*ਅਰਜੀ ਫੀਸ ਤੋਂ ਪ੍ਰਾਪਤ ਹੋਈ ਸਾਢੇ 18 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ
*ਵਿਭਾਗ ਵੱਲੋਂ 5440 ਕਰੋੜ ਰੁਪਏ ਮਾਲੀਆ ਇਕੱਤਰ ਕਰਨ ਦਾ ਟੀਚਾ-ਕਰ ਅਤੇ ਆਬਕਾਰੀ ਕਮਿਸ਼ਨਰ
ਨਿਲਾਮੀ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਨੇਪਰੇ ਚੜੀ
ਲੁਧਿਆਣਾ: 27 ਮਾਰਚ 2016: (ਪੰਜਾਬ ਸਕਰੀਨ ਬਿਊਰੋ):
ਅੱਜ ਲੁਧਿਆਣਾ ਜ਼ਿਲ੍ਹੇ ਦੇ 665 ਦੇਸੀ ਅਤੇ ਅੰਗਰੇਜੀ ਸ਼ਰਾਬ ਠੇਕਿਆਂ ਦੀ ਨਿਲਾਮੀ ਸਾਲ 2016-17 ਲਈ ਕੁੱਲ ਰਾਸ਼ੀ 6,09,61,40,502 ਰੁਪਏ ਵਿੱਚ ਹੋਈ। ਅੱਜ ਸਥਾਨਕ ਹਰਸ਼ੀਲਾ ਰਿਜੋਰਟਸ, ਫਿਰੋਜ਼ਪੁਰ ਰੋਡ ਵਿਖੇ ਕਰ ਅਤੇ ਆਬਕਾਰੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਦੀ ਨਿਗਰਾਨੀ ਹੇਠ ਹੋਈ ਇਸ ਨਿਲਾਮੀ ਵਿੱਚ ਨਗਰ ਨਿਗਮ ਲੁਧਿਆਣਾ ਅਧੀਨ ਆਉਂਦੇ ਠੇਕਿਆਂ ਦੀ ਨਿਲਾਮੀ 4,62,88,77,686 ਰੁਪਏ ਵਿੱਚ, ਲੁਧਿਆਣਾ-1 ਦੇ ਠੇਕਿਆਂ ਦੀ ਨਿਲਾਮੀ 24,87,17,167 ਰੁਪਏ ਵਿੱਚ, ਲੁਧਿਆਣਾ-2 ਦੇ ਠੇਕਿਆਂ ਦੀ ਨਿਲਾਮੀ 72,55,46,140 ਰੁਪਏ ਵਿੱਚ ਅਤੇ ਲੁਧਿਆਣਾ-3 ਦੇ ਠੇਕਿਆਂ ਦੀ ਨਿਲਾਮੀ 49,29,99,509 ਰੁਪਏ ਵਿੱਚ ਹੋਈ।
ਜ਼ਿਲ੍ਹਾ ਲੁਧਿਆਣਾ ਦੇ ਕੁੱਲ ਠੇਕਿਆਂ ਦੀ ਨਿਲਾਮੀ ਲਈ ਕੁੱਲ 4831 ਅਰਜੀਆਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਸਾਢੇ 18 ਕਰੋੜ ਰੁਪਏ ਤੋਂ ਵਧੇਰੇ ਦੀ ਅਰਜੀ ਫੀਸ ਪ੍ਰਾਪਤ ਹੋਈ ਸੀ। ਅੱਜ ਦੀ ਇਹ ਨਿਲਾਮੀ ਸ਼ਾਤਪੂਰਨ ਤਰੀਕੇ ਨਾਲ ਨੇਪਰੇ ਚੜ੍ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਠੇਕੇਦਾਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਲ 2016-17 ਦੌਰਾਨ ਸ਼ਰਾਬ ਦੇ ਠੇਕਿਆਂ ਤੋਂ 5440 ਕਰੋੜ ਰੁਪਏ ਮਾਲੀਆ ਇਕੱਤਰ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 400 ਕਰੋੜ ਰੁਪਏ ਵਧੇਰੇ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੂਰੇ ਸੂਬੇ ਵਿੱਚ ਅਰਜੀ ਫੀਸ ਦੇ ਰੂਪ ਵਿੱਚ ਕਰੀਬ 150 ਕਰੋੜ ਰੁਪਏ ਮਾਲੀਆ ਇਕੱਤਰ ਹੋਇਆ ਹੈ। ਕਰ ਅਤੇ ਆਬਕਾਰੀ ਨੀਤੀ ਵਿੱਚ ਤਬਦੀਲੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਮਾਲੀਆ ਵਿੱਚ ਵਾਧਾ ਕਰਨ ਦੇ ਮਨਸ਼ੇ ਨਾਲ ਜਿੱਥੇ ਗਰੁੱਪਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 226 ਤੋਂ ਵਧਾ ਕੇ 662 ਕਰ ਦਿੱਤੀ ਗਈ ਹੈ, ਉਥੇ ਸ਼ਰਾਬ ਦਾ ਵੱਧ ਤੋਂ ਵੱਧ ਭਾਅ ਨਿਸਚਿਤ ਕਰ ਦਿੱਤਾ ਗਿਆ ਹੈ, ਜਿਸ ਨਾਲ ਖਪਤਕਾਰ ਦੀ ਜੇਬ ’ਤੇ ਠੇਕੇਦਾਰ ਵੱਲੋਂ ਵਾਧੂ ਬੋਝ ਨਹੀਂ ਪਾਇਆ ਜਾ ਸਕੇਗਾ। ਇਸੇ ਤਰ੍ਹਾਂ ਸਭ ਤੋਂ ਵੱਡਾ ਫੈਸਲਾ ਲੈਂਦਿਆਂ ਮੈਰਿਜ ਪੈਲੇਸਾਂ ਵਿੱਚ ਵਰਤਾਉਣ ਲਈ ਸ਼ਰਾਬ ਜੋ ਪਹਿਲਾਂ ਸਿਰਫ਼ ਸੰਬੰਧਤ ਜ਼ੋਨ ਵਿੱਚੋਂ ਹੀ ਖਰੀਦੀ ਜਾ ਸਕਦੀ ਸੀ, ਉਹ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ, ਹੁਣ ਸੰਬੰਧਤ ਜ਼ਿਲ੍ਹੇ ਦੇ ਕਿਸੇ ਵੀ ਠੇਕੇ ’ਤੋਂ ਸ਼ਰਾਬ ਖਰੀਦ ਕੇ ਵਰਤਾਈ ਜਾ ਸਕੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਵਧੀਕ ਕਰ ਅਤੇ ਆਬਕਾਰੀ ਕਮਿਸ਼ਨਰ ਸ੍ਰੀ ਸੌਰਵ, ਡਿਪਟੀ ਕਰ ਅਤੇ ਆਬਕਾਰੀ ਕਮਿਸ਼ਨਰ ਸ਼੍ਰੀ ਐੱਲ. ਕੇ. ਜੈਨ ਅਤੇ ਹੋਰ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।
No comments:
Post a Comment