ਬਈ ਫੇਸਬੁੱਕ ਦੇ ਚਾਹਵਾਨਾਂ ਲਈ ਇੱਕ ਖੁਸ਼ਖਬਰੀ ਵਰਗੀ ਖਬਰ ਹੈ. ਫੇਸਬੁੱਕ ਬੰਦ ਨਹੀਂ ਹੋ ਰਹੀ ਬਲਕਿ ਛਲਾਂਗਾਂ ਮਾਰ ਕੇ ਅੱਗੇ ਹੀ ਅੱਗੇ ਵਧ ਰਹੀ ਹੈ. ਸੈਨ ਫਰਾਂਸਿਸਕੋ ਤੋਂ ਖਬਰ ਏਜੰਸੀ ਏ.ਐੱਫ.ਪੀ. ਨੇ 22 ਜਨਵਰੀ ਵਾਲੇ ਦਿਨ ਇੱਕ ਖਬਰ ਰਲੀਜ਼ ਕੀਤੀ ਹੈ ਕਿ ਫੇਸਬੁੱਕ ਦਾ ਮੁੱਲ ਹੁਣ 50 ਅਰਬ ਡਾਲਰਾਂ ਤੱਕ ਪੁੱਜ ਗਿਆ ਹੈ. ਅਖਬਾਰਾਂ 'ਚ ਛਪੀ ਖਬਰ ਮੁਤਾਬਿਕ ਫੇਸਬੁੱਕ ਨੇ ਕਿਹਾ ਹੈ ਕਿ ਉਸ ਨੇ ਦੋ ਪੱਖੀ ਗੱਲਬਾਤ ਦੇ ਆਧਾਰ ‘ਤੇ ਸ਼ੇਅਰ ਵੇਚ ਕੇ ਬਾਜ਼ਾਰ ਤੋਂ 1.5 ਅਰਬ ਡਾਲਰ ਇਕੱਠੇ ਕੀਤੇ ਹਨ ਅਤੇ ਇਨ੍ਹਾਂ ਸੌਦਿਆਂ ਵਿਚ ਕੰਪਨੀ ਦਾ ਮੁੱਲ 50 ਅਰਬ ਡਾਲਰ ਹੋ ਗਿਆ ਹੈ। ਖਬਰ ਮੁਤਾਬਿਕ ਫੇਸਬੁੱਕ ਦੇ ਮੁੱਖ ਵਿੱਤੀ ਅਧਿਕਾਰੀ ਡੇਵਿਡ ਐਬਰਸਮੈਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਡਾ ਕਾਰੋਬਾਰ ਲਗਾਤਾਰ ਵਧੀਆ ਚੱਲ ਰਿਹਾ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਨਵੇਂ ਪੈਸੇ ਨਾਲ ਸਾਡੀ ਨਕਦੀ ਦੀ ਸਥਿਤੀ ਹੋਰ ਬਿਹਤਰ ਹੋਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਨਿਵੇਸ਼ ਦੇ ਪੂਰਾ ਹੋਣ ਤੋਂ ਬਾਅਦ ਸਾਡੀ ਵਿੱਤੀ ਸਥਿਤੀ ਵੀ ਹੋਰ ਮਜ਼ਬੂਤ ਹੋਵੇਗੀ ਜਿਸ ਨਾਲ ਅਸੀਂ ਭਵਿੱਖ ਵਿੱਚ ਹੋਰ ਮੌਕਿਆਂ ਦੀ ਵੀ ਭਾਲ ਕਰ ਸਕਾਂਗੇ। ਇਸਦੇ ਨਾਲ ਹੀ ਫੇਸਬੁੱਕ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਸ ਸਾਲ ਦੌਰਾਨ ਉਸ ਦੇ ਸ਼ੇਅਰਧਾਰਕਾਂ ਦੀ ਗਿਣਤੀ 500 ਦੀ ਉਪਰੀ ਸੀਮਾ ਨੂੰ ਵੀ ਪਾਰ ਕਰ ਜਾਵੇਗੀ. ਇਸਦੇ ਨਾਲ ਹੀ ਉਹਨਾਂ ਕਿਹਾ ਕਿ 30 ਅਪ੍ਰੈਲ 2012 ਤੋਂ ਬਾਅਦ ਤਕ ਉਹ ਆਪਣੀ ਤਿਮਾਹੀ ਵਿੱਤੀ ਰਿਪੋਰਟ ਦਾ ਜਨਤਕ ਪ੍ਰਕਾਸ਼ਨ ਵੀ ਸ਼ੁਰੂ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਪਿਛੇ ਜਿਹੇ ਇੱਕ ਖਬਰ ਕੌਮਾਂਤਰੀ ਪਧਰ ਤੇ ਛਪੀ ਸੀ ਕਿ ਫੇਸਬੁੱਕ ਜਲਦੀ ਹੀ ਬੰਦ ਹੋਣ ਵਾਲੀ ਹੈ. ਉਸ ਵੇਲੇ ਬਹੁਤ ਲੋਕ ਉਦਾਸ ਵੀ ਹੋਏ ਸਨ ਪਰ ਜਾਪਦਾ ਹੈ ਕਿ ਉਹ ਖਬਰ ਸ਼ੇਅਰ ਬਾਜ਼ਾਰ ਵਿੱਚ ਫੇਸਬੁੱਕ ਦੇ ਸ਼ੇਅਰਾਂ ਦੀ ਕੀਮਤ ਘਟਾਉਣ ਲਈ ਹੀ ਫੈਲਾਈ ਗਈ ਸੀ. --ਰੈਕਟਰ ਕਥੂਰੀਆ
No comments:
Post a Comment