਾਤ ਵਿਭਾਗ ਦੇ ਮੰਤਰੀ ਭਗਤ ਚੂੰਨੀ ਲਾਲ, ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਸ੍ਰੀ ਅਵਿਨਾਸ਼ ਰਾਏ ਖੰਨਾ, ਤੀਕਸ਼ਨ ਸੂਦ, ਡੀ. ਸੀ. ਕਮਲ ਕਿਸ਼ੋਰ ਯਾਦਵ, ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਮਹਿੰਦਰ ਭਗਤ ਤੇ ਹੋਰ ਭਾਜਪਾ ਕਾਰਾਕੁਨ ਹਸਪਤਾਲ ਇਕੱਠੇ ਹੋ ਗਏ। ਵਰਣਨ ਯੋਗ ਹੈ ਕਿ ਜਗਦੀਸ਼ ਗਗਨੇਜਾ ਨੂੰ ਚਾਰ ਸਾਲ ਪਹਿਲਾਂ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਹਿ ਸੰਘ ਚਾਲਕ ਚਾਲਕ ਦੀ ਜ਼ਿੰਮੇਵਾਰੀ ਚਾਰ ਸਾਲ ਪਹਿਲਾਂ ਹੀ ਸੌਂਪੀ ਗਈ ਸੀ। ਵੱਡੀ ਜ਼ਿੰਮੇਵਾਰੀ ਹੋਣ ਦੇ ਬਾਵਜੂਦ ਉਨਾਂ ਨਾਲ ਕੋਈ ਵੀ ਸੁਰੱਖਿਆ ਮੁਲਾਜ਼ਮ ਨਹੀਂ ਸੀ। ਉਧਰ ਪੁਲਿਸ ਕਮਿਸ਼ਨਰ ਸ਼ਕੁਲਾ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਗਗਨੇਜਾ ਦੀ ਸੁਰੱਖਿਆ ਲਈ ਦੋ ਗੰਨਮੈਨ ਭੇਜੇ ਸਨ ਪਰ ਉਨ੍ਹਾਂ ਨੇ ਇਹ ਕਹਿ ਕੇ ਗੰਨਮੈਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ। ਉਹਨਾਂ ਨੂੰ ਆਪਣੀ ਨਿਰਵੈਰਤਾ 'ਤੇ ਪੂਰਾ ਭਰੋਸਾ ਸੀ। ਸ਼ਾਇਦ ਇਹੀ ਵਿਸ਼ਵਾਸ ਉਹਨਾਂ ਦੇ ਹਮਲਾਵਰਾਂ ਨੂੰ ਫਰਾਰ ਹੋਣ ਵਿੱਚ ਸਹਾਇਤਾ ਦੇ ਗਿਆ।
ਸੀਨੀਅਰ ਆਗੂਆਂ ਵੱਲੋਂ ਵੀ ਘਟਨਾ ਦੀ ਨਿਖੇਧੀ
ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਬਿਹਤਰ ਇਲਾਜ ਲਈ ਲੁਧਿਆਣਾ ਦੇ ਡੀ. ਐਮ. ਸੀ. ਦੇ ਮਾਹਿਰਾਂ ਦੀ ਇਕ ਟੀਮ ਵੀ ਜਲੰਧਰ ਭੇਜਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨਾਂ ਕਿਹਾ ਕਿ ਰਾਜ ਵਿਚ ਹਰ ਕੀਮਤ 'ਤੇ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਸਰਕਾਰ ਕੋਈ ਵੀ ਕਸਰ ਨਹੀਂ ਰਹਿਣ ਦੇਵੇਗੀ। ਰਾਜ ਦੀ ਭਾਈਚਾਰਕ ਸਾਂਝ ਹਰ ਮੁੱਲ 'ਤੇ ਬਣਾਈ ਰੱਖੇਗੀ।
ਸਾਂਪਲਾ ਵਲੋਂ ਨਿਖੇਧੀ
ਇਸ ਘਟਨਾ ਤੋਂ ਬਾਅਦ ਸਿਆਸੀ ਅਤੇ ਸਮਾਜੀ ਹਲਕੇ ਇੱਕ ਵਾਰ ਫੇਰ ਹੈਰਾਨ ਰਹਿ ਗਏ। ਚਾਰ ਚੁਫੇਰਿਓਂ ਇਸ ਘਟਨਾ ਦੀ ਨਿਖੇਧੀ ਸ਼ੁਰੂ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਹਸਪਤਾਲ ਪੁੱਜੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਅਤੇ ਕੇਂਦਰੀ ਰਾਜ ਮੰਤਰੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਹੈ।
ਕੈਪਟਨ ਵਲੋਂ ਵੀ ਨਿਖੇਧੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਗਦੀਸ਼ ਗਗਨੇਜਾ 'ਤੇ ਜਲੰਧਰ ਵਿਚ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਜਿਹੇ ਹਮਲੇ ਪੰਜਾਬ ਵਾਸਤੇ ਚੰਗੇ ਨਹੀਂ ਹਨ। ਉਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਅਰਾਜਕਤਾ ਵੱਲ ਜਾਣ ਤੋਂ ਪਹਿਲਾਂ ਅਜਿਹੀਆਂ ਖ਼ਤਰਨਾਕ ਸਾਜ਼ਿਸ਼ਾਂ 'ਤੇ ਲਗਾਮ ਪਾਉਣੀ ਜ਼ਰੂਰੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕ ਆਰ. ਐੱਸ. ਐੱਸ. ਦੀ ਸੋਚ ਨਾਲ ਭਾਵੇਂ ਸਹਿਮਤ ਨਹੀਂ ਹੋ ਸਕਦੇ ਹਨ ਪਰ ਲੋਕਤੰਤਰ 'ਚ ਹਰ ਕਿਸੇ ਨੂੰ ਉਸ ਦੀ ਸਿਆਸੀ ਤੇ ਵਿਚਾਰਕ ਸੋਚ 'ਤੇ ਕੰਮ ਕਰਨ ਦਾ ਅਧਿਕਾਰ ਹੈ।
ਵਿਸ਼ੇਸ਼ ਜਾਂਚ ਟੀਮ ਦਾ ਗਠਨ
ਚੰਡੀਗੜ੍ਹ/ਜਲੰਧਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਆਰ. ਐਸ. ਐਸ. ਨੇਤਾ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਜਾਂਚ ਲਈ ਇਨਵੈਸਟੀਗੇਸ਼ਨ ਬਿਊਰੋ ਦੇ ਵਧੀਕ ਡੀ. ਜੀ. ਪੀ.-ਕਮ-ਡਾਇਰੈਕਟਰ ਆਈ. ਪੀ. ਐਸ. ਸਹੋਤਾ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਟੀਮ ਵਿਚ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ, ਆਈ. ਜੀ. ਨਿਲਭ ਕਿਸ਼ੋਰ ਅਤੇ ਏ. ਆਈ. ਜੀ ਅਮਰਜੀਤ ਸਿੰਘ ਬਾਜਵਾ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਂਚ ਟੀਮ ਨੂੰ ਲੋੜ ਪੈਣ 'ਤੇ ਹੋਰ ਮੈਂਬਰ ਸ਼ਾਮਿਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਸਬੂਤ ਇਕੱਤਰ ਕਰਨ ਤੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਮੀਦ ਹੈ ਇਹ ਟੀਮ ਜਲਦੀ ਹੀ ਠੋਸ ਨਤੀਜੇ ਸਾਹਮਣੇ ਲਿਆਵੇਗੀ।
ਭਾਜਪਾ ਨੇ ਅੱਜ ਸੱਦੀ ਕੋਰ ਗਰੁੱਪ ਦੀ ਮੀਟਿੰਗ
ਜਲੰਧਰ:ਆਰ. ਐੱਸ. ਐੱਸ. ਦੇ ਸੀਨੀਅਰ ਆਗੂ ਜਗਦੀਸ਼ ਗਗਨੇਜਾ 'ਤੇ ਦੇਰ ਸ਼ਾਮ ਹੋਏ ਹਮਲੇ ਨੇ ਪੰਜਾਬ ਭਾਜਪਾ ਨੂੰ ਚਿੰਤਤ ਕਰ ਦਿੱਤਾ ਹੈ ਤੇ ਪੰਜਾਬ ਭਾਜਪਾ ਨੇ 7 ਅਗਸਤ ਨੂੰ ਪਾਰਟੀ ਦੀ ਕੋਰ ਗਰੁੱਪ ਦੀ ਹੰਗਾਮੀ ਮੀਟਿੰਗ ਸਰਕਟ ਹਾਊਸ ਵਿਚ ਸੱਦ ਲਈ ਹੈ। ਮੀਟਿੰਗ ਦੇ ਏਜੰਡੇ ਦਾ ਚਾਹੇ ਪਾਰਟੀ ਨੇ ਖ਼ੁਲਾਸਾ ਨਹੀਂ ਕੀਤਾ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਮੁੱਖ ਮੁੱਦਾ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦਾ ਹੀ ਹੋਏਗਾ ਕਿਉਂਕਿ ਰਾਜ ਵਿਚ ਆਰ. ਐੱਸ. ਐੱਸ. ਦੇ ਵੱਡੇ ਆਗੂ 'ਤੇ ਹੋਏ ਹਮਲੇ ਨੇ ਨਾ ਸਿਰਫ਼ ਪੰਜਾਬ ਭਾਜਪਾ ਨੂੰ ਸਗੋਂ ਕੇਂਦਰੀ ਆਰ. ਐੱਸ. ਐੱਸ. ਅਤੇ ਭਾਜਪਾ ਨੂੰ ਵੀ ਚਿੰਤਤ ਕਰ ਦਿੱਤਾ ਹੈ। ਕੋਰ ਗਰੁੱਪ ਦੀ ਹੋਣ ਵਾਲੀ ਬੈਠਕ ਵਿਚ ਪੰਜਾਬ ਭਾਜਪਾ ਵੱਲੋਂ ਗਗਨੇਜਾ 'ਤੇ ਹੋਏ ਹਮਲੇ 'ਤੇ ਵਿਚਾਰਾਂ ਤੋਂ ਇਲਾਵਾ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਆਰ. ਐੱਸ. ਐੱਸ. ਅਤੇ ਭਾਜਪਾ ਆਗੂਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਿਹਾ ਜਾ ਸਕਦਾ ਹੈ। ਕੁਲ ਮਿਲਾ ਕੇ ਪੰਜਾਬ ਦੀ ਸਿਆਸੀ ਸਥਿਤੀ ਇੱਕ ਵਾਰ ਫੇਰ ਚਿੰਤਾਜਨਕ ਬਣ ਗਈ ਹੈ।
ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਵੱਲੋਂ ਵੀ ਨਿਖੇਧੀ
ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇਵੀ ਇਸ ਘਿਨਾਉਣੇ ਅਤੇ ਘ੍ਰਿਣਤ ਕਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਮਾਤਾ ਚੰਦ ਕੌਰ, ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਹੋਰਨਾਂ ਹਮਲਿਆਂ ਦਾ ਵੀ ਜ਼ਿਕਰ ਕੀਤਾ। ਉਹਨਾਂ ਪੰਜਾਬ ਦੀ ਅਮਨ ਕਾਨੂੰਨ ਵਾਲੀ ਸਥਿਤੀ ਦੀ ਤਿੱਖੀ ਆਲੋਚਨਾ ਕਰਦਿਆਂ ਇਹ ਸੰਕੇਤ ਵੀ ਦਿੱਤਾ ਕਿ ਪੂਰਿਤਰਾਂ ਜੱਥੇਬੰਦ ਮੁਜਰਮਾਨਾ ਗਿਰੋਹਾਂ ਨੂੰ ਕਿਤੇ ਨ ਕਿਤੇ ਸਿਆਸੀ ਸਰਪ੍ਰਸਤੀ ਹਾਸਿਲ ਹੈ।
No comments:
Post a Comment