ਪਰਸੋ ਮੇਰਾ ਇਕ ਦੋਸਤ ਅੰਬਾਲੇ ਤੋ ਜਲੰਧਰ ਕਿਸੇ ਕੰਮ ਆਇਆ ਹੋਇਆ ਸੀ | ਸ਼ਾਮੀ ਲੇਟ ਹੋ ਗਿਆ ਸੋ ਮੇਰੇ ਕੋਲ ਹੀ ਪਿੰਡ ਰੁਕ ਗਿਆਂ | ਵੈਸੇ ਤਾ ਲੋਕੀ ਕਹਿੰਦੇ ਨੇ ਕੀ ਸਰਕਾਰੀ ਮੁਲਾਜਮਾਂ ਨੂੰ ਡਿਊਟੀ ਦਾ ਫਿਕਰ ਘੱਟ ਹੀ ਹੁੰਦਾ ਹੈ ਪਰ ਓਸ ਨੂੰ ਬਹੁਤ ਜਿਆਦਾ ਫਿਕਰ ਸੀ | ਓਸ ਨੇ ਮੈਨੂੰ ਕਿਹਾ ਕੀ ਕੱਲ ਮੈਨੂੰ ਯਾਰ ਸਵੇਰੇ ਸਾਢੇ ਕੁ ਤਿੰਨ ਵਜੇ ਜਲੰਧਰ ਬਸ ਸਟਾਪ ਤੇ ਛੱਡ ਆਵੀ ਮੈਂ ਡਿਊਟੀ ਤੇ ਟਾਇਮ ਨਾਲ ਪੁੰਹਚ ਜਾਵਾਗਾਂ | ਇਕ ਤਾ ਠੰਡ ਤੇ ਦੂਜਾ ਸਵੇਰੇ ਤਿੰਨ ਵਜੇ ਪਰ ਚਲੋ ਕੀ ਕਰ ਸਕਦੇ ਸੀ ਆਖਿਰ ਮਸਲਾ ਡਿਊਟੀ ਦਾ ਸੀ.
ਵੈਸੇ ਤਾ ਮੇਰੇ ਪਿੰਡ ਤੋ ਜਲੰਧਰ ਨੂੰ ਜਾਂਦੀ ਸੜਕ ਤੇ ਰਾਤ ਨੂੰ ਜਾ ਤੜਕੇ ਪੰਜ ਵਜੇ ਤਕ ਜਿਆਦਾ ਫਿਕਰ ਕਰਨ ਦੀ ਲੋੜ ਨਹੀ ਕਿਉਕੀ ਰਾਤੀ ਨੋ ਵਜੇ ਤੋ ਲੈ ਕੇ ਸਵੇਰੇ ਪੰਜ ਵਜੇ ਤਕ ਲੁੱਟ-ਖੋਹ ਕਰਨ ਵਾਲਿਆ ਦਾ ਨਾਕਾ ਹੁੰਦਾ ਹੈ ਤੇ ਦਿਨ ਵੇਲੇ ਪੁਲਿਸ ਮੁਲਾਜਮਾਂ ਦਾ, ਜੋੜੇ ਪੁਲਾਂ ਵਾਂਗੂ ਇਸ ਸੜਕ ਤੇ ਵੀ ਇਕ ਪੁਲ ਮਸ਼ਹੂਰ ਹੈ ਪੁਆਰਾ ਵਾਲਾ ਪੁਲ ਨਵਾਂ ਇਥੋ ਸਹੀ ਸਲਾਮਤ ਲੰਘ ਜਾਵੇ ਤਾ ਉਸ ਦੇ ਚੰਗੇ ਕਰਮ ਨਹੀ ਤਾ ਇਸ ਦੀ ਘੁੰਮਣ ਘੇਰੀ ਵਾਲੀ ਸੜਕ ਤੇ ਅਕਸਰ ਨਵਾਂ ਬੰਦਾ ਪੁਲ ਤੋ ਗੱਡੀ ਥਲੇ ਸੁੱਟ ਹੀ ਦੇਂਦਾ ਹੈ ਤੇ ਸਰਕਾਰ ਦੀ ਇਨ੍ਹੀ ਕੁ ਮੇਹਰਬਾਨੀ ਹੈ ਕੀ ਪੁਲ ਚਾਹੇ ਓਸ ਨੇ ਸਿੱਧਾ ਨਹੀ ਪਰ ਨਹਿਰ ਬਾਰਾਂ ਮਹੀਨੇ ਸੁੱਕੀ ਰਹਿੰਦੀ ਹੈ ਜਿਸ ਕਰਕੇ ਡਰਨ ਦੀ ਕੋਈ ਬਹੁਤੀ ਲੋੜ ਨਹੀ ਹੈ |ਬਾਕੀ ਸੜਕ ਵਧੀਆਂ ਹੈ ਜਦ ਵੀ ਗੱਡੀ ਦਾ ਟਾਇਰ ਇਸ ਦੇ ਕਿਸੇ ਟੋਏ ਵਿਚ ਪੇਂਦਾ ਹੈ ਤੇ ਝਟਕਾ ਲਗਦਾ ਰਹਿੰਦਾ ਹੈ ਜੋ ਨੀਂਦ ਨਹੀ ਆਉਣ ਦੇਂਦਾ ਸਫ਼ਰ ਵਿਚ
ਚਲੋ ਖੈਰ ਅਸਲ ਗੱਲ ਤੇ ਆਈਏ ਮੈਂ ਵੀ ਹੋਰ ਹੀ ਕਹਾਣੀ ਪਾ ਲਈ,ਮੈਂ ਦੂਜੇ ਦਿਨ ਆਪਣੇ ਦੋਸਤ ਨੂੰ ਸਵੇਰੇ ਤੜਕੇ ਤਿੰਨ ਵਜੇ ਬਸ ਸਟਾਪ ਜਲੰਧਰ ਛੱਡਣ ਲਈ ਚਲ ਪਿਆ,ਠੰਡ ਵੀ ਹੱਦ ਸੀ ਤੁਦਲੇਕਰ ਦੀਆਂ ਸੈਚਰੀਆਂ ਵਾਂਗ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਹੈ| ਚਲੋ ਮੈਂ ਓਸ ਨੂੰ ਬਸ ਸਟਾਪ ਛੱਡ ਕੇ ਵਾਪਿਸ ਚਲ ਪਿਆ ਜਦ ਪਿੰਡ ਕੋਲ ਆਇਆ ਤਾ ਕੀ ਦੇਖਦਾ ਹਾ ਇਨ੍ਹੀ ਠੰਡ ਦੇ ਵਿਚ ਸਵੇਰੇ ਚਾਰ ਵਜੇ ਪ੍ਰਭਾਤ ਫੇਰੀ ਨਿਕਲ ਰਹੀ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬਧ ਵਿਚ ਵੈਸੇ ਤਾ ਪੰਜਾਬ ਦੇ ਤਕਰੀਬਨ ਹਰ ਪਿੰਡ ਵਿਚ ਹੀ ਗੁਰਪੁਰਬ ਤੋ ਦਸ ਕੁ ਦਿਨ ਪਹਿਲਾ ਪ੍ਰਭਾਤ ਫੇਰੀਆਂ ਨਿਕਲ ਦੀਆਂ ਹੀ ਹਨ | ਮੈਂ ਸੋਚਿਆ ਧੰਨ ਨੇ ਇਹ ਲੋਕ ਜੋ ਇਨ੍ਹੀ ਠੰਡ ਵਿਚ ਵੀ ਆ ਜਾਂਦੇ ਨੇ
ਓਹ ਇਕ ਜਗ੍ਹਾ ਰੁਕ ਕੇ ਚਾਹ ਪੀ ਰਹੇ ਸਨ ਕਿਸੇ ਨੇ ਚਾਹ ਤੇ ਪਕੌੜਿਆ ਦਾ ਲੰਗਰ ਲਗਾਇਆ ਹੋਇਆ ਸੀ ਮੈਂ ਵੀ "ਸ਼ਰਧਾ" ਵੱਸ ਰੁਕ ਕੇ ਸੋਚਿਆ ਚਲੋ ਚਾਹ ਹੀ ਪੀ ਲਈਏ | ਮੇਰੇ ਵੱਲ ਦੇਖ ਕੇ ਕੁਝ ਜਾਣਕਾਰ ਨੂੰ ਹੇਰਾਨੀ ਵੀ ਹੋਈ ਕੇ ਨੋ ਵਜੇ ਉੱਠਣ ਵਾਲਾ ਜੀਤੀ ਅੱਜ ਸਵੇਰੇ ਸਵੇਰੇ ਪ੍ਰਭਾਤ ਫੇਰੀ ਵਿਚ ਕਿਵੇ? ਤੇ ਇਕ ਦੋ ਜਾਣਕਾਰ ਨੂੰ ਵੇਖ ਕੇ ਮੈਨੂੰ ਵੀ ਬਹੁਤ ਹੇਰਾਨੀ ਹੋਈ ਕੀ ਇਹ ਰਾਤ ਨੂੰ ਦੋ ਦੋ ਲੀਟਰ ਦਾਰੂ ਪੀ ਕੇ ਸੌਣ ਵਾਲੇ ਸਵੇਰੇ ਇਨ੍ਹੀ ਜਲਦੀ ਉੱਠ ਕਿਵੇ ਜਾਂਦੇ ਹੋਣਗੇ |ਚਲੋ ਫਿਰ ਵੀ ਮੇਰੇ ਨਾਲੋ ਤਾ ਚੰਗੇ ਹੀ ਨੇ ਜੋ ਸਵੇਰੇ ਸਵੇਰੇ ਗੁਰੂ ਨੂੰ ਯਾਦ ਤਾ ਕਰਦੇ ਨੇ ਤੇ ਮੈਨੂੰ ਇਕ ਸ਼ਿਅਰ ਯਾਦ ਆ ਗਿਆ
"ਚੰਦਾ ਦੇਤੇ ਹੈ ਮਸਜਿਦ ਮੇਂ ਸ਼ਰਾਬ ਪੀਤੇ ਹੈ ਮਹਿਖਾਨੇ ਮੇਂ
ਤਾ ਕੀ ਖੁਦਾ ਵੀ ਖੁਸ ਰਹੇ ਔਰ ਸ਼ੇਤਾਨ ਵੀ ਨਾਰਾਜ਼ ਨਾ ਹੋ "
ਫਿਰ ਉਨ੍ਹਾ ਵਿਚੋ ਕੁਝ ਮੁੰਡੇ ਜਿਨਾ ਨੇ ਫ੍ਰੈਚ ਕੱਟ ਜਿਹੀਆਂ ਦਾਹੜੀਆਂ ਰੱਖੀਆਂ ਹੋਈਆਂ ਸਨ ਤੇ ਸਿਰ ਤੇ ਪੀਲੇ ਰੁਮਾਲ ਬੰਨੇ ਹੋਏ ਸਨ ਜੋ ਸਾਰਾ ਸਾਰਾ ਦਿਨ ਵਾਲਾਂ ਨੂੰ ਜੇੱਲਾ ਲਾ ਕੇ ਕੁੜੀਆਂ ਦੇ ਕਾਲਜ ਵਲ ਨੂੰ ਗੇੜੇ ਮਾਰਦੇ ਰਹਿੰਦੇ ਸਨ ਅੱਜ ਉਨ੍ਹਾ ਦੇ ਹੱਥਾਂ ਵਿਚ ਮੋਬਾਇਲ ਦੀ ਥਾਂ ਚਮਟੇਂ ਫੜੇ ਹੋਏ ਸਨ ਤੇ ਉੱਚੀ ਉੱਚੀ ਓਹਨਾਂ ਨੇ ਗੋਣਾ ਸ਼ੁਰੂ ਕੀਤਾ
"ਬਾਜਾਂ ਵਾਲਿਆ ਆ ਜਾ ਤੈਨੂੰ ਸੰਗਤ ਵਾਜਾਂ ਮਾਰਦੀ"
ਮੈਨੂੰ ਸੁਣ ਕੇ ਲੱਗਾ ਜਿਨੀ ਉੱਚੀ ਉੱਚੀ ਇਹ ਗਾ ਰਹੇ ਨੇ ਜੇ ਕਿਤੇ ਬਾਜਾਂ ਵਾਲੀ ਸਰਕਾਰ ਇਨ੍ਹਾ ਦੀ ਅਰਦਾਸ ਸੁਣ ਕੇ ਸੱਚੀ ਇਥੇ ਆ ਗਈ ਤਾ ਬਹੁਤ ਕੰਮ ਖਰਾਬ ਹੋ ਜਾਣਾ ਓਨ੍ਹਾਂ ਦੇ ਦੱਸੇ ਮਾਰਗ ਤੇ ਚੱਲਣ ਵਾਲਾ ਤਾ ਇਥ੍ਹੇ ਕੋਈ ਵਿਰਲਾ ਹੀ ਹੋਣਾ ਹੈ ਬਾਕੀ ਸਭ ਤਾ ਮੇਰੇ ਵਰਗੇ ਪਕੌੜੇ ਖਾਣ ਵਾਲੇ ਤੇ ਗੱਲੀ ਬਾਤੀਂ ਸਾਰਨ ਵਾਲੇ ਹੋਣੇ ਨੇ ਤੇ ਬਾਜਾਂ ਵਾਲੀ ਸਰਕਾਰ ਨੇ ਤਾ ਆਕੇ ਪਹਿਲਾਂ ਫੇਰਨੀਆਂ ਮੇਰੇ ਵਰਗਿਆਂ ਦੇ ਜੁੱਤੀਆਂ ਤੇ ਫਿਰ ਕਿਤੇ ਇਹ ਨਾ ਪੁੱਛਣ ਲੱਗ ਜਾਣ ਕੀ ਕੌਣ ਕੌਣ ਮੇਰੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਕਰਨ ਲਈ ਇਥੇ ਅੱਜ ਪ੍ਰਭਾਤ ਫੇਰੀ ਤੇ ਆਇਆ ਹੈ |ਤੇ ਜੇ ਕਿਤੇ ਦਸਵੇ ਨਾਨਕ ਜੀ ਨੇ ਤਿਆਰ ਕਰ ਲਿਆਂ ਖੰਡੇ ਬਾਟੇ ਦਾ ਅਮ੍ਰਿਤ ਤੇ ਅਨੰਦਪੁਰ ਸਾਹਿਬ ਵਾਂਗੂ ਇਥੇ ਵੀ ਸੀਸ ਮੰਗ ਲਿਆ ਤਾ ਹੋਰ ਪੰਗਾ ਪੈ ਜਾਣਾ ਹੈ | ਮੈਂ ਸੋਚਿਆ ਇਸ ਤੋ ਪਹਿਲਾ ਕੀ ਕ੍ਰਾਂਤੀ ਦੇ ਅਵਤਾਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਨ੍ਹਾ ਦਾ ਰੋਲਾ ਸੁਣ ਕੇ ਇਥੇ ਆ ਜਾਣ ਚੁੱਪ ਚਾਪ ਨਿਕਲ ਜਾਣਾ ਹੀ ਠੀਕ ਹੈ.
---
ਇੰਦਰਜੀਤ ਸਿੰਘ
ਕਾਲਾ ਸੰਘਿਆਂ
No comments:
Post a Comment