ਪੰਜਾਬ 'ਚ ਕਮਿਊਨਿਸਟ ਅੰਦੋਲਨ ਦੇ ਨੇਤਾ, ਮਜ਼ਦੂਰ ਵਰਗ ਦੇ ਮਸੀਹਾ, ਬੇਇਨਸਾਫੀ, ਤਾਨਾਸ਼ਾਹੀ, ਅੱਤਵਾਦ ਅਤੇ ਫਿਰਕਾਪ੍ਰਸਤੀ ਵਿਰੁੱਧ ਲਗਾਤਾਰ ਲੜਨ ਵਾਲੇ ਯੋਧੇ ਸ਼੍ਰੀ ਸਤਪਾਲ ਡਾਂਗ ਦਾ 93 ਸਾਲ ਦੀ ਉਮਰ 'ਚ 15 ਜੂਨ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਆਖਰੀ ਇੱਛਾ ਮੁਤਾਬਕ ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਨਾ ਕੋਈ ਪ੍ਰਾਰਥਨਾ ਕੀਤੀ ਗਈ ਤੇ ਨਾ ਹੀ ਮੰਤਰ ਪੜ੍ਹੇ ਗਏ।
4 ਅਕਤੂਬਰ 1920 ਨੂੰ ਗੁੱਜਰਾਂਵਾਲਾ 'ਚ ਜਨਮੇ ਸ਼੍ਰੀ ਡਾਂਗ ਦੀ ਸਿੱਖਿਆ ਲਾਹੌਰ 'ਚ ਹੋਈ। ਉਥੇ ਹੀ ਉਨ੍ਹਾਂ ਦੀ ਮੁਲਾਕਾਤ ਕਸ਼ਮੀਰੀ ਪੰਡਿਤ ਪਰਿਵਾਰ ਦੀ ਬਿਮਲਾ ਬਕਿਆਲ ਨਾਲ ਹੋਈ ਤੇ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ। ਇਨ੍ਹਾਂ ਨੇ ਔਲਾਦ ਪੈਦਾ ਨਾ ਕਰਨ ਦਾ ਫੈਸਲਾ ਕਰ ਲਿਆ ਤਾਂ ਕਿ ਬੱਚਿਆਂ ਦੇ ਮੋਹ 'ਚ ਨਾ ਫਸ ਕੇ ਉਹ ਪਾਰਟੀ ਦੇ ਕੰਮਾਂ ਲਈ ਪੂਰਾ ਸਮਾਂ ਦੇ ਸਕਣ।
ਸ਼੍ਰੀਮਤੀ ਬਿਮਲਾ ਡਾਂਗ ਉਮਰ ਭਰ ਸ਼੍ਰੀ ਡਾਂਗ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੀ ਅਤੇ ਮਈ 2009 'ਚ ਆਪਣੀ ਮੌਤ ਤੋਂ ਪਹਿਲਾਂ ਤਕ ਔਰਤਾਂ ਦੀ ਸਹਾਇਤਾ ਲਈ 'ਪੰਜਾਬ ਇਸਤਰੀ ਸਭਾ' ਨਾਮੀ ਐੱਨ. ਜੀ. ਓ. ਸਫਲਤਾਪੂਰਵਕ ਚਲਾਉਂਦੀ ਰਹੀ।
ਵਿਦਿਆਰਥੀ ਅੰਦੋਲਨ 'ਚ ਸਰਗਰਮ ਸ਼੍ਰੀ ਡਾਂਗ ਆਲ ਇੰਡੀਆ ਵਿਦਿਆਰਥੀ ਮਹਾਸੰਘ ਦੇ ਪ੍ਰਧਾਨ, ਵਰਲਡ ਫੈੱਡਰੇਸ਼ਨ ਆਫ ਡੈਮੋਕ੍ਰੇਟਿਕ ਯੂਥ ਦੇ ਉਪ-ਪ੍ਰਧਾਨ ਅਤੇ 1953 ਤੋਂ 1965 ਤਕ ਛੇਹਰਟਾ ਨਗਰ ਪਾਲਿਕਾ ਦੇ ਪ੍ਰਧਾਨ ਵੀ ਰਹੇ। ਉਹ 1967, 1969, 1972 ਤੇ 1977 'ਚ ਚਾਰ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਅਤੇ 1967 'ਚ ਖੁਰਾਕ ਮੰਤਰੀ ਵੀ ਬਣੇ। ਮੰਤਰੀ ਤੇ ਵਿਧਾਇਕ ਹੋਣ ਦੇ ਬਾਵਜੂਦ ਉਹ ਕਾਰ ਦੀ ਬਜਾਏ ਬੱਸ 'ਚ ਹੀ ਸਫਰ ਕਰਦੇ ਤੇ ਛੇਹਰਟਾ 'ਚ ਤਾਂ ਉਹ ਸਾਈਕਲ 'ਤੇ ਹੀ ਜਨਤਾ ਦਰਮਿਆਨ ਘੁੰਮਦੇ ਹੁੰਦੇ ਸਨ।
1980 ਦੇ ਦਹਾਕੇ 'ਚ ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ 'ਚ ਉਨ੍ਹਾਂ ਨੇ ਅੱਤਵਾਦ ਪੀੜਤਾਂ ਦੇ ਮੁੜ-ਵਸੇਬੇ ਲਈ ਕੰਮ ਕੀਤਾ। ਉਨ੍ਹਾਂ ਦਾ ਨਾਅਰਾ ਸੀ 'ਨਾ ਹਿੰਦੂ ਰਾਸ਼ਟਰ, ਨਾ ਖਾਲਿਸਤਾਨ, ਯੁਗ-ਯੁਗ ਜੀਵੇ ਹਿੰਦੁਸਤਾਨ।' ਉਹ 'ਪੰਜਾਬ ਕੇਸਰੀ' ਲਈ ਲੇਖ ਵੀ ਲਿਖਦੇ ਰਹੇ।
ਉਨ੍ਹਾਂ ਨੇ ਆਪਣੇ ਲਈ ਜੀਵਨ 'ਚ ਇਕ ਘਰ ਤਕ ਨਹੀਂ ਬਣਾਇਆ। ਉਨ੍ਹਾਂ ਨੂੰ ਜਿਹੜੀ ਸਰਕਾਰੀ ਪੈਨਸ਼ਨ ਮਿਲਦੀ ਸੀ, ਉਸ 'ਚੋਂ ਆਪਣੇ ਗੁਜ਼ਾਰੇ ਲਈ ਰਕਮ ਰੱਖ ਕੇ ਬਾਕੀ ਰਕਮ ਉਹ ਪਾਰਟੀ ਦੇ ਫੰਡ 'ਚ ਜਮ੍ਹਾ ਕਰਵਾ ਦਿੰਦੇ ਸਨ।
ਉਨ੍ਹਾਂ ਨਾਲ ਮੇਰੀਆਂ ਕੁਝ ਅਜਿਹੀਆਂ ਯਾਦਾਂ ਜੁੜੀਆਂ ਹੋਈਆਂ ਹਨ, ਜੋ ਉਨ੍ਹਾਂ ਦੀ ਗਰੀਬਾਂ ਪ੍ਰਤੀ ਹਮਦਰਦੀ, ਸੱਚਾਈ ਤੇ ਮਿੱਤਰ-ਭਾਵਨਾ ਦਾ ਮੂੰਹ ਬੋਲਦਾ ਸਬੂਤ ਹਨ। ਉਹ 'ਪੰਜਾਬ ਕੇਸਰੀ' ਵਲੋਂ ਚਲਾਏ ਜਾਂਦੇ 'ਸ਼ਹੀਦ ਪਰਿਵਾਰ ਫੰਡ' ਰਾਹੀਂ ਅੱਤਵਾਦ ਪੀੜਤਾਂ ਨੂੰ ਸਹਾਇਤਾ ਦੇਣ ਲਈ ਆਯੋਜਿਤ ਸਮਾਗਮਾਂ 'ਚ ਸ਼ਾਮਿਲ ਹੁੰਦੇ ਰਹੇ।
ਇਕ ਸਮਾਗਮ 'ਚ ਜਦੋਂ ਅਸੀਂ ਉਨ੍ਹਾਂ ਨੂੰ ਤੇ ਕੁਝ ਮਹਿਮਾਨਾਂ ਨੂੰ ਭੋਜਨ ਕਰਵਾਉਣ ਲਈ ਆਪਣੇ ਮਕਾਨ ਅੰਦਰ ਲੈ ਕੇ ਗਏ ਤਾਂ ਖਾਣੇ ਤੋਂ ਪਹਿਲਾਂ ਉਨ੍ਹਾਂ ਨੇ ਪੁੱਛਿਆ, ''ਕੀ ਮਹਿਮਾਨਾਂ ਲਈ ਵਿਸ਼ੇਸ਼ ਭੋਜਨ ਬਣਵਾਇਆ ਗਿਆ ਹੈ? ਸਹਾਇਤਾ ਲੈਣ ਆਏ ਪੀੜਤ ਪਰਿਵਾਰਾਂ ਲਈ ਵੀ ਇਕੋ ਜਿਹਾ ਹੀ ਭੋਜਨ ਹੋਣਾ ਚਾਹੀਦਾ ਹੈ।''
ਅਸੀਂ ਦੱਸਿਆ ਕਿ ''ਅਸੀਂ ਸਾਰਿਆਂ ਲਈ ਇਕੋ ਜਿਹਾ ਹੀ ਖਾਣਾ ਬਣਵਾਉਂਦੇ ਹਾਂ ਪਰ ਜਗ੍ਹਾ ਦੀ ਘਾਟ ਕਾਰਨ ਹੀ ਸਾਨੂੰ ਖਾਣਾ ਖੁਆਉਣ ਦਾ ਪ੍ਰਬੰਧ ਦੋ-ਤਿੰਨ ਜਗ੍ਹਾ ਕਰਨਾ ਪੈਂਦਾ ਹੈ।'' ਉਨ੍ਹਾਂ ਨੇ ਇਸ ਬਾਰੇ ਬਾਹਰ ਖਾਣਾ ਖਾਣ ਵਾਲਿਆਂ ਤੋਂ ਪੁੱਛਿਆ ਅਤੇ ਉਨ੍ਹਾਂ ਦੇ ਹਾਮੀ ਭਰਨ 'ਤੇ ਖੁਸ਼ੀ ਜ਼ਾਹਿਰ ਕੀਤੀ।
ਅੱਤਵਾਦ ਦੇ ਦਿਨਾਂ 'ਚ ਅਸੀਂ ਇਕ ਵਾਰ ਸ਼੍ਰੀ ਖੁਸ਼ਵੰਤ ਸਿੰਘ ਨੂੰ ਮਿਲਣ ਗਏ। ਸਾਡੇ ਨਾਲ ਸ. ਜਗਜੀਤ ਸਿੰਘ ਆਨੰਦ, ਸ. ਅਮਰਿੰਦਰ ਸਿੰਘ, ਜ. ਜੀਵਨ ਸਿੰਘ ਉਮਰਾਨੰਗਲ, ਸ਼੍ਰੀ ਜਤਿੰਦਰ ਪੰਨੂ, ਸ਼੍ਰੀ ਸੁਹੇਲ ਸਿੰਘ ਅਤੇ ਅਸ਼ਵਨੀ ਆਦਿ ਤੋਂ ਇਲਾਵਾ ਸ਼੍ਰੀ ਡਾਂਗ ਵੀ ਸਨ।
ਸਾਰਿਆਂ ਨੇ ਆਪੋ-ਆਪਣੇ ਢੰਗ ਨਾਲ ਪੰਜਾਬ 'ਚ ਫੈਲੇ ਅੱਤਵਾਦ ਅਤੇ ਸਰਹੱਦ ਪਾਰ ਚੱਲ ਰਹੇ ਅੱਤਵਾਦੀ ਕੈਂਪਾਂ ਬਾਰੇ ਉਨ੍ਹਾਂ ਨੂੰ ਦੱਸਿਆ। ਸ. ਖੁਸ਼ਵੰਤ ਸਿੰਘ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਆਖਿਰ 'ਚ ਬੋਲੇ, ''ਡਾਂਗ, ਤੂੰ ਮੈਨੂੰ ਦੱਸ ਕਿ ਅਸਲੀਅਤ ਕੀ ਹੈ?''
ਸ਼੍ਰੀ ਡਾਂਗ ਨੇ ਜਦੋਂ ਉਹੀ ਗੱਲਾਂ ਦੁਹਰਾਈਆਂ ਤਾਂ ਕਿਤੇ ਸ. ਖੁਸ਼ਵੰਤ ਸਿੰਘ ਦੀ ਤਸੱਲੀ ਹੋਈ ਤੇ ਉਸ ਤੋਂ ਬਾਅਦ ਪੰਜਾਬ 'ਚ ਫੈਲੇ ਅੱਤਵਾਦ ਬਾਰੇ ਉਨ੍ਹਾਂ ਦੀ ਸੋਚ 'ਚ ਭਾਰੀ ਤਬਦੀਲੀ ਆਈ ਅਤੇ ਉਨ੍ਹਾਂ ਨੇ ਆਪਣੇ ਲੇਖਾਂ ਤੇ ਇੰਟਰਵਿਊਜ਼ 'ਚ ਇਸ ਦਾ ਖੁੱਲ੍ਹ ਕੇ ਜ਼ਿਕਰ ਕੀਤਾ।
ਲੱਗਭਗ ਤਿੰਨ ਦਹਾਕੇ ਪਹਿਲਾਂ ਬਠਿੰਡਾ 'ਚ ਸਥਿਤ ਸਾਡੇ ਇਕ ਪੁਰਾਣੇ ਪੱਤਰਕਾਰ ਨੇ ਪਤਾ ਨਹੀਂ ਕਿਵੇਂ ਉਥੋਂ ਦੇ ਦੋ ਸਨਮਾਨਿਤ ਕਮਿਊਨਿਸਟ ਵਰਕਰਾਂ ਵਿਰੁੱਧ ਅਜਿਹੀ ਖਬਰ ਛਪਵਾ ਦਿੱਤੀ, ਜਿਸ ਨੂੰ ਅਗਲੀ ਸਵੇਰ ਪੜ੍ਹ ਕੇ ਅਸੀਂ ਵੀ ਹੈਰਾਨ ਰਹਿ ਗਏ। ਉਸੇ ਦਿਨ ਉਨ੍ਹਾਂ ਸੱਜਣਾਂ ਦਾ ਇਸ ਬਾਰੇ ਫੋਨ ਵੀ ਆ ਗਿਆ।
ਪਤਾ ਕਰਨ 'ਤੇ ਨਾ ਸਿਰਫ ਉਹ ਖਬਰ ਝੂਠੀ ਨਿਕਲੀ, ਸਗੋਂ ਪੱਤਰਕਾਰ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ। ਅਸੀਂ ਉਨ੍ਹਾਂ ਸੱਜਣਾਂ ਤੋਂ ਮੁਆਫੀ ਮੰਗੀ ਅਤੇ ਉਸੇ ਦਿਨ ਖੰਡਨ ਵੀ ਛਾਪ ਦਿੱਤਾ ਪਰ ਉਹ ਸੰਤੁਸ਼ਟ ਨਹੀਂ ਹੋਏ ਅਤੇ ਮਾਣਹਾਨੀ ਦਾ ਦਾਅਵਾ ਕਰਨ 'ਤੇ ਉਤਰ ਆਏ।
ਸ਼੍ਰੀ ਡਾਂਗ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬਿਨਾਂ ਸਮਾਂ ਗੁਆਏ ਪਹਿਲਾਂ ਤਾਂ ਆਪਣੇ ਤੌਰ 'ਤੇ ਅਸਲੀਅਤ ਦਾ ਪਤਾ ਲਗਾਇਆ ਅਤੇ ਫਿਰ ਉਕਤ ਦੋਹਾਂ ਵਰਕਰਾਂ ਨੂੰ ਲੈ ਕੇ ਸਾਡੇ ਦਫਤਰ 'ਚ ਆ ਗਏ। ਨਾ ਸਿਰਫ ਉਨ੍ਹਾਂ ਨੇ ਮਾਮਲਾ ਖਤਮ ਕਰਵਾਇਆ, ਸਗੋਂ ਉਨ੍ਹਾਂ ਨਾਲ ਸਾਡੀ ਦੋਸਤੀ ਵੀ ਕਰਵਾ ਦਿੱਤੀ, ਜੋ ਅੱਜ ਤਕ ਕਾਇਮ ਹੈ।
ਅੱਜ ਸ਼੍ਰੀ ਸਤਪਾਲ ਡਾਂਗ ਸਾਡੇ ਵਿਚ ਨਹੀਂ ਹਨ ਪਰ ਆਪਣੇ ਕੀਤੇ ਕੰਮਾਂ ਨਾਲ ਗਰੀਬਾਂ ਪ੍ਰਤੀ ਹਮਦਰਦੀ, ਸੱਚਾਈ ਤੇ ਮਿੱਤਰ-ਭਾਵਨਾ ਦੀ ਜੋ ਮਿਸਾਲ ਉਨ੍ਹਾਂ ਨੇ ਪੇਸ਼ ਕੀਤੀ ਹੈ, ਉਹ ਸ਼ਲਾਘਾਯੋਗ ਹੈ।--ਵਿਜੇ ਕੁਮਾਰ