Tuesday, January 25, 2011

ਇਹੀ ਭਾਰਤ ਦੇਸ਼ ਹੈ ਮੇਰਾ ?

ਅਧੀ ਰਾਤ ਹੋ ਰਹੀ ਹੈ ਹੋਰ ਕੁਝ ਦੇਰ ਤੱਕ ਤਾਰੀਖ ਬਦਲ ਜਾਏਗੀ ਤੇ ਆ ਜਾਏਗਾ 26 ਜਨਵਰੀ ਦਾ ਦਿਨ.ਮੈਂ ਸੋਚ ਰਿਹਾ ਸਾਂ ਕਿ ਉਤਸ਼ਾਹ ਕਿਓਂ ਨਹੀਂ ਹੈ. ਪਰ ਜਦੋਂ ਨਜ਼ਰ ਮਾਰੀ ਤਾਂ ਬਹੁਤ ਸਾਰੇ ਹੋਰ ਲੋਕ ਵੀ ਉਦਾਸ ਸਨ. ਏਨੇ 'ਚ ਹੀ ਨਜ਼ਰ ਪਈ ਦੋ ਚਾਰ ਦਿਨ ਪਹਿਲਾਂ ਦੀ ਇੱਕ ਖਬਰ ਤੇ.ਨਵੀਂ ਦਿੱਲੀ ਤੋਂ 18 ਜਨਵਰੀ ਵਾਲੇ ਦਿਨ ਖਬਰ ਏਜੰਸੀ ਯੂ. ਐੱਨ. ਆਈ. ਨੇ ਇੱਕ ਖਬਰ ਰਲੀਜ਼ ਕੀਤੀ ਸੀ ਜਿਸ ਵਿੱਚ ਦਸਿਆ ਗਿਆ ਸੀ ਕਿ  ਸਿਖਲਾਈ ਕੈਂਪਾਂ ਵਿਚ ਮਹਿਲਾ ਖਿਡਾਰੀਆਂ ਦਾ ਵੱਡੀ ਪੱਧਰ ‘ਤੇ ਸੈਕਸ ਸ਼ੋਸ਼ਣ ਹੁੰਦਾ ਹੈ ਅਤੇ ਨਾਲ ਹੀ ਵਿਤਕਰਾ ਵੀ ਕੀਤਾ ਜਾਂਦਾ ਹੈ. ਇਹ ਦੋਸ਼ ਲਾਇਆ ਸੀ ਭਾਰਤ ਵਲੋਂ ਸਭ ਤੋਂ ਵੱਧ ਮੈਰਾਥਨ ਦੌੜ ਜਿੱਤਣ ਵਾਲੀ ਏਸ਼ੀਆਈ ਮੈਰਾਥਨ ਜੇਤੂ ਸੁਨੀਤਾ ਗੋਦਾਰਾ ਨੇ. ਯੂ.ਪੀ. ਦੇ ਜ਼ਿਲੇ ਬੁਲੰਦ ਸ਼ਹਿਰ 'ਚ ਪੈਂਦੇ ਇੱਕ ਪਿੰਡ ਤੋਂ ਆਈ ਸੁਨੀਤਾ ਨੇ ਖੇਡਾਂ ਦੇ ਖੇਤਰ ਵਿੱਚ ਕਈ ਮੱਲਾਂ ਮਾਰੀਆਂ. ਸੰਨ 1984 'ਚ ਮੈਰਾਥਨ ਜਿੱਤ ਕੇ ਨੈਸ਼ਨਲ ਚੈੰਪੀਅਨ   ਬਣਨ ਵਾਲੀ ਸੁਨੀਤਾ ਨੇ ਅਰਜਨ ਐਵਾਰਡ ਵੀ ਜਿੱਤਿਆ ਅਤੇ 1996 ਵਿੱਚ ਉਸਨੇ ਅਟਲਾਂਟਾ ਵਿੱਚ ਓਲੰਪਿਕ ਮਸ਼ਾਲ ਵੀ ਫੜੀ.  ਹੁਣ ਉਸਨੇ ਖੇਡਾਂ ਦੇ ਖੇਤਰ ਵਿੱਚ ਕੁੜੀਆਂ ਦੇ ਸ਼ੋਸ਼ਣ ਦਾ ਮਾਮਲਾ ਉਠਾਇਆ ਹੈ ਅਤੇ ਇਸ ਤਰਾਂ ਇੱਕ ਵਾਰ ਫਿਰ ਇੱਕ ਮਸ਼ਾਲ ਫੜੀ ਹੈ ਜੋ ਸਚ ਦੀ ਮਸ਼ਾਲ ਹੈ.ਹਿੰਮਤ ਦੀ ਮਸ਼ਾਲ ਹੈ.ਉਸਨੇ ਦੱਸਿਆ ਕਿ ਇਹ ਸਭ ਕੁਝ ਹੁਣ ਆਮ ਹੁੰਦਾ ਹੈ ਪਰ ਜਿਆਦਾਤਰ ਖਿਡਾਰਣਾਂ ਕੈਂਪ ਵਿਚੋਂ ਕੱਢੇ ਜਾਣ ਦੇ ਡਰ ਕਾਰਨ ਕਦੇ ਨਹੀਂ ਬੋਲਦਿਆਂ ਅਤੇ ਚੁਪਚਾਪ ਸੈਕਸ ਸ਼ੋਸ਼ਣ ਨੂੰ ਬਰਦਾਸ਼ਤ ਕਰਦੀਆਂ ਹਨ। 
ਕਾਬਿਲੇ ਜ਼ਿਕਰ ਹੈ ਕਿ 1992 ਵਿਚ ਏਸ਼ੀਆਈ ਮੈਰਾਥਨ ਤੋਂ ਇਲਾਵਾ 23 ਵਾਰ ਕੌਮਾਂਤਰੀ ਪੱਧਰ ਦੀ ਹਾਫ ਮੈਰਾਥਨ ਅਤੇ ਵੱਖ-ਵੱਖ ਮਹਾਦੀਪਾਂ ਵਿਚ ਹੋਣ ਵਾਲੀਆਂ 200 ਕੌਮਾਂਤਰੀ ਮੈਰਾਥਨ ਪ੍ਰਤੀਯੋਗਿਤਾਵਾਂ ਜਿੱਤਣ ਵਾਲੀ ਸੁਨੀਤਾ ਨੇ ਯੂ. ਐੱਨ. ਆਈ. ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਖੇਡ ਫੈੱਡਰੇਸ਼ਨਾਂ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਤਾਂ ਫਿਰ ਵੀ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਮਹਿਲਾ ਖਿਡਾਰੀਆਂ ਨਾਲ ਹੋਣ ਵਾਲੇ ਸ਼ੋਸ਼ਣ ਦੇ ਮਾਮਲੇ ਨਾ ਦੇ ਬਰਾਬਰ ਸਾਹਮਣੇ ਆਉਂਦੇ ਹਨ। ਸੁਨੀਤਾ ਗੋਦਾਰਾ ਨੇ ਇਹ ਵੀ ਕਿਹਾ ਕਿ ਮੈਂ ਹੁਣ ਤਕ ਕਈ ਕੌਮਾਂਤਰੀ ਮੁਕਾਬਲਿਆਂ ਵਿਚ ਹਿੱਸਾ ਲਿਆ ਹੈ ਪਰ ਅਰਜੁਨ ਪੁਰਸਕਾਰ ਲਈ ਮੇਰੇ ਨਾਂ ਦੀ ਸਿਫਾਰਸ਼ ਕਿਸੇ ਨੇ ਵੀ ਨਹੀਂ ਕੀਤੀ। ਉਸਨੇ ਸਾਫ਼ ਸਾਫ਼ ਕਿਹਾ ਕਿ ਕਿਹਾ ਕਿ ਕੈਂਪਾਂ ਵਿਚ ਕੋਚ ਤੇ ਅਧਿਕਾਰੀ ਮਹਿਲਾ ਖਿਡਾਰੀਆਂ ਨਾਲ ਕਈ ਤਰ੍ਹਾਂ ਦਾ ਸੈਕਸ  ਸ਼ੋਸ਼ਣ ਕਰਦੇ ਹਨ ਪਰ ਵਧੇਰੇ ਕੁੜੀਆਂ ਛੋਟੀ ਉਮਰ ਦੀਆਂ ਹੁੰਦੀਆਂ ਹਨ ਜਿਸ ਕਾਰਨ ਉਹ ਕੁਝ ਨਹੀਂ ਬੋਲਦੀਆਂ। ਜਿਹੜੀਆਂ ਬੋਲਦੀਆਂ ਹਨ ਉਹਨਾਂ ਨੂੰ ਕੈਂਪ ਵਿਚੋਂ ਕੱਢ ਦਿਤਾ ਜਾਂਦਾ ਹੈ ਜਾਂ ਉਨ੍ਹਾਂ ਦਾ ਕੈਰੀਅਰ ਖਰਾਬ ਕਰ ਦਿੱਤਾ ਜਾਂਦਾ ਹੈ। 
ਵਧੇਰੇ ਸਿਖਲਾਈ ਕੈਂਪਾਂ ਵਿਚ ਡੋਪਿੰਗ, ਡਰੱਗਜ਼ ਤੇ ਗਲਤ ਚੀਜ਼ਾਂ ਦੀ ਜ਼ੋਰ-ਸ਼ੋਰ ਨਾਲ ਵਰਤੋਂ ਹੁੰਦੀ ਹੈ। ਦੇਖਣ ਨੂੰ ਤਾਂ ਨਿਯਮ ਬਹੁਤ ਸਖਤ ਬਣਾਏ ਹਨ ਪਰ ