Tuesday, March 03, 2015

ਸਕੂਲੀ ਬੱਚਿਆਂ ਦੀ ਹਿਫ਼ਾਜ਼ਤ ਲਈ ਗੰਭੀਰ ਕਦਮ

ਸਕੂਲ ਵਿਦਿਆਰਥੀਆਂ ਦੀ ਸੁਰੱਖਿਆ ਸੰਬੰਧੀ ਪੁਲਿਸ ਵੱਲੋਂ ਹਦਾਇਤਾਂ ਜਾਰੀ ਡਿਪਟੀ ਪੁਲਿਸ ਕਮਿਸ਼ਨਰ ਵੱਲੋਂ ਸਕੂਲ ਮੁਖੀਆਂ ਨਾਲ ਅਹਿਮ ਮੀਟਿੰਗ ਹਦਾਇਤਾਂ ਦੀ ਪਾਲਣਾ ਗੰਭੀਰਤਾ ਨਾਲ ਨਾ ਹੋਈ ਤਾਂ ਸਖ਼ਤ ਕਾਰਵਾਈ 
ਲੁਧਿਆਣਾ: 3 ਮਾਰਚ (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਪੁਲਿਸ ਨੇ ਸਕੂਲ ਪ੍ਰਬੰਧਕਾਂ ਨੂੰ ਸਕੂਲੀ ਵਿਦਿਆਰਥੀਆਂ, ਖਾਸ ਕਰਕੇ ਕੁੜੀਆਂ ਦੀ ਸੁਰੱਖਿਆ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਪੁਲਿਸ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੀ ਸਕੂਲ ਪ੍ਰਬੰਧਕਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਅਤੇ ਜੇਕਰ ਉਨ੍ਹਾਂ ਵੱਲੋਂ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ (ਸਕੂਲ ਪ੍ਰਬੰਧਕਾਂ) ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਦੇ ਬੱਚਤ ਭਵਨ ਵਿੱਚ ਅੱਜ ਸਕੂਲ ਪ੍ਰਬੰਧਕਾਂ ਅਤੇ ਪੁਲਿਸ ਦਰਮਿਆਨ ਇੱਕ ਅਹਿਮ ਮੀਟਿੰਗ ਸੀ। ਬੜੇ ਹੀ ਅਪਣਤ ਭਰੇ ਮਾਹੌਲ ਵਿੱਚ ਹੋਈ ਇਸ ਮੀਟਿੰਗ ਵਿੱਚ ਬੜੀਆਂ ਖਰੀਆਂ ਖਰੀਆਂ ਗੱਲਾਂ ਵੀ ਹੋਈਆਂ। ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਸੁਆਲਾਂ ਨੂੰ ਦੋਹਾਂ ਧਿਰਾਂ ਨੇ ਬੜੀ ਗੰਭੀਰਤਾ ਨਾਲ ਵਿਚਾਰਿਆ ਅਤੇ ਇੱਕ ਦੂਜੇ ਨਾਲ ਸਹਿਯੋਗ ਦਾ ਵਾਅਦਾ ਵੀ ਦੁਹਰਾਇਆ
ਇਸ ਸੰਬੰਧੀ ਇੱਕ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਨਵੀਨ ਸਿੰਗਲਾ ਦੀ ਅਗਵਾਈ ਵਿੱਚ ਸਥਾਨਕ ਬਚਤ ਭਵਨ ਵਿਖੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਪੁਲਿਸ ਕਮਿਸ਼ਨਰ (ਟਰੈਫਿਕ) ਮਿਸ ਰਿਚਾ ਅਗਨੀਹੋਤਰੀ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀ ਜਿਆਦਾਤਰ ਸਮਾਂ ਸਕੂਲ ਵਿੱਚ ਅਤੇ ਸਕੂਲ ਨੂੰ ਆਉਣ ਅਤੇ ਜਾਣ ਵਿੱਚ ਬਿਤਾਉਂਦੇ ਹਨ। ਉਨ੍ਹਾਂ ਦੀ ਆਉਣ ਜਾਣ ਵੇਲੇ ਸੁਰੱਖਿਆ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨਾਲ ਅਣਹੋਣੀਆਂ ਘਟਨਾਵਾਂ ਜਾਂ ਸੜਕ ਹਾਦਸਿਆਂ ਸੰਬੰਧੀ ਖ਼ਬਰਾਂ ਆਮ ਹੋ ਗਈਆਂ ਹਨ ਅਤੇ ਲੋੜੀਂਦੀ ਸੁਰੱਖਿਆ ਛੱਤਰੀ ਅਤੇ ਕੁਝ ਸੁਰੱਖਿਆ ਕਦਮਾਂ ਨਾਲ ਇਨ੍ਹਾਂ ਨੂੰ ਆਸਾਨੀ ਨਾਲ ਨੱਥ ਪਾਈ ਜਾ ਸਕਦੀ ਹੈ। 
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੀ ਸਭ ਤੋਂ ਪਹਿਲੀ ਜਿੰਮੇਵਾਰੀ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ ਅਤੇ ਹੋਰ ਮੈਂਬਰਾਂ ਦੀ ਬਣਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲਾਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ, ਜੋ ਕਿ ਸਾਰੇ ਸਕੂਲ ਨੂੰ ਕਵਰ ਕਰਦੇ ਹੋਣ। ਹਰੇਕ ਸਕੂਲ ਨੂੰ ਆਪਣੇ ਪੱਧਰ 'ਤੇ ਵਿਜੀਲੈਂਸ ਅਫ਼ਸਰ ਨਿਯੁਕਤ ਕਰਨੇ ਚਾਹੀਦੇ ਹਨ, ਜੋ ਕਿ ਸਾਰੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਣ। 
ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਫੋਟੋ ਪਛਾਣ ਪੱਤਰ ਜਾਰੀ ਕੀਤੇ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਸਕੂਲ ਛੱਡਣ ਅਤੇ ਲੈ ਕੇ ਜਾਣ ਵੇਲੇ ਉਨ੍ਹਾਂ  ਦੀ ਪਛਾਣ ਕੀਤੀ ਜਾ ਸਕੇ। ਜੇਕਰ ਕਿਸੇ ਮਾਪੇ ਨੇ ਆਪਣੇ ਬੱਚੇ ਨੂੰ ਲੈਣ ਖੁਦ ਨਹੀਂ ਆਉਣਾ ਤਾਂ ਉਹ ਘੱਟੋ-ਘੱਟ ਐੱਸ. ਐੱਮ. ਐੱਸ. ਰਾਹੀਂ ਸੂਚਿਤ ਕਰਨਾ ਜ਼ਰੂਰੀ ਬਣਾਵੇ। ਸ੍ਰੀ ਸਿੰਗਲਾ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਾਨਣ ਲਈ ਇੱਕ ਸ਼ਿਕਾਇਤ ਕਾਰਡ ਲਾਗੂ ਕੀਤਾ ਜਾਵੇ, ਜਿਸ ਦੇ ਸਹਾਰੇ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਹੋਰਾਂ ਨਾਲ ਸਾਂਝੀਆਂ ਕਰ ਸਕਣ।
ਸਕੂਲ ਪ੍ਰਬੰਧਕ ਇਹ ਗੱਲ ਯਕੀਨੀ ਬਣਾਉਣ ਕਿ ਜਿਹੜੇ ਵਾਹਨਾਂ ਰਾਹੀਂ ਵਿਦਿਆਰਥੀ ਸਕੂਲ ਆਉਣ ਜਾਣ ਕਰਦੇ ਹਨ, ਉਹ ਸੁਰੱਖਿਆ ਪੱਖੋਂ ਪੁਖ਼ਤਾ ਹੋਣ ਅਤੇ ਉਨ੍ਹਾਂ ਦੇ ਕਾਗਜ਼ਾਤ ਵਗੈਰਾ ਮੁਕੰਮਲ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਾਹਨ ਸੜਕ ਨਿਯਮਾਂ ਜਾਂ ਸੁਰੱਖਿਆ ਦੀ ਘਾਟ ਵਾਲਾ ਹੋਵੇਗਾ ਤਾਂ ਟਰੈਫਿਕ ਪੁਲਿਸ ਵੱਲੋਂ ਅਜਿਹੇ ਵਾਹਨਾਂ ਨੂੰ ਜ਼ਬਤ ਕਰਨ ਦੇ ਨਾਲ-ਨਾਲ ਸਕੂਲ ਪ੍ਰਬੰਧਕਾਂ ਅਤੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਸਕੂਲ ਇਹ ਯਕੀਨੀ ਬਣਾਉਣ ਕਿ ਕੋਈ ਵੀ ਵਿਦਿਆਰਥੀ ਬਿਨਾ ਡਰਾਈਵਿੰਗ ਲਾਇਸੰਸ ਤੋਂ ਵਾਹਨ ਨਾ ਚਲਾਵੇ। ਉਨ੍ਹਾਂ ਹੋਰ ਕਿਹਾ ਕਿ ਸਕੂਲਾਂ ਨੂੰ ਆਪਣੀ ਛੁੱਟੀ ਦੇ ਸਮੇਂ ਇਸ ਹਿਸਾਬ ਨਾਲ ਲਾਗੂ ਕਰਨੇ ਚਾਹੀਦੇ ਹਨ ਕਿ ਸ਼ਹਿਰ ਵਿੱਚ ਟਰੈਫਿਕ ਜਾਮ ਵਰਗੀ ਸਥਿਤੀ ਨਾ ਪੈਦਾ ਹੋਵੇ ਭਾਵ ਜੇਕਰ ਦੋ ਸਕੂਲ ਨੇੜੇ-ਨੇੜੇ ਹਨ ਤਾਂ ਉਨ੍ਹਾਂ ਦੇ ਛੁੱਟੀ ਦਾ ਸਮਾਂ ਅਲੱਗ-ਅਲੱਗ ਹੋ ਜਾਵੇ ਤਾਂ ਠੀਕ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਧਾਰਾ 144 ਅਧੀਨ ਪਾਬੰਦੀ ਹੁਕਮ ਲਾਗੂ ਹਨ, ਜੇਕਰ ਕੋਈ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਸ਼ਹਿਰ ਵਿੱਚ ਸ਼ੋਭਾ ਯਾਤਰਾਵਾਂ ਅਤੇ ਨਗਰ ਕੀਰਤਨਾਂ ਦੌਰਾਨ ਹੋਣ ਵਾਲੇ ਜਾਮ ਦੀ ਵੀ ਚਰਚਾ ਹੋਈ।

No comments: