ਪੰਜਾਬ ਭਰ ਵਿੱਚ ਵੀ ਕੀਤੇ ਗਏ ਰੋਹ ਭਰੇ ਰੋਸ ਵਖਾਵੇ
ਚੰਡੀਗੜ੍ਹ: 23 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਕਾਮਰੇਡ ਅੱਜ ਫੇਰ ਆਪਣੇ ਪੁਰਾਣੇ ਜੋਸ਼ੀਲੇ ਅੰਦਾਜ਼ ਵਿਚਕ ਸਰਗਰਮ ਨਜ਼ਰ ਆਏ। ਅੱਜ ਪੰਜਾਬ ਵਿਚ ਵੱਖ-ਵੱਖ ਥਾਵਾਂ ਉਤੇ ਮੁਜ਼ਾਹਰੇ, ਰੈਲੀਆਂ ਕਰਕੇ ਅਤੇ ਮੋਦੀ ਦੇ ਪੁਤਲੇ ਸਾੜ ਕੇ ਭਾਜਪਾ ਦੇ ਰਾਜ ਅੰਦਰ ਦਲਿਤਾਂ, ਘੱਟ-ਗਿਣਤੀਆਂ, ਕਬਾਇਲੀਆਂ ਅਤੇ ਔਰਤਾਂ ਉਤੇ ਵਧ ਰਹੇ ਅੱਤਿਆਚਾਰਾਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ, ਜਿਸ ਦੌਰਾਨ ਮੁਜ਼ਾਹਰਿਆਂ ਵਿਚ ਘੱਟ-ਗਿਣਤੀਆਂ ਅਤੇ ਦਲਿਤਾਂ, ਇਸਤਰੀਆਂ ਦੀ ਰਾਖੀ ਲਈ ਨਾਅਰੇ ਲਾਏ, ਭਾਜਪਾ ਦੇ ਸ਼ਾਸਨ ਦੀ ਨਿਖੇਧੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਇਹ ਰੋਸ ਐਕਸ਼ਨ ਗੁਜਰਾਤ ਦੇ ਕਸਬੇ ਊਨਾ ਵਿਚ ਚਾਰ ਦਲਿਤਾਂ ਦੇ ਕੱਪੜੇ ਫਾੜ ਕੇ, ਅੱਧ-ਨੰਗੇ ਕਰਕੇ ਕਥਿਤ 'ਗਊ ਰਖਿਅਕ' ਕਮੇਟੀ ਦੇ ਭਾਜਪਾ ਵਰਕਰਾਂ ਵੱਲੋਂ ਕੀਤੀ ਮਾਰ-ਕੁਟਾਈ ਅਤੇ ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਉਪ-ਪ੍ਰਧਾਨ ਦਿਆਸ਼ੰਕਰ ਵੱਲੋਂ ਦਲਿਤ ਮਹਿਲਾ ਆਗੂ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਘਟੀਆ ਸ਼ਬਦਾਵਲੀ ਵਰਤਣ ਦੇ ਖਿਲਾਫ ਗੁੱਸੇ ਦੇ ਪ੍ਰਗਟਾਵੇ ਵਜੋਂ ਕੀਤੇ ਗਏ ਸਨ। ਇਹਨਾਂ ਰੋਹ ਭਰੇ ਰੋਸ ਵਿਖਾਵਿਆਂ ਦੇ ਸੀਪੀਆਈ ਦੀ ਲਾਮਬੰਦੀ ਅਤੇ ਸਰਗਰਮੀ ਵਿੱਚ ਇੱਕ ਨਵਾਂ ਜੋਸ਼ ਦੇਖਿਆ ਗਿਆ।
