Sunday, January 19, 2014

ਵੱਖਵਾਦੀ ਅਨਸਰਾਂ ਵਿਰੁੱਧ ਇਕਜੁੱਟ ਹੋਵੋ-ਤਿਵਾੜੀ

Sun, Jan 19, 2014 at 5:34 PM
ਪੰਜਾਬ 'ਚ ਸਿਆਸੀ ਵਾਤਾਵਰਨ ਕਾਂਗਰਸ ਦੇ ਹੱਕ 'ਚ ਹੋਣ ਦਾ ਦਾਅਵਾ 
ਲੁਧਿਆਣਾ:19 ਜਨਵਰੀ 2014: (ਸਤਪਾਲ ਸੋਨੀ//ਪੰਜਾਬ ਸਰਕਾਰ):: 
ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਪਾਰਟੀ ਦੇ ਸਾਰੇ ਨੇਤਾਵਾਂ ਤੇ ਕਾਰਜਕਰਤਾਵਾਂ ਨੂੰ ਫਿਰਕੂ ਤੇ ਵੱਖਵਾਦੀ ਤਾਕਤਾਂ ਦਾ ਇਕਜੁੱਟ ਹੋ ਕੇ ਟਾਕਰਾ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਸਿਆਸੀ ਵਾਤਾਵਰਨ ਕਾਂਗਰਸ ਦੇ ਹੱਕ 'ਚ ਹੈ, ਕਿਉਂਕਿ ਅਕਾਲੀ-ਭਾਜਪਾ ਗਠਜੋੜ ਦੇ 7 ਸਾਲਾਂ ਦੇ ਰਾਜ ਵਿਚ ਲੋਕ ਤੰਗ ਆ ਚੁੱਕੇ ਹਨ। 
ਲੁਧਿਆਣਾ ਲੋਕ ਸਭਾ ਹਲਕੇ ਦੇ ਦੌਰੇ ਦੌਰਾਨ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਨੇ ਝੂਠੇ ਵਾਅਦੇ ਕੀਤੇ ਹਨ ਤੇ ਹਕੀਕਤ 'ਚ ਕੁਝ ਵੀ ਨਹੀਂ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਆਖਿਆ ਕਿ ਉਹ ਅਕਾਲੀਆਂ ਤੋਂ ਇਸਦਾ ਹਿਸਾਬ ਮੰਗਣ ਕਿ ਉਨ੍ਹਾਂ ਨੇ ਕੀ-ਕੀ ਦਾਅਵੇ ਕੀਤੇ ਸਨ ਤੇ ਅਸਲ 'ਚ ਉਨ੍ਹਾਂ ਨੇ ਕੀ ਕੀਤਾ ਹੈ? 
ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਇਕੋ ਹੀ ਮੀਲ ਪੱਥਰ ਕਾਇਮ ਕੀਤਾ ਹੈ ਕਿ ਰਾਜ ਨੂੰ ਕਰਜੇ ਹੇਠ ਦਬਾ ਦਿੱਤਾ ਹੈ ਤੇ ਪੰਜਾਬ ਹੁਣ ਕੰਗਾਲੀ ਵੱਲ ਵੱਧ ਰਿਹਾ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਲੋਕ ਯੂ.ਪੀ.ਏ ਸਰਕਾਰ ਦੀਆਂ 10 ਸਾਲਾਂ 'ਚ ਮਹਾਨ ਪ੍ਰਾਪਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਕੇਂਦਰ ਸਰਕਾਰ ਨੇ ਰਾਸ਼ਟਰ ਨੂੰ ਇਕ ਨਵਾਂ ਰੂਪ ਦਿੱਤਾ ਹੈ। 
ਸ੍ਰੀ ਤਿਵਾੜੀ ਨੇ ਪਾਰਟੀ ਕਾਰਜਕਰਤਾਵਾਂ ਨੂੰ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਨੂੰ ਸਰਕਾਰ ਵਿਰੁੱਧ ਆਪਣੀ ਨਰਾਜ਼ਗੀ ਜਾਹਿਰ ਕਰਨ ਦਾ ਇਕ ਮੌਕਾ ਦੇਣਗੀਆਂ ਤੇ ਅਕਾਲੀ ਇਹ ਨਾ ਸਮਝਣ ਕਿ ਇਹ ਵੋਟਾਂ ਉਨ੍ਹਾਂ ਦੀਆਂ ਪੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਜਿੱਤ ਰਾਜ ਸਰਕਾਰ ਲਈ ਇਕ ਚੇਤਾਵਨੀ ਹੋਵੇਗੀ ਤੇ ਉਨ੍ਹਾਂ ਨੂੰ ਲੋਕ ਭਲਾਈ ਵੱਲ ਧਿਆਨ ਦੇਣਾ ਹੀ ਪਵੇਗਾ।
ਸ੍ਰੀ ਤਿਵਾੜੀ ਨੇ ਲੋਕਾਂ ਨੂੰ ਦੇਸ਼ 'ਚ ਸਿਰ ਚੁੱਕ ਰਹੀਆਂ ਵੱਖਵਾਦੀ ਤੇ ਫੁੱਟਪਾਊ ਤਾਕਤਾਂ ਵਿਰੁੱਧ ਸੁਚੇਤ ਕੀਤਾ। ਉਨ੍ਹਾਂ ਨੇ ਪਾਰਟੀ ਕਾਰਜਕਰਤਾਵਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਇਨ੍ਹਾਂ ਅਨਸਰਾਂ ਵਿਰੁੱਧ ਜਾਗਰੂਕ ਕਰਨ ਕਿ ਅਜਿਹੇ ਅਨਸਰਾਂ ਦਾ ਸੱਤਾ 'ਚ ਆਉਣਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ। 

No comments: