Saturday, May 14, 2011

ਕੌਣ ਬਣ ਰਿਹਾ ਹੈ ਯਾਦਗਾਰ ਦੀ ਉਸਾਰੀ ਵਿੱਚ ਰੁਕਾਵਟ ?


ਜਦ ਵੀ ਜੂਨ ਦਾ ਮਹੀਨਾ ਨੇੜੇ ਆਉਂਦਾ ਹੈ ਤਾਂ ਗਰਮੀ ਸਿਖਰਾਂ ਤੇ ਪੁੱਜ ਜਾਂਦੀ ਹੈ.ਇਸਦੇ ਨਾਲ ਹੀ ਹਰ ਵਾਰ ਜੋਰ ਫੜ ਜਾਂਦੀ ਹੈ ਜੂਨ-84 ਵਾਲੀਆਂ ਘਟਨਾਵਾਂ ਬਾਰੇ ਬਹਿਸ. ਹਰ ਵਾਰ ਏਸੇ ਤਰਾਂ ਲੰਘ ਜਾਂਦਾ ਹੈ ਜੂਨ ਦਾ ਮਹੀਨਾ ਅਤੇ ਗੱਲ ਜਾ ਪੈਂਦੀ ਹੈ ਫਿਰ ਅਗਲੀ ਵਾਰ ਤੇ. ਤਕਰੀਬਨ ਤਕਰੀਬਨ ਇਹੀ ਕੁਝ ਹੁੰਦਾ ਹੈ ਨਵੰਬਰ ਮਹੀਨੇ ਵਿੱਚ. ਚਾਰ ਦਿਨਾਂ ਦਾ ਰੌਲਾ ਗੌਲਾ ਅਤੇ ਲੰਘ ਜਾਂਦੀ ਹੈ  ਨਵੰਬਰ-84 ਵਾਲੀਆਂ  ਅਣਮਨੁੱਖੀ ਘਟਨਾਵਾਂ ਦੀ ਯਾਦ. ਇਹ ਸਭ ਕੁਝ ਪਿਛਲੇ ਛੱਬੀਆਂ  ਸਾਲਾਂ ਤੋਂ ਜਾਰੀ ਹੈ. ਹਾਂ ਇਸ ਵਾਰ ਗੱਲ ਕੁਝ ਵੱਖਰੀ ਜਿਹੀ ਹੁੰਦੀ ਜਾਪਦੀ ਹੈ ਜੂਨ -੮੪ ਵਾਲੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਉਸਾਰੀ ਤਾਂ ਭਾਵੇਂ ਇਸ ਵਾਰ ਵੀ ਤੁਰੰਤ ਨਾ ਸ਼ੁਰੂ ਹੋ ਸਕੇ ਪਰ ਉਹਨਾਂ ਦੋਗਲੇ ਲੋਕਾਂ ਨੂੰ ਇਸ ਵਾਰਦੀ ਕੋਸ਼ਿਸ਼ ਜ਼ਰੂਰ ਬੇਨਕਾਬ ਕਰੇਗੀ ਜਿਹੜੇ ਜੂਨ-84 ਵੇਲੇ ਵੀ ਅੰਦਰੋਂ ਹੋਰ ਸਨ ਤੇ ਬਾਹਰੋਂ ਹੋਰ. ਇਹਨਾਂ ਦੋਗਲੇ ਲੋਕਾਂ ਦੇ ਤਨ ਕਿਤੇ ਹੋਰ ਬੈਠੇ ਹੁੰਦੇ ਸਨ ਤੇ ਦਿਲ ਦਿਮਾਗ ਕਿਤੇ ਹੋਰ. ਵੰਡੀਆਂ ਹੋਈਆਂ ਸਵਾਰਥੀ ਸੋਚਾਂ ਅਤੇ ਖਿੰਡੀਆਂ ਹੋਈਆਂ  ਬਿਰਤੀਆਂ ਵਾਲੇ ਇਹਨਾਂ ਖਤਰਨਾਕ ਅਨਸਰਾਂ ਨੂੰ ਪੰਜਾਬ ਦੀ ਲਹੂ ਲੁਹਾਨ ਧਰਤੀ ਦੇਖ ਕੇ ਵੀ ਕਦੇ ਸ਼ਰਮ ਨਹੀਂ ਆਈ. ਕਦੇ ਦਿਲ ਨੇ ਹਲੂਣਾ ਨਹੀਂ ਖਾਧਾ. ਘਰ ਘਰ ਬਲਦੇ ਸਿਵਿਆਂ ਵੇਲੇ ਵੀ ਸਿਆਸੀ ਰੋਟੀਆਂ ਸੇਕਣ ਦਾ ਇਹ ਸ਼ਰਮਨਾਕ ਸਿਲਸਿਲਾ ਲਗਾਤਾਰ ਜਾਰੀ ਰਿਹਾ. ਹਾਂ ਇਸ ਵਾਰ ਲੱਗਦਾ ਹੈ ਕੀ ਇਹ ਦੋਗਲੇ ਚਿਹਰੇ ਬੇਨਕਾਬ ਹੋਣੇ ਸ਼ੁਰੂ ਹੋ ਜਾਣਗੇ.  
ਲੁਧਿਆਣਾ ਦੀ ਧਰਤੀ ਨਾਲ ਸਬੰਧਿਤ ਸਰਬਜੀਤ ਸਿੰਘ ਘੁਮਾਣ ਨੇ ਬਲਿਊ ਸਟਾਰ ਆਪ੍ਰੇਸ਼ਨ ਅਤੇ ਨਵੰਬਰ-84 ਤੋਂ ਬਾਅਦ ਵੀ ਬਹੁਤ ਕੁਝ ਆਪਣੇ ਪਿੰਡੇ ਤੇ ਹੰਢਾਇਆ ਹੈ ਪਰ ਵਿਚਾਰਧਾਰਕ ਅਡੋਲਤਾ ਨੂੰ ਕਦੇ ਵੀ ਗੁਆਚਣ ਨਹੀਂ ਦਿੱਤਾ. ਉਸਦੀ ਖਾਸੀਅਤ ਇਹ ਵੀ ਹੈ ਕਿ ਉਹ ਸਹਿਮਤ ਨਾ ਹੋਣ ਦੇ ਬਾਵਜੂਦ ਵੀ ਆਪਣੇ ਵਿਰੋਧੀ ਵਿਚਾਰਾਂ ਨੂੰ ਠਰੰਮੇ ਨਾਲ ਸੁਣ ਸਕਦਾ ਹੈ. ਹੁਣ ਉਸਨੇ ਜੂਨ-84 ਦੇ ਸ਼ਹੀਦਾਂ ਬਾਰੇ ਕੁਝ ਵਿਚਾਰ ਪ੍ਰਗਟ ਕੀਤੇ ਹਨ.  ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. ਤੁਸੀਂ ਜੋ ਵੀ ਸੋਚਦੇ ਹੋ ਉਸਨੂੰ ਲਿਖੋ ਅਤੇ ਜ਼ਰੂਰ ਭੇਜੋ.--ਰੈਕਟਰ ਕਥੂਰੀਆ 
ਮਸਲਾ ਜੂਨ 84 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ ਦਾ // ਸਰਬਜੀਤ ਸਿੰਘ ਘੁਮਾਣ  
ਦਮਦਮੀ ਟਕਸਾਲ ਦੇ ਚੌਂਧਵੇਂ ਮੁਖੀ ਅਮਰ ਸ਼ਹੀਦ,ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਜਿੰਨਾਂ ਸਿੰਘ-ਸਿੰਘਣੀਆਂ ਨੇ,ਜੂਨ ੧੯੮੪ ਨੂੰ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਲਈ ਸ਼ਹਾਦਤਾਂ ਪਾਈਆਂ ਉਨ੍ਹਾਂ ਦਾ ਨਾਂ ਇਤਿਹਾਸ ਵਿਚ ਸਦਾ ਰੌਸ਼ਨ ਰਹੇਗਾ। ਕੌਮਾਂ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਉਸਾਰਦੀਆਂ ਹੁੰਦੀਆਂ ਹਨ।ਸਿੱਖ ਕੌਮ ਨੇ ਵੀ ਥਾਂ-ਥਾਂ ਸ਼ਹੀਦੀ ਅਸਥਾਨ ਉਸਾਰੇ ਹਨ।ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਪਵਿਤਰਤਾ ਦੀ ਰਾਖੀ ਲਈ ਜੂਝਕੇ ਸ਼ਹਾਦਤਾਂ ਪਾਉਣ ਵਾਲੇ ਬਾਬਾ ਦੀਪ ਸਿੰਘ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦੀ ਅਸਥਾਨ ,ਦਰਬਾਰ ਸਾਹਿਬ ਦੀ ਪਰਕਰਮਾ ਵਿਚ ਬਣੇ ਹੋਏ ਹਨ ਜੋ ਸਾਨੂੰ ਯਾਦ ਕਰਵਾ ਰਹੇ ਹਨ ਕਿ "ਖਾਲਸਾ ਜੀ! ੮੪ ਦੇ ਘੱਲੂਘਾਰੇ ਦੀ ਯਾਦਗਾਰ ਵੀ ਬਣਾਓ"। 
ਪੰਥਕ ਧਿਰਾਂ ਤੇ ਹਰ ਗੁਰਸਿੱਖ ਨੂੰ ਉਦੋਂ ਬੜਾ ਚੰਗਾ ਲੱਗਿਆ ਸੀ ਜਦ ੨੦ ਫਰਵਰੀ ੨੦੦੨ ਨੂੰ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ਼ਹੀਦੀ ਯਾਦਗਾਰ ਉਸਾਰਨ ਦਾ ਮਤਾ ਪਾਇਆ ਸੀ। ਪਰ ਮਗਰੋਂ ਸਮਝ ਲੱਗੀ ਕਿ ਇਹ ਤਾਂ ਬਾਦਲ ਸਾਹਿਬ ਨੇ ਵੋਟਾਂ ਨੂੰ ਮੁਖ ਰੱਖਕੇ ਮਤਾ ਪਾਸ ਕਰਵਾਇਆ ਹੈ। ਅੱਜ ੯ ਸਾਲ ਹੋ ਗਏ ਹਨ।ਸ਼੍ਰੋਮਣੀ ਕਮੇਟੀ ਟੱਸ ਤੋਂ ਮੱਸ ਨਹੀ ਹੋਈ। 
ਜਿਹੜਾ ਵੀ ਸ਼੍ਰੋਮਣੀ ਕਮੇਟੀ ਨੂੰ ਸ਼ਹੀਦੀ ਯਾਦਗਾਰ ਦਾ ਮਤਾ ਯਾਦ ਕਰਵਾਵੇ,ਪ੍ਰਧਾਨ ਸਾਹਿਬ ਉਸ ਧਿਰ ਨੂੰ ਛੱਜ ਵਿਚ ਪਾਕੇ ਛੰਡਣ ਲੱਗ ਜਾਂਦੇ ਹਨ। ਪਿਛਲੇ ਸਾਲ ਜੇ ਦਲ ਖਾਲਸਾ ਨੇ ਪੰਥਕ ਧਿਰਾਂ ਦੇ ਸਹਿਯੋਗ ਨਾਲ ਤਿੰਨ ਦਿਨ ਦਾ ਪ੍ਰੋਗਰਾਮ ਉਲੀਕਿਆ ਤਾਂ ਬਾਦਲਕਿਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਅਖਵਾ ਦਿੱਤਾ,"ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਕੇ ਉਨਾਂ ਵਲੋਂ ਮਿਥੇ ਨਿਸ਼ਾਨੇ ਦੀ ਪੂਰਤੀ ਕਰੋ,ਸ਼ਹੀਦਾ ਦੇ ਨਾਂ ਤੇ ਰਾਜਨੀਤੀ ਨਾ ਕਰੋ"।ਮਤਲਬ ਕਿ ਸ਼ਹੀਦੀ ਯਾਦਗਾਰ ਦੀ ਗੱਲ ਹੀ ਨਾ ਕਰੋ।ਇਸ ਮਗਰੋਂ ਦਲ਼ ਖਾਲਸਾ ਆਗੂ ਸ.ਸਤਿਨਾਮ ਸਿੰਘ ਪਾਂਉਟਾ ਸਾਹਿਬ ਨੇ ਜਥੇਦਾਰ ਸਾਹਿਬ ਨੂੰ ਖਤ ਲਿਖਿਆ ਕਿ ਪੰਥ ਤਾਂ ਤਿਆਰ-ਬਰ ਤਿਆਰ ਹੈ,ਤੁਸੀਂ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਲਈ ਕੋਈ ਠੋਸ ਪ੍ਰੋਗਰਾਮ ਦਿਓ,ਅਸੀਂ ਆਪਣਾ ਤਨ,ਮਨ,ਧਨ ਲਾਂ ਦਿਆਂਗੇ"।ਇਸ ਚਿੱਠੀ ਦਾ ਜਥੇਦਾਰ ਸਾਹਿਬ ਨੇ ਕੋਈ ਜਵਾਬ ਨਹੀ ਦਿਤਾ। 
ਪਿਛਲੇ ਸਾਲ ਪ੍ਰਧਾਨ ਸਾਹਿਬ ਕਹਿੰਦੇ "ਜੀ ਸੁਖਵੀਰ ਸਿੰਘ ਬਾਦਲ ਅਮਰੀਕਾ ਤੋਂ ੧੦-੧੫ ਦਿਨਾਂ ਵਿਚ ਮੁੜਨ ਵਾਲੇ ਨੇ,ਬੱਸ ਉਨਾਂ ਦੇ ਆਉਣ ਤੇ ਇਹ ਕੰਮ ਸ਼ੂਰੂ ਕਰ ਦੇਣਾ ਹੈ।ਹੁਣ ਸਾਲ ਬੀਤ ਗਿਆ ਤੇ ਪੰਥਕ ਧਿਰਾਂ ਪ੍ਰਧਾਨ ਸਾਹਿਬ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਯਾਦ ਕਰਵਾ-ਕਰਵਾ ਹੰਭ ਗਈਆਂ।ਹੁਣ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ,ਪੰਚ ਪ੍ਰਧਾਨੀ ਦਾ ਵਫਦ ਮਿਲਿਆ ਹੈ ਤੇ ਕਿਹਾ ਹੈ ਕਿ ਜੇ ੨੭ ਮਈ ਤੱਕ ਸ਼ਹੀਦੀ ਯਾਦਗਾਰ ਬਾਰੇ ਕੋਈ ਗੱਲ ਨਾ ਬਣੀ ਤਾਂ ੩੦ ਮਈ ਨੂੰ ਨੂੰ ਪੰਥਕ ਜਥੇਬੰਦੀਆਂ ਸੰਘਰਸ਼ ਕਰਨਗੀਆਂ। 
ਇਹ ਯਾਦਗਾਰ ੧੯੮੪ ਤੋਂ ਫੋਰਨ ਬਾਦ ਵੀ ਬਣ ਸਕਦੀ ਸੀ,ਜੇ ਕੌਮ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਕੀਤੀ ਹੈ ਤਾਂ ਸ਼ਹੀਦੀ ਯਾਦਗਾਰ ਵੀ ਬਣ ਜਾਂਦੀ ਪਰ ਉਦੋਂ ਕਹੀ ਗਏ ਜੀ ਸੰਤ ਚੜ੍ਹਦੀ ਕਲਾ ਵਿਚ ਹਨ। 
੨੦੦੫ ਵਿਚ ਬੀਬੀ ਜਾਗੀਰ ਕੌਰ ਨੇ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਵੀ ਕਰ ਦਿੱਤਾ ਸੀ ਪਰ ਪਤਾ ਨਹੀ ਕਿਉਂ ਉਦੋਂ ਸ.ਸਿਮਰਨਜੀਤ ਸਿੰਘ ਮਾਨ ਨੇ ਵਿਰੋਧ ਕਰ ਦਿੱਤਾ ਤੇ ਮਾਮਲਾ ਉਲਝ ਗਿਆ। 
ਪਿਛਲੇ ਸਾਲ ਜਦ ਦਲ ਖਾਲਸਾ ਨੇ ਦਰਬਾਰ ਸਾਹਿਬ ਦੀਆਂ ਸਰਾਵਾਂ ਦੇ ਬਾਹਰ ਬੈਠਣ ਦਾ ਪ੍ਰੋਗਰਾਮ ਬਣਾਇਆਂ ਸੀ ਤਾਂ ਘੁਸਰ-ਮੁਸਰ ਹੂੰਦੀ ਰਹੀ ਕਿ ਇੰਝ ਤਾਂ ਇੱਥੇ ਧਰਨੇ-ਮੁਜਾਹਰੇ ਕਰਨ ਦੀ ਪਿਰਤ ਹੀ ਪੈ ਜਾਵੇਗੀ ਜੋ ਕਿ ਦਰਬਾਰ ਸਾਹਿਬ ਦੇ ਨਜ਼ਰੀਏ ਤੋਂ ਸਹੀ ਨਹੀ।ਸੰਤ ਜਰਨੈਲ ਸਿੰਘ ਜੀ ਦੀ ੨੦ ਸਤੰਬਰ ੧੯੮੧ ਨੂੰ ਲਾਲਾ ਜਗਤ ਨਾਰਾਇਣ ਕੇਸ ਵਿਚ ਗ੍ਰਿਫਤਾਰੀ ਤੇ ਮਹਿਤਾ ਚੌਂਕ ਵਿਚ ਡੇਢ ਦਰਜਣ ਸਿੰਘਾਂ ਨੂੰ ਗੋਲੀਆਂ ਨਾਲ਼ ਉੜਾ ਦੇਣ  ਖਿਲਾਫ, ੨੯ ਸਤੰਬਰ ੧੯੮੧ ਨੂੰ ਭਾਰਤੀ ਹਵਾਈ ਜਹਾਜ ਅਗਵ੍ਹਾ ਕਰਨ ਵਾਲੀ ਦਲ ਖਾਲਸਾ ਦੀ ਪੰਜ ਮੈਂਬਰੀ ਟੀਮ ਦੇ ਮੈਂਬਰ ਸ.