ਪੂਰੇ ਸੂਬੇ ਵਿੱਚ ਹੋਏ ਇਸ ਐਕਸ਼ਨ ਨਾਲ ਸੀਪੀਆਈ ਇੱਕ ਵਾਰ ਫੇਰ ਆਪਣਾ ਰਵਾਇਤੀ ਜੋਸ਼ੀਲਾ ਚੇਹਰਾ ਸਾਹਮਣੇ ਆਉਣ ਵਿੱਚ ਸਫਲ ਰਹੀ ਹੈ। ਪੰਜਾਬ ਸੂਬਾ ਕੌਂਸਲ ਸੀ ਪੀ ਆਈ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ ਨੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ ਸੂਬੇ ਵਿਚੋਂ ਮਿਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਮਾਨਸਾ, ਸੰਗਰੂਰ, ਅੰਮ੍ਰਿਤਸਰ (ਸ਼ਹਿਰੀ), ਲੁਧਿਆਣਾ, ਜਲਾਲਾਬਾਦ, ਗੁਰੂ ਹਰਸਹਾਏ (ਫਿਰੋਜ਼ਪੁਰ), ਲਾਲੜੂ (ਮੁਹਾਲੀ), ਮਹਿਤਪੁਰ (ਜਲੰਧਰ), ਨਿਹਾਲ ਸਿੰਘ ਵਾਲਾ (ਮੋਗਾ), ਨਵਾਂ ਸ਼ਹਿਰ, ਬਠਿੰਡਾ, ਪਾਤੜਾਂ ਅਤੇ ਨਾਭਾ (ਪਟਿਆਲਾ), ਲੰਬੀ (ਮੁਕਤਸਰ), ਤਰਨ ਤਾਰਨ, ਅੰਮ੍ਰਿਤਸਰ (ਦਿਹਾਤੀ), ਧਿਆਨਪੁਰਾ, ਦੀਨਾਨਗਰ, ਗੁਰਦਾਸਪੁਰ (ਗੁਰਦਾਸਪੁਰ) ਵਿਚ ਸਾਥੀਆਂ ਨੇ ਲਾਲ ਝੰਡੇ ਲੈ ਕੇ ਨਾਹਰੇ ਮਾਰਦਿਆਂ ਦਲਿਤਾਂ ਤੇ ਘੱਟ-ਗਿਣਤੀਆਂ ਦੀ ਰਾਖੀ ਦੀ ਮੰਗ ਕਰਦਿਆਂ, ਮੋਦੀ ਸਰਕਾਰ ਦੇ ਪੁਤਲੇ ਫੂਕੇ। ਸਾਥੀ ਅਰਸ਼ੀ ਨੇ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਸਰਕਾਰ ਦੀਆਂ ਦੱਬੇ-ਕੁਚਲੇ ਲੋਕਾਂ ਅਤੇ ਘੱਟ-ਗਿਣਤੀਆਂ, ਇਸਤਰੀਆਂ ਉਤੇ ਅੱਤਿਆਚਾਰ ਦੀਆਂ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣਗੇ। ਹਰ ਥਾਂ ਵਰਕਰਾਂ ਅਤੇ ਆਗੂਆਂ ਵਿੱਚ ਪੂਰਾ ਜੋਸ਼ ਸੀ।
ਲੁਧਿਆਣਾ ਸ਼ਹਿਰ ਵਿਚ ਭਾਰੀ ਬਰਸਾਤ ਦੇ ਬਾਵਜੂਦ ਪਾਰਟੀ ਵਰਕਰ ਘਰਾਂ ਵਿੱਚੋਂ ਨਿਕਲ ਕੇ ਸੜਕਾਂ 'ਤੇ ਆਏ। ਜ਼ਿਲ੍ਹਾ ਕਮਿਊਨਿਸਟ ਪਾਰਟੀ ਵੱਲੋਂ ਸਰਵਸਾਥੀ ਡਾਕਟਰ ਅਰੁਣ ਮਿੱਤਰਾ, ਰਮੇਸ਼ ਰਤਨ, ਜੀਤ ਕੁਮਾਰੀ, ਗੁਲਜ਼ਾਰ ਪੰਧੇਰ, ਡੀਪੀ ਮੌੜ, ਐੱਮ ਐੱਸ ਭਾਟੀਆ ਅਤੇ ਰਾਮ ਚੰਦ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੇਲਵੇ ਸਟੇਸ਼ਨ ਵਿਖੇ ਜੋਸ਼ੀਲੇ ਰੋਸ ਵਖਾਵੇ ਮਗਰੋਂ ਸ਼ਹਿਰ ਵਿੱਚ ਮਾਰਚ ਵੀ ਕੇਤਾ ਗਿਆ। ਲੁਧਿਆਣਾ ਦੀ ਪੂਰੀ ਖਬਰ ਪੜ੍ਹਨ ਲਈ ਏਥੇ ਕਲਿੱਕ ਕਰੋ ਇਸ ਮੌਕੇ ਪਾਰਟੀ ਵਰਕਰ ਲੁਧਿਆਣਾ ਦੇ ਕੋਨੇ ਕੋਨੇ ਵਿੱਚ ਇਕੱਤਰ ਹੋ ਕੇ ਆਏ। ਲਗਾਤਾਰ ਹੋਈ ਬਰਸਾਤ ਅਤੇ ਸੜਕਾਂ ਤੇ ਖੜਾ ਗੋਡੇ ਗੋਡੇ ਪਾਣੀ ਵੀ ਉਹਨਾਂ ਨੂੰ ਰੋਕ ਨਾ ਸਕਿਆ। ਵੀਡੀਓ ਦੇਖਣ ਲਈ ਏਥੇ ਕਲਿੱਕ ਕਰੋ ਰੇਲਵੇ ਸਟੇਸ਼ਨ ਵਿਖੇ ਭਾਰੀ ਰੋਸ ਵਖਾਵੇ ਮਗਰੋਂ ਸ਼ਹਿਰ ਵਿੱਚ ਕੀਤੇ ਗਏ ਮਾਰਚ ਨੇ ਪਾਰਟੀ ਦਾ ਸੁਨੇਹਾ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਪਹੁੰਚਾਇਆ।ਇਸਦੇ ਨਾਲ ਹੀ ਭਕਦੇ ਮਸਲਿਆਂ ਬਾਰੇ ਪਾਰਟੀ ਦੀਆਂ ਨੀਤੀਆਂ ਵੀ ਆਮ ਲੋਕਾਂ ਤੱਕ ਪਹੁੰਚੀਆਂ। ਅੰਗਰੇਜ਼ੀ ਵਿੱਚ ਪੜ੍ਹਨ ਲਈ ਏਥੇ ਕਲਿੱਕ ਕਰੋ
ਬਠਿੰਡਾ: ਭਾਰਤੀ ਕਮਿਊਨਿਸ਼ਟ ਪਾਰਟੀ ਬਠਿੰਡਾ ਯੂਨਿਟ ਨੇ ਵੀ ਇਸ ਸੱਦੇ ਦਾ ਹੈਂਗਰ ਭਰਦੀਆਂ ਜੋਸ਼ੀਲਾ ਐਕਸ਼ਨ ਕੀਤਾ। ਪਾਰਟੀ ਨੇ ਗੁਜਰਾਤ ਸੂਬੇ ਦੇ ਜ਼ਿਲ੍ਹਾ ਉਨਾ ਦੇ ਪਿੰਡ ਸਮਢਿਆਨਾਂ 'ਚ 4 ਦਲਿਤਾਂ ਦੀ ਬੇਰਹਿਮੀ ਨਾਲ ਨੰਗੇ ਧੜ ਕਰਕੇ ਕੁੱਟਮਾਰ ਕਰਨ 'ਤੇ ਭਾਜਪਾ ਸਰਕਾਰ ਦੇ ਖਿਲਾਫ਼ ਸਖ਼ਤ ਰੋਸ ਪ੍ਰਗਟ ਕੀਤਾ ਤੇ ਮੇਨ ਬਜਾਰ 'ਚ ਰੋਸ ਮਾਰਚ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਬੁਲਾਰਿਆਂ ਨੇ ਹੁਕਮਰਾਨ ਧਿਰਾਂ ਨੂੰ ਅਜਿਹੀਆਂ ਸ਼ਰਮਨਾਕ ਹਰਕਤਾਂ ਤੋਂ ਬਾਜ਼ ਰਹਿਣ ਦੀ ਚੇਤਾਵਨੀ ਵੀ ਦਿੱਤੀ।
ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੀਤ ਸਕੱਤਰ ਤੇ ਸੂਬਾ ਕੌਂਸਿਲ ਮੈਂਬਰ ਕਾਮਰੇਡ ਸੁਰਜੀਤ ਸਿੰਘ ਸੋਹੀ ਐਡਵੋਕੇਟ ਨੇ ਕਿਹਾ ਕਿ ਜਦੋਂ ਤੋਂ ਕੇਂਦਰ 'ਚ ਭਾਜਪਾ ਸਰਕਾਰ ਬਣੀ ਹੈ, ਇਸ ਨੇ ਧਰਮ ਤੇ ਜਾਤਾਂ 'ਚ ਵੰਡ ਪਾਉਣ ਲਈ ਹਰ ਹੀਲੇ ਵਰਤੇ ਹਨ। ਇਸ ਤਰ੍ਹਾਂ ਭਾਜਪਾ ਸਰਕਾਰ ਨੇ ਜਿਹੜੀ ਖਤਰਨਾਕ ਨੀਤੀ ਅਪਣਾਈ ਹੈ, ਇਹ ਹਿੰਦੋਸਤਾਨ ਵਰਗੇ ਦੇਸ਼; ਜਿਸ 'ਚ ਸਾਰੇ ਧਰਮਾਂ ਦੇ ਲੋਕ ਨਾਗਰਿਕ ਹਨ, ਨਹੀਂ ਚੱਲ ਸਕਦੀ। ਇਸ ਤਰ੍ਹਾਂ ਕਰਕੇ ਭਾਜਪਾ ਘੱਟ ਗਿਣਤੀਆਂ ਨੂੰ ਦਬਾਉਣਾ ਚਾਹੁੰਦੀ ਹੈ। ਦੂਸਰੇ ਪਾਸੇ ਭਾਜਪਾ ਦੀ ਹਮਾਇਤੀ ਪੰਜਾਬ ਸਰਕਾਰ ਨੇ ਗਰੀਬਾਂ ਦੀ ਆਟਾ ਦਾਲ ਸਕੀਮ 'ਚ ਘਪਲਾ ਕਰਕੇ ਗਰੀਬਾਂ ਦੇ ਬੱਚਿਆਂ ਦੇ ਵਜੀਫ਼ੇ ਦੀ ਰਕਮ ਨਾ ਦੇ ਕੇ ਗਰੀਬਾਂ ਨਾਲ ਧੱਕਾ ਕੀਤਾ ਹੈ ਤੇ ਕਿਸਾਨਾਂ ਨੂੰ ਸਹੀ ਤਰ੍ਹਾਂ ਦੇ ਬੀਜ, ਰੇਹ-ਸਪਰੇਹ ਨਾ ਦੇ ਕੇ ਕਿਸਾਨਾਂ ਨਾਲ ਭਾਰੀ ਬੇਇਨਸਾਫ਼ੀ ਕੀਤੀ ਹੈ। ਜਿਸ ਕਰਕੇ ਗਰੀਬ ਮਜਦੂਰਾਂ ਤੇ ਕਿਸਾਨਾਂ ਦੀਆਂ ਖੁਦਕਸ਼ੀਆਂ 'ਚ ਵਾਧਾ ਹੋਇਆ ਹੈ | ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਕਾਮਰੇਡ ਗੁਲਜਾਰ ਗੋਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਮੁਤਾਬਿਕ ਬੇਘਰੇ ਗਰੀਬਾਂ ਨੂੰ ਪੰਜ-ਪੰਜ ਮਰਲੇ ਪਲਾਟ ਆਪਣੇ 9 ਸਾਲਾਂ ਦੇ ਕਾਰਜਕਾਲ 'ਚ ਨਹੀਂ ਦਿੱਤੇ, ਨਰੇਗਾ ਸਕੀਮ ਨੂੰ ਸਹੀ ਤਰ੍ਹਾਂ ਲਾਗੂ ਨਹੀਂ ਕੀਤਾ, ਪੈਨਸ਼ਨ 'ਚ ਵਾਧਾ ਨਹੀਂ ਕੀਤਾ, ਸਗ਼ਨ ਸਕੀਮ ਦੀ ਕਾਣੀ ਵੰਡ ਕੀਤੀ ਹੈ, ਪੜ੍ਹੇ ਲਿਖੇ ਡਿਗਰੀਆਂ ਲੈ ਕੇ ਫਿਰਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੀ ਬਜਾਇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਨੰਨ੍ਹੀ ਛਾਂ ਦੇ ਹਲਕੇ 'ਚ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੀ ਬਜਾਇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਨੰਨ੍ਹੀ ਛਾਂ ਦੇ ਹਲਕੇ 'ਚ ਬੇਰੁਜ਼ਗਾਰ ਲੜਕੀਆਂ ਨੂੰ ਗੁੱਤਾਂ ਤੋਂ ਫੜ੍ਹ ਕੇ ਸੜਕਾਂ 'ਤੇ ਘੜੀਸਿਆ ਤੇ ਚੁੰਨੀਆਂ ਲਾਹੀਆਂ। ਬੇਰੁਜ਼ਗਾਰ ਵਾਟਰ ਵਰਕਸ ਦੀਆਂ ਟੈਂਕੀਆਂ 'ਤੇ ਚੜ੍ਹ ਕੇ ਭੁੱਖਣ ਭਾਣੇ ਦਿਨ-ਰਾਤ ਕੱਟ ਰਹੇ ਹਨ। ਕਾਮਰੇਡ ਜਸਵੀਰ ਕੌਰ ਸਰਾਂ ਮੈਂਬਰ ਸੂਬਾ ਕੌਂਸਿਲ ਨੇ ਕਿਹਾ ਕਿ ਇਸਤਰੀਆਂ ਤੇ ਜੁਰਮਾਂ 'ਚ ਵਾਧਾ ਹੋਇਆ ਹੈ, ਭਾਜਪਾ ਦੀ ਹਮਾਇਤੀ ਪੰਜਾਬ 'ਚ ਅਕਾਲੀ ਸਰਕਾਰ ਵੱਲੋਂ ਨਸ਼ਾਖੋਰੀ 'ਤੇ ਨੱਥ ਪਾਉਣ ਦੀ ਬਜਾਇ ਨਸ਼ਾਖੋਰੀ ਨੂੰ ਸ਼ਹਿ ਦੇਣ ਨਾਲ ਪੰਜਾਬ ਦੀ ਜਵਾਨੀ ਤਬਾਹ ਹੋ ਗਈ ਹੈ ਅਤੇ ਨਰਮੇ ਦੀ ਮਾਰ ਦੇ ਮੁਆਵਜ਼ੇ ਦੀ ਰਕਮ ਚਿ ਕਾਣੀ ਵੰਡ ਕੀਤੀ ਹੈ | ਇਨ੍ਹਾਂ ਤੋਂ ਇਲਾਵਾ ਕਾਮਰੇਡ ਜੰਗ ਸਿੰਘ ਤੱਗੜ, ਮਿੱਠੂ ਸਿੰਘ ਬੀੜ ਤਲਾਬ, ਸੁੱਖਣ ਲਾਲ ਝੰੁਬਾ, ਜਰਨੈਲ ਸਿੰਘ ਯਾਤਰੀ, ਟਹਿਲ ਸਿੰਘ ਭਾਈ ਬਖ਼ਤੌਰ, ਮਿੱਠੂ ਸਿੰਘ ਬੰਗੀ, ਆਤਮਾ ਸਿੰਘ ਗੈਹਲੇਵਾਲਾ, ਪਰਮਜੀਤ ਸਿੰਘ ਸੇਖਪੁਰਾ, ਮੱਖਣ ਸਿੰਘ ਜੋਧਪੁਰ ਪਾਖਰ, ਰਾਜਾ ਸਿੰਘ ਦਾਨ ਸਿੰਘ ਵਾਲਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਉਪਾਰੀ ਦੀ ਹਮਾਇਤੀ ਹੋਣ ਕਰਕੇ ਮਹਿੰਗਾਈ ਸਿਖ਼ਰਾਂ 'ਤੇ ਪਹੁੰਚ ਗਈ ਹੈ। ਸਾਰੇ ਬੁਲਾਰਿਆਂ ਨੇ ਇਕ ਮੱਤ ਹੋ ਕੇ ਅਹਿਦ ਕੀਤਾ ਕਿ ਜੇਕਰ ਭਾਜਪਾ ਤੇ ਪੰਜਾਬ ਸਰਕਾਰ ਇਨ੍ਹਾਂ ਗਲਤ ਹਰਕਤਾਂ ਤੋਂ ਬਾਜ ਨਾ ਆਈ ਤਾਂ ਭਾਰਤੀ ਕਮਿਊਨਿਸ਼ਟ ਪਾਰਟੀ ਬੇਬੱਸ ਹੋਏ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਪਾਰਟੀ ਇਸ ਐਕਸ਼ਨ ਨੇ ਕੇਦਰ ਵਿੱਚ ਨਵਾਂ ਜੋਸ਼ ਭਰਿਆ ਹੈ।
ਫਿਰੋਜ਼ਪੁਰ: ਇਸ ਜ਼ਿਲ੍ਹੇ ਦੇ ਸਾਥੀਆਂ ਨੇ ਵੱਡੀ ਗਿਣਤੀ ਵਿਚ ਕਸਬੇ ਗੁਰੂ ਹਰਸਹਾਏ ਵਿਚ ਲਾਲ ਝੰਡਿਆਂ ਦੀ ਛਾਂ ਹੇਠਾਂ ਮਾਰਚ ਕੀਤਾ, ਦਲਿਤਾਂ ਵਿਰੋਧੀ ਹਿੰਸਾ ਉਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਨਾਹਰੇ ਲਾਏ। ਰੈਲੀ ਦੀ ਸਰਵਸਾਥੀ ਚਰਨਜੀਤ ਛਾਂਗਾਰਾਏ ਬਲਾਕ ਸਕੱਤਰ ਅਤੇ ਭਗਵਾਨ ਦਾਸ ਬਹਾਦਰਕੇ ਜ਼ਿਲ੍ਹਾ ਕੌਂਸਲ ਮੈਂਬਰ ਨੇ ਅਗਵਾਈ ਕੀਤੀ ਅਤੇ ਮੁਖਾਤਬ ਕੀਤਾ। ਅਖੀਰ ਵਿਚ ਦਲਿਤਾਂ ਤੇ ਘੱਟਗਿਣਤੀਆਂ ਦੀ ਵਿਰੋਧੀ, ਵਿਦਿਆਰਥੀਆਂ ਤੇ ਇਸਤਰੀਆਂ ਦੀ ਵਿਰੋਧੀ ਅਤੇ ਨਿਗਮਾਂ ਦੀ ਪਖੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਗੁਰਦਾਸਪੁਰ: ਇਸ ਜ਼ਿਲ੍ਹੇ ਵਿਚ ਧਿਆਨਪੁਰ, ਦੀਨਾਨਗਰ ਅਤੇ ਖਾਸ ਗੁਰਦਾਸਪੁਰ ਵਿਚ ਸਾਥੀਆਂ ਨੇ ਮੁਜ਼ਾਹਰਾ ਕਰਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ, ਰੋਸ ਮੁਜ਼ਾਹਰੀਨਾਂ ਦੀ ਅਗਵਾਈ ਸਾਥੀ ਗੁਲਜ਼ਾਰ ਸਿੰਘ ਜ਼ਿਲ੍ਹਾ ਸਕੱਤਰ, ਬਲਵੀਰ ਸਿੰਘ ਕੱਤੋਵਾਲ ਸਹਾਇਕ ਜ਼ਿਲ੍ਹਾ ਸਕੱਤਰ, ਬਿੱਟੂ ਅਤੇ ਦੂਜੇ ਸੀਨੀਅਰ ਆਗੂਆਂ ਨੇ ਕੀਤੀ।
ਬਠਿੰਡਾ : ਜ਼ਿਲ੍ਹਾ ਬਠਿੰਡਾ ਰੋਸ ਐਕਸ਼ਨ ਦੀ ਅਗਵਾਈ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਜ਼ਿਲ੍ਹਾ ਸਹਾਇਕ ਸਕੱਤਰ ਬਲਕਰਨ ਬਰਾੜ, ਸੁਰਜੀਤ ਸੋਹੀ, ਸਾਥੀ ਜਸਬੀਰ ਕੌਰ ਨੇ ਕੀਤੀ। ਸ਼ਹਿਰ ਵਿਚ ਮਾਰਚ ਕੀਤਾ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ।
ਪਟਿਆਲਾ: ਪਾਤੜਾਂ ਵਿਖੇ ਸਾਥੀ ਕੁਲਵੰਤ ਸਿੰਘ ਮੌਲਵੀਵਾਲਾ ਅਤੇ ਨਾਭਾ ਵਿਚ ਸਾਥੀ ਕਸ਼ਮੀਰ ਸਿੰਘ ਗਦਾਈਆ ਅਤੇ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਸਾਥੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ।
ਮਾਨਸਾ: ਮਾਨਸਾ ਵਿਚ ਡੇਢ ਸੌ ਸਾਥੀਆਂ ਨੇ ਲਾਲ ਝੰਡੇ ਲੈ ਕੇ ਮੋਦੀ ਸਰਕਾਰ ਜਿਸ ਦੇ ਰਾਜ ਵਿਚ ਤੇ ਜਿਸ ਦੇ ਗੁੰਡਾ ਗਰੋਹਾਂ ਵੱਲੋਂ ਦਲਿਤਾਂ, ਇਸਤਰੀਆਂ, ਕਮਜ਼ੋਰ ਤਬਕਿਆਂ ਉਤੇ ਹਮਲੇ ਕੀਤੇ ਜਾ ਰਹੇ ਹਨ, ਵਿਰੁੱਧ ਨਾਹਰੇ ਲਾਉਂਦਿਆਂ ਬਾਜ਼ਾਰਾਂ ਵਿਚ ਮਾਰਚ ਅਤੇ ਡੀ ਸੀ ਦੇ ਦਫਤਰ ਮੂਹਰੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ। ਮੁਜ਼ਾਹਰੇ ਨੂੰ ਮੁਖਾਤਬ ਕਰਦਿਆਂ ਸਾਥੀ ਹਰਦੇਵ ਸਿੰਘ ਅਰਸ਼ੀ ਸਾਬਕ ਐੱਮ ਐੱਲ ਏ ਨੇ ਗੁਜਰਾਤ ਵਿਚ ਦਲਿਤਾਂ ਉਤੇ ਹੋਈ ਹਿੰਸਾ ਦੀ, ਇਸਤਰੀਆਂ ਵਿਰੁੱਧ ਘਟੀਆ ਸ਼ਬਦਾਵਲੀ ਦੀ ਸਖਤ ਨਿਖੇਧੀ, ਰੋਹਿਤ ਵੋਮਿਲਾ ਦੇ ਕਾਤਲਾਂ ਨੂੰ ਚਿਤਾਵਨੀ ਦਿੱਤੀ ਕਿ ਭਾਰਤ ਦੇ ਮਿਹਨਤਕਸ਼ ਲੋਕ ਉਹਨਾਂ ਨੂੰ ਮਾਫ ਨਹੀਂ ਕਰਨਗੇ, ਨਾ ਉਹ ਜਬਰ ਤੋਂ ਡਰਨਗੇ, ਸਗੋਂ ਇਹਨਾਂ ਜਾਬਰਾਂ ਨੂੰ ਸਬਕ ਸਿਖਾਉਣਗੇ। ਮੁਜ਼ਾਹਰੇ ਨੂੰ ਸਾਥੀ ਕ੍ਰਿਸ਼ਨ ਚੌਹਾਨ ਸਕੱਤਰ ਜ਼ਿਲ੍ਹਾ ਮਾਨਸਾ ਤੇ ਹੋਰ ਆਗੂਆਂ ਨੇ ਵੀ ਮੁਖਾਤਬ ਕੀਤਾ।
ਮੁਹਾਲੀ: ਇਸ ਜ਼ਿਲ੍ਹੇ ਦੇ ਸਾਥੀਆਂ ਨੇ ਤਹਿਸੀਲ ਡੇਰਾ ਬਸੀ ਦੇ ਉੱਘੇ ਕਸਬੇ ਲਾਲੜੂ ਦੀ ਨਗਰ ਪਾਲਕਾ ਕਮੇਟੀ ਦੇ ਦਫਤਰ ਮੂਹਰੇ ਵੱਡੀ ਰੈਲੀ ਕੀਤੀ, ਜਿਸ ਨੂੰ ਜ਼ਿਲ੍ਹਾ ਸਕੱਤਰ ਮਹਿੰਦਰ ਪਾਲ ਸਿੰਘ, ਸਹਾਇਕ ਸਕੱਤਰ ਜਸਪਾਲ ਦੱਪਰ, ਕਿਸਾਨ ਆਗੂ ਜਸਵੰਤ ਸਿੰਘ ਮਟੌਰ, ਮਜ਼ਦੂਰ ਆਗੂ ਵਿਨੋਦ ਚੁੱਗ, ਮੁਲਾਜ਼ਮ ਆਗੂ ਮਾਸਟਰ ਕਰਮ ਚੰਦ ਘੋਲੂਮਾਜਰਾ ਨੇ ਮੁਖਾਤਬ ਕੀਤਾ ਅਤੇ ਮੋਦੀ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਉਤੇ, ਵਿਦਿਆਰਥੀਆਂ ਉਤੇ, ਦਲਿਤਾਂ ਉਤੇ, ਕਬਾਇਲੀਆਂ ਉਤੇ, ਇਸਤਰੀਆਂ ਉਤੇ, ਧਰਮ-ਨਿਰਪੱਖਤਾ ਅਤੇ ਸਾਂਝੇ ਸੱਭਿਆਚਾਰ ਉਤੇ ਕੀਤੇ ਜਾ ਰਹੇ ਵਿਉਂਤਬੱਧ ਹਮਲਿਆਂ ਦੀ ਨਿਖੇਧੀ ਕੀਤੀ, ਨਾਹਰੇ ਲਾਏ ਅਤੇ ਅਰਥੀ ਫੂਕੀ।
ਛੇਹਰਟਾ: ਅੰਮ੍ਰਿਤਸਰ ਦੀ ਮਜ਼ਦੂਰ ਜਮਾਤ ਨੇ ਪਾਰਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਸਾਥੀ ਅਮਰਜੀਤ ਆਸਲ, ਕੌਂਸਲ ਮੈਂਬਰਾਨ ਦਸਵਿੰਦਰ ਕੌਰ, ਵਿਜੈ ਕੁਮਾਰ, ਮੋਹਨ ਲਾਲ, ਪ੍ਰੋਫੈਸਰ ਬਲਦੇਵ ਵੇਰਕਾ, ਪਰਮਜੀਤ, ਬੀਬੀ ਗੁਰਨਾਮ ਕੌਰ ਸਰਪੰਚ ਅਤੇ ਗਿਆਨੀ ਗੁਰਦੀਪ ਸਿੰਘ ਦੀ ਅਗਵਾਈ ਵਿਚ ਛੇਹਰਟਾ ਦਫਤਰ ਵਿਚੋਂ ਮਾਰਚ ਕਰਦਿਆਂ ਝੰਡੇ ਲਹਿਰਾਉਂਦਿਆਂ, ਨਾਹਰੇ ਲਾਉਂਦਿਆਂ ਦਲਿਤਾਂ ਅਤੇ ਘੱਟਗਿਣਤੀਆਂ ਉਤੇ ਹੁੰਦੇ ਅੱਤਿਆਚਾਰਾਂ ਦੀ ਨਿਖੇਧੀ ਕੀਤੀ। ਰੈਲੀ ਨੂੰ ਉਪਰੋਕਤ ਆਗੂਆਂ ਨੇ ਮੁਖਾਤਬ ਕੀਤਾ। ਅਖੀਰ ਮੋਦੀ ਦਾ ਪੁਤਲਾ ਸਾੜਿਆ ਗਿਆ।
ਨਕੋਦਰ: ਮਹਿਤਪੁਰ ਵਿਖੇ ਸਾਥੀ ਚਰਨਜੀਤ ਸਿੰਘ ਥੰਮੂਵਾਲ ਤਹਿਸੀਲ ਸਕੱਤਰ ਨਕੋਦਰ ਦੀ ਅਗਵਾਈ ਵਿਚ ਦੋ ਸੌ ਤੋਂ ਵੱਧ ਸਾਥੀਆਂ ਨੇ ਸ਼ਹਿਰ ਦੇ ਬਾਜ਼ਾਰਾਂ ਵਿਚ ਮਾਰਚ ਕੀਤਾ। ਵੱਖ-ਵੱਖ ਚੌਕਾਂ ਉਤੇ ਮੁਜ਼ਾਹਰੀਨਾਂ ਨੂੰ ਸਾਥੀ ਥੰਮੂਵਾਲ ਤੋਂ ਇਲਾਵਾ ਸਰਵਸਾਥੀ ਸੁਨੀਲ ਕੁਮਾਰ, ਸਿਕੰਦਰ ਸਿੰਘ, ਹੁਸ਼ਿਆਰ ਸਿੰਘ ਅਤੇ ਦਰਬਾਰਾ ਸਿੰਘ ਨੇ ਮੁਖਾਤਬ ਕੀਤਾ ਅਤੇ ਕਿਹਾ ਕਿ ਦੱਬੇ-ਕੁਚਲੇ ਤਬਕਿਆਂ ਉਤੇ ਜ਼ੁਲਮ ਕਰਨ ਵਾਲੀ ਸਰਕਾਰ ਦੇ ਜਲਦੀ ਹੀ ਦਿਨ ਪੁੱਗ ਜਾਣਗੇ। ਦਲਿਤਾਂ ਲਈ ਇਨਸਾਫ ਮੰਗਦੇ ਹੋਏ ਨਾਹਰੇ ਲਾਉਂਦਿਆਂ ਮੋਦੀ ਦੀ ਜਾਬਰ ਸਰਦਾਰ ਦਾ ਪੁਤਲਾ ਫੂਕਿਆ।
ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਅੱਜ ਦੇ ਰੋਸ ਐਕਸ਼ਨ ਦੀ ਕਾਮਯਾਬੀ ਉਤੇ ਤਸੱਲੀ ਪ੍ਰਗਟ ਕੀਤੀ ਅਤੇ ਸਾਥੀਆਂ ਤੇ ਆਗੂਆਂ ਨੂੰ ਵਧਾਈ ਦਿੱਤੀ। ਸਾਥੀ ਅਰਸ਼ੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਦੇਸ਼ ਦੇ ਕਿਰਤੀ, ਮਿਹਨਤਕਸ਼ ਲੋਕ ਵਿਸ਼ਾਲ ਏਕਤਾ ਕਰਕੇ ਫਾਸ਼ੀ ਰੁਚੀਆਂ ਵਾਲੇ ਸੰਘ ਪਰਵਾਰ ਦੇ ਘਿਨਾਉਣੇ ਮਨਸੂਬੇ ਮਿੱਟੀ ਵਿਚ ਮਿਲਾ ਦੇਣਗੇ।
No comments:
Post a Comment