Sunday, January 30, 2011

ਸਤਲੁਜ ਨੇੜੇ ਉਲਟਿਆ ਟੈਂਕਰ--ਲੋਕਾਂ ਨੂੰ ਲੱਗੀ ਤੇਲ ਦੀ ਮੌਜ

ਸੜਕਾਂ ਦੀ ਮਾੜੀ ਹਾਲਤ, ਮੋਟਰ ਗੱਡੀਆਂ ਦੀ ਤੇਜ਼ ਰਫਤਾਰੀ ਜਾਂ ਫਿਰ ਕੋਈ ਵੀ ਹੋਰ ਤਕਨੀਕੀ ਖਰਾਬੀ...ਕਾਰਣ ਕੁਝ ਵੀ ਹੋ ਸਕਦਾ ਹੈ...ਪਰ ਤੇਲ ਦਾ ਇੱਕ ਟੈਂਕਰ  ਐਤਵਾਰ 30 ਜਨਵਰੀ ਦੀ ਸ਼ਾਮ ਨੂੰ ਲੁਧਿਆਣਾ ਵਿੱਚ ਸਤਲੁਜ ਦਰਿਆ ਦੇ ਨੇੜੇ ਉਲਟ ਗਿਆ. ਦੇਖਦਿਆਂ ਹੀ ਦੇਖਦਿਆਂ ਸਾਰਾ ਤੇਲ ਵਗ ਕੇ ਸਡ਼ਕ ਤੇ ਆ ਗਿਆ. ਨਿਸਚੇ ਹੀ ਕੰਪਨੀ ਲਈ ਇਹ ਭਾਰੀ ਨੁਕਸਾਨ ਸੀ ਪਰ ਕਈ ਗਰੀਬ ਪਰਿਵਾਰਾਂ ਨੇ ਇਸ ਡੁੱਲੇ ਹੋਏ ਤੇਲ ਨੂੰ ਇੱਕਠਾ ਕਰਕੇ ਆਉਂਦੇ ਕੁਝ ਦਿਨਾਂ ਲਈ ਆਪਣੇ ਚੁਲ੍ਹੇ ਜੋਗਾ ਬਾਲਣ ਵੀ ਇੱਕਠਾ ਕਰ ਲਿਆ ਅਤੇ ਜਾਂਦੀ ਹੋਈ ਸਰਦੀ ਦੀ ਮਾਰ ਨਾਲ ਸਿਝਣ ਦਾ ਹੀਲੇ ਵਸੀਲਾ ਵੀ.  ਜਦੋਂ ਇਹ ਲੋਕ ਇਸ ਡੁੱਲੇ ਹੋਏ ਤੇਲ ਨੂੰ ਇੱਕਠਾ ਕਰਨ ਦੇ ਆਹਰ ਵਿੱਚ ਸਨ ਉਸ ਵੇਲੇ ਉਥੋਂ ਲੰਘਦਿਆਂ ਪੱਤਰਕਾਰ ਸੁਖਜੀਤ ਅਲਕੜਾ ਨੇ ਇਹਨਾਂ ਪਲਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ.ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਵੇਲੇ ਵਾਪਰਿਆ, ਕੋਈ ਨਾਂ ਕੋਈ ਹਾਦਸਾ ਥੁੜਾਂ ਅਤੇ ਮਜਬੂਰੀਆਂ ਮਾਰੇ ਲੋਕਾਂ ਲਈ ਰਾਹਤ ਬਣ ਜਾਂਦਾ ਹੈ. 
ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਏਹੋ ਜਿਹੇ ਲੋਕਾਂ ਦੀ ਗਿਣਤੀ ਅੱਜ ਵੀ ਬੜੀ ਵੱਡੀ ਹੈ ਜੋ ਗਰੀਬ ਹਨ,  ਮਜਬੂਰ ਹਨ, ਲਾਚਾਰ ਹਨ. ਜਦੋਂ ਤੱਕ ਇਹ ਮਜਬੂਰੀਆਂ ਕਾਇਮ ਹਨ, ਜਦੋਂ ਤੱਕ ਇਹ ਗਰੀਬੀ ਕਾਇਮ ਹੈ ਉਦੋਂ ਤੱਕ ਆਪਾਂ ਜੇ ਆਖ ਵੀ ਦੇਈਏ ਕਿ ਮੇਰਾ ਭਾਰਤ ਮਹਾਨ... ਤਾਂ ਕੀ ਉਸ ਕਹਿਣ ਸੁਨਣ ਵਿੱਚ ਦਿਲ ਦੀ ਉਹ ਖੁਸ਼ੀ ਵੀ ਸ਼ਾਮਿਲ ਹੋਵੇਗੀ ਜੋ ਕਿ ਹੋਣੀ ਚਾਹੀਦੀ  ? ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜ਼ਰੂਰ ਦੱਸਣਾ.     ਜਾਂਦਿਆਂ ਜਾਂਦਿਆਂ ਇਸ ਪੋਸਟ ਦੇ ਅਖੀਰ ਵਿੱਚ ਦੋ ਹੋਰ ਖਬਰਾਂ ਦੀ ਚਰਚਾ ਸੰਖੇਪ ਵਿੱਚ. ਲੁਧਿਆਣਾ ਵਿੱਚ ਹੀ ਜਲੰਧਰ  ਬਾਈਪਾਸ ਇਲਾਕੇ ਵਿੱਚ ਹੀ ਇੱਕ ਹੋਰ ਹਾਦਸਾ ਵਾਪਰਿਆ ਹੈ. ਇੱਕ ਖੁੱਲੇ ਗਟਰ ਵਿੱਚ ਡਿੱਗ ਪੈਣ ਕਾਰਣ ਇੱਕ ਸੱਤ ਸਾਲਾ ਬੱਚੇ ਦੀ ਮੌਤ ਹੋ ਗਈ ਹੈ.ਲੋਕਾਂ ਨੇ ਇਸ ਘਟਨਾ ਵਿਰੁਧ ਰੋਸ ਵਖਾਵਾ ਵੀ ਕੀਤਾ. ਦੂਜੀ ਖਬਰ ਹੈ ਲੁਧਿਆਣਾ ਦੀ ਪਿੰਡੀ ਗਲੀ 'ਚ ਪਏ ਛਾਪਿਆਂ ਦੀ. ਸਿਹਤ ਵਿਭਾਗ ਵੱਲੋਂ ਪਿੰਡੀ ਗਲੀ ਵਿੱਚ ਦਵਾਈਆਂ ਦੇ ਗੋਦਾਮਾਂ ਤੇ ਮਾਰੇ ਗਏ ਛਾਪਿਆਂ ਦੌਰਾਨ 50 ਲੱਖ ਰੁਪਏ ਦੀ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ. --ਰੈਕਟਰ ਕਥੂਰੀਆ  (ਫੋਟੋ: ਸੁਖਜੀਤ ਅਲਕੜਾ

No comments: