Wednesday, March 30, 2016

ਪੈਟਰੋਲ ਪੰਪ ਮਾਲਕਾਂ ਦੀ ਚੋਣ ਬੈਠਕ 'ਚ ਮੀਟਰ ਜੰਪ ਦੀ ਵੀ ਚਰਚਾ

ਡੀਲਰਾਂ ਨੇ ਦਿੱਤਾ ਹਰ ਸਹਿਯੋਗ ਦਾ ਭਰੋਸਾ-ਗਾਹਕ ਚੈਕ ਕਰ ਸਕਦਾ ਹੈ ਮੀਟਰ 
ਲੁਧਿਆਣਾ: 30 ਮਾਰਚ 2016; (ਪੰਜਾਬ ਸਕਰੀਨ ਬਿਊਰੋ): 
ਪੈਟਰੋਲ ਪੰਪ ਮਾਲਕਾਂ ਦੀ ਇਕ ਮਹਤੱਵਪੂਰਨ ਬੈਠਕ ਪੰਪ ਮਾਲਕਾਂ ਦੀ ਜਥੇਬੰਦੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਰਣਜੀਤ ਸਿੰਘ ਗਾਂਧੀ ਦੀ ਅਗਵਾਈ ਹੇਠ ਹੋਈ। ਸਥਾਨਕ ਸਰਕਟ ਹਾਊਸ ਵਿਖੇ ਹੋਈ ਇਸ ਬੈਠਕ ਵਿਚ ਪ੍ਰਮੁਖ ਪੰਪ ਮਾਲਕ ਸ਼ਾਮਿਲ ਹੋਏ ਅਤੇ ਇਸ ਬੈਠਕ ਵਿਚ ਪੰਪ ਮਾਲਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਮੇਤ ਹੋਰ ਵੱਖ-ਵੱਖ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸਦੇ ਨਾਲ ਹੀ ਖਪਤਕਾਰਾਂ ਦੇ ਅਧਿਕਾਰਾਂ ਦੀ ਵੀ ਚਰਚਾ ਹੋਈ ਅਤੇ ਦੱਸਿਆ ਗਿਆ ਕਿ ਖਪਤਕਾਰ ਨੂੰ ਮੀਟਰ ਚੈਕ ਕਰਨ ਦਾ ਧਿਕਾਰ ਹੈ। ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ ਨੇ ਜਥੇਬੰਦੀ ਦੀਆਂ ਹੋਈਆਂ ਚੋਣਾਂ ਵਿਚ ਨਵਨਿਯੁਕਤ ਅਹੁਦੇਦਾਰਾਂ ਦੀ ਜਾਣ ਪਹਿਚਾਣ ਵੀ ਕਰਵਾਈ | ਬੈਠਕ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਦੱਸਿਆ ਕਿ ਪੈਟਰੋਲ ਪੰਪ ਮਾਲਕਾਂ ਨੂੰ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚੱਲਦਿਆਂ ਉਨ੍ਹਾਂ ਦਾ ਕਾਰੋਬਾਰ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਅਤੇ ਚੰਡੀਗੜ੍ਹ ਵਿਚ ਵੈਟ ਦੀ ਦਰ ਬਹੁਤ ਘੱਟ ਹੈ, ਜਿਸ ਕਾਰਨ ਸੂਬੇ ਦੇ ਪੈਟਰੋਲ ਪੰਪ ਡੀਲਰਾਂ ਦੀ ਸੇਲ ਘੱਟਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਚੰਡੀਗੜ੍ਹ ਤੇ ਹਰਿਆਣਾ ਦੇ ਨਾਲ ਲੱਗਦੀ ਪੰਜਾਬ ਦੀ ਹੱਦ ਉਪਰ ਚੱਲ ਰਹੇ ਪੈਟਰੋਲ ਪੰਪ ਤਾਂ ਲਗਭਗ ਬੰਦ ਹੋਣ ਦੇ ਕਿਨਾਰੇ ਹਨ। ਪ੍ਰਧਾਨ ਗਾਂਧੀ ਤੇ ਹੋਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਵਿਚ ਵੈਟ ਦੀ ਦਰ ਘਟਾਈ ਜਾਵੇ ਤਾਂ ਜੋ ਪੈਟਰੋਲ ਪੰਪ ਮਾਲਕ ਚੰਗੇ ਮਾਹੌਲ ਵਿਚ ਕਾਰੋਬਾਰ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪਿਛਲੇ ਦਿਨਾਂ ਵਿਚ ਐਸੋਸੀਏਸ਼ਨ ਦਾ ਇਕ ਵਫਦ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਸੀ ਤੇ ਵੈਟ ਦਰ ਘਟਾਉਣ ਦੀ ਮੰਗ ਕੀਤੀ ਸੀ। ਇਸ ਮੌਕੇ ਉੱਪ ਪ੍ਰਧਾਨ ਰੋਹਿਤ ਮੇਹਰਾ, ਕਮਲ ਸ਼ਰਮਾ, ਆਸ਼ੀਸ਼ ਗਰਗ, ਜਨਰਲ ਸਕੱਤਰ ਮਨਜੀਤ ਸਿੰਘ ਖਜਾਨਚੀ, ਜਗਦੇਵ ਸਿੰਘ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ। ਅਕਸਰ ਮੀਟਰ ਜੰਪ ਕਰਨ  ਸ਼ਿਕਾਇਤਾਂ  ਵਟਾਂਦਰਾ ਹੋਇਆ।  

No comments: