Monday, September 22, 2014

ਜਥੇਦਾਰ ਤਲਵੰਡੀ ਵੱਲੋਂ ਮਿਲੇ ਆਸ਼ੀਰਵਾਦ ਨੂੰ ਜੀਵਨ ਦੀ ਪੂੰਜੀ ਦੱਸਿਆ-ਸ੍ਰ. ਮਜੀਠੀਆ ਨੇ

Mon, Sep 22, 2014 at 3:21 PM
ਪੰਥ, ਪੰਜਾਬ, ਪੰਜਾਬੀਅਤ ਦੀ ਚੜਦੀ ਕਲਾ 'ਚ ਜਥੇਦਾਰ ਤਲਵੰਡੀ ਦਾ ਯੋਗਦਾਨ ਲਾਮਿਸਾਲ-ਬਿਕਰਮ ਸਿੰਘ ਮਜੀਠੀਆ  
ਪਰਿਵਾਰ ਨਾਲ ਦੁੱਖ ਪ੍ਰਗਟ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ
ਰਾਏਕੋਟ/ਲੁਧਿਆਣਾ: 22 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਪੰਜਾਂ ਤੱਤਾਂ ਵਿੱਚ ਸਮਾ ਜਾਣ ਤੋਂ ਬਾਅਦ ਵੀ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਅਜੇ ਸਾਡੇ ਆਲੇ ਦੁਆਲੇ ਤੁਰਦੇ ਫਿਰਦੇ ਮਹਿਸੂਸ ਹੁੰਦੇ ਹਨ। ਉਹਨਾਂ ਦੇ ਤੁਰ ਜਾਣ ਮਗਰੋਂ ਉਹਨਾਂ ਦੀ ਮੌਜੂਦਗੀ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੈ। ਐਮਰਜੰਸੀ ਦਾ ਦੌਰ, ਬਲਿਊ ਸਟਾਰ ਓਪਰੇਸ਼ਨ ਦਾ ਦੌਰ, ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਹੱਤਿਆ ਵਾਲਾ ਸਮਾਂ ਅਤੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ---ਇਹ ਸਭ ਕੁਝ ਉਹਨਾਂ ਨੂੰ ਬਾਰ ਬਾਰ ਯਾਦ ਕਰਵਾ ਰਿਹਾ ਹੈ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੇ ਲਗਾਤਾਰ ਪਹੁੰਚ ਰਹੇ ਹਨ। ਬੀਤੇ ਦਿਨੀਂ ਸਵਰਗ ਸੁਧਾਰ ਗਏ ਸੀਨੀਅਰ ਅਕਾਲੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਲਈ ਪੰਜਾਬ ਸਰਕਾਰ ਦੇ ਮਾਲ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ 'ਤੇ ਪਿੰਡ ਤਲਵੰਡੀ ਰਾਏ ਵਿਖੇ ਪੁੱਜੇ। 
ਇਸ ਮੌਕੇ ਸ੍ਰ. ਮਜੀਠੀਆ ਨੇ ਮਾਤਾ ਮਹਿੰਦਰ ਕੌਰ (ਪਤਨੀ ਜਗਦੇਵ ਸਿੰਘ ਤਲਵੰਡੀ), ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਛੋਟੇ ਸਪੁੱਤਰ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰ. ਜਗਜੀਤ ਸਿੰਘ ਤਲਵੰਡੀ ਨਾਲ ਬੈਠ ਕੇ ਜਥੇਦਾਰ ਤਲਵੰਡੀ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਕਿਹਾ ਕਿ ਉਹ ਜਥੇਦਾਰ ਤਲਵੰਡੀ ਹੀ ਸਨ, ਜਿਨ੍ਹਾਂ ਦੀ ਨਿੱਘੀ ਗੋਦ ਅਤੇ ਕਿਰਿਆਸ਼ੀਲ ਪ੍ਰਤੀਨਿਧਤਾ ਸਦਕਾ ਸ਼੍ਰੋਮਣੀ ਅਕਾਲੀ ਦਲ ਆਪਣਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਵਿੱਚ ਲਿਖਵਾ ਚੁੱਕਿਆ ਹੈ। ਉਨ੍ਹਾਂ ਸਮੇਂ-ਸਮੇਂ 'ਤੇ ਜਥੇਦਾਰ ਤਲਵੰਡੀ ਵੱਲੋਂ ਮਿਲੇ ਆਸ਼ੀਰਵਾਦ ਨੂੰ ਆਪਣੇ ਜੀਵਨ ਦੀ ਪੂੰਜੀ ਦੱਸਦਿਆਂ ਆਪਣੇ ਆਪ ਨੂੰ ਕਰਮਾਂ ਵਾਲਾ ਕਿਹਾ। ਇਸ ਮੌਕੇ ਉਨ੍ਹਾਂ ਨੇ ਜਥੇਦਾਰ ਤਲਵੰਡੀ ਦੇ ਸੰਘਰਸ਼ਮਈ ਜੀਵਨ ਨਾਲ ਸੰਬੰਧਤ ਤਸਵੀਰਾਂ ਵੀ ਦੇਖੀਆਂ ਅਤੇ ਪਾਰਟੀ, ਪੰਥ ਅਤੇ ਪੰਜਾਬੀਅਤ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਹਾਜ਼ਰ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਸ੍ਰ. ਮਜੀਠੀਆ ਅਤੇ ਹੋਰਾਂ ਨੂੰ ਪੰਜਾਬ ਦੇ ਪੁਰਾਣੇ ਸਿਆਸੀ ਘਟਨਾਕ੍ਰਮਾਂ ਤੋਂ ਜਾਣੂ ਕਰਾਇਆ ਅਤੇ ਦੱਸਿਆ ਕਿ ਜਥੇਦਾਰ ਤਲਵੰਡੀ ਦੀ ਪੰਥ, ਪੰਜਾਬ, ਪੰਜਾਬੀਅਤ ਅਤੇ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ। 
ਪਰਿਵਾਰ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਜਥੇਦਾਰ ਤਲਵੰਡੀ ਆਪਣੀ ਸਮੁੱਚੀ ਜ਼ਿੰਦਗੀ ਦੌਰਾਨ ਖਾਲਸਾ ਪੰਥ ਦੀ ਬੁਲੰਦ ਆਵਾਜ਼ ਵਜੋਂ ਸਥਿਰ ਰਹੇ। ਉਹ ਪੰਥਕ ਕਦਰਾਂ ਕੀਮਤਾਂ ਪ੍ਰਤੀ ਦ੍ਰਿੜ, ਮਜ਼ਬੂਤ ਅਤੇ ਸਮਝੌਤਾ ਨਾ ਕਰਨ ਵਾਲੇ ਆਗੂ ਵਜੋਂ ਜਾਣੇ ਜਾਂਦੇ ਸਨ। ਜਥੇਦਾਰ ਤਲਵੰਡੀ ਦੀ ਜ਼ਿੰਦਗੀ ਤੇ ਸੰਘਰਸ਼ ਆਉਂਦੀਆਂ ਪੀੜੀਆਂ ਲਈ ਸੂਬੇ ਦੀ ਸੇਵਾ ਸੰਜੀਦਗੀ ਤੇ ਉਤਸ਼ਾਹ ਨਾਲ ਕਰਨ ਵਾਸਤੇ ਪ੍ਰੇਰਿਤ ਕਰਦੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਸ੍ਰੀ ਐੱਸ. ਆਰ. ਕਲੇਰ, ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ (ਸਾਰੇ ਵਿਧਾਇਕ), ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਡੀ. ਆਈ. ਜੀ. ਸ੍ਰ. ਗੁਰਿੰਦਰ ਸਿੰਘ ਢਿੱਲੋਂ, ਸਾਬਕਾ ਮੰਤਰੀ ਸ੍ਰ. ਬਿਕਰਮਜੀਤ ਸਿੰਘ ਖਾਲਸਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐੱਮ. ਰਾਏਕੋਟ ਮੈਡਮ ਸ਼ੇਨਾ ਅਗਰਵਾਲ, ਯੂਥ ਅਕਾਲੀ ਆਗੂ ਸ੍ਰ. ਜਗਤੇਸ਼ਵਰ ਸਿੰਘ ਤਲਵੰਡੀ, ਸ੍ਰ. ਮਨਪ੍ਰੀਤ ਸਿੰਘ ਤਲਵੰਡੀ ਮੈਂਬਰ ਜ਼ਿਲਾ ਪ੍ਰੀਸ਼ਦ, ਸਾਬਕਾ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸ੍ਰ. ਅਮਨਦੀਪ ਸਿੰਘ ਗਿੱਲ, ਜਥੇਦਾਰ ਮੋਹਨ ਸਿੰਘ ਤਲਵੰਡੀ, ਸ੍ਰ. ਤਰਨਦੀਪ ਸਿੰਘ ਦੁੱਗਲ, ਸ੍ਰ. ਪਰਮਪ੍ਰੀਤ ਸਿੰਘ ਸਿੱਧੂ, ਸ੍ਰ. ਜੈ ਸਿੰਘ ਧੂਰਕੋਟ, ਸ੍ਰ. ਮਨਪ੍ਰੀਤ ਸਿੰਘ ਬੁੱਟਰ ਨੱਥੋਵਾਲ ਅਤੇ ਵੱਖ-ਵੱਖ ਖੇਤਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ। 

No comments: