Saturday, January 08, 2011

ਗੱਲ ਜਿੱਤ, ਜ਼ਲਾਲਤ ਅਤੇ ਅਸੂਲ ਦੀ


ਫੋਟੋ ਧੰਨਵਾਦ ਸਹਿਤ :Power of Pen  
ਗੱਲ ਜਿੰਨੀ ਮਰਜ਼ੀ ਸਖ਼ਤ ਤੋਂ ਸਖ਼ਤ ਹੋਵੇ ਉਹ ਬੜੀ ਸਫਲਤਾ ਨਾਲ ਆਖ ਲੈਂਦੀ ਹੈ ਪਰ ਉਸਦੇ ਅੰਦਾਜ਼ ਵਿੱਚ ਰੇਸ਼ਮ ਵਰਗੀ ਮੁਲਾਇਮੀਅਤ ਦਾ ਅਹਿਸਾਸ ਹਮੇਸ਼ਾਂ  ਹੁੰਦਾ ਹੈ. ਕਦੇ ਵੀ ਅਜਿਹਾ ਨਹੀਂ ਹੋਇਆ ਕਿ ਉਸ ਦੀ ਪੋਸਟ ਨਜ਼ਰਾਂ ਸਾਹਮਣੇ ਆਈ ਹੋਵੇ ਤੇ ਮੈਂ ਉਸ ਨੂੰ ਬਿਨਾ ਪੜ੍ਹੇ ਅੱਗੇ ਚਲਾ ਜਾਵਾਂ.ਉਸ ਵਿੱਚ ਕਈ ਚੋਭਵੀਆਂ ਗੱਲਾਂ ਨੂੰ ਵੀ ਨਜ਼ਰੰਦਾਜ਼ ਕਰ ਸਕਣ ਦੀ ਸਮਰਥਾ ਮੌਜੂਦ ਹੈ ਪਰ ਇਸ ਵਾਰ ਉਸਨੂੰ ਵੀ ਦੁੱਖ ਪਹੁੰਚਿਆ. ਮੇਰੀ ਮੁਰਾਦ ਹੈ ਮੋਹਿੰਦਰ ਰਿਸ਼ਮ ਤੋਂ. ਉਹਨਾਂ ਲਿਖਿਆ,"ਹੋ ਕੀ ਰਿਹਾ ਹੈ....? ਹਰ ਪਾਸੇ ਕੋਫਤ....! FB ਤੇ ਵੀ ਲੜਾਈਆਂ.....ਗਿਲੇ-ਸ਼ਿਕਵੇ....!! ਓਫ ਖੁਦਾਇਆ...ਹੁਣ ਕਿਥੇ ਜਾਈਏ...? ਮੂਸਾ ਭਜਿਆ ਮੌਤ ਤੋਂ...ਜੁਆਬ ਵੀ ਦਿਲਚਸਪ ਸੀ....ਇੱਕ ਹੋਰ ਸਾਫ਼ ਦਿਲ ਕਲਮਕਾਰਾ ਸ਼ਸ਼ੀ ਸਮੁੰਦਰਾ ਨੇ ਇਸਤੇ ਟਿੱਪਣੀ ਕਰਦਿਆਂ ਕਿਹਾ,"
 ਰਿਸ਼ਮ, ਮੇਰਾ ਖ਼ਿਆਲ ਹੈ ਕੋਈ ਬਹੁਤੀ ਲੜ੍ਹਾਈ ਨਹੀਂ ਹੋ ਰਹੀ | ਅੰਗ੍ਰੇਜ਼ੀ 'ਚ ਅਸੀਂ ਜਿਹਨੂੰ ਡਿਸਕਸ਼ਨ ਕਹਿੰਦੇ ਹਾਂ,ਓਹ ਪੰਜਾਬੀ 'ਚ ਬਹਿਸ ਬਣ ਜਾਂਦੀ ਹੈ | ਜਿਹੜੀ ਗੱਲ ਅੰਗ੍ਰੇਜ਼ੀ, ਹਿੰਦੀ 'ਚ ਸੁਭਾਵਿਕ ਲਗਦੀ ਹੈ, ਕਈ ਵਾਰ ਓਹ ਪੰਜਾਬੀ 'ਚ ਤਲਖ ਲਗਦੀ ਹੈ | ਨਾਲੇ ਤੁਹਾਨੂੰ ਸਾਡਾ ਪੰਜਾਬੀ ਸੁਭਾ ਪਤਾ ਹੀ ਹੈ...ਕਦੇ ਐਵੇਂ ਆਖੀ ਗਲ ਇੱਟ ਵਾਂਗ ਵੱਜਦੀ ਹੈ |    ਕਈ ਗਲਾਂ ਐਵੇਂ ਸ਼ੁਗਲ ਮੇਲੇ 'ਚ ਆਖ ਦਿਤੀਆਂ ਜਾਂਦੀਆਂ ਜੋ ਪੜ੍ਹਣ ਵਾਲੇ ਨੂੰ ਸ਼ਾਇਦ ਲੜ੍ਹਾਈ ਹੋ ਰਹੀ ਲਗ ਸਕਦੀਆਂ ਹਨ | ਚੰਗਾ ਹੈ | ਲੋਕ ਖੁਲ ਕੇ ਬਹਿਸ ਕਰ ਸਕਣ | ਏਸ ਲਈ ਫੇਸਬੁਕ ਇੱਕ ਚੰਗਾ ਪਲੇਟਫਾਰਮ ਹੈ | ਅਸੀਂ ਲੇਖਕ ਲੋਕ ਪਰਚਿਆਂ ਵਿੱਚ ਵੀ ਬਹੁਤ ਕੁਝ ਕਹਿ ਸਕਦੇ ਹਾਂ ਪਰ, ਬਹੁਤ ਸਾਰੇ ਸਾਡੇ ਦੋਸਤ ਪਰਚਿਆਂ ਵਿੱਚ ਨਹੀਂ ਛਪਦੇ ਜਾਂ, ਆਪਣੇ ਵਿਚਾਰ ਲਿਖਦੇ | ਸੋ,ਪ੍ਰੇਸ਼ਾਨ ਨਾ ਹੋਵੇ | ਚੰਗਾ ਹੈ ਕਿ ਹਰ ਇੱਕ ਨੂੰ ਏਥੇ ਬੋਲਣ ਦਾ ਮੌਕਾ ਮਿਲ ਰਿਹਾ ਹੈ | ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਂ ਦਿਓ...ਸ਼ੁਕਰ ਹੈ,ਹੁਣ ਸਭ ਨੂੰ ਗਲ ਕਹਿਣ ਦਾ ਪ੍ਲੇਟਫਾਰਮ ਮਿਲ ਗਿਆ ਹੈ "...
ਫੋਟੋ ਧੰਨਵਾਦ ਸਾਹਿਤ: ਮਾਈਕ ਕੁਜਾਵਸਕੀ   
