Friday, November 04, 2011

ਭਾਰਤੀ ਇਸਤਰੀ ਕਬੱਡੀ ਟੀਮ ਖ਼ਿਤਾਬ ਦੀ ਪ੍ਰਮੁੱਖ ਦਾਅਵੇਦਾਰ

                                                                   ਰਣਜੀਤ ਸਿੰਘ ਪ੍ਰੀਤ  
ਪੰਜਾਬ ਸਰਕਾਰ, ਖ਼ਾਸ਼ਕਰ ਉਪ-ਮੁੱਖ ਮੰਤਰੀ ਅਤੇ ਖੇਡ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਨਾਲ ਕਰਵਾਏ ਜਾ ਦੂਜੇ ਵਿਸ਼ਾਲ ਪਰਲਜ਼ ਕਬੱਡੀ ਵਿਸ਼ਵ ਕੱਪ ਵਿੱਚ ਇਸਤਰੀ ਵਰਗ ਦੀ ਕਬੱਡੀ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ । ਇਸ ਵਿੱਚ ਭਾਰਤ ਤੋਂ ਇਲਾਵਾ ਇੰਗਲੈਂਡ,ਅਮਰੀਕਾ,ਅਤੇ ਤੁਰਕਮਿਨਸਤਾਨ ਦੀਆਂ ਟੀਮਾਂ ਸ਼ਾਮਲ ਹਨ। ਇਰਾਨ ਦੇ ਇਨਕਾਰ ਕਰਨ ਮਗਰੋਂ ਤੁਕਮਿਨਸਤਾਨ ਨੂੰ ਐਂਟਰੀ ਦਿੱਤੀ ਗਈ ਹੈ । ਇਸ ਤਬਦੀਲੀ ਦੇ ਨਾਲ ਹੀ ਮੈਚਾਂ ਵਿੱਚ ਵੀ ਫੇਰ ਬਦਲ ਕੀਤਾ ਗਿਆ ਹੈ । ਇਸਤਰੀ ਵਰਗ ਦੇ ਇਹ ਮੁਕਾਬਲੇ 11 ਤੋਂ 20 ਨਵੰਬਰ ਤੱਕ ਹੋਣੇ ਹਨ। ਖੇਡੇ ਜਾਣ ਵਾਲੇ ਮੈਚਾਂ ਦੀ ਗਿਣਤੀ 7 ਹੈ। ਜੇਤੂ ਟੀਮ ਨੂੰ 25 ਲੱਖ,ਉਪ-ਜੇਤੂ ਨੂੰ 15 ਲੱਖ,ਅਤੇ ਬਾਕੀ ਦੀਆਂ ਦੋਨੋ ਟੀਮਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣੇ ਹਨ ।
                                     ਮਹਿਲਾ ਟੀਮ ਦੀ ਚੋਣ ਲਈ ਲੁਧਿਆਣਾ ਵਿਖੇ ਟਰਾਇਲ  ਸਮੇ 43 ਖਿਡਾਰਨਾਂ ਦੀ ਚੋਣ ਕੀਤੀ ਗਈ ਸੀ । ਟੀਮ ਦੀ ਚੋਣ ਲਈ ਉਥੇ ਹੀ 40 ਖਿਡਾਰਨਾਂ ਦਾ ਕੈਂਪ ਚੱਲਿਆ ਅਤੇ 40 ਖਿਡਾਰਨਾਂ ਦਾ ਡੋਪ ਟੈਸਟ ਸਹੀ ਰਿਹਾ । ਜਿਨ੍ਹਾਂ ਵਿੱਚੋਂ 14 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ । ਇਹਨਾਂ ਵਿੱਚ 12 ਖਿਡਾਰਨਾਂ ਪੰਜਾਬ ਦੀਆਂ ਅਤੇ 2 ਖਿਡਾਰਨਾਂ ਹਰਿਆਣੇ ਦੀਆਂ ਹਨ। ਟੀਮ ਦੀ ਕਪਤਾਨ ਜਾਫ਼ੀ ਜਤਿੰਦਰ ਕੌਰ ਨੂੰ ਬਣਾਇਆ ਗਿਆ ਹੈ  । ਜਦੋਂ ਕਿ ਉਪ-ਕਪਤਾਨੀ ਧਾਵੀ ਰਾਜਵਿੰਦਰ ਕੌਰ ਨੂੰ ਸੌਂਪੀ ਗਈ ਹੈ । ਇਹਨਾਂ ਦੋਹਾਂ ਖਿਡਾਰਨਾਂ ਦਾ ਸਬੰਧ ਜਗਤਪੁਰ ਅਕੈਡਮੀ ਨਾਲ ਹੈ । ਇਹਨਾਂ ਦੋਹਾਂ ਬਾਰੇ ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਟੀਮ ਲਈ ਅਹਿਮ ਭੂਮਿਕਾ ਨਿਭਾਉਣਗੀਆਂ,ਕਿਓਂਕਿ ਇਹਨਾ ਕੋਲ ਚੰਗਾ ਤਜ਼ਰਬਾ ਹੈ । ਜਾਫ਼ੀਆਂ ਵਿੱਚ : ਜਤਿੰਦਰ ਕੌਰ, ਜਸਵੀਰ ਕੌਰ, ਅਨੂੰ ਰਾਣੀ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਰਿਤੂ ਰਾਣੀ, ਮਨਦੀਪ ਕੌਰ ਸ਼ਾਮਲ ਹਨ । ਜਦੋਂ ਕਿ ਧਾਵੀਆਂ ਵਿੱਚ : ਰਾਜਵਿੰਦਰ ਕੌਰ, ਪ੍ਰਿਯੰਕਾ ਦੇਵੀ,  ਸੁਖਵਿੰਦਰ ਕੌਰ,  ਮੀਨਾ,   ਕੁਲਵਿੰਦਰ ਕੌਰ,  ਮਨਦੀਪ ਕੌਰ,  ਸੁਮਨ ਲਤਾ ਨੂੰ ਚੁਣਿਆਂ ਗਿਆ ਹੈ । ਰਾਖਵੀਆਂ ਖਿਡਾਰਨਾਂ ਵਿੱਚ: ਬੀਰ ਦਵਿੰਦਰ ਕੌਰ, ਰਣਦੀਪ ਕੌਰ, ਇੰਦਰਜੀਤ ਕੌਰ ਅਤੇ ਨਵਨੀਤ ਕੌਰ ਦੇ ਨਾਂਅ ਦਰਜ ਹਨ । ਕੋਚ ਜਸਕਰਨ ਕੌਰ ਲਾਡੀ,ਅਵਤਾਰ ਕੌਰ ਅਤੇ ਟੀਮ ਮੈਨੇਜਰ ਮਨਜੀਤ ਕੌਰ ਨੂੰ ਟੀਮ ਦੀ ਖ਼ਿਤਾਬੀ ਜਿੱਤ ਦਾ ਪੂਰਾ ਭਰੋਸਾ ਹੈ । ਕਿਸ ਟੀਮ ਨੇ ਕਿਸ ਟੀਮ ਨਾਲ,ਕਿਸ ਖੇਡ ਮੈਦਾਨ ਵਿੱਚ ,ਕਿੰਨੀ ਤਾਰੀਖ਼ ਨੂੰ, ਕਿੰਨੇ ਸਮੇ ‘ਤੇ ਮੈਚ ਖੇਡਣਾ ਹੈ ਦਾ ਕੰਪਲੀਟ ਵੇਰਵਾ ਵੀ ਤਿਆਰ ਹੋ ਚੁੱਕਿਆ ਹੈ।
ਜਿਸਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ:--
11ਨਵੰਬਰ: ਅੰਮਿ੍ਤਸਰ; ਭਾਰਤ ਬਨਾਮ ਤੁਰਕਮਿਨਸਤਾਨ, ਸ਼ਾਮ 5.30 ਵਜੇ ।
12 ਨਵੰਬਰ: ਫਿਰੋਜਪੁਰ; ਵਿਖੇ ਇੰਗਲੈਡ ਬਨਾਮ ਭਾਰਤ ,ਦੁਪਿਹਰ 12.30 ਵਜੇ ।
13 ਨਵੰਬਰ: ਅਰਾਮ ਦਾ ਦਿਨ ।
14 ਨਵੰਬਰ:ਹੁਸ਼ਿਆਰਪੁਰ; ਅਮਰੀਕਾ ਬਨਾਮ ਤੁਰਕਮਿਨਸਤਾਨ, ਦੁਪਿਹਰ 12.30 ਵਜੇ ।
15 ਨਵੰਬਰ:ਮਾਨਸਾ; ਅਮਰੀਕਾ ਬਨਾਮ ਇੰਗਲੈਡ , ਦੁਪਿਹਰ 12.30 ਵਜੇ ।
16 ਨਵੰਬਰ: ਜਲੰਧਰ; ਇੰਗਲੈਂਡ ਬਨਾਮ ਤੁਰਕਮਿਨਸਤਾ, ਸ਼ਾਮ 5.30 ਵਜੇ ।
17 ਨਵੰਬਰ :ਅਰਾਮ ਦਾ ਦਿਨ ।
18 ਨਵੰਬਰ: ਬਠਿੰਡਾ; ਭਾਰਤ ਬਨਾਮ ਅਮਰੀਕਾ, ਸ਼ਾਮ 5.30 ਵਜੇ ।
19 ਨਵੰਬਰ: ਅਰਾਮ ਦਾ ਦਿਨ ।
20 ਨਵੰਬਰ: ਲੁਧਿਆਣਾ; ਫਾਈਨਲ, ਸ਼ਾਮ 6.00 ਵਜੇ ।

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ )
ਮੁਬਾਇਲ ਸੰਪਰਕ;98157-07232

No comments: