
ਇਸਤੇ ਸਾਡਾ ਅਗਲਾ ਸੁਆਲ ਹੁੰਦਾ ਸੀ ਕਿ ਤੁਸੀਂ ਅੱਜ ਰਾਤ ਨੂੰ ਖਾਣ ਲਈ ਕੀ ਬਣਾ ਰਹੇ ਹੋ. ਜੁਆਬ ਸੀ ਕਿ ਜਦੋਂ ਉਹਨਾਂ ਦਾ ਬੰਦਾ ਦਿਹਾੜੀ ਕਰਕੇ ਘਰ ਪਰਤ ਆਏਗਾ ਉਦੋਂ ਤਹਿ ਹੋਏਗਾ ਕਿ ਅੱਜ ਕੋਈ ਦਾਲ ਸਬਜ਼ੀ ਬਣ ਸਕੇਗੀ ਜਾਂ ਫਿਰ ਅੱਜ ਵੀ ਸੁੱਕੀ ਰੋਟੀ ਹੀ ਖਾਣੀ ਪਵੇਗੀ. ਇਹ ਬੰਦਾ ਉਹਨਾਂ ਦਾ ਪਤੀ, ਪੁੱਤ ਜਾਂ ਭਰਾ ਹੁੰਦਾ ਜਿਸਦੀ ਦਿਹਾੜੀ ਮਸਾਂ 140 /- ਰੁਪਏ ਹੁੰਦੀ. ਆਪਣੇ ਸੰਬੋਧਨ ਦੌਰਾਨ ਉਹਨਾਂ ਸ਼ਰਾਬ ਅਤੇ ਡ੍ਰਗਜ਼ ਵਰਗੇ ਨਸ਼ਿਆਂ ਦੀ ਵਧ ਰਹੀ ਬੁਰਾਈ ਦੀ ਵੀ ਚਰਚਾ ਕੀਤੀ ਅਤੇ ਦੱਸਿਆ ਕਿ ਪਿੰਡਾਂ 'ਚ ਵਸਦੇ ਇਹਨਾਂ ਘਰਾਂ ਦੀ ਆਮਦਨੀ ਮਹੀਨੇ ਵਿੱਚ ਮਸਾਂ ਪੱਚੀ ਕੁ ਸੌ ਬਣਦੀ ਹੈ ਅਤੇ ਇਸ ਵਿੱਚੋਂ ਵੀ ਘਟੋਘੱਟ ਇੱਕ ਹਜ਼ਾਰ ਰੁਪਿਆ ਇਹਨਾਂ ਨਸ਼ਿਆਂ ਪੱਤਿਆਂ ਤੇ ਹੀ ਉੱਡ ਜਾਂਦਾ ਹੈ. ਅਜਿਹੀ ਹਾਲਤ ਵਿੱਚ ਘਰਾਂ ਦੀਆਂ ਇਹਨਾਂ ਸੁਆਣੀਆਂ ਕੋਲ ਘਰ ਚਲਾਉਣ ਲਈ ਸਿਰਫ ਪੰਦਰਾਂ ਸੌ ਰੁਪਿਆ ਹੀ ਬਚਦਾ ਹੈ. ਪਿੰਡਾਂ 'ਚ ਵੱਸਦੇ ਇਸ ਭਾਰਤ ਦੇ ਇਹਨਾਂ ਘਰਾਂ ਦੀ ਆਰਥਿੱਕਤਾ ਵਾਲੀ ਹਕੀਕਤ ਦਾ ਪਤਾ ਲਾਉਣ ਲਈ ਕੀਤੀ ਗਈ ਇਸ ਬੇਹੱਦ ਸਾਦਗੀ ਵਾਲੀ ਪਰ ਇਮਾਨਦਾਰਾਨਾ ਕੋਸ਼ਿਸ਼ ਦੇ ਨਤੀਜਿਆਂ ਬਾਰੇ ਦਸਦਿਆਂ ਉਹਨਾਂ ਕਿਹਾ ਕਿ ਇਸ ਨਾਜ਼ੁਕ ਹਾਲਤ ਵਿੱਚ ਵੀ ਇਹ ਸੁਆਣੀਆਂ ਹਿੰਮਤ ਨਹੀਂ ਹਾਰਦੀਆਂ. ਓਹ ਘਰ ਦੇ ਨੇੜੇ ਰਹਿ ਕੇ ਹੀ ਪਿੰਡ ਵਿੱਚ ਹੀ ਮਿਲਦਾ ਕੋਈ ਕੰਮ ਭਾਲਦੀਆਂ ਹਨ ਅਤੇ ਉਸ ਕੰਮ ਨਾਲ ਕੁਝ ਨਾ ਕੁਝ ਦਿਹਾੜੀ ਕਮਾਉਂਦੀਆਂ ਹਨ.
ਉਹਨਾਂ ਦੱਸਿਆ ਕਿ ਇੱਕ ਬੀਬੀ ਨੇ ਦਸਿਆ ਕਿ ਉਸਨੇ ਕੁਝ ਪੈਸੇ ਬਚਾ ਕੇ ਇਸ ਵਾਰ ਆਪਣੇ ਨਵੇਂ ਦੰਦ ਲਵਾ ਲਏ, ਇੱਕ ਨੇ ਦਸਿਆ ਕਿ ਉਸਨੇ ਕੁਝ ਪੈਸੇ ਬਚਾ ਕੇ ਬਾਈ ਸੋ ਰੁਪਿਆਂ ਦਾ ਸੈਕੰਡ ਹੈਂਡ ਫਰਿੱਜ ਖਰੀਦ ਲਿਆ. ਇੱਕ ਹੋਰ ਬੀਬੀ ਨੇ ਦੱਸਿਆ ਕਿ ਉਸਨੇ ਦਸ ਹੋਰ ਬੀਬੀਆਂ ਰਲਾ ਕੇ ਇੱਕ ਇੱਕ ਹਜ਼ਾਰ ਰੁਪਏ ਦੀ ਕਮੇਟੀ ਪਾਈ ਅਤੇ ਦਸ ਹਜ਼ਾਰ ਰੁਪਏ ਦੀ ਉਹ ਕਮੇਟੀ ਚੁੱਕ ਲਈ. ਦਸ ਹਜ਼ਾਰ ਰੁਪਏ ਦੀ ਗੱਲ ਦਸਦਿਆਂ ਉਸ ਬੀਬੀ ਦੀਆਂ ਅੱਖਾਂ ਵਿਚਲੇ ਹੰਝੂਆਂ ਦਾ ਜ਼ਿਕਰ ਕਰਨਾ ਜੱਸੀ ਖੰਗੂੜਾ ਵੀ ਨਹੀਂ ਭੁੱਲੇ ਕਿਓਂਕਿ ਇਸ ਬੀਬੀ ਨੇ ਆਪਣੀ ਜ਼ਿੰਦਗੀ ਵਿੱਚ ਪੋਹਿਲੀ ਵਾਰ ਦਸ ਹਜ਼ਾਰ ਰੁਪਏ ਦੀ ਰਕਮ ਦਾ ਇਹ ਬੰਡਲ ਦੇਖਿਆ ਸੀ. ਜੱਸੀ ਖੰਗੂੜਾ ਨੇ ਯਾਦ ਕਰਾਇਆ ਕਿ ਇਹ ਸਭ ਦੇਖ ਕੇ ਉਹਨਾਂ ਦੀਆਂ ਅੱਖਾਂ ਭਰ ਆਈਆਂ ਸਨ.
ਉਸੇ ਵੇਲੇ ਹੀ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਜੇ ਹੁਣ ਕੁਝ ਕਰਨਾ ਹੈ ਤਾਂ ਇਹਨਾਂ ਪਰਿਵਾਰਾਂ ਲਈ ਹੀ ਕਰਨਾ ਹੈ. ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਜੇ ਲੀਡਰਸ਼ਿਪ ਦੀ ਸੋਚ ਨੂੰ ਬਦਲਣਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਸੋਚ ਬਦਲਣੀ ਪਵੇਗੀ. ਉਹਨਾਂ ਨੇ ਸੀ ਐਮ ਸੀ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਕਿ ਓਹ ਹਮੇਸ਼ਾਂ ਪੇਂਡੂ ਹਲਕਿਆਂ ਵਿੱਚ ਜਾ ਕੇ ਵੀ ਆਪਣੀਆਂ ਸਿਹਤ ਸੇਵਾਵਾਂ ਦੇਣ ਲਈ ਤਤਪਰ ਰਹਿੰਦੇ ਹਨ. ਉਹਨਾਂ ਮੈਡੀਕਲ ਸਟੂਡੈਂਟਸ ਨੂੰ ਵੀ ਕਿਹਾ ਕਿ ਓਹ ਡਾਕਟਰੀ ਪੜ੍ਹ ਕੇ ਪਿੰਡਾਂ 'ਚ ਜਾ ਕੇ ਪ੍ਰੈਕਟਿਸ ਕਰਨ ਤੋਂ ਗੁਰੇਜ਼ ਨਾ ਕਰਨ.
ਇਸ ਮੌਕੇ ਤੇ ਦੀ ਸੀ ਐਮ ਸੀ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਜੱਸੀ ਖੰਗੂੜਾ ਦਾ ਸਨਮਾਣ ਵੀ ਕੀਤਾ ਗਿਆ. ਇਸ ਮੌਕੇ ਤੇ ਬਹੁਤ ਹੀ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਵੀ ਹੋਇਆ ਜਿਸ ਵਿੱਚ ਗੀਤ ਸੰਗੀਤ ਵੀ ਸੀ, ਬ੍ਰੇਨ ਡਰੇਨ ਦੀ ਗੰਭੀਰ ਅਤੇ ਨਾਜ਼ੁਕ ਸਥਿਤੀ ਵਾਲਾ ਬੜਾ ਹੀ ਭਾਵੁਕ ਜਿਹਾ ਇਸ਼ਾਰਾ ਵੀ , ਭੰਗੜਾ ਵੀ ਅਤੇ ਗਿਧਾ ਵੀ. ਇਸ ਵਾਰ ਦਾ ਇਹ ਸਮਾਗਮ ਕਾਲਜ ਆਫ਼ ਫਿਜ਼ੀਓਥਰੈਪੀ ਦੀ ਵਾਈਸ ਪ੍ਰਿੰਸੀਪਲ ਮਿਸਿਜ਼ ਬੈਂਜਾਮਿਨ ਦੀ ਦੇਖ ਰੇਖ ਹੇਠ ਸੀ ਐਮ ਸੀ ਦੇ ਪੰਜਾਂ ਕਾਲਜਾਂ ਦੇ ਪ੍ਰਿੰਸੀਪਲਾਂ, ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੇ ਪੂਰੀ ਤਨਦੇਹੀ ਨਾਲ ਸਹਿਯੋਗ ਕੀਤਾ. ਸੀ ਐਮ ਸੀ ਹਸਪਤਾਲ ਦੇ ਡਾਇਰੈਕਟਰ ਡਾਕਟਰ ਏ ਜੀ ਥੋਮਸ ਅਤੇ ਐਸੋਸੀਏਟ ਡਾਇਰੈਕਟਰ ਡਾਕਟਰ ਕਿਮ ਜੇ ਮੈਨਨ ਵੀ ਸਾਰੇ ਸਮਾਗਮ ਦੌਰਾਨ ਮੌਜੂਦ ਰਹੇ. ਅਖੀਰ ਵਿੱਚ ਇੱਕ ਬਹੁਤ ਹੀ ਜ਼ਰੂਰੀ ਗੱਲ ਕਿ ਇਸ ਸਾਰੀ ਪੇਸ਼ਕਾਰੀ ਵੇਲੇ ਸਮੇਂ ਅਤੇ ਅਨੁਸ਼ਾਸਨ ਦਾ ਪੂਰਾ ਖਿਆਲ ਰੱਖਿਆ ਗਿਆ ਸੀ. --ਰੈਕਟਰ ਕਥੂਰੀਆ (ਫੋਟੋ: ਸੁਖਜੀਤ ਅਲਕੜਾ)
1 comment:
ਖੁਦ ਖੰਗੂੜਾ ਤਾਂ ਬਦਲ ਲਵੇ ਆਪਣੀ ਸੋਚ ਪਹਿਲਾਂ !!!
Post a Comment