Friday, June 21, 2013

ਮੀਡੀਆ ਵਿੱਚ ਅਖੌਤੀ ਪੱਤਰਕਾਰਾਂ ਦੀ ਭਰਮਾਰ ਜਾਰੀ

ਲੁਧਿਆਣਾ ਵਿੱਚ ਡਾਕਟਰ ਨੂੰ ਬਲੈਕਮੇਲ ਕਰਦੇ ਦੋ ਵਿਅਕਤੀ ਰੰਗੇ ਹਥੀਂ ਕਾਬੂ 
ਜੇ ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਸਕੈਂਡਲ ਵਧ ਰਹੇ ਹਨ ਤਾਂ ਮੀਡੀਆ ਵਿੱਚ ਵੀ ਬਲੈਕ ਮੇਲਿੰਗ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਲੁਧਿਆਣਾ ਵਿੱਚ ਵਾਪਰੀ ਇੱਕ ਅਜਿਹੀ ਹੀ ਘਟਨਾ ਨੂੰ ਮੀਡੀਆ ਨੇ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ ਤਾਂਕਿ ਅਜਿਹੀਆਂ ਕਾਲੀਆਂ ਭੇਡਾਂ ਨੂੰ ਅਲੱਗ ਥਲੱਗ ਕੀਤਾ ਜਾ ਸਕੇ। ਪ੍ਰਸਿਧ ਅਖਬਾਰ ਜਗਬਾਣੀ ਨੇ ਇਸ ਖਬਰ ਨੂੰ ਪੂਰੇ ਵਿਸਥਾਰ ਨਾਲ ਥਾਂ ਦਿੱਤੀ ਹੈ। 
ਅਖਬਾਰ ਨੇ ਲੁਧਿਆਣਾ ਡੇਟਲਾਈਨ ਤੋਂ ਆਪਣੇ ਰਿਪੋਰਟਰਾਂ ਰਾਮ ਅਤੇ ਜਗਮੀਤ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਦੋਵੇਂ ਵਿਅਕਤੀ (ਇੱਕ ਪੁਰਸ਼ ਅਤੇ ਇੱਕ ਮਹਿਲਾ) ਖੁਦ ਨੂੰ ਪੱਤਰਕਾਰ ਦੱਸ ਕੇ ਇੱਕ ਡਾਕਟਰ ਨੂੰ ਬਲੈਕਮੇਲ ਕਰ ਰਹੇ ਸਨ। ਪੜ੍ਹੋ ਇਸ ਅਖਬਾਰ ਦੀ ਪੂਰੀ ਰਿਪੋਰਟ:ਆਪਣੇ ਆਪ ਨੂੰ ਇਕ ਨਿਊਜ਼ ਚੈਨਲ ਦੇ ਪੱਤਰਕਾਰ ਦੱਸ ਕੇ ਇਕ ਸਰਕਾਰੀ ਡਾਕਟਰ ਨੂੰ ਬਲੈਕਮੇਲ ਕਰਕੇ ਪੈਸੇ ਮੰਗਣ ਵਾਲੇ ਇਕ ਵਿਅਕਤੀ ਅਤੇ ਇਕ ਮਹਿਲਾ ਨੂੰ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਕਾਬੂ ਕੀਤਾ ਹੈ।  ਸਰਕਾਰੀ ਡਿਸਪੈਂਸਰੀ 'ਚ ਬਤੌਰ ਡਾਕਟਰ ਸੇਵਾ ਕਰ ਰਹੇ ਵਿਅਕਤੀ ਨੂੰ ਲੋਕਾਂ ਤੋਂ ਪੈਸੇ ਲੈ ਕੇ ਇਲਾਜ ਕਰਨ ਦੀ ਸ਼ਿਕਾਇਤ ਮਿਲਣ 'ਤੇ ਨਿਊਜ਼ ਚੈਨਲ 'ਤੇ ਖਬਰ ਚਲਾਉਣ ਦੀ ਧਮਕੀ ਦੇ ਕੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਬਾਰੇ ਡਾਕਟਰ ਵਲੋਂ ਉਕਤ ਨਿਊਜ਼ ਚੈਨਲ ਦੇ ਸੀਨੀਅਰ ਰਿਪੋਰਟਰ ਨਾਲ ਆਪਣੇ ਪੱਧਰ 'ਤੇ ਰਾਬਤਾ ਕਾਇਮ ਕੀਤਾ ਗਿਆ ਜਿਸ ਤੋਂ ਬਾਅਦ ਬਲੈਕਮੇਲ ਕਰਨ ਵਾਲੇ ਰਿਪੋਰਟਰਾਂ ਬਾਰੇ ਸਥਿਤੀ ਸਾਫ ਹੋਈ ਅਤੇ ਸੀਨੀਅਰ ਰਿਪੋਰਟਰ ਨੇ ਆਪਣੇ ਚੈਨਲ ਲਈ ਅਜਿਹੇ ਕਿਸੇ ਵੀ ਵਿਅਕਤੀ ਦੇ ਕੰਮ ਨਾ ਕਰਨ ਦਾ ਦਾਅਵਾ ਕੀਤਾ ਜਿਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਜਾਲ ਵਿਛਾ ਕੇ ਡਾਕਟਰ ਨੂੰ ਬਲੈਕਮੇਲ ਕਰਨ ਵਾਲੇ ਮਹਿਲਾ ਅਤੇ ਮਰਦ ਨੂੰ ਕਾਬੂ ਕਰ ਲਿਆ। ਇਸ ਸਬੰਧੀ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਸਤੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨ ਫੋਕਲ ਪੁਆਇੰਟ, ਨੇਡ਼ੇ ਰੌਕਮੈਨ ਫੈਕਟਰੀ ਸਥਿਤ ਈ.ਐੱਸ.ਆਈ. ਡਿਸਪੈਂਸਰੀ ਨੰਬਰ 3 'ਚ ਬਤੌਰ ਡਾਕਟਰ ਕੰਮ ਕਰ ਰਹੇ ਡਾ. ਸਵਰਨਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਇਕ ਮਹਿਲਾ ਅਤੇ ਮਰਦ ਆਪਣੇ ਆਪ ਨੂੰ ਐੱਮ.ਐੱਚ.-1 ਚੈਨਲ ਦੇ ਪੱਤਰਕਾਰ ਦੱਸ ਕੇ ਬਲੈਕਮੇਲ ਕਰਦੇ ਹੋਏ ਪੈਸਿਆਂ ਦੀ ਮੰਗ ਕਰ ਰਹੇ ਸਨ। ਡਾਕਟਰ ਨੇ ਸ਼ਿਕਾਇਤ 'ਚ ਦੱਸਿਆ ਕਿ ਉਕਤ ਦੋਵੇਂ ਵਿਅਕਤੀਆਂ ਨੇ 17 ਜੂਨ ਨੂੰ ਮੈਨੂੰ ਫੋਨ ਕਰਕੇ ਕਿਹਾ ਕਿ ਤੁਹਾਡੇ ਖਿਲਾਫ ਪੈਸੇ ਲੈ ਕੇ ਇਲਾਜ ਕਰਨ ਦੀ ਸ਼ਿਕਾਇਤ ਮਿਲੀ ਹੈ ਜਿਸ ਬਾਰੇ ਅਸੀਂ ਰਿਪੋਰਟ ਬਣਾ ਲਈ ਹੈ ਅਤੇ ਨਿਊਜ਼ ਚੈਨਲ 'ਤੇ ਚਲਾਈ ਜਾਵੇਗੀ। ਜੇਕਰ ਤੁਸੀਂ ਸਾਨੂੰ ਆ ਕੇ ਮਿਲ ਲੈਂਦੇ ਹੋ ਤਾਂ ਅਸੀਂ ਨਿਊਜ਼ ਰੋਕ ਸਕਦੇ ਹਾਂ ਜਿਸ ਤੋਂ ਬਾਅਦ ਉਨ੍ਹਾਂ ਫਿਰ 18 ਜੂਨ ਸ਼ਾਮ ਨੂੰ ਫੋਨ ਕਰਕੇ ਮਿਲਣ ਲਈ ਧਮਕਾਇਆ। ਇਸ ਤੋਂ ਬਾਅਦ ਡਾਕਟਰ ਨੇ ਐੱਮ.ਐੱਚ. -1 ਚੈਨਲ ਦੇ ਸਟਾਫ ਰਿਪੋਰਟਰ ਹਰਮਿੰਦਰ ਸਿੰਘ ਰੌਕੀ ਨਾਲ ਸੰਪਰਕ ਕਰਕੇ ਉਕਤ ਅਖੌਤੀ ਪੱਤਰਕਾਰਾਂ ਬਾਰੇ ਜਾਣਕਾਰੀ ਮੰਗੀ ਜਿਸ 'ਤੇ ਪੱਤਰਕਾਰ ਰੌਕੀ ਨੇ ਇਸ ਨਾਂ ਦੇ ਕਿਸੇ ਵੀ ਵਿਅਕਤੀ ਦੇ ਬਤੌਰ ਪੱਤਰਕਾਰ ਐੱਮ.ਐੱਚ. 1 ਨਾਲ ਜੁਡ਼ੇ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ। ਏ.ਸੀ.ਪੀ. ਮਲਹੋਤਰਾ ਨੇ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੇ ਇੰਚਾਰਜ ਇੰਸਪੈਕਟਰ ਸੁਮਿਤ ਸੂਦ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਜਾਂਚ ਸ਼ੁਰੂ ਕਰਦੇ ਹੋਏ ਡਾਕਟਰ ਤੋਂ ਫੋਨ ਦੀ ਡਿਟੇਲ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਥਾਣਾ ਪੁਲਸ ਨੇ ਡਾ. ਸਵਰਨਜੀਤ ਸਿੰਘ ਦੇ ਬਿਆਨਾਂ 'ਤੇ ਸਤੀਸ਼ ਪਰਣਾਮੀ ਪੁੱਤਰ ਦੇਸ ਰਾਜ, ਵਾਸੀ ਜੋਸ਼ੀ ਨਗਰ, ਹੈਬੋਵਾਲ ਅਤੇ ਜਸਮੀਤ ਕੌਰ ਪਤਨੀ ਕਲਤਾਰ ਸਿੰਘ ਵਾਸੀ ਐੱਮ.ਆਈ.ਜੀ. ਫਲੈਟ, ਸੈਕਟਰ-32 ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਜਾਲ ਵਿਛਾ ਕੇ ਕੀਤਾ ਕਾਬੂ : ਏ.ਸੀ.ਪੀ. ਸ਼੍ਰੀ ਮਲਹੋਤਰਾ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਪ੍ਰੈੱਸ ਦੇ ਨਾਂ 'ਤੇ ਡਾਕਟਰ ਨੂੰ ਬਲੈਕਮੇਲ ਕਰ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਗਿਆ ਜਿਸ ਬਾਰੇ ਉਕਤ ਅਖੌਤੀ ਪੱਤਰਕਾਰ ਬਿਲਕੁਲ ਅਣਜਾਣ ਸਨ ਜਿਨ੍ਹਾਂ ਨੇ ਪੈਸੇ ਲੈਣ ਲਈ ਡਾਕਟਰ ਨੂੰ ਚੰਡੀਗਡ਼੍ਹ ਰੋਡ 'ਤੇ ਸਥਿਤ ਇਕ ਰਿਜ਼ਾਰਟ 'ਚ ਬੁਲਾਇਆ ਜਿਥੇ ਉਕਤ ਅਖੌਤੀ ਪੱਤਰਕਾਰਾਂ ਨੇ ਡਾਕਟਰ ਪਾਸੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਡਾਕਟਰ ਵਲੋਂ ਮੌਕੇ 'ਤੇ 10 ਹਜ਼ਾਰ ਰੁਪਏ ਨਕਦ ਹੋਣ ਤੋਂ ਅਸਮਰੱਥਾ ਜਤਾਈ ਅਤੇ 3 ਹਜ਼ਾਰ ਰੁਪਏ ਹੋਣ ਦੀ ਗੱਲ ਕਹੀ ਤਾਂ ਉਨ੍ਹਾਂ 3 ਹਜ਼ਾਰ ਲੈ ਕੇ ਬਾਕੀ ਰੁਪਏ ਬਾਅਦ 'ਚ ਦੇਣ ਦੀ ਗੱਲ ਆਖੀ। ਡਾਕਟਰ ਸਵਰਨਜੀਤ ਨੇ 3 ਹਜ਼ਾਰ ਰੁਪਏ ਇਨ੍ਹਾਂ ਅਖੌਤੀ ਪੱਤਰਕਾਰਾਂ ਨੂੰ ਦੇ ਦਿੱਤੇ ਜਿਸ ਤੋਂ ਬਾਅਦ ਜਦੋਂ ਉਕਤ ਦੋਵੇਂ ਪੱਤਰਕਾਰ ਪੈਸੇ ਲੈ ਕੇ ਜਾਣ ਲੱਗੇ ਤਾਂ ਪੁਲਸ ਨੇ ਤੁਰੰਤ ਇਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਪੁਲਸ ਨੇ ਮੌਕੇ 'ਤੇ  ਹੀ ਕਾਬੂ ਕੀਤੇ ਅਖੌਤੀ ਪੱਤਰਕਾਰਾਂ ਦੀਆਂ ਜੇਬਾਂ 'ਚੋਂ ਬਰਾਮਦ ਹੋਏ ਨੋਟਾਂ ਦੇ ਨੰਬਰ ਅਤੇ ਗਿਣਤੀ ਬਾਰੇ ਲਿਖਵਾ ਕੇ ਲੈ ਲਿਆ।
ਹੁਣ ਦੇਖਣਾ ਇਹ ਹੈ ਕਿ ਕਿਵੇਂ ਮੀਡੀਆ ਵਿੱਚ ਦਾਖਿਲ ਹੁੰਦੇ ਹਨ ਅਜਿਹੇ ਬਲੈਕਮੇਲਰ, ਆਖਿਰ ਕਿਓਂ ਝੁਕਦੇ ਹਨ ਅਜਿਹੇ ਲੋਕਾਂ ਅੱਗੇ ਖੁਦ ਨੂੰ ਸਾਫ਼ ਸੁਥਰਾ ਅਖਵਾਉਣ ਵਾਲੇ ਵਿਅਕਤੀ? ਕਿਓਂ ਕੀਤੀ ਜਾਂਦੀ ਹੈ ਅਜਿਹੇ ਅਖੌਤੀ ਪੱਤਰਕਾਰਾਂ ਨੂੰ ਪੈਸੇ ਦੇਣ ਦੀ ਪੇਸ਼ਕਸ਼? ਇਹਨਾਂ ਸੁਆਲਾਂ ਦੀ ਚਰਚਾ ਫਿਰ ਕਦੇ ਕਿਸੇ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ।



No comments: