ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੀਤਾ ਜਾਵੇਗਾ ਕੀਰਤਨ
ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਵਡਾਲਾ ਵੱਲੋਂ ਅਹਿਮ ਐਲਾਨ
ਲੁਧਿਆਣਾ: 5 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਜੇ ਅੱਜ ਕਿਸੇ ਬੱਚੇ ਕੋਲੋਂ ਪੁਛੋ ਕਿ ਕੀ ਵੱਡਾ ਹੋ ਕੇ ਉਹ ਨੇਤਾ ਬਣੇਗਾ ਤਾਂ ਜੁਆਬ ਬੜੀ ਨਫਰਤ ਵਾਲੀ ਨਾਂਹ ਵਿੱਚ ਹੋਵੇਗਾ। ਸਿਆਸਤ ਇੱਕ ਗਾਹਲ ਵਾਂਗ ਬਣ ਚੁੱਕੀ ਹੈ। ਸਿਆਸਤ ਰਾਜ ਕਰਨ ਵਾਲੀ ਹੋਵੇ ਤੇ ਭਾਵੈਂ ਵਿਰੋਧੀ ਧਿਰ ਵਿੱਚ ਬੈਠੇ ਕੇ ਲੋਕਾਂ ਦੇ ਦੁੱਖ ਦਰਦ ਦੀ ਆਵਾਜ਼ ਬੁਲੰਦ ਕਰਨ ਵਾਲੀ ਪਰ ਲੋਕ ਸਾਫ ਆਖਦੇ ਹਨ ਕਿ ਸਿੱਧੇ ਸਾਧੇ ਸ਼ਰੀਫ ਬੰਦਿਆਂ ਦਾ ਸਿਆਸਤ ਵਿੱਚ ਕੀ ਕੰਮ? ਇਸ ਨਿਘਾਰ ਨੂੰ ਜਦੋਂ ਸਾਰੇ ਤਮਾਸ਼ਬੀਨ ਬਣ ਕੇ ਸਾਜ਼ਿਸ਼ੀ ਚੁੱਪ ਨਾਲ ਦੇਖ ਰਹੇ ਹਨ ਉਦੋਂ ਧਾਰਮਿਕ ਖੇਤਰ ਵਿੱਚੋਂ ਇੱਕ ਆਵਾਜ਼ ਬੁਲੰਦ ਹੋਈ ਹੈ ਭਾਈ ਬਲਦੇਵ ਸਿੰਘ ਵਡਾਲਾ ਦੀ। ਉਹਨਾਂ ਪਲੀਤ ਹੋ ਚੁੱਕੀ ਸਿਆਸਤ ਦੇ ਸ਼ੁੱਧੀਕਰਨ ਦਾ ਉਪਰਾਲਾ ਕਰਨ ਦੀ ਹਿੰਮਤ ਦਿਖਾਈ ਹੈ। ਇਹ ਐਲਾਨ ਅੱਜ ਉਹਨਾਂ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਮੀਡੀਆ ਦੀ ਮੌਜੂਦਗੀ ਵਿੱਚ।ਕੀਤਾ।
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰੂ ਜੁਗਤ ਨਾਲ ਰਾਜ ਭਾਗ ਚਲਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋ ਜਾਣੂ ਕਰਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ 21 ਅਗਸਤ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੀਰਤਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਉਹ ਧਰਨਿਆ, ਮੁਜ਼ਾਹਰਿਆ, ਨਾਅਰਿਆ ਤੇ ਹੋਰ ਹੁੱਲੜਬਾਜੀ ਵਾਲੀ ਰਾਜਨੀਤੀ ਕਰਨ ਵਿਸ਼ਵਾਸ਼ ਨਹੀ ਰੱਖਦੇ ਸਗੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਰਾਹੀ ਜਿਹੜਾ ਰਾਜਨੀਤੀ ਦਾ ਗਾਡੀ ਰਾਹ ਵਿਖਾ ਗਏ ਹਨ ਉਸ ਅਨੁਸਾਰ ਹੀ ਰਾਜਨੀਤੀ ਕਰਨ ਨੂੰ ਮੁਨਾਸਿਬ ਸਮਝਦੇ ਹਨ। ਉਹਨਾਂ ਕਿਹਾ ਕਿ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋ ਬਾਅਦ ਜਦੋ ਮਹਿਸੂਸ ਕੀਤਾ ਕਿ ਪੀਰੀ ਦੇ ਨਾਲ ਨਾਲ ਮੀਰੀ ਨੂੰ ਵੀ ਅਪਨਾਉਣਾ ਜਰੂਰੀ ਹੋ ਗਿਆ ਹੈ ਤਾਂ ਉਹਨਾਂ ਨੇ ਧਰਮ ਤੇ ਰਾਜਨੀਤੀ ਕਰਨ ਦਾ ਸੰਕਲਪ ਦੁਹਰਾਇਆ ਸੀ ਉਸ ਤੋ ਵੀ ਸਾਡੇ ਸਿਆਸਤਦਾਨ ਅੱਜ ਭਟਕ ਚੁੱਕੇ ਹਨ ਅਤੇ ਝੂਠ, ਫਰੇਬ ਅਤੇ ਹੇਰਾਫੇਰੀ ਦੀ ਨੀਤੀ ਅਪਨਾ ਕੇ ਸਮਾਜ ਵਿੱਚ ਅਸਾਵਾਂਪਨ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਤਾਂ ਜਰੂਰ ਕਿਹਾ ਪਰ ਉਸ ਨੂੰ ਧਰਮ ਦਾ ਉਪਦੇਸ਼ ਦੇ ਕੇ ਉਸ ਦੀ ਜਿੰਦਗੀ ਵਿੱਚ ਵੀ ਅਹਿਮ ਮੋੜ ਲਿਆਦਾ ਜਿਸ ਕਰਕੇ ਉਸ ਨੂੰ ਆਪਣੇ ਕੀਤੇ ਤੇ ਪਛਤਾਉਣਾ ਪਿਆ ਸੀ। ਉਹਨਾਂ ਕਿਹਾ ਕਿ ਧਰਮੀ ਬੰਦਿਆਂ ਵਿੱਚ ਜਦੋ ਰਾਜਨੀਤੀ ਕਰਦਿਆ ਸੱਚ ਬੋਲਣ ਦੀ ਸਮੱਰਥਾ ਆ ਜਾਵੇਗੀ ਤਾਂ ਫਿਰ ਰਾਜਨੀਤੀ ਕੋਈ ਸਰਾਪ ਨਹੀ ਸਗੋਂ ਵਰਦਾਨ ਸਿੱਧ ਹੋਵੇਗੀ ਤੇ ਰਾਜਨੀਤੀਵਾਨਾਂ ਨੂੰ ਫਿਰ ਸੰਗੀਨਾਂ ਦੀ ਛਾਂ ਹੇਠ ਨਹੀ ਸਗੋਂ ਸੰਗਤਾਂ ਦੇ ਪਿਆਰ ਦੀ ਛੱਤਰੀ ਦਾ ਆਨੰਦ ਮਹਿਸੂਸ ਹੋਣ ਲੱਗ ਪਵੇਗਾ। ਉਹਨਾਂ ਕਿਹਾ ਕਿ ਸੰਗੀਨਾਂ ਦੀ ਛਾਂ ਹੇਠ ਸਿਰਫ ਲੁੱਟਮਾਰ ਤਾਂ ਹੋ ਸਕਦੀ ਹੈ ਪਰ ਲੋਕ ਸੇਵਾ ਨਹੀ।
ਉਹਨਾਂ ਕਿਹਾ ਕਿ ਅੱਜ ਬਾਦਲ ਸਰਕਾਰ ਨੂੰ ਰਾਗੀਆ ਰਬਾਬੀਆ ਤੋਂ ਵੀ ਡਰ ਲੱਗਣ ਪਿਆ ਹੈ ਤੇ ਜਦੋਂ ਵੀ ਕੋਈ ਵਿਰੋਧੀ ਸਿਆਸੀ ਪਾਰਟੀ ਸਰਕਾਰ ਵਿਰੁੱਧ ਕਿਸੇ ਪ੍ਰੋਗਰਾਮ ਦਾ ਐਲਾਨ ਕਰਦੀ ਹੈ ਤਾਂ ਸਭ ਤੋ ਪਹਿਲਾਂ ਪੁਲੀਸ ਉਹਨਾਂ ਦੇ ਘਰ ਆ ਪੁੱਜਦੀ ਹੈ ਜਦ ਕਿ ਉਹਨਾਂ ਦਾ ਕਿਸੇ ਵੀ ਸਿਆਸੀ ਪਾਰਟੀਆ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀ ਹੁੰਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋ ਉਹਨਾਂ ਦੇ ਘਰ ਬਾਰ ਬਾਰ ਪੁਲੀਸ ਭੇਜਣ ਨੂੰ ਦੇਖਦਿਆਂ ਉਹ ਖੁਦ ਮੁੱਖ ਮੰਤਰੀ ਸਾਹਿਬ ਦੀ ਕੋਠੀ ਜਾ ਕੇ ਆਪਾ ਸਮੱਰਪਿੱਤ ਕਰ ਦੇਣਗੇ ਤੇ ਬਾਬੇ ਨਾਨਕ ਦੇ ਸੰਕਲਪ ਨੂੰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਕੰਨਾਂ ਤੱਕ ਪਹੁੰਚਾਉਣ ਲਈ 21 ਅਗਸਤ ਨੂੰ ਉਹ ਆਪਣੇ ਸਾਥੀਆ ਨਾਲ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਕੋਠੀ ਦੇ ਬਾਹਰ ਪੂਰੀ ਤਰ੍ਹਾ ਸ਼ਾਤਮਈ ਢੰਗ ਨਾਲ ਕੀਤਰਨ ਕਰਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਸਿਆਸਤ ਸਿਰਫ ਸੁਆਰਥ ਤੇ ਕਮਾਈ ਦਾ ਸਾਧਨ ਨਹੀ ਸਗੋ ਸੇਵਾ ਦਾ ਸੰਕਲਪ ਹੈ।
ਆਓ ਦੁਆ ਕਰੀਏ ਕਿ ਨਾਸਤਿਕਾਂ ਨੂੰ ਆਸਤਿਕ ਬਣਾ ਦੇਣ ਵਾਲੀ ਇਹ ਜਾਦੂਈ ਆਵਾਜ਼ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੇ ਤਾਂ ਕਿ ਪੰਜਾਬ ਦੇ ਗੁਆਚੇ ਹੋਏ ਰੰਗ ਫਿਰ ਪਰਤਣ ਅਤੇ ਦੋਬਾਰਾ ਦੇਖ ਸਕੀਏ ਰਾਂਗਲਾ ਪੰਜਾਬ।
No comments:
Post a Comment