Sunday, January 09, 2011

ਉੱਡਦੇ ਬੱਦਲਾਂ ਨਾਲ ਗੱਲਾਂ...

ਰਚਨਾ ਕਰਨਾ ਅਤੇ ਉਸਨੂੰ ਲੋਕਾਂ ਤੱਕ ਪਹੁੰਚਾਉਣਾ ਇੱਕ ਬਹੁਤ ਵੱਡੀ ਸਾਧਨਾ ਹੈ. ਇਸ ਸਾਧਨਾ ਵਿੱਚ ਅਕਸਰ ਵਿਅਕਤੀ ਪਰਿਵਾਰ ਨੂੰ ਵੀ ਭੁੱਲ ਜਾਂਦਾ ਹੈ ਅਤੇ ਆਪਣੇ ਆਪ ਨੂੰ ਵੀ. ਪਰ ਕੁਝ ਖਾਸ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹਨਾਂ ਨੇ ਸਿਰਜਣਾ  ਦੇ ਉਹਨਾਂ ਪਲਾਂ ਦਾ ਅਨੁਭਵ ਯਾਦ ਰਖਿਆ ਹੁੰਦਾ ਹੈ ਜਿਹੜੇ ਪਲ ਅਕਸਰ ਹੀ ਰਚਨਾ ਪੂਰੀ ਹੋਣ ਮਗਰੋਂ ਭੁੱਲ ਭਲਾ ਜਾਂਦੇ ਹਨ. ਏਸੇ ਲਈ ਅਜਿਹੇ ਅਨੁਭਵ ਸਾਰਿਆਂ ਦੇ ਨਸੀਬ 'ਚ ਵੀ ਨਹੀਂ ਹੁੰਦੇ...ਸ਼ਸ਼ੀ ਸਮੁੰਦਰਾ ਨੇ ਉਸ ਅਨੁਭਵ ਨੂੰ ਸੰਭਾਲਿਆ....ਇਹ ਸਚਮੁਚ ਕਰਿਸ਼੍ਮੇ ਵਰਗੀ ਗੱਲ ਹੈ..ਲਓ ਤੁਸੀਂ ਵੀ ਮਹਿਸੂਸ ਕਰੋ ਉਹਨਾਂ ਪਲਾਂ ਨੂੰ.--ਰੈਕਟਰ ਕਥੂਰੀਆ 
ਮੈਂ ਆਹ ਫੇਸਬੁਕ ਹਾਲੇ 2010 ਵਿਚ ਹੀ ਜੌਇਨ ਕੀਤਾ ਹੈ | ਐਵੇਂ ਅਨਜਾਣੇ ਹੀ ਏਸ ਬਾਜ਼ਾਰ 'ਚ ਆ  ਵੜੀ ਸੀ | ਹੈਰਾਨ ਹਾਂ, ਐਨੇ ਦੋਸਤ ਬਣ ਗਏ ? ਤੇ ਮੇਰੇ ਇੱਕਲਵਾਦੀ ਸੁਭਾਅ ਨੂੰ ਇਹ ਚੰਗਾ ਵੀ ਲੱਗ ਗਿਆ | ਮੈਨੂੰ ਹੁਣ ਬਹਾਨਾ  ਇਹ ਹੈ ਕਿ ਮੈਂ ਬਹੁਤਾ ਰਾਤ ਨੂੰ ਲਿਖਦੀ ਹਾਂ | ਪਰ, ਜਦੋਂ ਕਦੇ ਰਾਤ ਨੂੰ ਲਿਖਦੀ ਮਨੋ ਏਸ ਬਾਜ਼ਾਰ 'ਚ ਫਿਰਦੀ ਹਾਂ ਤਾਂ ਫਿਕਰ ਹੁੰਦੈ | ਇਹ ਮਾੜੀ ਗੱਲ ਹੈ, ਆਪਣੇ ਆਪ ਨੂੰ ਯਾਦ ਕਰਾਉਂਦੀ ਹਾਂ |

ਕੁਝ ਚਿਰ ਤੋਂ ਮੈਂ ਫੇਸਬੁਕ 'ਤੇ ਬਹਿਸਣਾ ਛਡ ਦਿੱਤਾ ਹੈ |ਏਸ ਬਾਰੇ ਪ੍ਰੇਮ ਮਾਨ ਜੀ ਦੀ ਸਲਾਹ ਠੀਕ ਸੀ | ਮੈਥੋਂ ਕਦੇ ਕਦੇ ਹਾਲੇ ਵੀ ਇਹ ਹੋ ਜਾਂਦੈ | ਪਰ ਘੱਟ | ਕਦੇ ਕਿਸੇ ਦੀ ਕੋਈ ਕਾਮੈੰਟ ਕੁਝ ਕਹਿਣ ਲਈ ਮਜ਼ਬੂਰ ਕਰ ਦਿੰਦੀ ਹੈ | ਮੈਨੂੰ ਬਹਿਸ 'ਚ ਪੈ ਰੱਬ ਦੇ ਘਰ ਤੱਕ ਪਹੁੰਚਣ ਦੀ ਆਦਤ ਹੈ ; ਔਹ ਜਿਥੇ ਯੁਧਿਸ਼ਟਰ ਖੜ੍ਹਾ ਹੈ ਆਪਣੇ ਵਫ਼ਾਦਾਰ  ਕੁੱਤੇ ਨਾਲ, ਓਥੋਂ ਤੱਕ | ਪਰ, ਫੈਸਲਾ ਕੀਤਾ, ਹੁਣ ਨਹੀਂ ਇਹ ਕਰਨਾ | ਇਸੇ ਲਈ ਅੱਜ ਕੱਲ ਹਰਚਰਨ ਬੈਂਸ ਜੀ ਨਾਲ ਵੀ ਬਹਿਸਣਾ ਬੰਦ ਹੈ | ਵੈਸੇ ਓਹ ਵਧੀਆ ਬੰਦੇ ਹਨ | ਚੰਗੇ ਹਨ | ਡਿਪਲੋਮੈਟਿਕ ਵੀ | ਸਹੀ ਮੈਹਨਿਆਂ 'ਚ ਇੰਟਲੈਕਚੂਆਲ ਵੀ | ਉਮੀਦ ਹੈ ਉਨ੍ਹਾਂ ਨਾਲ ਮੇਰੀ ਦੋਸਤੀ ਰਹੇਗੀ ? ਪਤਾ ਨਹੀਂ | ਹਾਂ, ਜਦੋਂ ' ਹੇਜ਼ਲ ' ਆਈ ਤਾਂ ਜ਼ਰੂਰ ਪੜ੍ਹਾਂਗੀ |
ਮੈਨੂੰ ਲਗਾਤਾਰ ਨਵੀਆਂ -2 ਗੱਲਾਂ ਸੁਝਦੀਆਂ ਰਹਿੰਦੀਆਂ ਹਨ, ਤੇ ਸ਼ਰਾਰਤਾਂ ਵੀ | ਮੈਨੂੰ ਦੋਹਾਂ ਨੂੰ ਕੰਟ੍ਰੋਲ 'ਚ ਰਖਣਾ ਪੈਂਦਾ ਹੈ | ਕਈ ਕੰਮ ਅਟੈਕ 'ਚ ਕਰਦੀ ਹਾਂ |ਜਦ ਪੜ੍ਹਣ ਦਾ ਅਟੈਕ ਹੁੰਦੈ ਤਾਂ ਢੇਰਾਂ ਦੇ ਢੇਰ ਕਿਤਾਬਾਂ ਦਿਨ ਰਾਤ ਪੜ੍ਹਦੀ ਰਹਿੰਦੀ ਹਾਂ | ਘਟ ਜਾਂਦੈ ਤਾਂ ਪੜ੍ਹਣ ਦੀ ਸਪੀਡ ਵੀ ਘਟ ਜਾਂਦੀ ਹੈ | ਜਦ ਇਹ ਅਟੈਕ ਹਟਦੈ ਤਾਂ ਸ਼ੁਕਰ ਕਰਦੀ ਹਾਂ | ਉਦੋਂ ਸੁਖ ਦਾ ਸਾਹ ਲੈਂਦੀ ਹਾਂ |
ਬਹੁਤ ਸਾਰੀਆਂ ਕਵਿਤਾਵਾਂ ਵੀ ਅਟੈਕ ਵਿਚ ਹੀ ਲਿਖਦੀ ਹਾਂ | ਉਦੋਂ ਸਾਰੀ ਰਾਤ ਕਵਿਤਾਵਾਂ ਕਮਰੇ ਦੀ ਹਵਾ 'ਚ ਲਿਖ ਹੁੰਦੀਆਂ ਰਹਿੰਦੀਆਂ ਹਨ | ਇੱਕ ਲਿਖ ਕੇ ਹਟਦੇ ਹਾਂ ਤਾਂ ਦੂਜੀ ਆ ਬੈਠਦੀ ਹੈ | ਫੇਰ ਤੀਜੀ, ਫੇਰ ਚੌਥੀ..ਕਦੇ ਕਦੇ ਇਨ੍ਹਾਂ ਹਥੋਂ ਪਰੇਸ਼ਾਨ ਹੋ ਜਾਂਦੀ ਹਾਂ | ਲਿਖਣਾ ਬੰਦ ਕਰ, ਬੱਤੀ ਬੰਦ ਕਰ ਕੇ ਪੈ ਜਾਂਦੀ ਹਾਂ ਪਰ, ਇਹ ਸੌਂਣ ਨਹੀਂ ਦਿੰਦੀਆਂ | ਕਦੇ ਕੋਸਣ ਲੱਗ ਪੈਂਦੀਆਂ ਹਨ : ਤੂੰ ਮਾ ਸਰਸਵਤੀ ਦੀ ਬੇ-ਅਦਬੀ ਕਰ ਰਹੀ ਹੈਂ | ਤੈਨੂੰ ਦਿਸਦਾ ਨਹੀਂ ਓਹ ਤੇਰੇ ਕੋਲ ਬੈਠੀ ਹੈ ਆ ਕੇ ? ਹਾਰ ਮੰਨ, ਉਠ ਕੇ ਬਹਿ ਜਾਂਦੀ ਹਾਂ | ਕਈ ਵਾਰ ਜੋ ਮਨ 'ਚ ਦਿਸਦੈ, ਓਹ ਫ੍ਲੈਸ਼ ਲਾਈਟ ( ਟੌਰਚ ) ਨਾਲ ਕਾਗਜ਼ 'ਤੇ ਲਾਹ ਦਿੰਦੀ ਹਾਂ | ਕਿਸੇ ਰਾਤ ਅਟੈਕ ਜ਼ਿਆਦਾ ਹੋ ਜਾਂਦੈ | ਕਮਰੇ 'ਚ ਹਰ ਪਾਸੇ ਕਵਿਤਾਵਾਂ ਵਿਛ ਜਾਂਦੀਆਂ ਹਨ, ਖਿੱਲਰ ਜਾਂਦੀਆਂ ਹਨ | ਸਾਰੀ ਰਾਤ ਕਦੇ ਬਤੀ ਜਗਦੀ ਤੇ ਕਦੇ ਬੰਦ | ਟਿੱਕ |ਟਿੱਕ | ਟਿੱਕ | ਟਿੱਕ | ਔਨ  | ਔਫ਼ | ਔਨ | ਔਫ਼ | ਉਦੋਂ ਤੇਜ਼ ਤੇਜ਼ ਲਿਖਦਿਆਂ ਵੀ ਸਵੇਰ ਹੋ ਜਾਂਦੀ ਹੈ |ਪਤਾ ਨਹੀਂ ਇਹ ਮੇਰੇ ਵੱਸੋਂ ਬਾਹਰ ਕੀ ਤੇ ਕਿਓਂ ਹੁੰਦਾ ਰਹਿੰਦਾ ਹੈ !?
ਜਜ਼ਬਾਤੀ ਹਾਂ | ਆਪਣੀਆਂ ਹੀ ਕੁਝ ਗੱਲਾਂ 'ਤੇ ਬਹੁਤ ਰੋਂਦੀ ਹਾਂ, ਤੇ ਕਦੇ ਆਪ ਹੀ ਕੁਝ ਸੋਚ ਬਹੁਤ ਹੱਸਦੀ ਹਾਂ | ਕਦੇ ਕੋਈ ਗੀਤ- ਗਾਣਾ ਮਨ ਦੇ ਸਾਜ਼ ਇਓਂ ਛੇੜ੍ਹ ਜਾਂਦੈ ਕਿ ਸੁਣਦੀ ਰੋਣ ਲੱਗ ਪੈਂਦੀ ਹਾਂ | ਕੋਈ ਦੇਖੇ ਤਾਂ ਸੋਚੇ, ਪਤਾ ਨਹੀਂ ਕੌਣ ਮਰ ਗਿਆ ਹੋਊ ? ਮੈਨੂੰ ਡਰ ਹੈ, ਜੇ ਗੌਤਮ ਜੀ ਨੇ ਓਹ ਸੁਪਨਮਈ ਗਾਣੇ ਸੁਨਾਉਣੇ ਬੰਦ ਕਰ ਦਿੱਤੇ, ਤਾਂ ?
ਮੈਨੂੰ ਦੁਖ ਹੈ ਕਈ ਦੋਸਤ ਮੇਰੀਆਂ ਗੱਲਾਂ ਤੋਂ ਪਰੇਸ਼ਾਨ ( ਤੇ ਹੈਰਾਨ ਵੀ ) ਹੋ ਜਾਂਦੇ ਹਨ | ਮੈਥੋਂ ਓਹ ਕਹਿ ਹੋ ਜਾਂਦੈ ਜੀਹਦੀ ਉਨ੍ਹਾਂ ਨੂੰ ਮੈਥੋਂ ਉਮੀਦ ਨਹੀਂ ਹੁੰਦੀ | ਕੀ ਮੈਂ ਉਨ੍ਹਾਂ ਦੀਆਂ ਉਮੀਦਾਂ 'ਤੇ ਉਤਰਨ ਦੀ ਕੋਸ਼ਿਸ਼ ਕਰਾਂ ? ਸ਼ਾਇਦ ? ਪਤਾ ਨਹੀਂ | ਮੈਂ ਬੈਲੈਂਸ ਵਿਚ ਰਹਿ ਕੇ ਗੱਲ ਕਰਨੀ ਸਿਖਣ ਲਈ ਰੈਕਟਰ ਕਥੂਰੀਆ ਜੀ ਨੂੰ ਆਪਣਾ ਗੁਰੂ ਨਾ ਧਾਰ ਲਵਾਂ ? ਨਹੀਂ, ਬਖ਼ਸ਼ਿੰਦਰ ਜੀ ਨੂੰ ਨਹੀਂ ਧਾਰਨਾ | ਉਨ੍ਹਾਂ ਗੱਲ ਹੋਰ ਵਿਗਾੜ ਦੇਣੀ ਹੈ | ਅਖੇ, ਇੱਕ ਕਰੇਲਾ ਦੂਜਾ ਨਿੰਮ ਚੜ੍ਹਿਆ |
ਇਨਸਾਨੀ ਕਦਰਾਂ ਕੀਮਤਾਂ ਵਾਲੇ ਲੋਕ ਮੇਰੀ ਜਿੰਦ ਜਾਣ ਹਨ | ਮੈਂ ਉਨ੍ਹਾਂ ਨੂੰ ਬਹੁਤ-2 ਪਿਆਰ ਕਰਦੀ ਹਾਂ | ਜਿਹੜੇ ਮੈਨੂੰ ਪਸੰਦ ਨਹੀਂ ਕਰਦੇ, ਉਨ੍ਹਾਂ ਨੂੰ ਵੀ | ਸੌੜੀਆਂ ਕਦਰਾਂ- ਕੀਮਤਾਂ ਵਾਲਿਆਂ ਲਈ ਮੇਰੇ 'ਚ ਜ਼ੀਰੋ ਸਹਿਨਸ਼ੀਲਤਾ ਹੈ | ਏਸ ਲਈ ਵੀ ਕੁਝ ਲੋਕ ਮੇਰੇ ਤੋਂ ਦੁਖੀ ਹਨ |ਚੰਗਾ ਹੈ | ਮੈਂ ਨਹੀਂ ਚਾਹੁੰਦੀ ਓਹ ਮੇਰੇ ਤੋਂ ਖੁਸ਼ ਹੋਣ | ਤੇ ਕਿਓਂ ਹੋਣ ?
ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦੀ ਉਪਾਸ਼ਕ ਹਾਂ | ਮੈਨੂੰ ਪਤੈ ਕੁਝ ਦੋਸਤ ਏਸ ਤੋਂ ਹੈਰਾਨ ਹੋਣਗੇ | ਟ੍ਰਾਟਸਕੀ ਦੀ ਫੈਨ ਰਹੀ ਹਾਂ | ਹਾਲੇ ਵੀ ਓਹਦੀ ਕਦਰਦਾਨ ਹਾਂ | ਕੁਝ ਦੋਸਤ ਏਸ ਤੋਂ ਹੋਰ ਵੀ ਹੈਰਾਨ ਹੋਣਗੇ | ਪਾਸ਼ ਦੀ ਵੰਗਾਰੀ ਕਵਿਤਾ ਪਸੰਦ ਹੈ | ਉਹਦੀ ਆਈਡੀਆਲੌਜੀ ਵੀ | ਦਿਲ ਨੂੰ ਪੜ੍ਹਦੀ ਹਾਂ ਤਾਂ ਦੁਖੀ ਹੁੰਦੀ ਹਾਂ...ਸੋਚਣ ਲੱਗ ਜਾਂਦੀ ਹਾਂ | ਸ਼ਿਵ ਦਾ ਕਲਗੀ ਤੇ ਝਾਂਜਰਾਂ ਵਾਲਾ ਪੈਲਾਂ ਪਾਉਂਦਾ ਮਾਸਾਹਾਰੀ ਪੰਛੀ ਵੀ ਦਿਲ ਮੋਹਂਦਾ ਹੈ | ਜਦੋਂ ਉਡਣ ਲਗਦੈ ਤਾਂ ਮਨ ਕਰਦੈ  ਫੜ੍ਹ ਕੇ ਇਹਨੂੰ ਪਿੰਜਰੇ 'ਚ ਪਾ ਸ਼ਿਵ ਅੱਗੇ ਰਖ ਦੇਵਾਂ | ਪਰ, ਫੇਰ, ਸ਼ਿਵ ਓਹ ਸ਼ਾਹਕਾਰ ਕਵਿਤਾ ਕਿਵੇਂ ਲਿਖਦਾ ? ਸੋ, ਏਸ ਪਖੋਂ ਤਾਂ ਚੰਗਾ ਹੀ ਹੋਇਆ ਕਿ ਕਲਗੀ ਹਿਲਾਉਂਦਾ ਤੇ ਝਾਂਜਰਾਂ ਛਣਕਾਉਂਦਾ ਓਹ ਦੂਰ ਉੱਡ ਗਿਆ | ਅਕਸਰ ਸੋਚਦੀ ਹਾਂ ਕਿ ਜੇ ਕੋਈ ਸ਼ਰਾਬੀ ਹੋਕੇ ਰੋਵੇ ਤਾਂ ਸ਼ਿਵ ਵਾਂਗ, ਨਹੀਂ ਤਾਂ, ਕੀ ਗੱਡਾ ਖੜਿਆ ਹੈ ? ਐਵੇਂ ਫਜੂਲ ਰੋਜ ਗਜ਼ਲਾਂ / ਗੀਤ ਲਿਖ-2 ਰੋਈ ਜਾਣਾ | ਗੱਲ ਹੈ ਕੋਈ ! ਹੁਣ, ਕੁਝ ਮੇਰੇ ਇਹ ਕਹਿਣ 'ਤੇ ਵੀ ਦੁਖੀ ਹੋਣਗੇ | ਪਾਤਰ ਦੀਆਂ ਕਈ ਕਵਿਤਾਵਾਂ ਮੈਨੂੰ ਬਹੁਤ ਟੁੰਭਦੀਆਂ ਹਨ |ਪਰ, ਉਹਨੂੰ ਨੇੜ੍ਹਿਓਂ ਦੇਖਿਆ / ਜਾਣਿਆਂ ਕਰਕੇ ਓਹ ਮੈਨੂੰ ਪੜ੍ਹਦਾ ਘੱਟ, ਕਪੜੇ ਪ੍ਰੈਸ ਕਰਦਾ ਵਧ ਦਿਸਦਾ ਰਹਿੰਦਾ ਹੈ | ਵਧੀਆ ਬੰਦਾ ਹੈ | ਸ਼ਰੀਫ਼ ਹੈ | ਇੰਟਲੈਕਚੂਅਲ ਨਹੀਂ | ਪਰ, ਇਹਦੀ ਓਹਨੂੰ ਲੋੜ੍ਹ ਵੀ ਨਹੀਂ | ਕਿਰੀਏਟਿਵ ਜਾਂ,ਇੱਕ ਰਚਨਾਹਾਰ ਪਖੋਂ ਓਹ ਬਹੁਤ ਉੱਪਰ ਹੈ |
ਸਟੇਜ 'ਤੇ ਪਾਤਰ ਦਾ ਰੰਗ ਦੇਖਣ ਵਾਲਾ ਹੁੰਦਾ ਹੈ | ਮੇਰੀ ਸਟੇਜੀ ਪਰਫ਼ੌਰਮੈਂਸ ਬਿਲਕੁਲ ਨਿਕੰਮੀ ਹੈ |ਮੈਨੂੰ ਸਟੇਜ ਦਾ ਸੋਚ ਕੇ ਹੀ ਮੌਤ ਪੈ ਜਾਂਦੀ ਹੈ | ਅੱਜ ਕੱਲ ਨੇੜ੍ਹੇ ਤੇੜੇ ਰਹਿੰਦੇ ਕੁਝ ਕਵੀ ਦੋਸਤ ਮੇਰੇ ਨਿਕੰਮੇਪਣ ਨੂੰ ਠੀਕ ਕਰਨ ਲਈ ਮੇਰੇ ਟੀਚਰ / ਗਾਈਡ ਬਣੇ ਹੋਏ ਹਨ |
ਨਵੀਂ ਪੀੜ੍ਹੀ 'ਚ ਕਈ ਚੰਗਾ ਲਿਖਣ ਦੇ ਆਹਰ 'ਚ ਹਨ | ਕਿਸੇ ਇੱਕ ਦੀ ਹਰੀ ਝੰਡੀ ਝਲਾਉਣੀ ਦੂਜਿਆਂ ਨਾਲ ਬੇ-ਇਨਸਾਫੀ ਹੈ |ਇਸੇ ਲਈ, ਮੈਂ ਇਹ ਨਹੀਂ ਕਰਦੀ | ਨਵੀਂ ਸੋਚ ਨੂੰ ਬਰਾਬਰ ਦੇ ਚਾੰਸ ਦੇਣ ਦੀ ਲੋੜ੍ਹ ਹੈ | ਲੇਬਲ ਲਾਉਣ ਦੀ ਕਾਹਲ ਗਲਤ ਹੈ | ਵਕਤ ਨਾਲ ਚਮਕਦੇ ਸਿਤਾਰੇ ਕੋਈ ਗੁਝੇ ਥੋੜ੍ਹੋ ਰਹਿੰਦੇ ਹਨ ! --ਸ਼ਸ਼ੀ ਸਮੁੰਦਰਾ

1 comment:

Anonymous said...

ਅਕਸਰ ਸੋਚਦੀ ਹਾਂ ਕਿ ਜੇ ਕੋਈ ਸ਼ਰਾਬੀ ਹੋਕੇ ਰੋਵੇ ਤਾਂ ਸ਼ਿਵ ਵਾਂਗ, ਨਹੀਂ ਤਾਂ, ਕੀ ਗੱਡਾ ਖੜਿਆ ਹੈ ?

wah shashi ji wah ... kya dil di gal likhi tusi ...
super like