Tuesday, February 15, 2011

ਅਸਲ ਵਿੱਚ ਇਹ ਲਕੀਰ ਕਦੇ ਮਿਟੀ ਹੀ ਨਹੀਂ..!

ਲੋਕ ਰਾਜ 
ਕਵਿਤਾ ਦੇ ਖੇਤਰ ਵਿੱਚ ਆਪਣੀ ਵਖਰੀ ਪਛਾਣ ਰੱਖਣ ਵਾਲੇ ਲੋਕ ਰਾਜ ਵਾਰਤਕ ਵਿੱਚ ਵੀ ਪੂਰੀ ਪਕੜ ਰੱਖਦੇ ਹਨ. ਆਪਣੀ ਗੱਲ ਨੂੰ ਸਿਧਾਂਤ ਅਤੇ ਦਲੀਲ ਨਾਲ ਪੂਰੇ ਸਪਸ਼ਟ ਨਜ਼ਰੀਏ ਨਾਲ ਰੱਖਣ ਦੀ ਕਲਾ ਵਿੱਚ ਉਹਨਾਂ ਨੂੰ ਪੂਰੀ ਮੁਹਾਰਤ ਹਾਸਿਲ ਹੈ. ਬਹੁਤ ਸਾਰੇ ਹੋਰਨਾਂ ਲੋਕਾਂ ਦੀ ਤਰਾਂ ਮੈਂ ਵੀ ਉਹਨਾਂ ਦੀਆਂ ਲਿਖਤਾਂ ਦਾ ਕਾਇਲ ਹਾਂ ਕਿਓੰਕੀ ਉਹਨਾਂ ਵਿੱਚ ਸਚ ਵੀ ਹੁੰਦਾ ਹੈ ਅਤੇ ਉਸ ਸਚ ਨੂੰ ਬੋਲਣ ਵਾਲਾ ਖੂਬਸੂਰਤ ਅੰਦਾਜ਼  ਵੀ. ਉਹਨਾਂ ਨੇ ਪੰਜਾਬ ਸਕਰੀਨ ਦੀ ਇੱਕ ਪੋਸਟ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਫੇਸਬੁਕ ਦੇ ਸਰਗਰਮੀ ਨਾਲ ਚੱਲ ਰਹੇ ਇੱਕ ਗਰੁੱਪ ਵਿੱਚ ਲਿਖਿਆ ਹੈ," ਕਥੂਰੀਆ ਜੀ, ਗੱਡੇ ਮੁਰਦੇ ਨਾ ਉਖਾੜੋ..ਲੋਕ ਹੁਣ ਸਾਂਝ ਦੀ ਕੋਈ ਗੱਲ ਸੁਣਨਾ ਹੀ ਨਹੀਉਂ ਚਾਹੁੰਦੇ...1982 ਵਿਚ SYL ਦੇ ਖਿਲਾਫ਼ ਸਾਂਝਾ ਮੋਰਚਾ (ਕਪੂਰੀ ਮੋਰਚਾ) ਲੱਗਿਆ ਸੀ ਜੋ ਸ਼ਾਇਦ ਇਸ ਸਾਂਝ ਦੀ ਆਖਰੀ ਕੜੀ ਵੀ ਸੀ। ਤੁਹਾਨੂੰ ਤਾਂ ਯਾਦ ਹੋਵੇਗਾ, ਸਰਕਾਰ ਕੋਲ ਜੇਲ੍ਹਾ ਘਟ ਗਈਆਂ ਸਨ ਜਦੋਂ ਲਖਾਂ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸਨ ......ਉਸੇ ਮੋਰਚੇ ਨੂ ਤੋੜਨ ਲਈ ਇੰਦਿਰਾ ਤੇ ਗਿਆਨੀ ਨੇ ਭਿੰਡਰਾਵਾਲੇ ਕੋਲੋਂ 'ਧਰਮ-ਯੁਧ' ਮੋਰਚਾ ਸ਼ੁਰੂ ਕਰਵਾਇਆ ਜਿਸ ਤਰਾਂ ਅਮਰੀਕੀਆਂ ਨੇ ਅਫਗਾਨਿਸਤਾਨ ਵਿਚ ਲਾਦੇਨ ਤੇ ਮੁੱਲਾ ਉਮਰ ਨੂੰ  ਇਸਤੇਮਾਲ ਕੀਤਾ ਸੀ ਰੂਸੀਆਂ ਦੇ ਖਿਲਾਫ਼......!
ਇਸ ਤੋਂ ਬਾਅਦ ਜੋ ਹੋਇਆ ਉਸ ਨੂੰ  ਬਾਰ ਬਾਰ ਦੋਹਰਾ ਕੇ ਕੁਛ੍ਹ ਹਾਸਿਲ ਨਹੀਂ ਹੋਣ ਵਾਲਾ......ਸਭਿਆਚਾਰਕ ਸਾਂਝ ਹੋਰ ਗੱਲ ਹੈ ਪਰ ਰਾਜਨੀਤਿਕ ਸਾਂਝ ਅਕਾਲੀਆਂ ਨਾਲ ਕਿਵੇਂ ਹੋ ਸਕਦੀ ਹੈ? ਕਾਮਰੇਡ ਸਟੇਟ ਦੇ ਖਿਲਾਫ਼ ਸਮਾਜਵਾਦ ਦੀ ਸਥਾਪਤੀ ਲਈ ਲੜਦੇ ਨੇ ਤੇ ਅਕਾਲੀ ਜਗੀਰੂ ਸਮਾਜ ਨੂੰ  ਬਰਕਰਾਰ ਰਖਣ ਲਈ .....ਮੈਨੂੰ ਤਾਂ ਇਹ ਸਮਝ ਨਹੀਂ ਆਈ ਕਦੇ ਕੀ ਦੋ ਮੁਖਾਲਿਫ ਦਿਸ਼ਾਵਾਂ ਵਾਲੇ ਲੋਕਾਂ ਨੂ ਇਕਠੇ ਕਰਨ ਦੀ ਕੋਈ ਸੋਚ ਵੀ ਕਿਵੇਂ ਸਕਦਾ ਹੈ? ਇਸੇ ਸੋਚ ਨੇ ਪੰਜਾਬ ਵਿਚ ਕਾਮਰੇਡਾਂ ਨੂੰ ਉਨ੍ਹਾਂ ਦੀ ਅਸਲੀ ਫੋਰਸ ਪਰੋਲੇਤਾਰੀ ਵਰਗ ਤੋਂ ਦੂਰ ਰਖਿਆ ......ਨਤੀਜਾ ਅਸੀਂ ਦੇਖ ਹੀ ਰਹੇ ਹਾਂ."  
ਜੁਆਬ ਵਿੱਚ ਕੁਝ ਕਹਿਣਾ  ਜ਼ਰੂਰੀ  ਲੱਗ ਰਿਹਾ ਹੈ ਸੋ ਕਹਿਣਾ ਚਾਹੁੰਦਾ ਹਾਂ ਕਿ  ਲੋਕ ਰਾਜ ਜੀ ਤੁਹਾਡੇ ਵਿਚਾਰਾਂ ਵਿੱਚ ਵੀ ਦਰਦ ਦੀ ਉਹੀ ਸੁਰ ਹੈ ਜੋ ਸਿਰਫ  ਉਹਨਾਂ ਲੋਕਾਂ ਦੇ ਮਨਾਂ ਵਿੱਚੋਂ ਹੀ ਉਠ ਸਕਦੀ ਹੈ ਜਿਹੜੇ ਆਮ ਪੰਜਾਬੀਆਂ ਦੇ ਦੁੱਖ ਦਰਦ ਨੂੰ ਬਹੁਤ ਹੀ ਨੇੜਿਓਂ ਹੋ ਕੇ ਜਾਣਦੇ ਰਹੇ ਹਨ.ਆਮ ਪੰਜਾਬੀ ਨਾਲ ਕੀ ਹੋਇਆ ਬੀਤਿਆ ਇਹ ਕਿਸੇ ਤੋਂ ਵੀ ਲੁਕਿਆ ਨਹੀਂਪਰ ਫਿਰ ਵੀ ਬੜੇ ਲੋਕ ਮਚਲੇ ਬਣੇ ਰਹੇ ਹਨ.  ਅਕਾਲੀਆਂ ਦਾ ਕਿਰਦਾਰ ਕਿਹੋ ਜਿਹਾ ਰਿਹਾ ਇਹ ਵੀ ਸਾਰੇ ਜਾਣਦੇ ਹਨ. ਜਿਸ ਪੋਸਟ ਦੀ ਤੁਸੀਂ ਗੱਲ ਕੀਤੀ ਹੈ ਉਸ ਵਿੱਚ ਵੀ ਇਹ ਗੱਲ ਦਰਜ ਹੈ. ਸਾਫ਼ ਲਿਖਿਆ ਗਿਆ ਹੈ, ".....ਹੋਲੀ ਹੋਲੀ ਹਾਲਤ ਏਥੋਂ ਤੀਕ ਪੁੱਜ ਗਈ ਕਿ ਧਰਮ ਲਈ ਮਰ ਮਿਟਣ ਵਾਲੀ ਇਸ ਬਹਾਦਰ ਕੌਮ ਦੀ ਪਾਰਟੀ ਨੇ ਉਹਨਾਂ ਨਾਲ ਹੀ ਆਪਣੀ ਸਾਂਝ ਪਾ ਲਈ ਜਿਹੜੇ ਆਖਦੇ ਸਨ ਕਿ ਹਾਂ ਅਸੀਂ ਇੰਦਰਾਂ ਨੂੰ ਮਜਬੂਰ ਕੀਤਾ ਕਿ ਉਹ ਹਰਿਮੰਦਰ ਸਾਹਿਬ ਤੇ ਹਮਲਾ ਕਰੇ. ਇਹ ਉਹੀ ਲੋਕ ਸਨ ਜਿਹਨਾਂ ਬਲਿਊ ਸਟਾਰ ਆਪ੍ਰੇਸ਼ਨ ਦੇ ਮੌਕੇ ਤੇ ਮਠਿਆਈਆਂ ਵੰਡੀਆਂ ਸਨ, ਇੰਦਰਾਂ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ. ਇਸ ਸਾਰੇ ਵਰਤਾਰੇ ਵਿੱਚ ਕਿਰਤੀ ਕਿਸਾਨਾਂ ਦੇ ਇਹ ਦੋਵੇਂ ਵਰਗ ਕਦੋਂ ਇੱਕ ਦੂਜੇ ਦੇ ਦੁਸ਼ਮਣ ਬਣ ਖਲੋਤੇ ਕਿਸੇ ਨੂੰ ਕੁਝ ਪਤਾ ਤੱਕ ਵੀ ਨਹੀਂ ਲੱਗਾ. ..."
60 ਅਤੇ 70 ਦੇ ਦਹਾਕਿਆਂ ਦੌਰਾਨ ਵੀ ਅਕਾਲੀਆਂ ਦਾ ਜੋ ਕਿਰਦਾਰ ਰਿਹਾ ਉਸ ਤੋਂ ਬਹੁਤ ਸਾਰੇ ਲੋਕ ਜਾਣੂ ਹਨ. 
ਸ਼ਾਇਦ ਇਹੀ ਕਾਰਣ ਸੀ ਕਿ ਜਦੋਂ ਨਕਸਲਬਾੜੀ ਲਹਿਰ ਪੰਜਾਬ ਵਿੱਚ  ਸ਼ੁਰੂ ਹੋਈ ਤਾਂ ਇੱਕ ਪਰਚੇ ਦਾ ਨਾਮ ਸੀ ਰੋਹਲੇ ਬਾਣ, ਫਿਰ ਇੱਕ ਹੋਰ ਦਾ ਨਾਮ ਸੀ ਜੈਕਾਰਾ, ਇੱਕ ਹੋਰ ਪਰਚਾ ਨਿਕਲਿਆ ਕਰਦਾ ਸੀ ਉਸਦਾ ਨਾਮ ਸੀ ਜ਼ਫਰਨਾਮਾ. ਕਿੰਨੀ ਨੇੜਤਾ ਸੀ ਗੁਰੂਘਰ  ਦੀ ਗੁਰਬਾਣੀ ਅਤੇ ਲਾਲ ਝੰਡੇ ਵਾਲਿਆਂ ਦੇ ਦਰਮਿਆਨ...! ਪਤਾ ਨਹੀਂ; ਕਿਰਤੀਆਂ ਅਤੇ ਧਰਮੀਆਂ ਦੀਆਂ ਇਹਨਾਂ ਪਾਰਟੀਆਂ ਦੀ ਸਾਂਝ ਨੂੰ ਕਿਸਦੀ ਨਜ਼ਰ ਲੱਗ ਗਈ. ਕਾਮਰੇਡਾਂ ਤੇ ਹਮਲੇ ਹੋਏ, ਉਹਨਾਂ ਦੇ ਪਰਿਵਾਰਾਂ ਤੇ ਹਮਲੇ ਹੋਏ, ਕਿੰਨੇ ਹੀ ਖੱਬੇ ਪੱਖੀ ਸ਼ਹੀਦ ਹੋਏ.....ਅੱਗੋਂ ਕਾਮਰੇਡਾਂ ਨੇ ਵੀ ਮੋਰਚੇ ਖੋਹਲੇ.....ਅਖੀਰ ਉਹੀ ਹੋਇਆ ਜਿਸ ਦੀ ਕਿਸੇ ਨੂੰ ਆਸ ਨਹੀਂ ਸੀ. ਜਬਰ ਜ਼ੁਲਮ ਦੇ  ਖਿਲਾਫ਼ ਟੱਕਰ ਲੈਣ ਵਾਲੀਆਂ ਦੋਵੇਂ ਧਿਰਾਂ ਹੀ ਇੱਕ ਦੂਜੇ ਦੇ ਖਿਲਾਫ਼ ਆ ਗਈਆਂ.
ਇਸ ਸਭ  ਕੁਝ ਨੂੰ ਕਦੇ ਕਦੇ ਦੁਹਰਾਉਣ ਦੀ ਗੱਲ ਇਸ ਲਈ  ਜ਼ਰੂਰੀ ਜਾਪਦੀ ਹੈ ਕਿ ਮੁਢ ਤੋਂ ਲੈ ਕੇ ਅੱਜ ਤੀਕ ਇੱਕ ਪਾੜਾ ਚਲਿਆ ਆ ਰਿਹਾ ਹੈ. ਪੰਜਾਬ ਵਿੱਚ ਇੱਕ ਵਰਗ ਲਗਾਤਾਰ ਸੱਤਾ ਵੱਲ ਦੇਖਦਾ ਆਇਆ ਹੈ ਅਤੇ ਇਸ ਵਰਗ ਵਿੱਚ ਇੱਕਲੇ ਅਕਾਲੀ ਹੀ ਨਹੀਂ ਹੋਰ ਲੋਕ ਵੀ ਸ਼ਾਮਿਲ ਰਹੇ ਹਨ ਪਰ ਦੂਜੇ ਪਾਸੇ ਬਹੁਤ ਵੱਡਾ  ਵਰਗ ਜਾਂ ਤਾਂ ਇਸ ਭਾਣੇ ਨੂੰ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਤੇ ਜਾਂ ਫੇਰ ਸੰਘਰਸ਼ਾਂ ਵਿੱਚ ਹੀ ਰੁਝਿਆ ਰਿਹਾ. ਇਹ ਸੰਘਰਸ਼ ਸ਼ੀਲ ਵਰਗ ਵੀ ਕਈਆਂ ਪਾਰਟੀਆਂ ਨਾਲ ਸਬੰਧਿਤ  ਸੀ. ਸੰਘਰਸ਼ ਕਰਕੇ ਜਦੋਂ ਸੱਤਾ ਮਿਲਦੀ ਤਾਂ ਇਹ ਚਾਰ ਕੁ ਦਿਨ ਖੁਸ਼ ਹੁੰਦਾ ਅਤੇ ਜਦੋਂ ਫਿਰ ਦੇਖਦਾ ਕਿ ਉਹੀ ਲੁੱਟ ਖਸੁੱਟ ਫਿਰ ਸ਼ੁਰੂ ਤਾਂ ਇਹ ਫਿਰ ਸੰਘਰਸ਼ ਵਾਲੇ ਰਸਤੇ ਵੱਲ  ਪਰਤ ਆਉਂਦਾ. ਅਸਲ ਵਿੱਚ ਇਹ ਆਪੋ ਆਪਣੇ ਖੂਨ ਵਿੱਚ ਰਚੇ ਸੁਭਾਵਾਂ ਦਾ ਹੀ ਫ਼ਰਕ ਸੀ ਕਿ   ਸੰਘਰਸ਼ ਵਾਲੇ ਸੰਘਰਸ਼ ਕਰਦੇ ਰਹੇ ਤੇ ਮੌਜਾਂ ਮਾਨਣ ਵਾਲੇ ਮੌਜਾਂ ਮਾਣਦੇ ਰਹੇ. ਇਹ ਲਕੀਰ ਕਦੇ ਮਿਟੀ ਹੀ ਨਹੀਂ. ਸਮਾਜਵਾਦ ਬਿਨਾ ਇਹ ਮਿਟਣੀ ਵੀ ਨਹੀਂ ਪਰ ਆਮ ਬੰਦੇ ਨੂੰ ਇੱਕ ਮੁਜਰਮਾਨਾ ਸਾਜ਼ਿਸ਼ ਅਧੀਨ ਏਨੇ ਭੰਬਲਭੂਸੇ ਵਿੱਚ  ਪਾ ਕੇ ਰਖਿਆ ਗਿਆ ਕਿ ਅੱਜ ਵੀ ਉਸ ਲਈ ਇਹ ਫੈਸਲਾ ਕਰਨਾ ਔਖਾ ਜਿਹਾ ਕੰਮ ਹੈ ਕਿ ਕੌਣ ਠੀਕ ਤੇ ਕੌਣ ਕੌਣ ਗਲਤ ? ਪੰਜਾਬ ਵਿੱਚ  ਪਹਿਲਾਂ  ਜੇ ਲਹੂ ਦਾ ਛੇਵਾਂ ਦਰਿਆ ਚਲਦਾ ਸੀ ਤਾਂ ਅੱਜ ਨਸ਼ਿਆਂ ਦਾ ਦਾ ਛੇਵਾਂ ਦਰਿਆ ਚਲ ਰਿਹਾ ਹੈ.  ਇੱਕ ਚੁਟਕਲਾ ਆਮ ਸੁਣਿਆ ਜਾਂਦਾ ਸੀ ਕਿ ਲੋਕ ਜਿਸਨੂੰ ਚਾਰ ਸਾਲ ਚੋਰ ਚੋਰ ਆਖਦੇ ਹਨ ਪੰਜਵੇ ਸਾਲ ਉਸੇ ਨੂੰ ਜਾ ਕੇ ਵੋਟ ਪਾਉਂਦੇ ਹਨ...ਇਹ ਇੱਕ ਦੁਖਾਂਤ ਹੀ ਹੈ...ਸ਼ਾਇਦ ਦੁਹਰਾ ਕੇ ਕੋਈ ਗੱਲ ਬਣਜੇ ਅਤੇ ਲੋਕਾਂ ਨੂੰ ਕੁਝ ਯਾਦ ਰਹਿ ਜਾਵੇ. ਲੋਕਾਂ ਨੂੰ ਸਿਹਤਮੰਦ ਲੋਕਪਖੀ ਸੰਘਰਸ਼  ਵਾਲਾ ਬਦਲ ਕਦੋਂ ਮਿਲਦਾ ਹੈ ਇਹ ਅਜੇ ਵੀ ਇੱਕ ਦੇਖਣ ਵਾਲੀ ਗੱਲ ਹੀ ਹੈ.  --ਰੈਕਟਰ ਕਥੂਰੀਆ 

No comments: