ਡਾਕਟਰ ਹਰਦੀਪ ਕੌਰ ਸੰਧੂ |
ਮੇਰਾ ਨਾਨਕਾ ਪਰਿਵਾਰ ਚੱਕ ਨੰਬਰ 52 ਤਹਿਸੀਲ ਸਮੁੰਦਰੀ ਜ਼ਿਲਾ ਲਾਇਲਪੁਰ ਵਿਖੇ ਰਹਿੰਦਾ ਸੀ | ਮੇਰੀ ਮਾਂ ਦਾ ਜਨਮ ਵੀ ਓਥੇ ਹੀ ਹੋਇਆ | ਮੇਰੇ ਨਾਨਾ ਜੀ ( ਸ. ਹਮੀਰ ਸਿੰਘ ਤੂਰ – 1915 -2005 ) ਨੇ ਬਡ਼ੀ ਮਿਹਨਤ ਨਾਲ ਖੋਜ ਕਰਕੇ ਪੰਜਾਬ ਦਾ ਇਤਿਹਾਸ ਲਿਖਿਆ ਸੀ | ਮੰਦਭਾਗੀਂ ਓਹ ਲਿਖਤਾਂ ਵੰਡ ਦੀ ਬਲੀ ਚਡ਼੍ਹ ਗਈਆਂ | ਜਦੋਂ ਪਿੰਡ ਛੱਡਣ ਵੇਲੇ ਕੁਝ ਜ਼ਰੂਰੀ ਸਮਾਨ ਹੀ ਗੱਡਿਆਂ ‘ਤੇ ਲੱਦਿਆ ਗਿਆ ਸੀ ….ਪਰ ਲੰਬਾ ਰਾਹ ਤੇ ਬੋਝ ਕਰਕੇ ਬਲਦ ਜਦ ਤੁਰਨ ਤੋਂ ਇਨਕਾਰੀ ਹੋ ਗਏ ਤਾਂ ਹੋਰ ਸਮਾਨ ਦੇ ਨਾਲ ਕਿਤਾਬਾਂ ਵੀ ਸੁੱਟ ਦਿੱਤੀਆਂ | ਜਿਸ ਦਾ ਬਾਪੁ ਜੀ ( ਮੇਰੇ ਨਾਨਾ ਜੀ) ਨੂੰ ਉਮਰ ਭਰ ਅਫ਼ਸੋਸ ਰਿਹਾ |
ਬਾਪੁ ਜੀ ਸਾਂਦਲ ਬਾਰ ਬਾਰੇ ਦੱਸਦੇ ਹੁੰਦੇ ਸੀ ਕਿ ਰਾਏ ਸਾਂਦਲ ਖਾਨ ਭੱਟੀ, ਦੁੱਲੇ ਭੱਟੀ ਦੇ ਦਾਦੇ ਦਾ ਨਾਂ ਸੀ ਜਿਸ ਕਰਕੇ ਇਹ ਦੁੱਲੇ ਦੀ ਬਾਰ ਵੀ ਕਿਹਾ ਜਾਂਦਾ ਸੀ | ” ਬਾਰ ” ਸ਼ਬਦ ਦਾ ਅਰਥ ਹੈ – ਓਹ ਜੰਗਲੀ ਇਲਾਕਾ ਜਿਥੇ ਖੇਤੀਬਾਡ਼ੀ ਕਰਨ ਦੇ ਕੋਈ ਸਾਧਨ ਨਹੀਂ ਸਨ ਜਿਵੇਂ ਪਾਣੀ ਨਾ ਹੋਣਾ ਆਦਿ | 1896 ਈ: ਵਿੱਚ ਪੰਜਾਬ ਦੇ ਓਦੋਂ ਦੇ ਗਵਰਨਰ ਸਰ ਜੇਮਜ਼ ਲਾਇਲ ਦੇ ਨਾਂ ‘ਤੇ ਇਸ ਦਾ ਨਾਂ ‘ਲਾਇਲਪੁਰ’ ਪੈ ਗਿਆ ਜੋ ਬਾਦ ਵਿੱਚ (1977 ਈ) ਸਾਉਦੀ ਅਰਬ ਦੇ ਬਾਦਸ਼ਾਹ ਫ਼ੈਸਲ ਬਿਨ ਅਬਦੁਲ ਅਜ਼ੀਜ਼ ਦੇ ਨਾਂ ਤੇ ਬਦਲਕੇ ਫੈਸਲਾਬਾਦ ਬਣ ਗਿਆ |
ਅੱਜ ਓਸੇ ਸਾਂਦਲ ਬਾਰ ਨੂੰ ਵੇਖਣ ਦੀ ਤਮੰਨਾ ਕਰਦੀ ਮੈਂ ਇਹ ਕਵਿਤਾ ਪੇਸ਼ ਕਰਨ ਲੱਗੀ ਹਾਂ …………..
ਸਾਂਦਲ ਬਾਰ
ਮੈਨੂੰ ਸਾਂਦਲ ਬਾਰ ਵਿਖਾਦੇ ਮਾਏ….. ਜਿਸ ਮਿੱਟੀ ਦੇ ਮਾਮੇ ਜਾਏ
ਨਾਨੇ ਨੇ ਜਿੱਥੇ ਹੱਲ ਵਾਹੇ
ਚੱਕ ਨੰ : 52 ਤਹਿਸੀਲ ਸਮੁੰਦਰੀ
ਲਾਇਲਪੁਰ ਜਿਸ ਨੂੰ ਸੱਦਣ ਸਾਰੇ
ਹੁਣ ਓਹ ਫੈਸਲਾਬਾਦ ਅਖਵਾਏ
ਮੈਨੂੰ ਸਾਂਦਲ ਬਾਰ ਵਿਖਾਦੇ ਮਾਏ ……
ਜਿਥੇ ਨਾਨੇ ਦਾ ਸੀ ਘਰ-ਬਾਰ
ਉਸਦਾ ਸੀ ਚੰਗਾ ਕਾਰੋਬਾਰ
ਜਦ ਲੀਡਰਾਂ ਨੇ ਵੰਡੀਆਂ ਪਾਈਆਂ
ਭੱਜ ਕੇ ਜਾਨਾਂ ਮਸਾਂ ਬਚਾਈਆਂ
ਭਰਿਆ -ਭਰਾਇਆ ਘਰ ਛੱਡ ਆਏ
ਮੈਨੂੰ ਸਾਂਦਲ ਬਾਰ ਵਿਖਾਦੇ ਮਾਏ ……
ਪਡ਼ਨਾਨੀ ਦੀ ਰੂਹ ਵੱਸਦੀ ਓਥੇ
ਮੁਡ਼ -ਮੁਡ਼ ‘ਬਾਰ’ ਦੀਆਂ ਗੱਲਾਂ ਦੱਸੇ
ਪਿੰਡ ਆਪਣੇ ਖੂਹ ਦਾ ਪਾਣੀ
ਪੀਣ ਨੂੰ ਤਰਸਦੀ ਤਰ ਗਈ ਓਹ
ਓਸ ਪਾਣੀ ਨਾਲ ਤੇਹ੍ਹ ਬੁੱਝਾ ਦੇ ਮਾਏ
ਮੈਨੂੰ ਸਾਂਦਲ ਬਾਰ ਵਿਖਾਦੇ ਮਾਏ …..
ਓਥੇ ਬਾਬੇ ਨਾਨਕ ਦਾ ਸੀ ਠਿਕਾਣਾ
ਹਾਂ ਓਥੇ ਤਾਂ ਆਪਣਾ ਨਨਕਾਣਾ
ਪਡ਼ਨਾਨੀ ਦੇ ਚੇਤਿਆਂ ‘ਚੋਂ
ਵਾਰ -ਵਾਰ ਮੈਂ ਤੱਕਿਆ ਓਹ
ਅੱਜ ਸੱਚੀਂ ਓਹੀ ਵਿਖਾਦੇ ਮਾਏ
ਮੈਨੂੰ ਸਾਂਦਲ ਬਾਰ ਵਿਖਾਦੇ ਮਾਏ ……
ਸੁਪਨੇ ਵਿੱਚ ਮੈਂ ਪਹੁੰਚ ਗਈ
ਸਾਂਦਲ ਬਾਰ ਦੀਆਂ ਜੂਹਾਂ ‘ਤੇ
ਜਿਥੇ ਪੈਣ ਛਣਕਾਟੇ ਗਲੀ -ਗਲੀ
ਵੇਖੀ ਲੱਗੀ ਰੌਣਕ ਖੂਹਾਂ ‘ਤੇ
ਜਿਥੇ ਨਿੱਕੀ ਹੁੰਦੀ ਤੂੰ ਖੇਡੀ ਮਾਏ
ਮੈਨੂੰ ਸਾਂਦਲ ਬਾਰ ਵਿਖਾਦੇ ਮਾਏ ……
--ਹਰਦੀਪ ਕੌਰ ਸੰਧੂ (ਬਰਨਾਲਾ)
ਤੁਸੀਂ ਇਸ ਕਵਿਤਾ ਸਮੇਤ ਡਾਕਟਰ ਸੰਧੂ ਦੀਆਂ ਹੋਰ ਬਹੁਤ ਸਾਰੀਆਂ ਰਚਨਾਵਾਂ ਵੀ ਪੜ੍ਹ ਸਕਦੇ ਹੋ ਇਥੇ ਕਲਿਕ ਕਰਕੇ. ਇਹ ਰਚਨਾ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਣਾ. ਇਸ ਬਾਰੇ ਵੀ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.-ਰੈਕਟਰ ਕਥੂਰੀਆ
4 comments:
ਕ੍ਥੁਰੀਆ ਸਾਹਿਬ ,
ਬਹੁਤ -ਬਹੁਤ ਧੰਨਵਾਦ !
ਤੁਸਾਂ ਨੇ ਆਵਦੇ ਕੀਮਤੀ ਵਕਤ 'ਚੋਂ ਕੁਝ ਸਮਾਂ ਪੰਜਾਬੀ ਵਿਹੜੇ ਦੇ ਲੇਖੇ ਲਾਇਆ !
ਤੁਸਾਂ ਨੇ ਇੱਕ ਵਾਰ ਫੇਰ ਪੰਜਾਬੀ ਵਿਹੜੇ ਦੀ ਚਰਚਾ ਪੰਜਾਬ ਸਕ੍ਰੀਨ ਤੇ ਕੀਤੀ !
ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਨੂੰ ਵੱਡਾ ਹੁਲਾਰਾ ਦਿੱਤਾ ਤੇ ਮੇਰਾ ਸੁਨੇਹਾ ਸਾਰੇ ਪੰਜਾਬੀਆਂ ਤੱਕ ਪਹੁੰਚਦਾ ਕੀਤਾ ਜਿਸ ਲਈ ਮੈਂ ਆਪ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ !
ਹਰਦੀਪ
http://punjabivehda.wordpress.com
ਡਾਕਟਰ ਸੰਧੂ ਪੰਜਾਬੀ ਬਲਾਗ ਬਲਾਗਿੰਕ ਵਿੱਚ ਇੱਕ ਉਘਾ ਨਾੰ ਹੈ. ਆਪਜੀ ਨੇ ਉਨਾੰ ਦਿਆੰ ਰਚਨਾਵਾੰ ਬਾਰੇ ਚਾਨਣਾ ਪਾਕੇ ਸਾੱਡੀ ਜਾਨਕਾਰੀ ਵਧਾਈ ਹੈ ਜਿਸ ਲਈ ਆਪ ਜੀ ਵਡਿਯਾਈ ਦੇ ਪਾੱਤਰ ਹਨ.
ਆਪ ਜਾ ਦਾ ਬਲਾਗ ਦੇਖ ਕੇ ਮਨ ਖੁਸ਼ ਹੋਆ. ਮੈੰ ਇੱਥੇ ਫੇਰ ਆਊਣਾ ਚਾਹਾੰਗਾ. ਮੇਰਿਯਾੰ ਸਪੈਲਿੰਗ ਗਲਤਿਆੰ ਮਾਫ਼ ਰੱਖਣਾ.
अपनी जड़ों की तलाश आदमी कितनी शिद्दत से करता है , डॉ हरदीप कौर सन्धु का दिया मार्मिक विवरण , उस पर मार्मिक कविता और आपने ਸਾਂਦਲ ਬਾਰ को अमर कर दिया । आज के साहित्य में जो बातें छूटतiि जा रही हैं , समय-समय पर हरदीप जी उनकी याद दिलाती रहती हैं। आप सबका बहुत धन्यवाद
a really nice poem, the way you have expressed your emotions,the pain of separation and desire to see the separated homes came out by own. its wonderfull, keep writting like this. only few gifted souls like you have the art to express emotions in such a way.
Post a Comment