ਸਵਰਗੀ ਕਮਿਊਨਿਸਟ ਲੀਡਰ ਕਾਮਰੇਡ ਪਰਦੁਮਨ ਸਿੰਘ ਦੇ ਬੇਟੇ ਹਨ ਡਾ ਸੇਠੀ
ਅੰਮ੍ਰਿਤਸਰ: 12 ਮਈ 2016: (ਪੰਜਾਬ ਸਕਰੀਨ ਬਿਊਰੋ):
ਖੂਨਦਾਨ ਦੇ ਮਾਮਲੇ ਵਿੱਚ ਅਕਸਰ ਸਰਗਰਮ ਰਹਿਣ ਵਾਲੇ ਐਸ ਐਮ ਓ ਡਾਕਟਰ ਆਰ ਐਸ ਸੇਠੀ 'ਤੇ ਬੁਧਵਾਰ ਦੀ ਰਾਤ ਨੂੰ ਹੋਈ ਫਾਇਰਿੰਗ ਤੋਂ ਬਾਅਦ ਸਨਸਨੀ ਫੈਲੀ ਹੋਈ ਹੈ। ਇਹ ਫਾਇਰਿੰਗ ਅਧੀ ਤਕਰੀਬਨ ਅਧੀ ਕੁ ਰਾਤ ਨੂੰ ਹੋਈ। ਕਾਬਿਲੇ ਜ਼ਿਕਰ ਹੈ ਕਿ ਡਾਕਟਰ ਸੇਠੀ ਉਘੇ ਸਵਰਗੀ ਸਰਜਨ ਡਾਕਟਰ ਆਰ ਐਸ ਸੇਠੀ ਦੇ ਭਤੀਜੇ ਅਤੇ ਸਰਗਰਮ ਸਵਰਗੀ ਕਮਿਊਨਿਸਟ ਲੀਡਰ ਕਾਮਰੇਡ ਪਰਦੁਮਨ ਸਿੰਘ ਦੇ ਵੱਡੇ ਬੇਟੇ ਹਨ।
ਅੰਮ੍ਰਿਤਸਰ ਦੇ ਸਿਵਲ ਸਰਜਨ ਦਫ਼ਤਰ ਵਿੱਚ ਸੀਨੀਅਰ ਮੈਡੀਕਲ ਅਫਸਰ ਵੱਜੋਂ ਨਿਯੁਕਤ ਡਾਕਟਰ ਸੇਠੀ ਕਿਸੇ ਵੀ ਲੋੜਵੰਡ ਦਾ ਫੋਨ ਆਉਣ ਤੇ ਅਧੀ ਰਾਤ ਨੂੰ ਵੀ ਉਸ ਕੋਲ ਪਹੁੰਚ ਕੇ ਦਵਾਈ ਖੂਨ ਅਤੇ ਆਰਥਿਕ ਮਦਦ ਕਰਨ ਲਈ ਸਾਰਿਆਂ ਵਿੱਚ ਹਰਮਨ ਪਿਆਰੇ ਹਨ। ਪਿਛਲੇ ਕਈ ਦਹਾਕਿਆਂ ਤੋਂ ਡਾ. ਆਰ.ਐਸ ਸੇਠੀ ਦੇ ਪੁਤਲੀਘਰ ਨੇੜੇ ਗੁਰੂ ਅਰਜਨ ਦੇਵ ਨਗਰ ਵਿਖੇ ਰਹਿ ਰਹੇ ਹਨ। ਉਹਨਾਂ ਦੇ ਇਸ ਘਰ 'ਤੇ ਹੀ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਇਹ ਘਟਨਾ ਬੀਤੀ ਦੇਰ ਰਾਤ ਨੂੰ ਵਾਪਰੀ। ਉਸ ਵੇਲੇ ਡਾਕਟਰ ਸੇਠੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸੌ ਰਹੇ ਸਨ ਅਤੇ ਗੋਲੀਆਂ ਦੀ ਆਵਾਜ਼ ਨਾਲ ਹੀ ਉਨ੍ਹਾਂ ਦੀ ਨੀਂਦ ਖੁੱਲ੍ਹੀ। ਅਣਪਛਾਤੇ ਵਿਅਕਤੀਆਂ ਨੇ ਲਗਪਗ 6 ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਕੁਝ ਗੋਲੀਆਂ ਉਨ੍ਹਾਂ ਦੀ ਕਾਰ ਅਤੇ ਕੁਝ ਕੰਧਾਂ ‘ਤੇ ਲੱਗੀਆਂ ਹਨ। ਸਾਫ਼ ਜ਼ਾਹਿਰ ਹੈ ਕਿ ਹਮਲਾ ਬੇਹੱਦ ਖਤਰਨਾਕ ਸੀ।
ਉਹਨਾਂ ਨੇ ਤੜਕੇ ਪੁਲਿਸ ਦੇ ਆਉਣ ਤੇ ਹੀ ਦਰਵਾਜ਼ਾ ਖੋਹਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੇਠੀ ਨੇ ਪੁਲੀਸ ਨੂੰ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਪਟਾਕੇ ਚਲਦੇ ਮਹਿਸੂਸ ਹੋਏ ਪਰ ਜਦੋਂ ਘਰ ਦੇ ਸ਼ੀਸ਼ੇ ਟੁੱਟੇ ਅਤੇ ਕਾਰ ਨੂੰ ਗੋਲੀ ਲੱਗੀ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਕੋਈ ਗੋਲੀਆਂ ਚਲਾ ਰਿਹਾ ਹੈ। ਉਨ੍ਹਾਂ ਡਰਾਇੰਗ ਰੂਮ ਦੀ ਖਿੜਕੀ ਵਿਚੋਂ ਦੇਖਿਆ ਤਾਂ ਉਸ ਵੇਲੇ ਅਣਪਛਾਤੇ ਵਿਅਕਤੀ ਆਪਣੀ ਕਾਰ ਵਿਚ ਭੱਜ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਉਨ੍ਹਾਂ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ।
ਘਟਨਾ ਤੋਂ ਬਾਅਦ ਪੁਲਿਸ ਹਰਕਤ ਵਿੱਚ ਹੈ। ਪੁਲੀਸ ਅਧਿਕਾਰੀ ਏਡੀਸੀਪੀ ਗੌਰਵ ਗਰਗ, ਸਹਾਇਕ ਕਮਿਸ਼ਨਰ ਗੁਰਪ੍ਰੀਤ ਸਿੰਘ ਤੇ ਹੋਰਨਾਂ ਨੇ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ। ਉਨ੍ਹਾਂ ਦੀ ਹਦਾਇਤ ’ਤੇ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨਾਲ ਹਮਲਾਵਰਾਂ ਦੀ ਸ਼ਨਾਖਤ ਦਾ ਯਤਨ ਕਰ ਰਹੇ ਹਨ ਪਰ ਹੁਣ ਤਕ ਇਹ ਯਤਨ ਸਫਲ ਨਹੀਂ ਹੋਏ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
No comments:
Post a Comment