ਇਸ ਦੇ ਨਾਲ ਹੀ ਇੱਕ ਹੋਰ ਇਸ਼ਾਰਾ ਹੋਇਆ 
ਇਕ਼ਬਾਲ ਗਿੱਲ ਹੁਰਾਂ ਵੱਲੋਂ. ਉਹਨਾਂ ਲਿਖਿਆ ਸੀ,"
ਫੇਸਬੁੱਕ ਤੇ ਵੀ ਲਗਦਾ ਹੈ ਕਵੀਆਂ ਦੇ ਮੁਸ਼ਹਿਰਿਆਂ ਵਰਗਾ ਮਹੌਲ ਬਣਦਾ ਜਾ ਰਿਹਾ ਹੈ ਰੱਬ ਕਰੇ ਇਹ ਮੇਰਾ ਭਰਮ ਹੀ ਹੋਵੇ.......ਇਹ ਪੜ੍ਹਕੇ ਚਿੰਤਾ ਹੋਈ. ਇਕ਼ਬਾਲ ਗਿੱਲ ਉਹਨਾਂ ਦੂਰਅੰਦੇਸ਼ ਬੁਧੀਜੀਵੀਆਂ ਵਿੱਚੋਂ ਹਨ ਜਿਹੜੇ ਆਉਣ ਵਾਲੇ ਭੂਚਾਲ ਅਤੇ ਤੂਫ਼ਾਨ ਦੀ ਦਸਤਕ ਬਹੁਤ ਪਹਿਲਾਂ ਸੁਣ ਲੈਣੇ ਹਨ. ਕੁਝ ਸੱਜਣਾਂ ਨੂੰ ਜਦੋਂ ਉਹਨਾਂ ਦੀ ਪੋਸਟ ਪੜ੍ਹਕੇ ਕੁਝ ਖੁਸ਼ੀ ਹੋਈ ਤਾਂ ਇਕ਼ਬਾਲ ਗਿੱਲ ਨੇ ਸਾਫ਼ ਕੇਤਾ ਕਿ  ਤੁਸੀਂ ਕਵੀਆਂ ਦੇ ਮੁਸ਼ਹਿਰੀਆਂ ਵਿਚ ਹੁੰਦਾ ਜੂਤ-ਪਤਾਣ ਨਹੀਂ ਡਿਠਾ ਹੋਣਾ | ਚਲੋ ਅਗਰ ਨਹੀਂ ਡਿਠਾ ਤਾਂ ਇਸਦੇ ਦਰਸ਼ਨ ਥੋੜੀ ਦੇਰ ਵਿਚ ਲਗਦਾ ਹੈ ਇਥੇ ਵੀ ਹੋਣ ਵਾਲੇ ਹਨ.ਇਸ ਤੇ ਕੁਮੈਂਟ ਕਰਦਿਆਂ ਕਨੇਡਾ ਤੋਂ ਛਪਦੇ ਸੰਵਾਦ ਦੇ ਸੰਪਾਦਕ  ਸੁਖਿੰਦਰ ਸਿੰਘ
 ਨੇ ਕਿਹਾ,"ਦੋਸਤੋ:ਪੰਜਾਬੀ ਕਵੀਆਂ ਵੱਲੋਂ 'ਫੇਸਬੁੱਕ' ਦੀ ਵਰਤੋਂ ਜੇਕਰ 'ਇੰਟਰਨੈੱਟ ਪੰਜਾਬੀ ਕਵੀ ਦਰਬਾਰ' ਆਯੋਜਿਤ ਕਰਨ ਲਈ ਹੋਣੀ ਸ਼ੁਰੂ ਹੋ ਰਹੀ ਹੈ ਤਾਂ ਮੈਂ ਇਸ ਨੂੰ ਇੱਕ ਚੰਗਾ ਰੁਝਾਣ ਸਮਝਦਾ ਹਾਂ. ਇਨ੍ਹਾਂ ਕਵੀਆਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਕਵਿਤਾਂਵਾਂ / ਗੀਤਾਂ / ਗ਼ਜ਼ਲਾਂ ਬਾਰੇ ਜੇਕਰ ਤਿੱਖੀ ਬਹਿਸ ਛਿੜਦੀ ਹੈ ਤਾਂ ਉਸਦਾ ਵੀ ਸੁਆਗਤ ਕਰਨਾ ਚਾਹੀਦਾ ਹੈ. ਅਜਿਹੀ ਬਹਿਸ ਨੂੰ 'ਜੂਤ-ਪਤਾਣ' ਕਹਿਕੇ ਛੁਟਿਆਣ ਦੀ ਕੋਸ਼ਿਸ਼ ਨ ਕਰੋ. ਬਲਕਿ ਪੰਜਾਬੀ ਕਵਿਤਾ ਦੇ ਪਾਠਕਾਂ ਨੂੰ ਇਹ ਸੱਦਾ ਦੇਣਾ ਚਾਹੀਦਾ ਹੈ ਕਿ ਫੇਸਬੁੱਕ ਉੱਤੇ ਪੇਸ਼ ਕੀਤੀ ਜਾ ਰਹੀ ਪੰਜਾਬੀ ਸ਼ਾਇਰੀ ਬਾਰੇ ਖੁੱਲ੍ਹ ਕੇ ਚਰਚਾ ਕੀਤਾ ਜਾਵੇ. ਸਾਡੇ ਸਮਿਆਂ ਵਿੱਚ ਪੰਜਾਬੀ ਕਵਿਤਾ ਨੂੰ ਇਸਦੀ ਬਹੁਤ ਜ਼ਿਆਦਾ ਲੋੜ ਹੈ. ਅੱਜ ਪੰਜਾਬੀ ਕਵਿਤਾ ਨੂੰ ਨਿੱਕੇ ਨਿੱਕੇ ਘੁਰਨਿਆਂ 'ਚੋਂ ਨਿਕਲ ਕੇ ਇੰਟਰਨੈੱਟ ਰੂਪੀ ਗਲੋਬਲ ਕਾਵਿ-ਮੰਚ ਉੱਤੇ ਛਾ ਜਾਣ ਦੀ ਲੋੜ ਹੈ. ਮੈਨੂੰ ਵੀ ਉਹਨਾਂ ਦੀ ਗੱਲ ਕਾਫੀ ਹੱਡ ਤੱਕ ਉਸਾਰੂ ਲੱਗੀ ਅਤੇ ਮੈਂ ਕਿਹਾ," ਸੁਖਿੰਦਰ ਜੀ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ.....! ਹਿੰਦੀ ਵਿੱਚ ਅਜਿਹੇ ਤਜਰਬਿਆਂ ਦਾ ਰੁਝਾਣ ਬਹੁਤ ਵਧ ਰਿਹਾ ਹੈ ਪਰ ਕੀ ਕਰਨ ਗਿੱਲ ਸਾਹਿਬ ਵੀ...ਹਕੀਕਤ ਪੰਜਾਬੀ ਦੀ ਹੀ ਕੁਝ ਹੋਰ ਦਸਦੀ ਹੈ....! 

ਕਈ ਵਾਹ ਵਾਹ ਦੇ ਵਿੱਚ ਹੀ ਰਹੇ ਗੁੰਮੇ, 
ਕਈ ਸਾਜ਼ਿਸ਼ਾਂ ਨਿਤ ਬਣਾਂਵਦੇ ਰਹੇ.

ਕਈ ਗੁੱਡਿਆਂ ਦੀ ਡੋਰ ਨੂੰ ਕੱਟਦੇ ਰਹੇ,
ਕਈ ਲੱਤਾਂ ਨੂੰ ਖਿੱਚਦੇ ਖਿਚਾਂਵਦੇ ਰਹੇ.

ਸੱਦਾ ਦੇ ਕੇ ਮਿੱਤਰਾਂ ਨੂੰ ਆਉਣ ਦਾ ਖੁਦ,
ਬਾਹਰੋਂ ਤਾਲੇ ਤੇ ਤਾਲਾ ਵੀ ਲਾਂਵਦੇ ਰਹੇ.

ਗੱਲ ਕਹਿ ਕੇ ਵਿਚਾਰ ਵਟਾਂਦਰੇ ਦੀ, 
ਆਪਣੇ ਮਿੱਤਰਾਂ ਨੂੰ ਬੈਨ ਕਰਾਂਵਦੇ ਰਹੇ.
ਫੋਟੋ ਧੰਨਵਾਦ ਸਹਿਤ : Routines for Writers
ਸੁਖਿੰਦਰ ਸਿੰਘ ਨੇ ਇਸ ਬਾਰੇ ਹੋਰ ਕਿਹਾ,"  ਦੋਸਤੋ:ਅਜਿਹੀਆਂ ਗੱਲਾਂ ਤੋਂ ਨ ਘਬਰਾਓ. ਮਾਓ ਦੇ ਕਹਿਣ ਵਾਂਗ ਫੇਸਬੁੱਕ ਉੱਤੇ ਹੋ ਰਹੇ ਕਾਵਿ-ਮੁਸ਼ਹਰਿਆਂ ਵਿੱਚ ਕਵਿਤਾ ਬਾਰੇ ਛਿੜ ਰਹੀ ਬਹਿਸ ਵਿੱਚ ਵੀ ਹਜ਼ਾਰ ਫੁੱਲ ਖਿੜਨ ਦਿਓ. ਇੱਥੋਂ ਹੀ ਪੰਜਾਬੀ ਕਵਿਤਾ ਵਿੱਚ ਨਵੇਂ ਵਿਚਾਰ ਆਉਣਗੇ, ਨਵੀਂ ਸ਼ਬਦਾਵਲੀ ਆਵੇਗੀ, ਨਵੇਂ ਰੂਪ ਆਉਣਗੇ. ਇਸ ਤਰ੍ਹਾਂ ਹੀ ਪੰਜਾਬੀ ਕਵਿਤਾ ਘਰ, ਘਰ ਪਹੁੰਚੇਗੀ. ਕੋਈ ਤੁਹਾਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਕੇ ਆਪ ਆਪਣੇ ਘਰ ਨੂੰ ਤਾਲਾ ਲਾ ਕੇ ਤੁਰ ਜਾਂਦਾ ਹੈ ਤਾਂ ਉਸਦੀ ਕੋਈ ਮਜਬੂਰੀ ਹੋਵੇਗੀ. ਤੁਸੀਂ ਆਪਣੀ ਜ਼ਿੰਦਗੀ ਦੇ ਰੁਝੇਵੇਂ ਕੁਝ ਇਸ ਤਰ੍ਹਾਂ ਰੱਖੋ ਕਿ ਜੇਕਰ ਤੁਹਾਡਾ ਕੋਈ ਮਿੱਤਰ ਤੁਹਾਨੂੰ ਘਰ ਬੁਲਾ ਕੇ ਆਪ ਕਿਤੇ ਹੋਰ ਤੁਰ ਗਿਆ ਤਾਂ ਤੁਸੀਂ ਕਿਸੀ ਹੋਰ ਮਿੱਤਰ ਨੂੰ ਮਿਲ ਲਵੋ? ਦੁਨੀਆਂ ਬਹੁਤ ਵੱਡੀ ਹੈ. ਮੈਨੂੰ ਹਰ ਰੋਜ਼ ਕਿਸੀ ਨ ਕਿਸੀ ਦੇਸ਼ ਤੋਂ ਕਿਸੀ ਔਰਤ ਜਾਂ ਮਰਦ ਦਾ ਖ਼ਤ ਆ ਜਾਂਦਾ ਹੈ ਜਿਸਨੂੰ ਮੈਂ ਪਹਿਲਾਂ ਨਹੀਂ ਜਾਣਦਾ ਹੁੰਦਾ. ਮੇਰੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਕਿਸੀ ਦਾ ਖਿੜੇ ਮੱਥੇ ਸੁਆਗਤ ਕਰਾਂ. ਪਿਛਲੇ ਕੁਝ ਮਹੀਨਿਆਂ ਵਿੱਚ   ਅਨੇਕਾਂ ਦੇਸ਼ਾਂ ਵਿੱਚ ਰਹਿਣ ਵਾਲੇ ਮੇਰੇ ਸੈਂਕੜੇ ਨਵੇਂ ਦੋਸਤ ਬਣੇ ਹਨ. 
ਏਸ ਸਭ ਕੁਝ ਬਾਰੇ ਰੂਪ ਦਬੁਰਜੀ ਦਾ ਕਹਿਣਾ ਸੀ,"ਸੁਖਿੰਦਰ ਜੀ, ਦੀ ਗੱਲ ਬਿਲਕੁਲ ਸਹੀ ਹੈ | ਸਾਨੂੰ ਫੇਸਬੂਕ  ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਗੁਣਵਾਨ ਦੋਸਤ ਦਿੱਤੇ ਹਨ |"ਮੁਸ਼ਾਇਰਿਆਂ ਦੇ ਮਾਹੌਲ ਬਾਰੇ ਇਕ਼ਬਾਲ ਗਿੱਲ ਹੁਰਾਂ ਫਿਰ ਯਾਦ ਕਰਾਇਆ ਕਿ ਮੁਸ਼ਾਹਿਰੇ ਚੋਂ ਕਿਸੇ ਨੂੰ ਕਢਣਾ ਇੰਨਾ ਆਸਾਨ ਨਹੀਂ ਹੁੰਦਾ online ਸਿਰਫ ਇੱਕ ਸੁੱਚ (ਸਵਿੱਚ) ਦੱਬੋ ਕਿ ਬੋਲਣ ਵਾਲਾ ਬਾਹਰ | ਇਸ ਕੁਮੈਂਟ ਤੇ ਇੱਕ ਹੋਰ ਦਿਲਚਸਪ ਟਿੱਪਣੀ ਆਈ. ਡਾ. ਸੁਖਦੀਪ ਹੁਰਾਂ ਦੀ. ਉਹਨਾਂ ਕਿਹਾ,"  ਗਿੱਲ ਸਾਹਿਬ ਫੇਸਬੂਕ  ਦੇ ਮੁਸ਼ਾਇਰਿਆਂ  ਦੀ ਸਟੇਜਾਂ ਤੇ ਹੋ ਰਹੇ (ਸਚਮੁਚ ਦੇ) ਮੁਸ਼ਾਇਰਿਆਂ  ਨਾਲ ਤੁਲਨਾ ਕਰਕੇ ਕਿਰਪਾ ਕਰਕੇ ਫੇਸਬੁਕ ਦੀ ਕਦਰ ਨਾ ਘਟਾਓ |
ਫੋਟੋ ਧੰਨਵਾਦ ਸਹਿਤ : Jodie Rides
ਕੁਝ ਦਿਨ ਪਹਿਲਾਂ ਮੈਂ ਪੰਜਾਬੀ ਗ਼ਜ਼ਲ ਦੇ ਪਿਤਾਮਾ ਦੀ ਜੰਮਣ ਭੌਂ ਤੇ ਉਹਨਾਂ ਦੀ ਯਾਦ ਵਿਚ ਹੋਇਆ ਮੁਸ਼ਹਿਰਾ ਦੇਖਣ ਦਾ ਮੌਕਾ ਮਿਲਿਆ | ਜਿਥੇ ਸਿਰਮੌਰ ਸਾਹਿਤਕਾਰਾਂ ਨੇ ਘੰਟਾ ਘੰਟਾ ਮਾਇਕ ਨਹੀਂ ਛਡਿਆ, ਉਹਨਾਂ ਆਪਣੇ ਨਿਜੀ ਮਸਲਿਆਂ ਤੋਂ ਲੈਕੇ ਦੁਨੀਆਂ ਭਰ ਦੇ ਮਸਲੇ ਜੁਬਾਨੀ ਗਾਹ ਦਿੱਤੇ | ਉਹਨਾਂ ਬੁੱਲੇ ਸ਼ਾਹ ਦੀਆਂ ਦੋ ਸਤਰਾਂ ਤੋਂ ਲੈਕੇ ਤਾਲਸਤਾਏ ਦਾ 'ਵਾਰ ਐਂਡ ਪੀਸ' ਫਰੋਲ ਸੁੱਟਿਆ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਮਜਲਿਸ ਵਿਚ ਚਾਹ ਦੇ ਗਿਲਾਸ ਚੁੱਕੀ ਫਿਰਦੇ ਬੱਚੇ ਜਾਂ ਸਾਹਿਤਕਾਰਾਂ ਲਈ ਸਟੇਜ ਤੇ ਕੁਰਸੀਆਂ ਡਾਹੁੰਦੇ ਤੇ ਝਾੜਦੇ 10 ਵਰ੍ਹੇ ਦੇ ਨਿਆਣੇ ਬਾਰੇ ਕਿਸੇ ਤੋਂ ਇੱਕ ਸ਼ਬਦ ਨਹੀਂ ਸਰਿਆ (ਮੇਰੇ ਪਾਸ ਉਨ੍ਹਾਂ ਦੀ ਉਸ ਵਕਤ ਦੀ ਤਸਵੀਰ ਵੀ ਮੌਜੂਦ ਹੈ) ਫੇਸਬੁੱਕ ਤੇ ਘੱਟੋ-ਘੱਟ "ਬਾਲ ਮਜ਼ਦੂਰੀ" ਨਹੀਂ ਹੁੰਦੀ, ਇਸਦੇ ਖਿਲਾਫ ਗੱਲਾਂ ਜ਼ਰੂਰ ਹੁੰਦੀਆਂ ਹਨ |ਜੇ ਮੇਰੀ ਗੱਲ ਤੇ ਯਕੀਨ ਨਾ ਹੋਵੇ ਤਾਂ ਵਿਦਿਆਰਥੀ ਜੀ ਤੋਂ ਪੁਛ ਸਕਦੇ ਹੋ ਇਹ ਵੀ ਉਥੇ ਮੌਜੂਦ ਸਨ | ਡਾ. ਸੁਖਦੀਪ ਨੇ 
ਸੁਖਿੰਦਰ ਜੀ ਨੂੰ ਵੀ ਕਿਹਾ," ਉਹ ਬੱਚਾ ਜਿਸਦੀ ਗੱਲ ਮੈਂ ਇਥੇ ਕੀਤੀ ਹੈ ਉਹ ਇਸ ਮੁਸ਼ਾਹਿਰੇ ਵਾਲੇ ਦਿਨ ਐਤਵਾਰ ਤੋਂ ਬਿਨਾ ਸ਼ਾਇਦ ਹੀ ਕਿਤੇ ਸਕੂਲ ਆਇਆ ਹੋਵੇ | ਉਹ ਮਜਦੂਰ ਬਾਪ ਦੇ ਨਾਲ ਦਿਹਾੜੀ ਤੇ ਆਇਆ ਹੋਇਆ ਸੀ ਉਸਦਾ ਹੀ ਬਾਪ ਬਾਹਰ ਚਾਹ ਰੋਟੀ ਬਣਾ ਰਿਹਾ ਸੀ ਸ਼ਾਇਦ, ਤੇ ਉਸਦੀ ਡਿਉਟੀ ਬੁਧੀਜੀਵੀਆਂ (ਜੋ ਬਾਲ ਮਜਦੂਰੀ ਤੇ ਵੱਡੇ ਵੱਡੇ ਲੈਕਚਰ ਝਾੜਦੇ ਨਹੀਂ ਥਕਦੇ) ਦੀ ਸੇਵਾ ਤੇ ਸੀ | ਮੈਂ ਨਹੀਂ ਸਮਝਦਾ ਕਿ ਉਸਨੂੰ ਉਥੇ ਹੁੰਦੀ ਕਲਾਸਿਕ ਚਰਚਾ ਦਾ ਇੱਕ ਵੀ ਅੱਖਰ ਸਮਝ ਪਿਆ ਹੋਵੇਗਾ | ਪੈਂਦਾ ਵੀ ਕਿਵੇਂ ਤੇ ਪਵੇ ਵੀ ਕਿਉਂ ? ਕੋਈ ਤਾਲੁਕ ਹੀ ਨਹੀਂ ਸੀ ਸਾਰੀ ਚਰਚਾ ਦਾ ਉਸ ਨਾਲ | 
 ਤੁਹਾਡੇ ਇਹਨਾਂ ਵਿਚਾਰਾਂ ਨੇ ਵਾਕਿਆ ਹੀ ਨਿਰਾਸ਼ ਕੀਤਾ ਹੈ ਕਿ ਤੁਸੀਂ ਬਚਿਆਂ ਤੋਂ ਆਪਣੀ ਸੇਵਾ ਨੂੰ ਜਾਇਜ਼ ਸਿਧ ਕਰਨ ਦੀ ਕੋਸ਼ਿਸ਼ ਕੀਤੀ ਹੈ | ਮੈਂ ਨਹੀਂ ਸਮਝਦਾ ਕਿ ਤੁਸੀਂ ਇਹ ਨਹੀਂ ਜਾਣਦੇ ਕਿ ਤੁਹਾਡੇ ਦੁਆਰਾ ਪੇਸ਼ ਕੀਤੇ ਸੁਝਾਅ ਆਪਣੀ ਗਲਤੀ ਦੇ ਜਖ੍ਮ ਤੇ ਸਿਰਫ ਰੇਸ਼ਮੀ ਪਰਦਾ ਪਾਉਣ ਦੀ ਕੋਸ਼ਿਸ਼ ਹੈ |" ਉਹਨਾਂ ਸੁਖਿੰਦਰ ਜੀ ਨੂੰ ਯਾਦ ਕਰਾਇਆ ਕਿ ਤੁਸੀਂ ਜਿਸ ਦੇਸ਼ ਦੇ ਬਾਸਿੰਦੇ ਹੋ ਉਹ ਇੱਕ ਪੂੰਜੀਵਾਦੀ ਮੁਲਕ ਹੈ ਤੇ ਪੂੰਜੀਵਾਦ ਦਾ ਮੁਢਲਾ ਅਸੂਲ ਹੈ ਸਸਤੀ ਕਿਰਤ ਸ਼ਕਤੀ ਦੀ ਖੋਜ | ਉਸ ਨੂੰ ਕੋਈ ਪ੍ਰਵਾਹ ਨਹੀਂ ਕਿ ਉਹ ਕਿਰਤੀ ਕੋਈ ਬੱਚਾ ਹੈ | ਤੁਹਾਡੇ ਇਹਨਾਂ ਸੁਝਾਵਾਂ ਵਿਚ ਇਹੋ ਮਾਨਸਿਕਤਾ ਹਾਵੀ ਹੈ ਤੇ ਸਾਹਿਤਕਾਰਾਂ ਦੀ ਚਰਚਾ ਵਿਚ ਉਹਨਾਂ ਦਾ ਫਾਇਦਾ ਆਦਿ ਸਿਰਫ ਬਹਾਨੇ ਨੇ ਇਹ ਤੁਸੀਂ ਵੀ ਜਾਣਦੇ ਹੋ ਚੰਗੀ ਤਰਾਂ |ਇਹ ਸਭ ਚੱਲ ਹੀ ਰਿਹਾ ਸੀ ਕਿ ਕਾਲਾ ਸੰਘਿਆਂ ਵਾਲੇ ਇੰਦਰਜੀਤ ਸਿੰਘ  ਨੇ ਇੱਕ ਲੇਖ ਪੋਸਟ ਕੀਤਾ. ਲਉ ਜੀ ਹੁਣ ਕਥੂਰੀਆ ਸਾਬ ਤੇ ਵੀ ਲੱਗਾ ਬੈਨ. ਉਹਨਾਂ ਕਿਹਾ ਕਿ ਪੰਜਾਬੀ ਦੇ ਮਹਾਨ ਗ਼ਜ਼ਲਕਾਰ ਵਿਦਵਾਨ ਜੋ ਇਥੇ ਫੇਸਬੁੱਕ ਤੇ ਮੋਜੂਦ ਨੇ ਇਨ੍ਹਾ ਨਾਲ ਮੇਰੀ ਤਕਰਾਰ ਤਾ ਕੋਈ ਨਵੀ ਹੈ ਪਰ ਪਿਛਲੇ ਕੁਝ ਸਮੇ ਤੋ ਸਬ ਕੁਝ ਸ਼ਾਂਤ ਹੀ ਚਲ ਰਿਹਾ ਸੀ ਤੇ ਮੈਂ ਵੀ ਇਹਨਾ ਤੋ ਪਾਸਾ ਵੱਟ ਕੇ ਆਪਣੇ ਕੰਮਕਾਰ ਲੱਗਾ ਹੋਇਆ ਸੀ | ਪਰ ਕੁਝ ਦਿਨ ਪਹਿਲਾ ਗ਼ਜ਼ਲ ਦੇ ਇਨ੍ਹਾ ਵਿਦਵਾਨਾਂ ਨੇ ਇਕ ਚੰਗੀ ਸੋਚ ਸੋਚੀ ਕੀ ਇਕ ਗੱਰੁਪ ਬਣਾਇਆ ਜਾਵੇ ਜਿਸ ਵਿਚ ਗ਼ਜ਼ਲ ਸਿੱਖਣ ਦੇ ਚਾਹਵਾਨ ਲੇਖਕਾ ਨੂੰ ਗ਼ਜ਼ਲ ਲਿਖਣ ਦਾ ਵਿਧਾਨ ਦੱਸਿਆ ਜਾਵੇ ਜਾ ਇਹ ਕਹਿ ਲਈਏ ਕੀ ਉਰਦੂ ਅਰਬੀ ਨੂੰ ਪੰਜਾਬੀ ਵਿਚ ਰਲਉਣ ਦੀ ਰਵਾਇਤ ਚਲਦੀ ਰੱਖਣ ਲਈ  | ਇਹ ਬਿਨਾ ਸ਼ੱਕ ਇਕ ਬਹੁਤ ਹੀ ਚੰਗੀ ਸੋਚ ਸੀ| ਪਰ ਮੈਨੂੰ ਇਕ ਹੇਰਾਨੀ ਜ਼ਰੂਰ ਹੋਈ ਕੀ ਇਸ ਕੰਮ ਲਈ ਦੋ ਗੱਰੁਪ ਕਿਉ ਬਣਾਏ ਗਏ ਚਲੋ ਵੈਸੇ ਮੈਨੂੰ ਕੀ ਇਤਰਾਜ਼ ਸੀ ਚਾਹੇ ਦਸ ਗੱਰੁਪ ਬਣਾਉਦੇ,


ਇੰਦਰਜੀਤ ਦਾ ਸਨਮਾਣ 

 ਇਕ ਇਤਫਾਕ ਇਹ ਹੋਇਆ ਕੀ ਮੈਂ ਤੇ ਇਕ਼ਬਾਲ ਨੇ ਕਾਫੀ ਸਮੇ ਤੋ ਇਕ ਗੱਰੁਪ ਬਣਉਣ ਦੀ ਸੋਚੀ ਹੋਈ ਸੀ ਤੇ ਇਸ ਲਈ ਸਿਰਫ ਮੈਂ ਇਕ ਕਵਿਤਾ ਲਿਖ ਰਿਹਾ ਸੀ ਜੋ ਬਾਕੀ ਸੀ | ਓਸ ਦਿਨ ਇਤਫਾਕ ਨਾਲ ਮੈਂ ਵੀ ਇਸ ਗੱਰੁਪ ਦਾ ਸਾਰਾ ਕੰਮ ਖਤਮ ਕਰਕੇ ਇਸ ਨੂੰ ਫੇਸਬੁੱਕ ਤੇ ਸ਼ੁਰੂ ਕਰ ਦਿੱਤਾ ਜਿਸ ਦਾ ਨਾਮ ਕੁਝ ਕੁਝ ਇਨ੍ਹਾ ਵਿਦਵਾਨਾ ਦੇ ਗੱਰੁਪ ਨਾਲ ਮਿਲਦਾ ਜੁਲਦਾ ਸੀ| ਫਿਰ ਇਕ  ਦਿਨ ਇਨ੍ਹਾ ਵਿਦਵਾਨਾ ਦੇ ਗੱਰੁਪ ਵਿਚ ਜਗਵਿੰਦਰ ਜੀ ਨੇ ਮੇਰੇ ਬਾਰੇ ਇਕ ਟਿਪਣੀ ਪਾਈ ਕੀ
 "ਸਿਖਣ ਪ੍ਰਕ੍ਰਿਆ ਦੇ ਇਹਨਾਂ ਯਤਨਾਂ ਨੂੰ ਢਾਹ ਲਾਓਣ ਦਾ ਕੰਮ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਕਿਸੇ ਨੇ ਇੱਕ ਨਵਾਂ ਪੇਜ " ਅਸੀਂ ਕਬਰ ਪੁੱਟਣਾ ਚਾਹੁੰਦੇ ਹਾਂ " ਬਣਾ ਧਰਿਆ |ਇਹ ਪੇਜ ਉਸ ਇੰਦ੍ਰਜੀਤ ਵੱਲੋਂ ਬਣਾਇਆ ਗਿਆ ਹੈ ਜੋ ਆਪ ਸੌ ਹੀਲੇ ਕਰਨ ਦੇ ਬਾਵਜੂਦ ਵੀ ਗ਼ਜ਼ਲ ਦਾ ਲੱਲਾ ਭੱਬਾ ਨਹੀਂ... ਸਮਝ ਸਿਖਿਆ ਤੇ ਗਜਲਕਾਰਾਂ ਨੂੰ ਆਪਣੀਆਂ ਰਚਨਾਵਾਂ ਵਿਚ ਗਾਹਲਾਂ ਕਢਣ ਵਰਗੀਆਂ ਹਰਕਤਾਂ ਕਰਨ ਲੱਗਿਆ | ਮਾਨਸਿਕ ਤੌਰ ਤੇ ਬੀਮਾਰ ਇਸ ਕਥਿਕ ਸਾਹਿਤਕਾਰ ਨੇ ਸਾਡੇ ਵਿਚੋਂ ਬੜੀਆਂ ਨੂੰ ਉਸ ਗਰੁਪ ਦਾ ਮੇੰਬਰ ਵੀ ਬਣਾਇਆ ਹੋਇਆ ਹੈ ਤੇ ਤੁਸੀਂ ਸਾਰੇ ਉਸ ਵਿਰੋਧੀ ਦੀ ਸ਼ਲਾਘਾ ਵੀ ਕਰ ਰਹੇ ਹੋ | ਸੋ ਇਹ ਯਤਨ "ਸਿਖੋ ਸਮਝੋ ਤੇ ਸਿਰਜੋ ਗ਼ਜ਼ਲ" ਜਾਂ "ਅਸੀਂ ਗ਼ਜਲ ਸਿਖਣੀ ਚਾਹੁੰਦੇ ਹਾਂ" ਦੇ ਨਾਲ ਹੀ ਜਦੋਂ ਇਸਦਾ ਵਿਰੋਧ ਸ਼ਰੂ ਕਰ ਦਿੱਤਾ ਗਿਆ ਹੈ ਤਾਂ ਸਿਖਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ"
 ਮੇਰੇ ਪੂਰੇ ਗੱਰੁਪ ਵਿਚ ਕੀਤੇ ਵੀ ਗ਼ਜ਼ਲ ਜਾ ਗ਼ਜ਼ਲਕਾਰਾ ਦਾ ਜਿਕਰ ਨਹੀ ਸੀ | ਤੇ ਨਾ ਹੀ ਮੈਂ ਇਨ੍ਹਾ ਨਾਲ ਉਲਝਨਾ ਚਾਹੁਦਾ ਸੀ | ਮੈਂ ਇਸ ਸਭ ਦੇ ਜਵਾਬ ਵਿਚ ਜੋ ਕੁਝ ਲਿਖਿਆ ਉਸ ਨੂੰ ਰੇਕਟਰ ਕਥੂਰੀਆ ਜੀ ਨੇ ਪੰਜਾਬ ਸਕ੍ਰੀਨ ਤੇ ਪਾ ਦਿੱਤਾ, "ਮੈਨੂੰ ਇਹ ਗੱਲ ਸਮਝ ਨਹੀ ਆ ਰਹੀ ਕੀ 26 - 26 ਸਾਲ ਕਲਮ ਘਸਾਈ ਕਰਨ ਵਾਲਿਆ ਨੂੰ ਇਕ 26 ਸਾਲ ਦੇ ਮੁੰਡੇ ਦੀਆਂ ਗੱਲਾਂ ਵਿਚ ਇਨ੍ਹੀ ਦਿਲਚਸਪੀ ਕਿਉ ਹੈ ? ਓਸ ਦੀਆ activites ਤੋ ਓਹਨਾ ਨੂੰ ਡਰ ਕਿਉ ਲਗਦਾ ਹੈ? ਵੈਸੇ ਤਾ ਇਨ੍ਹਾ ਦੀ ਬੋਖ੍ਲਾਹਟ ਕੋਈ ਨਵੀ ਹੈ ਮੇਰੇ ਲਈ ਪਹਿਲਾ ਵੀ ਇਹ "ਵਿਦਵਾਨ" ਮੇਰੀਆ ਲਿਖਤਾ ਨੂੰ ਗਾਲਾ,ਨਾਰੇਬਾਜੀ ਕਹਿੰਦੇ ਰਹੇ ਨੇ ਤੇ ਮੈਨੂੰ ਪੰਜਾਬੀ ਕਵਿਤਾ ਦਾ ਬਾਲ ਠਾਕਰੇ,ਚਲੋ ਬਾਕੀ ਇਨ੍ਹਾ ਦੀ ਗੱਲ ਠੀਕ ਹੈ ਕੇ ਮੈਨੂੰ ਗ਼ਜ਼ਲ ਦੀ ਕੋਈ ਜਾਣਕਾਰੀ ਨਹੀ ਹੈ ਤੇ ਨਾ ਹੀ ਮੈਂ ਇਹ ਸਿਖਣੀ ਹੈ ਕਿਉ ਕੀ ਇਹਨਾ ਦੇ ਇਸ ਅਰੂਜ਼ ਦੇ ਇਲਮ ਤੋ ਬਿਨਾ ਲਿਖੀਆਂ ਮੇਰੀਆ ਕਈ ਰਚਨਾਵਾ ਕੰਪੋਜ਼ ਵੀ ਕੀਤੀਆਂ ਜਾ ਚੁੱਕੀਆਂ ਨੇ ਤੇ ਦਮਨ ਮਾਹਲ ਵਰਗੇ ਦੋਸਤਾ ਨੇ ਗਾਈਆਂ ਵੀ ਨੇ,"
ਇੱਕ ਗਲ ਹੋਰ ਗਜ਼ਲਾਂ ਦੇ ਇੱਕ ਮਾਨਸਿਕ ਤੋਰ ਤੇ "ਤਾਕਤਵਰ" ਮਾਸਟਰ ਜੀ ਨੇ ਮੈਨੂੰ ਬਲਾਕ ਕੀਤਾ ਹੋਇਆ ਹੈ ਸ਼ਾਇਦ ਇਸ ਕਰਕੇ ਕਿ ਮੈਂ ਉਹਨਾਂ  ਦੀਆਂ ਗ਼ਜ਼ਲਾਂ ਨਾ ਪੜ ਸਕਾਂ  ਉਨ੍ਹਾ ਤੇ ਕੋਈ ਕੋਮੈੰਟ ਨਾ ਲਿਖ ਸਕਾਂ ਜਾਂ ਕਿਤੇ ਰਚਨਾ ਬਾਰੇ ਕੋਈ ਸਵਾਲ ਨਾ ਕਰ ਦੇਵਾਂ ਇਕ ਹੋਰ ਗਲ ਯਾਦ ਆ ਗਈ ਇਸ ਸਭ ਤੋ ਕੇ ਰਾਂਝਾ ਜਦ ਗੋਰਖ ਦੇ ਟਿੱਲੇ ਤੇ ਗਿਆ ਤਾਂ ਗੋਰਖ ਨੇ ਓਸ ਦੀ ਸ਼ਿੱਦਤ ਤੇ ਮੁੱਹਬਤ ਕਾਰਨ ਓਸ ਨੂੰ ਜੋਗ ਦੇ ਦਿੱਤਾ ਜਿਸ ਕਰਨ ਓਸ ਦੇ ਚੇਲੇ ਬੋਖ੍ਲਾਹਟ ਵਿਚ ਆ ਗਏ ਕਿਉ ਕਿ ਰਾਂਝਾ ਨਾਂ ਤਾਂ ਹਠ ਜੋਗ ਵਿਚ ਪਰਪੱਕ ਸੀ ਤੇ ਨਾਂ ਹੀ ਜੋਗ ਦੇ ਸਿਧਾਂਤਾ ਵਿਚ ਜਦ ਕੇ ਓਹ ਸਨ ਪਰ ਰਾਂਝਾ ਫਿਰ ਵੀ ਗੋਰਖ ਤੇ ਕੁਲ ਲੋਕਾਈ ਦੇ ਪਿਆਰ ਦਾ ਪਾਤਰ ਬਣ ਗਿਆ,ਪਰ ਓਹ ਸਿਧਾਂਤਾ ਤੇ ਹਠ ਜੋਗ ਵਿਚ ਪਰਪੱਕ ਹੋ ਕੇ ਵੀ ਰਾਂਝੇ ਵਾਲਾ ਰੁਤਬਾ ਨਾ ਪਾ ਸਕੇ
ਚਲੋ ਖੈਰ ਵਾਰਿਸ ਸ਼ਾਹ ਮੀਆਂ ਜਿਨਾ ਨੂੰ ਰੱਬ ਬਖਸ਼ੇ ਤਿਨਾ ਨਾਲ ਕੀ ਮਹਿਕਮਾ ਜੰਗ ਦਾ ਹੈ.

ਤੇ ਇਸ ਦੇ ਨਾਲ ਹੀ ਕਥੂਰੀਆ ਜੀ ਨੇ ਆਪਣੇ ਵਲੋ  ਕੁਝ ਸ਼ਬਦ ਲਿਖ ਦਿੱਤੇ

ਕਾਲਾ ਸੰਘਿਆਂ ਵਾਲੇ ਇੰਦਰਜੀਤ ਸਿੰਘ ਵਿੱਚ ਇੱਕ ਊਰਜਾ ਹੈ ਜੋ ਕਿਸੇ ਅਯਾਸ਼ੀ ਵਾਲੇ ਪਾਸੇ ਨਹੀਂ ਲੱਗੀ, ਕਿਸੇ ਨਸ਼ਿਆਂ ਵਾਲੇ ਮਾਰੂ ਰੁਝਾਣ ਵੱਲ ਨਹੀਂ ਤੁਰੀ, ਕਿਸੇ ਹਿੰਸਕ ਰੁਝਾਣ ਵੱਲ ਵੀ ਪ੍ਰੇਰਿਤ ਨਹੀਂ ਹੋਈ.....ਉਸ ਊਰਜਾ ਨੂੰ ਜੇ ਹੋਰ ਵੀ ਬੇਹਤਰ ਦਿਸ਼ਾ ਵੱਲ ਲਗਾ ਕੇ ਕੁਝ ਉਸਾਰੂ ਕੰਮ ਨਾ ਕੀਤਾ ਜਾ ਸਕਿਆ ਤਾਂ ਇਸਦੀ ਜ਼ਿੰਮੇਵਾਰੀ ਇੰਦਰਜੀਤ ਤੇ ਤਾਂ ਘੱਟ ਆਵੇਗੀ ਪਰ ਸਮਾਜ ਦੇ ਤਜਰਬੇਕਾਰ ਬਜ਼ੁਰਗਾਂ ਤੇ ਜ਼ਿਆਦਾ ਹੋਵੇਗੀ. ਇਸ ਲਈ ਸਾਡੀ ਸਨਿਮਰ ਅਪੀਲ ਹੈ ਕਿ ਗੁੱਸੇ ਗਿਲੇ, ਭਰਮ ਭੁਲੇਖੇ ਭੁਲਾ ਕੇ ਅਤੇ ਸ਼ਬਦ ਜਾਲ ਦੀ ਮਾਇਆ ਤੋਂ ਬਚਦੇ ਹੋਏ ਇੱਕ ਆਪਸੀ ਸੁਹਿਰਦਤਾ ਅਤੇ ਪ੍ਰੇਮ ਪਿਆਰ ਵਾਲਾ ਮਾਹੌਲ ਸਿਰਜੀਏ.ਜੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਕਬਰ ਪੁੱਟਣ ਵਰਗੇ ਸ਼ਬਦ ਚੰਗੇ ਨਹੀਂ ਲੱਗਦੇ ਤਾਂ ਇਹਨਾਂ ਸਮਾਜਿਕ ਬੁਰਾਈਆਂ ਨੂੰ ਜਦੋਂ ਪੁੱਟਣ ਦੀ ਗੱਲ ਕੀਤੀ ਜਾ ਸਕਦੀ ਹੈ. ਪਰ ਉਸ ਅੰਦਰ ਲੁਕੇ ਗੁਸੇ ਦੀ ਸ਼ਕਤੀ ਅਤੇ ਸਿਰਜਣਾ ਦੀ ਸੰਭਾਵਨਾ ਜੇ ਅੰਜਾਈ ਚਲੀ ਗਈ ਤਾਂ ਇਹ ਮੰਦਭਾਗੀ ਗੱਲ ਹੋਵੇਗੀ.--ਰੈਕਟਰ ਕਥੂਰੀਆ
 ਹੁਣ ਇਸ ਸਭ ਚੱਕਰ ਵਿਚ ਪਤਾ ਨਹੀ ਗ਼ਜ਼ਲ ਸਕੂਲ ਦੇ ਹੈਡ ਮਾਸਟਰ ਜੀ ਨੂੰ ਕੀ ਬੁਰਾ ਲੱਗਾ ਉਨ੍ਹਾ ਨੇ ਮੈਨੂੰ ਤਾ ਪਹਿਲਾਂ ਹੀ ਬੈਨ ਕਰ ਰਖਿਆ ਸੀ ਆਪਣੇ ਗ਼ਜ਼ਲ ਸਕੂਲ ਵਿਚੋ ਰੈਕਟਰ ਕਥੂਰੀਆ ਜੀ ਨੂੰ ਵੀ ਛੇਕ ਦਿੱਤਾ ਜਿਵੇ ਅੱਜਕਲ ਜਥੇਦਾਰ ਕਿਸੇ ਨੂੰ ਵੀ ਪੰਥ ਵਿਚੋ ਛੇਕ ਦੇਂਦੇ ਹਨ | ਚਲੋ ਖੈਰ ਗ਼ਜ਼ਲ ਸਕੂਲ ਵਿਚੋ ਤਾ ਰੈਕਟਰ ਕਥੂਰੀਆ ਜੀ ਦਾ ਨਾਮ ਮੇਰੇ ਕਰਕੇ ਕੱਟ ਹੋ ਹੀ ਗਿਆ ਹੈ ਤੇ ਇਕ ਦੋ ਦਾ ਮੈਨੂੰ ਲਗਦਾ ਕੇ ਹੋਰ ਨੰਬਰ ਲੱਗਣ ਵਾਲਾ ਹੀ ਹੋਵੇਗਾ ਇਕ ਦੋ ਦਿਨ ਵਿਚ ,ਇਸ ਲਈ ਮੈਂ ਬਾਕੀ ਸਭ ਨੂੰ ਸੁਚੇਤ ਕਰਨ ਲਈ ਇਹ ਸਭ ਲਿਖਿਆ ਹੈ ਕੇ ਕਿਤੇ ਗ਼ਜ਼ਲ ਦੇ ਇਸ ਮੁੱਖ ਮੰਤਰੀ ਸਾਬ ਕੋਲ ਹੋਰ ਕੋਈ ਮੇਰਾ ਨਾਮ ਨਾ ਲਵੇ ਨਹੀ ਤਾ ਉਨ੍ਹਾ ਦਾ ਨਾਮ ਵੀ ਗ਼ਜ਼ਲ ਸਕੂਲ ਵਿਚੋ ਕੱਟਿਆ ਜਾ ਸਕਦਾ ਹੈ |
ਬਾਕੀ ਮੈਨੂੰ ਤਾ ਉਰਦੂ ਫ਼ਾਰਸੀ ਦੇ ਇਨ੍ਹਾ ਕਲਰਕਾਂ ਨਾਲ ਕੋਈ ਵਾਹ ਵਾਸਤਾ ਹੈ ਨਹੀ
ਪਰ ਜਾਂਦੇ ਜਾਂਦੇ ਇਕ ਗੱਲ ਜ਼ਰੂਰ ਕਹਿਣ ਨੂੰ ਦਿਲ ਕਰ ਰਿਹਾ ਹੈ
"ਰੈਕਟਰ ਕਥੂਰੀਆ ਵਰਗੇ ਕਰਮਯੋਗੀ ਨੂੰ ਤਾ ਸ਼ਾਇਦ ਇਸ ਗੱਲ ਨਾਲ ਕੋਈ ਫ਼ਰਕ ਨਾ ਪਵੇ ਪਰ ਇਸ ਸਭ ਨੇ ਇਕ ਗੱਲ ਸਾਬਤ ਕਰ ਦਿੱਤੀ ਹੈ ਕੀ ਦੂਜਿਆ ਨੂੰ ਕੁਝ ਸਿਖਉਣ ਤੋ ਪਹਿਲਾ ਅਜੇ ਉਨ੍ਹਾ ਨੂੰ ਹੋਰ ਬਹੁਤ ਕੁਝ ਸਿੱਖਣ ਦੀ ਲੋੜ ਹੈ ਜੋ ਇਨ੍ਹਾ ਬਹਿਰਾਂ ਤੇ ਅਰੂਜ਼ ਦੇ ਇਲਮ ਨਾਲੋ ਵੀ ਕਿਤੇ ਜ਼ਰੂਰੀ ਹੈ"
 ਮੇਰੇ ਵਲੋ ਗਜ਼ਲਾਂ ਦੇ ਇਸ ਮੁਖ ਮੰਤਰੀ ਨੂੰ ਸਿਰਫ ਇਨ੍ਹੀ ਗੱਲ ਹੀ
 ਮੁਨਸਫ ਵੀ ਤੂੰ ਅਦਾਲਤ ਵੀ ਤੇਰੀ
ਗਵਾਹ ਵੀ ਤੂੰ ਵਕਾਲਤ ਵੀ ਤੇਰੀ
ਅਸੀਂ ਤਾ ਸੂਲੀ ਚੜ ਕੇ ਤੱਕਣੀ ਹੈ
ਜਿੱਤ ਵੀ ਤੇਰੀ ਤੇ ਜਲਾਲਤ ਵੀ ਤੇਰੀ  
 ਅਸਲ  ਵਿੱਚ ਜਿਸ ਜਿੱਤ ਜਾਂ ਜ਼ਲਾਲਤ ਦੀ ਗੱਲ ਕੀਤੀ ਗਈ ਹੈ  ਉਹ ਜਿੱਤ ਜਾਂ ਜ਼ਲਾਲਤ ਕਿਸੇ ਇੱਕ ਵਿਅਕਤੀ, ਕਿਸੇ ਇੱਕ ਧਿਰ ਜਾਂ ਕਿਸੇ ਇੱਕ ਗਰੁੱਪ ਦੀ ਨਹੀਂ. ਇਹ ਉਸ ਸਮੁਚੀ ਸੋਚ ਦੀ ਹੈ ਜਿਸ ਵਿੱਚ ਤੰਗ ਦਿਲੀ ਵਾਲੀ ਸਿਆਸਤ ਆ ਚੁੱਕੀ ਹੈ. ਇਸ ਪੋਸਟ ਦਾ ਮਕ਼ਸਦ ਵੀ ਉਸ ਸੋਚ ਨੂੰ ਹੀ ਸਿਧੇ ਰਾਹੇ ਲਿਆਉਣ ਦਾ ਹੀ ਹੈ ਜਿਸਨੇ ਕੁਝ ਸੱਜਣਾਂ ਮਿੱਤਰਾਂ ਨੂੰ ਹੀ ਬੈਨ ਕਰਨ ਕਰਾਉਣ ਵਿੱਚ ਆਪਣਾ ਫਾਇਦਾ ਸਮਝਿਆ. ਸਾਡਾ ਮਕ਼ਸਦ ਹੈ ਕਿ ਜਿਸਨੂੰ ਦੁਸ਼ਮਣ ਸਮਝਿਆ ਜਾਂਦਾ ਹੈ ਉਸਨੂੰ ਵੀ ਵਿਚਾਰ ਵਟਾਂਦਰੇ ਵੇਲੇ ਜ਼ਰੂਰ ਨੇੜੇ ਬੈਠਾਓ. ਜੇ ਦੁਸ਼ਮਣਾਂ ਦੇ ਦਿਲ ਦਿਮਾਗ ਚੋਂ ਵੀ ਦੁਸ਼ਮਣੀ ਜਾਂ ਇਸ ਵਰਗੀ ਕੋਈ ਹੋਰ ਭਾਵਨਾ ਮਿਟ ਜਾਵੇ ਤਾਂ ਓਹ ਬੜੇ ਸ਼ਾਨਦਾਰ ਅਤੇ ਜਾਨਦਾਰ ਮਿੱਤਰ ਬਣਦੇ ਹਨ.ਜਾਂ ਕਿਸੇ ਦੇ ਬਣ ਜਾਵੋ ਜਾਂ ਕਿਸੇ ਨੂੰ ਆਪਣਾ ਬਣਾ ਲਵੋ.ਹਕੀਕਤ ਵਿੱਚ ਅਗਲੇ ਸਾਹ ਦਾ ਵੀ ਕੋਈ ਭਰੋਸਾ ਨਹੀਂ.ਕੱਚੀ ਦੀਵਾਰ ਵਰਗੀ ਇਸ ਜ਼ਿੰਦਗੀ ਵਿੱਚ ਖੁਦ ਵੀ ਪਰੇਸ਼ਾਨ ਹੋਣ ਅਤੇ ਦੂਸਰਿਆਂ ਨੂੰ ਵੀ ਪਰੇਸ਼ਾਨ ਕਰਨ ਵਰਗੀਆਂ ਗੱਲਾਂ ਹੀ ਕਿਓਂ ਕਰਨੀਆਂ. ਕਿੰਨੀ ਮਾੜੀ ਗੱਲ ਹੈ ਕਿ ਬੈਨ ਕਰਨ ਕਰਾਉਣ ਦੇ ਇਸ ਸਾਜ਼ਿਸ਼ੀ ਰੁਝਾਨ ਵਿੱਚ ਨਾ ਸਿਰਫ ਸਿੱਖਣ ਸਿਖਾਉਣ ਵਾਲੀ ਗੱਲ ਹੀ ਖਟਾਈ ਵਿੱਚ ਪਈ ਬਲਕਿ ਫੇਸਬੁਕ ਵਾਲ ਮਾਹੌਲ ਵੀ ਕੁਸੈਲਾ ਜਿਹਾ ਹੋ ਗਿਆ. ਜੇ ਇਹ ਕੁਝ ਕਰਨਾ ਜ਼ਰੂਰੀ ਹੀ ਹੈ ਤਾਂ ਕਿਓਂ ਨਾ ਇਹ ਸਭ ਦੁਨੀਆ ਦੀ ਬੇਹਤਰੀ ਲਈ ਕੀਤਾ ਜਾਵੇ. ਇੱਕ ਚੰਗਾ ਸਿਹਤਮੰਦ ਸਮਾਜ ਸਿਰਜਨ ਲਈ ਸਾਡੇ ਸਾਰਿਆਂ ਦਾ ਇੱਕ ਜੁੱਟ ਸਹਿਯੋਗ ਬਹੁਤ ਜ਼ਰੂਰੀ ਹੈ. ਪੰਜਾਬ ਸਕਰੀਨ ਦੀ ਕਿਸੇ ਵੀ ਪੋਸਟ ਨਾਲ ਜੇ ਕਿਸੇ ਮਿੱਤਰ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਖਿਮਾ ਚਾਹੁੰਦਾ ਹਾਂ.ਅਜਿਹਾ ਕਦੇ ਵੀ ਇਰਾਦਤਨ ਨਹੀਂ ਕੀਤਾ ਜਾਂਦਾ ਹਾਂ ਕਈ ਵਾਰ ਕਈ ਪੋਸਟਾਂ ਨੂੰ ਰੋਕਿਆ ਵੀ ਨਹੀਂ ਜਾਂਦਾ ਅਤੇ ਕਈਆਂ ਵਿੱਚ ਦਿਨ ਨੂੰ ਰਾਤ ਆਖਣ ਵਰਗੀ ਤਬਦੀਲੀ ਵੀ ਨਹੀਂ ਕੀਤੀ ਜਾਂਦੀ. ਕਿਸੇ ਵੀ ਹਾਲਤ ਵਿੱਚ ਕਿਸੇ ਦੇ ਨਾਲ ਨਿਜੀ ਰੰਜਿਸ਼ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ ਜਾਂਦਾ. ਹੁਣ ਵੀ ਜਸਵਿੰਦਰ ਸਿੰਘ ਜੀ ਨੇ, ਜਤਿੰਦਰ ਲਸਾੜਾ ਜੀ ਨੇ ਅਤੇ ਕਈ ਹੋਰ ਮਿੱਤਰਾਂ ਨੇ ਹਾਰਦਿਕ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਮਾਮਲੇ ਨੂੰ ਸ਼ਾਂਤ ਕਰਨ ਵਾਲੇ ਵਿਚਾਰ ਉਚੇਚੇ ਤੌਰ ਤੇ ਭੇਜੇ ਹਨ. ਇਹ ਸਭ ਤੁਹਾਡਾ ਹੀ ਮੰਚ ਹੈ.   -- ਰੈਕਟਰ ਕਥੂਰੀਆ     

ਪੋਸਟ  ਸਕ੍ਰਿਪਟ : ਅੱਜ ਕੱਲ ਫੇਸਬੁਕ ਅਤੇ ਹੋਰ ਕਈ ਮੰਚਾਂ ਤੇ ਬਹੁਤ ਸਾਰੇ ਲੋਕ ਆਪਣੇ ਅਸਲੀ ਚੇਹਰੇ ਦੀ ਬਜਾਏ ਫੇਕ  ਆਈ ਡੀ ਨਾਲ ਵਿਚਰ ਰਹੇ ਹਨ. ਇਹਨਾਂ ਦੇ ਮੰਤਵਾਂ ਬਾਰੇ ਇੱਕ ਵਿਸ਼ੇਸ਼ ਰਿਪੋਰਟ ਜਲਦੀ ਹੀ ਪੋਸਟ ਕੀਤੀ ਜਾਏਗੀ. ਜੇ ਤੁਹਾਡੇ ਕੋਲ ਅਜਿਹੀ ਕੋਈ ਜਾਣਕਾਰੀ ਹੋਵੇ ਜਾਂ ਫਿਰ ਤੁਸੀਂ ਵੀ ਕਦੇ ਕਿਸੇ ਨਕਲੀ ਚੇਹਰੇ ਵਾਲੇ ਜਾਂ ਨਕਲੀ ਚੇਹਰੇ ਵਾਲੀ ਦਾ ਸ਼ਿਕਾਰ ਹੋਏ ਹੋਵੋ ਤਾਂ ਆਪਣਾ ਅਨੁਭਵ ਪੂਰੀ ਵੇਰਵੇ ਨਾਲ ਜਲਦੀ ਭੇਜੋ.  -- ਰੈਕਟਰ ਕਥੂਰੀਆ     

1 comment:

Anonymous said...

दोस्ती जब किसी से की जाये |
दुश्मनी की भी राये ली जाये |


जब किसी से कोई गिला रखना |
सामने अपने आईना रखना |