ਗਣਤੰਤਰ ਦਿਵਸ ਲੰਘ ਗਿਆ ਹੈ ਪਰ ਅੱਜ 27 ਜਨਵਰੀ ਦਾ ਸਾਰਾ ਦਿਨ ਕਈ ਉਪਰਾਲੇ ਕਰਕੇ ਵੀ ਉਦਾਸੀ ਨਹੀਂ ਹਟੀ. ਅੱਜ ਦਾ ਦਿਨ ਵੀ ਬੜਾ ਉਦਾਸ ਰਿਹਾ. ਉਸ ਏ ਡੀ ਸੀ ਦਾ ਚਿਹਰਾ ਬਾਰ ਬਾਰ ਅੱਖਾਂ ਸਾਹਮਣੇ ਆਉਂਦਾ ਰਿਹਾ ਜਿਸਨੂੰ ਸਿਰਫ ਇਸ ਲਈ ਜਿਊਂਦਿਆਂ ਜਲਾ ਦਿੱਤਾ ਗਿਆ ਕਿਓਂਕਿ ਉਸਨੇ ਤੇਲ ਦੀ ਮਿਲਾਵਟ ਵਾਲੇ ਮਾਮਲੇ ਵਿੱਚ ਕੁਝ ਠੋਸ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਸੀ. ਕੀ 62 ਸਾਲਾਂ ਦੇ ਇਸ ਗਣਤੰਤਰ ਵਿੱਚ ਅਸੀਂ ਇਹੀ ਸਿੱਖਿਆ ਸਿਖਾਇਆ. ਕੀ ਇਹੀ ਹੈ ਕਾਨੂੰਨ ਦਾ ਡਰ. ਜੇ ਏ ਡੀ ਸੀ ਨਾਲ ਇਹ ਕੁਝ ਹੋ ਸਕਦਾ ਹੈ ਤਾਂ ਆਮ ਬੰਦੇ ਦੀ ਕੀ ਮਜਾਲ ਹੈ ਕਿ ਉਹ ਕਿਸੇ ਅਪਰਾਧੀ ਵੱਲ ਉਂਗਲ ਵੀ ਕਰ ਸਕੇ.
ਏਸੇ ਤਰਾਂ ਹੀ ਉਦਾਸੀ ਵਾਲੀ ਇੱਕ ਹੋਰ ਖਬਰ ਦੇਖੀ ਖੰਡਵਾ ਡੇਟ ਲਾਈਨ ਨਾਲ. ਇਹ ਖਬਰ 25 ਜਨਵਰੀ ਨੂੰ ਖਬਰ ਏਜੰਸੀ ਭਾਸ਼ਾ ਨੇ ਰਲੀਜ਼ ਕੀਤੀ ਸੀ. ਇਹ ਖਬਰ ਇੱਕ ਵਕੀਲ ਦੀ ਬੇਬਸੀ ਵਾਲੀ ਹਾਲਾਤ ਬਾਰੇ ਸੀ. ਅੱਖਾਂ ਦੀ ਲਾਇਲਾਜ ਬੀਮਾਰੀ ਅਤੇ ਉਸ ਦੇ ਇਲਾਜ ‘ਤੇ ਭਾਰੀ ਖਰਚੇ ਕਾਰਨ ਕੰਗਾਲ ਹੋ ਚੁੱਕੇ ਖੰਡਵਾ ਦੇ ਹੀ ਰਹਿਣ ਵਾਲੇ ਇਸ ਵਕੀਲ ਨੇ ਪਰਿਵਾਰ ਸਮੇਤ ਮੌਤ ਦੀ ਮੰਗ ਕੀਤੀ ਹੈ. ਪੈਂਤੀਆਂ ਸਾਲਾਂ ਦੀ ਉਮਰ ਦੇ ਇਸ ਵਕੀਲ ਕੇਸ਼ਵ ਜਵਰੇ ਨੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਇੱਕ ਚਿੱਠੀ ਲਿਖ ਕੇ ਪਰਿਵਾਰ ਸਮੇਤ ਇੱਛਾ ਮੌਤ ਦੀ ਇਜਾਜ਼ਤ ਮੰਗੀ ਹੈ। ਵਕੀਲ ਜਵਰੇ ਨੇ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਚਿੱਠੀ ਦੀ ਕਾਪੀ ਪ੍ਰੈੱਸ ਨੂੰ ਵੀ ਜਾਰੀ ਕੀਤੀ। ਇਸ ਚਿੱਠੀ ਵਿੱਚ ਆਪਣੀ ਬੇਵਸੀ ਦਾ ਪ੍ਰਗਟਾਵਾ ਕਰਦਿਆਂ ਵਕੀਲ ਜਵਰੇ ਨੇ ਲਿਖਿਆ ਹੈ ਕਿ ਉਸ ਨੂੰ ਰੈਟੀਨੀਟਸ ਪਾਗਮੀਨਟੋਸਾ ਨਾਂ ਦੀ ਬੀਮਾਰੀ ਹੋ ਗਈ ਹੈ, ਜਿਸ ਕਾਰਨ ਦਿਨੋ-ਦਿਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਖਤਮ ਹੁੰਦੀ ਜਾ ਰਹੀ ਹੈ. ਵਕੀਲ ਨੇ ਕਿਹਾ ਕਿ ਡਾਕਟਰਾਂ ਨੇ ਉਸ ਨੂੰ ਦੱਸਿਆ ਹੈ ਕਿ ਇਹ ਬੀਮਾਰੀ ਦੁਨੀਆ ਵਿੱਚ ਸਿਰਫ 1 ਫੀਸਦੀ ਲੋਕਾਂ ਨੂੰ ਹੁੰਦੀ ਹੈ। ਇਸ ਬੀਮਾਰੀ ਦਾ ਇਲਾਜ ਕਰਦਿਆਂ ਕਰਦਿਆਂ ਵਕੀਲ ਕੰਗਾਲ ਹੋ ਗਿਆ. ਹਾਲਤ ਏਥੋਂ ਤੱਕ ਵਿਗੜ ਗਈ ਕਿ ਪਰਿਵਾਰ ਦੋ ਡੰਗ ਦੀ ਰੋਟੀ ਲਈ ਵੀ ਰੋਜ਼ ਕੋਈ ਨਾ ਕੋਈ ਸਬੀਲ ਸੋਚਣੀ ਪੈਂਦੀ ਹੈ। ਇਸ ਚਿੱਠੀ ‘ਚ ਉਸ ਨੇ 2 ਫਰਵਰੀ ਸ਼ਾਮ ਨੂੰ 5 ਵਜੇ ਆਪਣੇ ਸਥਾਨਕ ਨਿਵਾਸ ‘ਤੇ ਪਰਿਵਾਰ ਸਮੇਤ ਇੱਛਾ ਮੌਤ ਦੀ ਇਜਾਜ਼ਤ ਚਾਹੀ ਹੈ। ਉਸ ਦੇ ਪਰਿਵਾਰ ‘ਚ ਪਤਨੀ ਅਤੇ 2 ਬੱਚੇ ਹਨ। ਇਸ ਖਬਰ ਨੂੰ ਪੜ੍ਹਕੇ ਸੋਚ ਰਿਹਾ ਹਾਂ ਕਿ ਕੀ ਅਸੀਂ ਇਹੀ ਖੁਸ਼ਹਾਲੀ ਅਤੇ ਤਰੱਕੀ ਕੀਤੀ ਹੈ ਕਿ ਇੱਕ ਬੀਮਾਰ ਵਿਅਕਤੀ ਰੋਟੀ ਖੁਣੋਂ ਵੀ ਆਤੁਰ ਹੋ ਜਾਏ ਅਤੇ ਇੱਛਾ ਮੌਤ ਦੀ ਮੰਗ ਕਰਨ ਦੀ ਹਾਲਤ ਤੱਕ ਪਹੁੰਚ ਜਾਵੇ. ਸਮਝ ਨਹੀਂ ਆਉਂਦੀ ਕਿ ਕਿੰਝ ਕਹਾਂ ਮੇਰਾ ਭਾਰਤ ਮਹਾਨ....???--ਰੈਕਟਰ ਕਥੂਰੀਆ
No comments:
Post a Comment