Monday, June 16, 2014

ਲੁਧਿਆਣਾ ਪੁਲਿਸ ਨੇ ਫਿਰ ਤਲਾਸ਼ ਕੀਤਾ ਹਥਿਆਰਾਂ ਦਾ ਜ਼ਖੀਰਾ

Mon, Jun 16, 2014 at 2:29 PM
ਮੇਡ ਇਨ ਖਾਲਿਸਤਾਨ, ਜਰਮਨੀ, ਚਾਈਨਾ ਤੇ ਇੰਗਲੈਂਡ ਦੇ ਆਧੁਨਿਕ ਹਥਿਆਰ  
ਲੁਧਿਆਣਾ: (ਪੰਜਾਬ ਸਕਰੀਨ ਬਿਊਰੋ): ਖਾਲਿਸਤਾਨ ਕੁਝ ਲੋਕਾਂ ਲਈ ਇੱਕ ਸੁਪਨਾ ਹੋ ਸਕਦਾ ਹੈ ਅਤੇ ਕੁਝ ਲੋਕਾਂ ਲੈ ਇੱਕ ਹਾਸੋਹੀਣੀ ਕਲਪਨਾ ਪਰ ਪੁਲਿਸ ਨੂੰ ਮਿਲੇ ਹਥਿਆਰਾਂ ਦੇ ਤਾਜ਼ਾ ਜ਼ਖੀਰੇ ਵਿੱਚ ਕਈ ਹਥਿਆਰ ਅਜਿਹੇ ਸਨ ਜਿਹਨਾਂ 'ਤੇ "ਮੇਡ ਇਨ ਖਾਲਿਸਤਾਨ" ਅੰਕਿਤ ਸੀ। ਕਾਬਿਲੇ ਜ਼ਿਕਰ ਹੈ ਕਿ ਜਗਰਾਓਂ ਤੋਂ ਬਾਅਦ ਹੁਣ ਲੁਧਿਆਣਾ ਦੀ ਡੇਹਲੋਂ ਸਥਿਤ ਕੈਂਡ ਨਹਿਰ ਤੋਂ ਪੁਲਸ ਨੇ ਖਾਲਿਸਤਾਨ ਮੇਡ ਹਥਿਆਰਾਂ ਦਾ ਭਾਰੀ ਜ਼ਖੀਰਾ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਇਸੇ ਨਹਿਰ ਤੋਂ ਕਰੀਬ ਦੋ ਮਹੀਨੇ ਪਹਿਲਾਂ ਵੀ ਪੁਲਸ ਨੇ ਜ਼ਖੀਰਾ ਬਰਾਮਦ ਕੀਤਾ ਸੀ। ਉਦੋਂ ਕੁਝ ਹਥਿਆਰਾਂ 'ਤੇ ਸਟਿੱਕਰ ਲੱਗਿਆ ਹੋਇਆ ਸੀ-"ਰਾਜ ਕਰੇਗਾ ਖਾਲਸਾ"।  ਇਸ ਵਾਰ ਦੁਬਾਰਾ ਕੈਂਡ ਨਹਿਰ ਤੋਂ ਹਥਿਆਰਾਂ ਦਾ ਜ਼ਖੀਰਾ ਮਿਲਣ ਨਾਲ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਹੈ। ਪੱਤਰਕਾਰ ਸੰਮੇਲਨ ਦੌਰਾਨ ਏ. ਡੀ. ਸੀ. ਪੀ.-3 ਸਤਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਏ. ਸੀ. ਪੀ. ਗੁਰਪ੍ਰੀਤ ਸਿੰਘ ਤੇ ਥਾਣਾ ਮੁਖੀ ਅਮਨਦੀਪ ਸਿੰਘ ਬਰਾੜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਹਿਰ 'ਚ ਵਿਦੇਸ਼ੀ ਹਥਿਆਰ ਪਏ ਹੋਏ ਹਨ, ਜਿਨ੍ਹਾਂ ਨੂੰ ਅੱਤਵਾਦੀਆਂ ਨੇ ਛੁਪਾ ਕੇ ਰੱਖਿਆ ਹੋਇਆ ਹੈ ਅਤੇ ਉਹ ਹਥਿਆਰ ਤਬਾਹੀ ਦਾ ਸਾਮਾਨ ਹਨ, ਜਿਸਦਾ ਅਸਮਾਜਿਕ ਤੱਤ ਗਲਤ ਪ੍ਰਯੋਗ ਕਰ ਸਕਦੇ ਹਨ, ਜਿਸ 'ਤੇ ਗੋਤਾਖੋਰਾਂ ਦੀਆਂ ਟੀਮਾਂ ਦੇ ਨਾਲ ਪੁਲਸ ਨੇ ਨਹਿਰ 'ਚ ਸਰਚ ਕਾਰਵਾਈ ਕੀਤੀ ਤਾਂ ਕਰੀਬ 500 ਗਜ਼ ਏਰੀਏ ਦੇ ਅੰਦਰੋਂ ਪੁਲਸ ਨੂੰ ਨਹਿਰ 'ਚੋਂ 30 ਬੋਰ ਦੀ 10 ਸਟਾਰ ਪਿਸਟਲ (ਮੇਡ ਇਨ ਚਾਈਨਾ), 9 ਐੱਮ. ਐੱਮ. ਦੀਆਂ ਚਾਰ ਪਿਸਟਲਾਂ ਲੂਗਰ (ਮੇਡ ਇਨ ਚਾਈਨਾ), 11 ਮੈਗਜ਼ੀਨ ਵਾਲੀ ਇਕ ਪਿਸਟਲ, 32 ਬੋਰ ਦੀਆਂ ਤਿੰਨ ਰਿਵਾਲਵਰਾਂ, 38 ਬੋਰ ਦਾ ਇਕ ਰਿਵਾਲਵਰ, 450 ਬੋਰ ਦੀ ਰਿਵਾਲਵਰ, 455 ਬੋਰ ਦੀ ਰਿਵਾਲਵਰ, 12 ਬੋਰ ਦੇ ਚਾਰ ਦੇਸੀ ਕੱਟੇ, 315 ਦੇ 3 ਦੇਸੀ ਕੱਟੇ ਤੇ 3 ਰਾਕੇਟ ਲਾਂਚਰ ਬਰਾਮਦ ਹੋਏ। ਏ. ਡੀ. ਸੀ. ਪੀ. ਅਟਵਾਲ ਨੇ ਦੱਸਿਆ ਕਿ ਕਈ ਅਸਲਿਆਂ 'ਤੇ ਮੇਡ ਇਨ ਖਾਲਿਸਤਾਨ ਦਰਜ ਹੈ। ਇਸ ਤੋਂ ਇਲਾਵਾ ਕਈ ਅਸਲਿਆਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਪਾਏ ਗਏ। ਇਨ੍ਹਾਂ ਵਿਚ ਜਰਮਨੀ, ਅਮਰੀਕਾ, ਚਾਈਨਾ, ਇੰਗਲੈਂਡ ਦੇ ਅਸਲੇ ਵੀ ਮੌਜੂਦ ਹਨ।  ਇਸ ਤੋਂ ਪਹਿਲਾਂ ਵੀ ਇਸ ਨਹਿਰ ਤੋਂ 10 ਰਾਕੇਟ ਲਾਂਚਰ, ਦੇਸੀ ਤੇ ਆਈ. ਈ. ਡੀ. ਬੰਬ, ਏ. ਕੇ. 47, ਕਾਰਬਾਈਨ ਗੰਨ, ਦੋ ਬੇਕਾਰ ਸਟੇਨਗੰਨਾਂ ਸਮੇਤ ਦੋ ਖਾਲੀ ਮੈਗਜ਼ੀਨਾਂ ਬਰਾਮਦ ਹੋਈਆਂ ਸਨ। ਥਾਣਾ ਡੇਹਲੋਂ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਖਚਾਖਚ ਭਰੀ ਪ੍ਰੈਸ ਕਾਨਫਰੰਸ ਵਿੱਚ ADCP-3 ਸ਼੍ਰੀ ਅਟਵਾਲ ਨੇਪੂਰੇ ਵਿਸਥਾਰ ਨਾਲ ਸਾਰੇ ਸੁਆਲਾਂ ਦੇ ਜੁਆਬ ਦਿੱਤੇ। 
ਇਸ ਦੇ ਬਾਵਜੂਦ ਅਜੇ ਕਈ ਸੁਆਲ ਹਨ ਜਿਹਨਾਂ ਦਾ ਜੁਆਬ ਸਮੇਂ ਨੇ ਦੇਣਾ ਹੈ। ਅਜੇ ਹੋਰ ਕਿੰਨੇ ਹਥਿਆਰ ਹੋ ਸਕਦੇ ਹਨ ਨਹਿਰ 'ਚ ਇਸ ਬਾਰੇ ਜ਼ਿਕਰ ਕਰਦਿਆਂ ਇਸ ਬਾਰੇ ਹੁੰਦੀ ਚਰਚਾ ਮੁਤਾਬਕ ਜਿਸ ਤਰ੍ਹਾਂ ਨਾਲ ਮਾਲਵਾ ਦੇ ਇਲਾਕਿਆਂ ਵਿਚ ਅੱਤਵਾਦ ਦੌਰਾਨ ਹਥਿਆਰ ਲੁਕਾਏ ਗਏ ਸਨ, ਉਨ੍ਹਾਂ ਦਾ ਮਿਲਣਾ ਸੰਕੇਤ ਕਰਦਾ ਹੈ ਕਿ ਪੰਜਾਬ ਦੀ ਬਰਬਾਦੀ ਲਈ ਅਜੇ ਹੋਰ ਬਾਰੂਦ ਅਜਿਹੀਆਂ ਨਹਿਰਾਂ, ਛੱਪੜਾਂ ਵਿਚ ਪਿਆ ਹੋਵੇਗਾ। ਇਹ ਅਜਿਹੇ ਅਤਿ ਆਧੁਨਿਕ ਹਥਿਆਰ ਹਨ ਕਿ ਪੁਲਸ ਦੇ ਕੋਲ ਵੀ ਅਜਿਹੇ ਮਾਰੂ ਹਥਿਆਰ ਨਹੀਂ ਹਨ। ਸਮਝਿਆ ਜਾਂਦਾ ਹੈ ਕਿ ਜੇਕਰ ਨਹਿਰ ਦਾ ਪਾਣੀ ਰੋਕ ਕੇ ਪੁਲਸ ਸਾਰੀ ਨਹਿਰ ਦੀ ਸਰਚ ਕਰੇ ਤਾਂ ਇਕ ਟਰੱਕ ਤੋਂ ਵੀ ਜ਼ਿਆਦਾ ਹਥਿਆਰ ਪੁਲਸ ਨੂੰ ਬਰਾਮਦ ਹੋ ਸਕਦੇ ਹਨ ਪਰ ਪੁਲਸ ਨੂੰ ਜਦ ਗੁਪਤ ਸੂਚਨਾ ਮਿਲਦੀ ਹੈ ਤਾਂ ਹੀ ਪੁਲਸ ਨਹਿਰ ਦੀ ਗੋਤਾਖੋਰਾਂ ਤੋਂ ਸਰਚ ਕਰਵਾ ਕੇ ਹਥਿਆਰ ਬਰਾਮਦ ਕਰਦੀ ਹੈ। ਅਜਿਹਾ ਸ਼ਾਇਦ ਪੁਲਿਸ ਦੇ ਬੰਧੇ ਹੱਥਾਂ ਦੀ ਮਜਬੂਰੀ ਕਾਰਣ ਹੀ ਹੁੰਦਾ ਹੈ। ਇਸਦੇ ਨਾਲ ਹੀ ਇੱਕ ਅਹਿਮ ਸੁਆਲ ਇਹ ਵੀ ਹੈ ਕਿ ਆਖਿਰ ਕਿਸਨੇ ਰੱਖੇ 5 ਸਾਲ ਪਹਿਲਾਂ ਹਥਿਆਰ ? ਨੱਬੇਵਿਆਂ ਦੇ ਆਰੰਭ ਵਿੱਚ ਹੀ ਖਤਮ ਹੋਏ ਕਾਲੇ ਦੌਰ ਨੂੰ ਹੁਣ ਕਾਫੀ ਲੰਮਾ ਸਮਾਂ ਬੀਤ ਚੁੱਕਿਆ ਹੈ। ਕਾਬੂ ਕੀਤੇ ਗਏ ਇਹਨਾਂ ਹਥਿਆਰਾਂ ਨੂੰ ਵੀ ਜ਼ੰਗ ਲੱਗਿਆ ਹੋਇਆ ਹੈ। ਸੁਆਲ ਇਹ ਵੀ ਹੈ ਕਿ 5 ਸਾਲ ਪਹਿਲਾਂ ਆਖਿਰ ਕਿਸ ਗਿਰੋਹ ਨੇ ਨਹਿਰ ਵਿਚ ਹਥਿਆਰ ਛੁਪਾਏ ਸਨ ਅਤੇ ਉਸਦਾ ਕੀ ਮਕਸਦ ਰਿਹਾ ਹੋਵੇਗਾ। ਪੁਲਸ ਲਈ ਇਹ ਜਾਂਚ ਦਾ ਵਿਸ਼ਾ ਹੈ। ਪੁਲਸ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਨ੍ਹਾਂ ਹਥਿਆਰਾਂ ਨੂੰ ਕਿਸਨੇ ਅਤੇ ਕਿਸ ਮਕਸਦ ਨਾਲ ਇਥੇ ਛੁਪਾਇਆ ਹੈ। ਇਹ ਹਥਿਆਰ ਕਿੱਥੋਂ ਆਏ, ਕਿਸ ਥਾਂ ਤੇ ਇਹਨਾਂ ਦਾ ਮਾਰਕਾ ਅੰਕਿਤ ਹੋਇਆ ਅਜਿਹੇ ਕਈ ਸੁਆਲ ਹਨ ਜਿਹਾਂ ਦਾ ਪੂਰਾ ਵੇਰਵਾ ਪੁਲਿਸ ਵੱਲੋਂ ਛੇਤੀ ਹੀ ਪਤਾ ਕਰ ਲਏ ਜਾਣ ਦੀ ਦੀ ਸੰਭਾਵਨਾ ਹੈ।  

No comments: