ਪ੍ਰੋ. ਅਜਮੇਰ ਔਲਖ ਦਾ ਨਾਟਕ ‘ਲੋਹੇ ਦਾ ਪੁੱਤ’ ਖੇਡਿਆ
ਜਲੰਧਰ: 23 ਮਾਰਚ 2015: (ਪੰਜਾਬ ਸਕਰੀਨ ਬਿਊਰੋ):

ਇਹ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ (1915-2015) ਨੂੰ ਵਿਸ਼ੇਸ਼ ਤੌਰ ਤੇ ਸਮਰਪਤ ਕੀਤਾ ਗਿਆ ਜਿਸ ਬਾਲ ਜਰਨੈਲ ਨੂੰ, ਸ਼ਹੀਦ ਭਗਤ ਸਿੰਘ ਆਪਣਾ ਗੁਰੂ, ਭਰਾ ਅਤੇ ਸਾਥੀ ਕਿਹਾ ਕਰਦਾ ਸੀ।
ਸਮਾਗਮ ’ਚ ਸਥਾਨਕ ਵਾਸੀਆਂ ਤੋਂ ਇਲਾਵਾ ਇਲਾਕੇ ਭਰ ਦੇ ਪਿੰਡਾਂ ਤੋਂ ਜੱਥਿਆਂ ਦੇ ਜੱਥੇ ਆਕਾਸ਼ ਗੁੰਜਾਊ ਨਾਅਰੇ ਮਾਰਦੇ ਸ਼ਾਮਲ ਹੋਏ। ਮਰਦਾਂ, ਔਰਤਾਂ ਨੇ ਆਪਣੇ ਹੱਥਾਂ ’ਚ ਜਗਦੀਆਂ ਮਸ਼ਾਲਾਂ ਲੈ ਕੇ ਪਿੰਡ ’ਚ ਸੂਹਾ ਮਾਰਚ ਕੀਤਾ।
ਸਮਾਗਮ ’ਚ ਖੋਜ਼ਕਾਰ ਅਤੇ ਲੇਖਕ ਸੀਤਾ ਰਾਮ ਬਾਂਸਲ ਅਤੇ ਬਲਵਿੰਦਰ ਕੌਰ ਬਾਂਸਲ ਵੱਲੋਂ ਇਤਿਹਾਸਕ ਦਸਤਾਵੇਜ਼ਾਂ ਅਤੇ ਦੁਰਲੱਭ ਤਸਵੀਰਾਂ ਦੀ ਲਗਾਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ।
ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਦੇ ਕੁਦਰਤੀ ਸਰੋਤਾਂ ਅਤੇ ਕਿਰਤ ਉਪਰ ਦੇਸੀ ਬਦੇਸੀ ਕੰਪਨੀਆਂ ਦਾ ਗਲਬਾ ਜਮਾਉਣ ਵਾਲੇ ਵੰਨ-ਸੁਵੰਨੇ ਹਾਕਮ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਦੇ ਹੱਕਦਾਰ ਨਹੀਂ। ਸ਼ਹੀਦਾਂ ਦੇ ਹਕੀਕੀ ਵਾਰਸ ਉਹ ਲੋਕ ਨੇ ਜਿਹੜੇ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ, ਸਾਂਝੀਵਾਲਤਾ ਧਰਮ-ਨਿਰਪੱਖਤਾ ਅਤੇ ਨਿਆਂ ਭਰੇ ਸਮਾਜ ਦੀ ਸਿਰਜਣਾ ਲਈ ਸੰਗਰਾਮ ਜਾਰੀ ਰੱਖ ਰਹੇ ਹਨ।
ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ ‘ਲੋਹੇ ਦਾ ਪੁੱਤ’ ਮਾਨਵਤਾ ਕਲਾ ਮੰਚ ਨਗਰ ਵੱਲੋਂ ਜਸਵਿੰਦਰ ਪੱਪੀ ਦੀ ਨਿਰਦੇਸ਼ਨਾਂ ’ਚ ਖੇਡਿਆ ਗਿਆ। ਉਹਨਾਂ ਵੱਲੋਂ ‘‘ਚੋਰਾਂ ਦੇ ਵਸ ਪੈ ਕੇ ਭਾਰਤ ਮਾਂ ਕੁਰਲਾਉਂਦੀ ਏ’’ ਅਤੇ ਜਗਮੋਹਣ ਲੋਹੀਆਂ ਦੇ ਗੀਤ ‘‘ਆਓ! ਕਿਰਤੀਓ ਆਓ’’ ਤੇ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ।
ਗਰਚਾ ਮਿਊਜ਼ਕ ਅਕੈਡਮੀ ਬੰਗਾ ਵੱਲੋਂ ਜੋਗਾ ਸਿੰਘ ਗਰਚਾ ਦੀ ਨਿਰਦੇਸ਼ਨਾ ’ਚ ਗੀਤ-ਸੰਗੀਤ ਦਾ ਪ੍ਰਭਾਵਸ਼ਾਲੀ ਰੰਗ ਬਿਖੇਰਿਆ ਗਿਆ।
ਸਮਾਜ ਸੇਵੀ, ਅਗਾਂਹਵਧੂ ਖਿਆਲਾਂ ਦੇ ਧਾਰਨੀ ਮੁਖ਼ਤਾਰ ਖ਼ਾਨ ਖਾਨਖਾਨਾ, ਸੀਤਾ ਰਾਮ ਬਾਂਸਲ ਅਤੇ ਬਲਵਿੰਦਰ ਕੌਰ ਬਾਂਸਲ ਦਾ ਸ਼ਹੀਦੀ ਯਾਦਗਾਰ ਕਮੇਟੀ ਅਤੇ ਲੋਕ ਮੋਰਚਾ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਕੁਸ਼ਤੀ ਦੇ ਕੌਮਾਂਤਰੀ ਕੋਚ ਪੀ.ਆਰ.ਸੌਂਧੀ ਅਤੇ ਸੁਖਦੇਵ ਸਿੰਘ ਰਾਏਪੁਰ ਡੱਬਾ ਨੇ ਮੁਖ਼ਤਾਰ ਦੇ ਜੀਵਨ ਸਫ਼ਰ ਅਤੇ ਬਾਂਸਲ ਜੋੜੀ ਦੇ ਕਾਰਜ਼ਾਂ ’ਤੇ ਝਾਤ ਪੁਆਈ ਅਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਰਪਤ ਕੀਤੀ।
ਮੰਚ ਸੰਚਾਲਨ ਤੀਰਥ ਰਸੂਲਪੁਰੀ ਅਤੇ ਮਾਸਟਰ ਅਵਤਾਰ ਸਿੰਘ ਨੇ ਕੀਤਾ।
No comments:
Post a Comment