ਸਤਿਨਾਮ ਸਿੰਘ ਪਾਂਉਟਾ ਸਾਹਿਬ ਵੱਲੋਂ ੭੨ ਘੰਟੇ ਭੁਖ ਹੜਤਾਲ ਤੇ ਬੈਠਣਾ ਵੀ ਚਰਚਾ ਦਾ ਵਿਸ਼ਾ ਬਣਿਆ। ਪਰ ਸਾਡਾ ਉਦੋਂ ਇਕੋ ਸਵਾਲ ਸੀ ਕਿ ਸ਼੍ਰੋਮਣੀ ਕਮੇਟੀ ਦੀ ਜ਼ਮੀਰ ਨੂੰ ਝੰਜੋੜਨ ਲਈ ਕੋਈ ਹੋਰ ਰਾਹ ਦੱਸ ਦਿਓ।ਸੋਚਿਆ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਕੋਈ ਅਹਿਸਾਸ ਹੋਵੇਗਾ ਤੇ ਉਹ ਸਾਡੇ ਪ੍ਰੋਗਰਾਮ ਤੋਂ ਪਹਿਲਾ ਹੀ ਕੋਈ ਰਾਹ ਲੱਭਣਗੇ ਪਰ……..। 
ਹੁਣ ਕੱਲ-ਪਰਸੋਂ ਤੋਂ ਬਾਦਲ ਦਲ ਨਾਲ ਸਹਿਮਤ ਫੈਡਰੇਸ਼ਨ ਪ੍ਰਧਾਨ ਸ.ਗੁਰਚਰਨ ਸਿੰਘ ਗਰੇਵਾਲ ਦੇ ਬਿਆਨ ਆ ਰਹੇ ਹਨ ਕਿ ਸ਼ਹੀਦੀ ਯਾਦਗਾਰ ਬਣਾਈ ਜਾਵੇ ।ਇਸ ਬਿਆਨਬਾਜ਼ੀ ਮਗਰੋਂ ਆਸ ਬਣੀ ਹੈ ਕਿ ਸ਼ਾਇਦ ਬਾਦਲ ਧਿਰ ਦੇ ਹੋਰ ਆਗੂ ਵੀ ਸ਼ਹੀਦੀ ਯਾਦਗਾਰ ਦੀ ਮੰਗ ਕਰਨਗੇ। ਭਾਵੇ ਉਹ ਇਹ ਕਿਸੇ ਨੀਤੀ ਵਿਚੋਂ ਹੀ ਕਰਨ ਪਰ ਸਾਨੂੰ ਖੁਸ਼ੀ ਹੈ ਕਿ ਹਰੇਕ ਸਿੱਖ ਇਹ ਤਾਂ ਮੰਨਦਾ ਹੈ ਕਿ ਸ਼ਹੀਦੀ ਯਾਦਗਾਰ ਹੋਣੀ ਹੀ ਚਾਹੀਦੀ  ਹੈ। ਅਸੀਂ ਤਾਂ ਸ਼ਹੀਦੀ ਯਾਦਗਾਰ ਦੇ ਹੱਕ ਵਿਚ ਆਵਾਜ ਬੁਲੰਦ ਕਰਨ ਵਾਲੇ ਹਰ ਸਿੱਖ ਦਾ ਸਵਾਗਤ ਹੀ ਕਰਾਂਗੇ।ਇਹ ਇਕ ਕੌਮੀ ਮਸਲਾ ਹੈ।ਵਿਚਾਰਧਾਰਕ ਵਖਰੇਵੇਂ ਆਪਣੀ ਥਾਂ ਹਨ ਪਰ ਸ਼ਹੀਦੀ ਯਾਦਗਾਰ ਬਣਨੀ ਜਰੂਰੀ ਹੈ। 
ਦਲ ਖਾਲਸਾ ਵਲੋਂ ਜੂਨ 84 ਦੇ ਸ਼ਹੀਦਾਂ ਦੀ ਇਕ ਡਾਇਰੈਕਟਰੀ ਕਰਵਾਈ ਗਈ ਸੀ ਤਾਂ ਮੈਨੂੰ ਇਨਾਂ ਯੋਧਿਆਂ ਦੇ ਘਰ-ਘਰ ਜਾਣ ਦਾ ਮੌਕਾ ਮਿਲਿਆਂ ਜਿਸਦੇ ਵੇਰਵੇ 15 ਮਈ ਨੂੰ ਆ ਰਹੀ ਕਿਤਾਬ,"ਜੁ ਲਰੈ ਦੀਨ ਕੇ ਹੇਤ" ਵਿਚ ਲਿਖ ਦਿਤੇ ਹਨ। ਹੁਣ ਉਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਹੀਏ ਕਿ ਆਓ ਸ਼ਹੀਦੀ ਯਾਦਗਾਰ ਲਈ ਸੰਘਰਸ਼ ਕਰੀਏ? 
ਪਤਾ ਨਹੀ ਬਾਦਲਕਿਆਂ ਨੂੰ ਕੀ ਡਰ ਹੈ? 8 ਨਵੰਬਰ 2009 ਨੂੰ ਬਾਦਲ ਸਾਹਬ ਕਹਿੰਦੇ ਜੀ ਨਵੰਬਰ 1984 ਦੇ ਕਤਲੇਆਮ ਦੀ ਦਿੱਲੀ ਵਿਚ ਯਾਦਗਾਰ ਉਸਾਰਾਂਗੇ। ਚਾਰ  ਮਾਰਚ 2011 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੋਂਦ-ਚਿੱਲੜ ਕਾਂਡ ਦੇ ਸਬੰਧ ਵਿਚ ਅਖੰਡ ਪਾਠ ਦੇ ਭੋਗ ਮੌਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਰਦੁਆਰਾ ਝੰਡਾ-ਬੁੰਗਾ ਸਾਹਿਬ ਵਿਖੇ ਕਹਿੰਦੇ ਜੀ,"ਹੋਦ-ਚਿੱਲੜ ਕਾਂਡ ਦੀ ਯਾਦਗਾਰ ਉਸਾਰਾਂਗੇ" ਦਲ ਖਾਲਸਾ ਦੇ ਸਿੰਘਾਂ ਤੇ ਭਾਈ ਮੋਹਕਮ ਸਿੰਘ ਨੇ ਝੱਟ ਕਿਹਾ ਕਿ ਪ੍ਰਧਾਨ ਸਾਹਿਬ ਜਿਹੜੇ ਇੱਥੇ ਸ਼ਹੀਦ ਹੋਏ ਨੇ ਉਨਾਂ ਦੀ ਯਾਦਗਾਰ ਕਦੋਂ ਬਣੂੰ ? 
ਖਾਲਸਾ ਜੀ,ਕੋਈ ਸਮਝ ਨਹੀ ਆਉਂਦੀ ਕਿ ਮਸਲਾ ਕਿਧਰ ਨੂੰ ਜਾਣਾ ਹੈ ਪਰ ਲੱਗਦਾ ਹੈ ਕਿ ਬਾਦਲ ਦਲ ਇਸ ਸ਼ਹੀਦੀ ਯਾਦਗਾਰ ਦੇ ਮੁੱਦੇ ਤੇ ਕੌਮ ਦਾ ਪੂਰਾ ਜ਼ੋਰ ਲਵਾਊਗਾ।ਹੱਟੀਂ-ਭੱਠੀ ਇਹੀ ਚਰਚਾ ਹੈ ਕਿ ਜੇ ਬਾਦਲ ਦਲ ਨੇ ਕਿਸੇ "ਆਪਣੇ ਬੰਦੇ" ਸਿਰ ਸੇਹਰਾ ਬੰਨਣਾ ਹੈ,ਬੰਨ੍ਹ ਲਵੇ ਪਰ ਸ਼ਹੀਦੀ ਯਾਦਗਾਰ ਦੇ ਨੀਹ ਪੱਥਰ ਰੱਖਣ ਦੀ ਤਰੀਕ ਦਾ ਐਲਾਨ ਤਾਂ ਕਰੇ।

No comments: