Sunday, May 22, 2011

ਸ਼ਹੀਦੀ ਯਾਦਗਾਰ ਲਾਜ਼ਮੀ ਬਣੇਗੀ ਅਤੇ ਬਣਾਉਣਗੇ ਵੀ ਉਹੀ ਅਕਾਲੀ

ਜੂਨ-84 ਨੂੰ ਲੈ ਕੇ ਸ਼ਹੀਦੀ ਯਾਦਗਾਰ ਬਣਾਉਣ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ. ਕਈ ਵਾਰ ਮਨ ਵਿੱਚ ਖਿਆਲ ਆਉਂਦਾ ਹੈ ਕੀ ਜੇਕਰ ਇਹੀ ਯਾਦਗਾਰ ਕੇਂਦਰ ਸਰਕਾਰ ਨੇ ਬਣਾਉਣੀ ਹੁੰਦੀ ਤਾਂ ਸਿੱਖ ਜਗਤ ਦੇ ਰੋਸ ਦਾ ਰੂਪ ਸਰੂਪ ਕੁਝ ਹੋਰ ਹੀ ਹੋਣਾ ਸੀ. ਹੁਣ ਇਹ ਸਭ ਕੁਝ ਖੁਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਗਠਨਾਂ ਦੇ ਹੱਥ ਵਿੱਚ ਹੈ. ਜਦ ਵੀ ਜੂਨ-84 ਦੀ ਯਾਦਗਾਰ ਬਣਾਉਣ ਵਾਲੀ ਗੱਲ ਚਲਦੀ ਹੈ ਤਾਂ ਯਾਦ ਆ ਜਾਂਦਾ ਹੈ ਦਰਬਾਰ ਸਾਹਿਬ ਦੇ ਐਨ ਨੇੜੇ ਬਣਿਆ ਜਲਿਆਂਵਾਲਾ ਬਾਗ ਜਿੱਥੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਸ਼ੀਸ਼ੇ ਵਿੱਚ ਸੰਭਾਲੇ ਪਏ ਹਨ. ਸ਼ਾਇਦ ਓਹ ਨਿਸ਼ਾਨ ਏਸ ਕਰਕੇ ਸੰਭਾਲੇ ਗਏ ਕਿ ਓਥੇ ਸ਼ਹੀਦ ਊਧਮ ਸਿੰਘ ਵਾਲੀ ਸੋਚ ਦੇ ਵਾਰਸਾਂ ਦਾ ਜੋਰ ਸੀ ਤੇ ਇਥੇ ਸ਼ਾਇਦ ਉਸ ਸੋਚ ਵਾਲਿਆਂ ਦਾ ਜੋਰ ਹੈ ਜਿਸਦੇ ਤਹਿਤ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਅਤੇ ਉਸਦੀਆਂ ਤਾਰੀਫਾਂ ਦੇ ਪੁਲ ਬੰਨੇ ਗਏ ਸਨ. ਜੂਨ-84 ਲਈ ਕੌਣ ਜਿੰਮੇਵਾਰ ਸੀ ਅਤੇ ਉਸ ਕਾਰਵਾਈ ਵਿੱਚ ਜਾਨਾਂ ਦੇਣ ਵਾਲੇ ਕਿਸ ਧਿਰ ਲਈ ਸ਼ਹੀਦ ਹਨ ਅਤੇ ਕਿਸ ਧਿਰ ਲਈ ਅੱਤਵਾਦੀ ਇਹ ਇੱਕ ਵੱਖਰੀ ਬਹਿਸ ਦਾ ਵਿਸ਼ਾ ਹੋ ਸਕਦਾ ਹੈ ਫਿਲਹਾਲ ਇਮਤਿਹਾਨ ਉਹਨਾਂ ਲਈ ਹੈ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਵੀ ਮੰਨਦੇ ਹਨ ਅਤੇ ਉਹਨਾਂ ਦੀ ਯਾਦਗਾਰ ਬਣਾਉਣ ਤੋਂ ਵੀ ਆਨੇ ਬਹਾਨੇ ਪਿਛੇ ਹਟਦੇ ਆ ਰਹੇ ਹਨ.ਆਖਿਰ ਬਲਿਊ ਸਟਾਰ ਅਪ੍ਰੇਸ਼ਨ ਲਈ ਕੌਣ ਜਿੰਮੇਵਾਰ ਸਨ / ਕੀ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ? ਕੀ ਸਿਰਫ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ? ਕੀ ਸਿਰਫ ਕੇਂਦਰ ਸਰਕਾਰ ? ਗੱਲ ਦਰਬਾਰ ਸਾਹਿਬ ਦੇ ਖਿਲਾਫ਼ ਸ਼ਕਤੀ ਵਰਤਣ ਦੀ ਛਿਦੇਗੀ ਤਾਂ ਆਪ੍ਰੇਸ਼ਨ ਬਲੈਕ ਥੰਡਰ ਦੀ ਵੀ ਗੱਲ ਕਰਨੀ ਪੇਗੀ ਅਤੇ ਇਸ ਕਾਰਵਾਈ ਲਈ ਜਿੰਮੇਵਾਰ ਅਕਾਲੀ ਸਰਕਾਰ ਦੀ ਵੀ ? ਇਹਨਾਂ ਪੁਰਾਣੀਆਂ ਦੁਖਦਾਈ ਗੱਲਾਂ ਨੂੰ ਛੇਦਨ ਦਾ ਮਕਸਦ ਸਿਰਫ ਉਹਨਾਂ ਹਾਲਾਤਾਂ ਅਤੇ ਚਿਹਰਿਆਂ ਨੂੰ ਬੇਨਕਾਬ ਕਰਨਾ ਹੈ ਜਿਹੜੇ ਆਏ ਦਿਨ ਸਿੱਖ ਪੰਥ ਲਈ ਏਹੇ ਜਿਹੇ ਹਾਲਾਤ ਸਿਰਜਦੇ ਆਏ ਹਨ    ਜਿਹਨਾਂ ਹਾਲਾਤਾਂ ਵਿਚ ਬਸ ਅੰਨਾ ਜੋਸ਼ ਹੋਵੇ ਤੇ ਹੋਸ਼ ਬਿਲਕੁਲ ਗੁਆਚ ਜਾਵੇ. ਇਸ ਸਬੰਧ ਵਿੱਚ ਸਰਬਜੀਤ ਸਿੰਘ ਘੁਮਾਣ ਹੁਰਾਂ ਦੀ ਲਿਖਤ ਕਾਫੀ ਕੁਝ ਆਖ ਰਹੀ ਹੈ ਅਤੇ ਬੜੇ ਹੀ ਸਾਫ਼ ਸਾਫ਼ ਸ਼ਬਦਾਂ ਵਿੱਚ. ਹੋ ਸਕਦਾ ਹੈ ਸਾਰੇ ਚਿਹਰੇ ਇਸ ਲਿਖਤ ਵਿੱਚ ਵੀ ਬੇਨਕਾਬ ਨਾ ਹੋ ਸਕੇ ਹੋਣ ਸੋ  ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਜ਼ਰੂਰ ਦੱਸੋ. -ਰੈਕਟਰ ਕਥੂਰੀਆ.          
ਭੁਲਾ ਦੇਣ ਦੀ ਜਿੱਦ ਅਤੇ ਯਾਦ ਰੱਖਣ ਦਾ ਹੱਠ // ਸਰਬਜੀਤ ਸਿੰਘ ਘੁਮਾਣ
ਭਾਰਤੀ ਹਕੂਮਤ ਦਾ ਜੋਰ ਲੱਗਿਆ ਹੈ ਕਿ ਸਿੱਖਾਂ ਉਤੇ ਜੋ ਜ਼ਬਰ-ਜ਼ੁਲਮ ਕੀਤੇ ਹਨ,ਉਨਾਂ ਦੀ ਕੋਈ ਵੀ ਨਿਸ਼ਾਨੀ ਰਹਿਣ ਨਹੀ ਦੇਣੀ ਪਰ ਸਿੱਖ ਕੌਮ ਨੇ ਤਹੱਈਆ ਕੀਤਾ ਹੈ ਕਿ"ਨਾ ਭੁੱਲੇ ਹਾਂ ,ਨਾ ਭੁੱਲਾਂਗੇ ਤੇ ਨਾ ਹੀ ਭੁੱਲਣ ਦਿਆਂਗੇ"।ਇਹ ਸਿੱਧਮ-ਸਿੱਧੀ ਟੱਕਰ ਹੈ। ਜਾਗਦੀ ਜ਼ਮੀਰ ਵਾਲੇ ਹਰ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ।ਭਿੰਡਰਾਂਵਾਲੇ ਸੰਤਾਂ ਦੀਆਂ ਫੋਟੋਆਂ ਆਪਣੇ ਘਰਾਂ,ਦਫਤਰਾਂ,ਗੱਡੀਆਂ-ਮੋਟਰਾਂ ਤੇ ਮੋਬਾਈਲਾਂ ਵਿੱਚ ਲਾਈ ਫਿਰਦੇ ਲੋਕ ਕੀ ਸੁਨੇਹਾ ਦੇ ਰਹੇ ਹਨ?ਜੁਝਾਰੂਆਂ ਦੀਆਂ ਲਿਖਤਾਂ ਪੜ੍ਹਨ ਵਾਲੇ,ਸੰਘਰਸ਼ਸੀਲ ਵਾਰਾਂ ਤੇ ਗੀਤ ਸੁਨਣ ਵਾਲੇ ਕੀ ਕਹਿੰਦੇ ਹਨ?ਖਾਲਿਸਤਾਨੀ ਜਥੇਬੰਦੀਆਂ ਦੇ ਪ੍ਰੋਗਰਾਮਾਂ ਲਈ ਜਰੂਰੀ ਪਰਿਵਾਰਕ ਰੁਝੇਵੇਂ ਛੱਡਣ ਵਾਲੇ ਕੀ ਅਹਿਸਾਸ ਕਰਵਾਂਉਦੇ ਹਨ?ਇਹ ਸਭ ਕੁਝ ਸਿੱਖਾਂ ਦੀ ਯਾਦ ਰੱਖਣ ਦੀ ਜਿੱਦ ਹੈ।ਸਿੱਖ ਜਾਣਦੇ ਹਨ ਕਿ 1984  ਦੀ 1 ਜੂਨ ਤੋਂ ੬ ਜੂਨ ਤੱਕ ਭਾਰਤੀ ਹਕੂਮਤ ਨੇ ਜੋ ਤਬਾਹੀ ਮਚਾਈ ,ਉਸ ਮਗਰੋਂ ਸਿੱਖਾਂ ਦਾ ਰਿਸ਼ਤਾ ਭਾਰਤ ਨਾਲੋਂ ਸਦਾ ਸਦਾ ਲਈ ਟੁੱਟ ਗਿਆ। ਸਿੱਖ ਜਾਣਦੇ ਹਨ ਕਿ੧੯੮੪ ਉਹ ਵਰ੍ਹਾ ਹੈ ਜਿਸਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ।ਉਸ ਵਰ੍ਹੇ ਦੀ ਲਾਈ ਅੱਗ ਜਦ ਵੀ ਮੱਠੀ ਪੈਣ ਲੱਗੇ ਤਾਂ ਕੌਮੀ ਆਜਾਦੀ ਦੇ ਦੀਵਾਨੇ ਹੋਰ ਤਾਅ ਦੇ ਦਿੰਦੇ ਹਨ।
ਭਾਰਤੀ ਨਿਜ਼ਾਮ ਜਾਣਦਾ ਹੈ ਕਿ ਜੇ ਸਿੱਖਾਂ ਨੂੰ ਸਭ ਕੁਝ ਯਾਦ ਰਿਹਾ ਤਾਂ ਸਿੱਖ ਸਿਰਾਂ ਉਤੇ ਕੱਫ਼ਨ ਬੰਨ੍ਹਕੇ ਨਿੱਤਰਦੇ ਰਹਿਣਗੇ ,ਸਿੱਖ ਬਦਲੇ ਲੈਣਗੇ,ਸਿੱਖ ਕੌਮੀ ਦੁਸ਼ਮਣਾਂ ਨੂੰ ਸਜਾਵਾਂ ਦੇਣਗੇ,ਸਿੱਖ ਮਰਨਗੇ-ਮਾਰਨਗੇ ਤੇ ਸਿੱਖ ਆਜਾਦ ਹੋ ਜਾਣਗੇ।
ਇਸੇ ਕਰਕੇ ਭਾਰਤੀ ਨਿਜ਼ਾਮ ਸਿੱਖਾਂ ਦੀ ਯਾਦਦਾਸਤ ਵਿੱਚੋਂ ਸਭ ਕੁੱਝ  ਭੁਲਾ ਸੁੱਟਣ ਦੀ ਜਿਦ ਫੜੀ ਬੈਠਾ ਹੈ।ਸਾਡੇ ਯੋਧਿਆਂ ਨੂੰ ਦਹਿਸ਼ਤਗਰਦ ਤੇ ਅੱਤਵਾਦੀ ਦੱਸਿਆ ਜਾ ਰਿਹਾ ਹੈ।ਦਮਦਮੀ ਟਕਸਾਲ ,ਅਖੰਡ ਕੀਰਤਨੀ ਜਥੇ ਅਤੇ ਹੋਰ ਪੰਥਕ ਸੰਸਥਾਵਾਂ  ਨੂੰ ਬਦਨਾਮ ਕਰਕੇ ਸਿੱਖਾਂ ਅੰਦਰ ਇਨਾਂ ਦਾ ਸਤਿਕਾਰ ਮਾਰਨ ਦੀ ਕੋਸ਼ਿਸ ਹੋ ਰਹੀ ਹੈਤਾਂਕਿ ਸਿੱਖ ਆਪਣੀਆਂ ਮਹਾਨ ਸੰਸਥਾਵਾਂ ਨੂੰ ਆਪ ਹੀ ਭੰਡਦੇ ਫਿਰਨ।ਕਿਤਾਬਾਂ ਵਿੱਚ ਗਲਤ ਜਾਣਕਾਰੀ ਛਾਪਕੇ ਸਿੱਖ ਇਤਿਹਾਸ ਨੂੰ ਗੰਧਲਾ ਕੀਤਾ ਜਾ ਰਿਹਾ ਹੈ।ਗੁਰੂ ਗ੍ਰੰਥ ਸਾਹਿਬ ਬਾਰੇ ਭਰਮ-ਭੁਲੇਖੇ ਖੜ੍ਹੇ ਕੀਤੇ ਜਾ ਰਹੇ ਹਨ।ਗੋਲ਼ ਦਸਤਾਰ ਤੇ ਚੋਲ਼ੇ ਵਾਲਾ ਜਿਹੜਾ ਬਾਣਾ ਸ਼ੁਰੂ ਤੋਂ ਹੀ ਪੰਥ ਵਿੱਚ ਪ੍ਰਵਾਨ ਰਿਹਾ ਹੈ,ਉਸਨੂੰ ਭੰਡਿਆ ਜਾ ਰਿਹਾ ਹੈ। ਹਰ ਚੋਲ਼ੇ ਤੇ ਗੋਲ਼ ਦਸਤਾਰ ਵਾਲ਼ਾ ਦਿੱਲੀ ਨੂੰ ਸ਼ੰਤ ਜਰਨੈਲ਼ ਸਿੰਘ ਭਿੰਡਰਾਂਵਾਲਾ ਦਿਖਦਾ ਹੈ, ਭਾਈ ਸੁਖਦੇਵ ਸਿੰਘ ਬੱਬਰ ਜਾਂ ਉਹੋ ਜਿਹਾ ਕੋਈ ਹੋਰ ਦਿਖਦਾ ਹੈ। ਇਹ ਸਭ ਕੁਝ ਭੁਲਾ ਦੇਣ ਲਈ ਕਰੋੜਾਂ ਰੁਪਈਏ ਖਰਚੇ ਜਾ ਰਹੇ ਹਨ। ਇਹ ਭੁਲਾਕੇ ਇਹਦੀ ਫਿਲਮੀ ਹੀਰੋ,ਗਾਂਧੀ,ਨਹਿਰੂ ਤੇ ਹੋਰ ਅੱਲ-ਬਲੱਲ ਭਰਨ ਦੀ ਕਵਾਇਦ ਚੱਲ ਰਹੀ ਹੈ।
ਪਰ ਸਿੱਖ ਨੌਜਵਾਨਾਂ ਨੂੰ ਨਸ਼ੇ ਤੇ ਪਤਿਤਪੁਣੇ ਵਿੱਚ ਗਰਕ ਹੁੰਦ ਦੇਖਕੇ ਖੁਸ਼ੀਆਂ ਮਨਾਉਣ ਵਾਲੇ ਉਦੋਂ ਹੈਰਾਨ-ਪ੍ਰੇਸ਼ਾਨ ਹੋ ਜਾਂਦੇ ਹਨ ਜਦ ਇਹੀ ਨੌਜਵਾਨ, ਖਾਲਸੇ ਬਣਕੇ ਕੌਮੀ ਸੰਘਰਸ਼ ਦਾ ਹਿੱਸਾ ਬਣ ਜਾਂਦੇ ਹਨ।ਦੇਹਧਾਰੀ ਗੁਰੂਡੰਮ ਦੀ ਕਰਤੂਤ ਨੰਗੀ ਹੋਣ ਸਾਰ ਫਿਰ ਗੁਰੂ-ਘਰ ਦੀ ਸ਼ਰਨ ਪੈਂਦਿਆਂ ਨੂੰ ਦੇਖਕੇ ਵੈਰੀ ਸਿਰ ਫੜਕੇ ਬਹਿ ਜਾਂਦਾ ਹੈ।ਦੁਸ਼ਮਣ ਸੋਚੀਂ ਪਿਆ ਹੋਇਆ ਹੈ ਕਿ ਇਨ੍ਹਾਂ ਨੂੰ ਕਿਵੇਂ ਸਭ ਕੁਝ ਭੁਲਾ ਦਿਆਂ।ਖਾਸ ਕਰਕੇ ਇਹ ਭਿੰਡਰਾਂਵਾਲੇ ਨੂੰ ਕਿਵੇਂ ਭੁੱਲਣਗੇ? ੧੯੮੪ ਨੂੰ ਕਿਵੇਂ ਭੁਲੱਣਗੇ?ਕੋਈ ਰਾਹ ਨਹੀ ਲੱਭਦਾ।
ਦੁਸ਼ਮਣ ਨੇ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਇਮਾਰਤ ਬਣਾਕੇ ਸੋਚਿਆ ਕਿ ਸ਼ਾਇਦ ਸਿਖ 1984 ਨੂੰ ਭੁੱਲ ਜਾਣਗੇ।ਫਿਰ ਦਰਬਾਰ ਸਾਹਿਬ ਦੀਆਂ ਕੰਧਾਂ ਤੋਂ ਗੋਲ਼ੀਆਂ ਦੇ ਨਿਸ਼ਾਨ ਮਿਟਾਕੇ ਇਹੀ ਸੋਚਿਆ।ਫਿਰ ਸੰਤਾਂ ਤੇ ਸੰਘਰਸ਼ ਖਿਲਾਫ ਪ੍ਰਾਪੇਗੰਡੇ ਨਾਲ ਸੋਚਿਆ ਕਿ ਭੁੱਲ ਜਾਣਗੇ ਪਰ ਗੱਲ ਨਾ ਬਣਨੀ ਸੀ ਨਾ ਬਣੀ।
ਸਿੱਖਾਂ ਨੇ ਭੁੱਲਣਾ ਤਾਂ ਕੀ ਸੀ ਹਰ ਲੰਘਦਾ ਦਿਨ ਯਾਦ ਨੂੰ ਹੋਰ ਗੂੜ੍ਹਾ ਕਰੀ ਜਾ ਰਿਹਾ ਹੈ। ਜਿਸ ਦਿਨ ਅਕਾਲੀਆਂ ਨੇ ਰੋਂਦਿਆਂ-ਪਿਟਦਿਆਂ ਨੇ ਅਜਾਇਬ ਘਰ ਵਿੱਚ ਸੰਤਾਂ ਦੀ ਫੋਟੋ ਲਾਈ ਸੀ, ਦਿੱਲੀ ਬੜਾ ਪਿੱਟੀ ਸੀ। ਉਹਨੂੰ ਲੱਗੇ ਜਿਵੇਂ ਸੰਤ ਦੁਬਾਰਾ ਦਰਬਾਰ ਸਾਹਿਬ ਆ ਗਏ ਹਨ। ਹੁਣ 1984 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ ਬਣਾਉਣ ਦੀ ਗੱਲ ਹੈ। ਭਾਰਤੀ ਨਿਜ਼ਾਮ ਨੂੰ ਇਹ ਮਨਜ਼ੂਰ ਨਹੀਂ। ਇਹ ਤਾਂ ਉਨਾਂ ਦੀ ਸਾਰੀ ਮਿਹਨਤ ਉਤੇ ਪਾਣੀ ਪੈਣ ਵਾਲੀ ਗੱਲ ਹੈ।
ਅਕਾਲੀਆਂ ਨੂੰ ਮੂਹਰੇ ਲਾਕੇ ਹਕੂਮਤ ਨੇ ਦਰਬਾਰ ਸਾਹਿਬ ਦੇ ਹਮਲੇ ਦੀ ਹਰ ਨਿਸ਼ਾਨੀ ਮਿਟਾ ਛੱਡੀ,ਉਹ ਸ਼ਹੀਦੀ ਯਾਦਗਾਰ ਕਿਵੇਂ ਬਰਦਾਸ਼ਤ ਕਰ ਲਵੇਗੀ? ਦਰਬਾਰ ਸਾਹਿਬ ਕੰਪਲੈਕਸ  ਵਿਚਲੀ ਹਰ ਉਹ ਚੀਜ ਮਿਟਾਈ ਜਾ ਰਹੀ ਹੈ ਜਿਸਦਾ ਸਬੰਧ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਰਿਹਾ ਹੈ ਜਿਵੇਂ ਹੁਣ ਲੰਗਰ ਹਾਲ ਦੀ ਬਿਲਡਿੰਗ ਬਾਰੇ ਗੱਲ ਕੀਤੀ ਜਾ ਰਹੀ ਹੈ ਕਿਓਂਕਿ ਸੰਤ ਉਥੇ ਬੈਠਕੇ ਸੰਗਤਾਂ ਨਾਲ਼ ਵਿਚਾਰਾਂ ਕਰਦੇ ਹੁੰਦੇ ਸਨ। ਅੱਜ ਦਰਬਾਰ ਸਾਹਿਬ ਕੰਲਪੈਕਸ ਵਿਚ ਇਕ ਨਿਕੀ ਜਿਹੀ ਵੀ ਨਿਸ਼ਾਨੀ ਨਾ ਰਹਿਣ ਦੇਣ ਦੀ ਵਿਉਂਤ ਬਣਾਈ ਗਈ ਹੈ ਤੇ ਇਸ ਮੌਕੇ ਅਸੀਂ ਸ਼ਹੀਦੀ ਯਾਦਗਾਰ ਦੀ ਗੱਲ ਕਰਦੇ ਹਾਂ!
ਪਰ ਸ਼ਹੀਦਾਂ ਦੇ ਲਹੂ ਦੀ ਬਲਸ਼ਾਲੀ ਤਾਕਤ ਸਭ ਕੁਝ ਉੱਤੇ ਭਾਰੂ ਹੈ ਤੇ ਸ਼ਹੀਦੀ ਯਾਦਗਾਰ ਲਾਜ਼ਮੀ ਬਣੇਗੀ ਅਤੇ ਬਣਾਉਣਗੇ ਵੀ ਉਹੀ ਅਕਾਲੀ ਜੋ ਇਸ ਯਾਦਗਾਰ ਦੇ ਢਿੱਡੋਂ ਵੈਰੀ ਹਨ। ਇਹ ਹੈ ਕਲਾ ਕਲਗੀਆਂ ਵਾਲੇ ਦੀ। ਸੰਤਾਂ ਦੀ ਫੋਟੋ ਨਾ ਲਾਉਣ ਲਈ ਵੀ ਬੜੀ ਜਿਦ ਕੀਤੀ ਸੀ ਇਨਾਂ ਨੇ,ਪਰ ਇਹ ਸ਼ਹੀਦਾਂ ਦੀ ਆਪਣੀ ਤਾਕਤ ਸੀ ਕਿ ਫਿਰ ਅੱਧੀ ਰਾਤ ਨੂੰ ਚੋਰਾਂ ਵਾਂਗੂੰ ਭੱਜੇ ਫਿਰਦੇ ਸੀ,ਅਜਾਇਬ ਘਰ ਵਿਚ ਫੋਟੋ ਲਾਉਣ ਨੂੰ। ਹੁਣ ਵੀ ਜਿਦਣ ਪੰਥ ਨਿਤਰਿਆ ਤਾਂ ਇਹਨਾਂ ਨੇ ਮਹਿਤੇ ਵਾਲਿਆਂ ਨੂੰ ਲਿਆਕੇ ਨੀਂਹ-ਪੱਥਰ ਰਖਵਾ ਦੇਣਾ ਹੈ। ਸਾਡੇ ਵੱਲੋਂ ਨੀਹਪੱਥਰ ਜਿਹੜਾ ਮਰਜ਼ੀ ਰੱਖੇ ਪਰ ਯਾਦਗਾਰ ਬਣੇ। ਤੇ ਅਸੀ ਇਸ ਮੁਦੇ ਤੇ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀ।
ਭਾਰਤੀ ਨਿਜ਼ਾਮ ਲੱਖ ਕੋਸ਼ਿਸ਼ਾਂ ਕਰੇ,ਕਿਸੇ ਨੇ ਨਹੀ ਭੁੱਲਣਾ। ਹਰ ਇਕ ਤਾਂ ਰਟੀ ਫਿਰਦਾ ਹੈ,"ਨੈਵਰ ਫਾਰਗੈਟ1984"."ਕਦੇ ਨਾ ਭੁਲੋ 1984"
ਨਜਾਇਜ਼ ਝੂਠ ਬੋਲ ਕੇ ਕੌਮ ਦਾ ਨੁਕਸਾਨ ਕੀਤਾ ਗਿਆ.
ਸਰਬਜੀਤ ਸਿੰਘ ਘੁਮਾਣ ਨੇ ਇਹ ਵੀ ਕਿਹਾ ਕਿ ਦਰਬਾਰ ਸਾਹਿਬ ਕੰਪਲੈਕਸ ਵਿਖੇ ਹਰ ਕੰਮ ਸ਼੍ਰੋਮਣੀ ਕਮੇਟੀ ਨੇ ਹੀ ਕਰਨਾ ਹੈ, ਜੇ ਨਾ ਕੀਤਾ ਤਾਂ ਪੰਥਕ ਬਲ ਦੇ ਸਹਾਰੇ ਹੋ ਸਕਦਾ ਹੈ ਕਿ ਸ਼ਹੀਦੀ ਯਾਦਗਾਰ ਵੀ ਅਕਾਲ ਤਖਤ ਸਾਹਿਬ ਦੀ ਇਮਾਰਤ ਵਾਂਗ ਪੰਥ ਨੂੰ ਹੀ ਉਸਾਰਨੀ ਪਵੇ ਪਰ ਇਸ ਲਈ ਸਿੱਖ ਸੰਗਤਾਂ ਵਿਚ ਅਜੇ ਉਨੀ ਜਾਗਰਤੀ ਨਹੀ ਹੈ।.ਹਾਂ ਹਰ ਵਾਰ ਗੱਲ ਕਰਨ ਨਾਲ ਮੁਦਾ ਉਭਰ ਜਰੂਰ ਗਿਆਂ ਹੈ ਨਹੀ ਤਾਂ ਜਦ ਅਸੀਂ 2003 ਵਿਚ ਜਥੇਦਾਰ ਟੌਹੜੇ ਕੋਲ ਗਏ ਸੀ ਤਾਂ ਕਿਸੇ ਅਖਬਾਰ ਨੇ ਖਬਰ ਵੀ ਨ੍ਹੀ ਸੀ ਲਾਈ।
ਖੈਰ ਜੇ 1984 ਤੋਂ ਫੌਰਨ ਬਾਦ ਸ਼ੰਤਾਂ ਦੀ ਸ਼ਹਾਦਤ ਪਰਵਾਨ ਕਰ ਲਈ ਜਾਂਦੀ ਤਾਂ 1991-92 ਤੱਕ ਆਪਣੀ ਧਿਰ ਦਾ ਬੋਲਬਾਲਾ ਰਿਹਾ ਹੈ ਸ਼ਹੀਦੀ ਯਾਦਗਾਰ ਬਣਾਈ ਜਾ ਸਕਦੀ ਸੀ ਪਰ ਨਜਾਇਜ ਝੂਠ ਬੋਲਕੇ ਕੌਮ ਦਾ ਨੁਕਸਾਨ ਕੀਤਾ ਗਿਆਂ। ਹੁਣ ਗੱਲ ਪੈਸੇ ਦੀ ਨਹੀ। ਗੁਰੂ ਕੇ ਸਿੰਘ ਤਾਂ ਇਕੱਲੇ-ਇਕੱਲੇ ਹੀ ਸੇਵਾ ਕਰ ਦੇਣਗੇ ਪਰ ਕਈ ਮੁਸ਼ਕਲਾ ਨੇ ਜੋ ਸੁਲਝਾਉਣੀਆਂ ਜ਼ਰੂਰੀ ਹਨ। ਪਰ ਆਪਾਂ ਸਾਰੇ ਇਸ ਮੁਦੇ ਤੇ ਕੌਮ ਅੰਦਰ ਲਾਮਬੰਦੀ ਕਰੀਏ ਤਾਂ ਜ਼ਰੂਰ ਮਸਲਾ ਹੱਲ ਹੋ ਸਕਦਾ ਹੈ।
--ਸਰਬਜੀਤ ਸਿੰਘ ਘੁਮਾਣ
              # # #
ਤੁਸੀਂ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ. ਜੇ ਤੁਸੀਂ ਇਹਨਾਂ ਵਿਚਾਰਾਂ ਨਾਲ ਸਹਿਮਤ ਨਾਂ ਵੀ ਹੋਏ ਤਾਂ ਵੀ ਉਹਨਾਂ ਨੂੰ ਥਾਂ ਜ਼ਰੂਰ ਦਿੱਤੀ ਜਾਵੇਗੀ.---ਰੈਕਟਰ ਕਥੂਰੀਆ    
# # #

No comments: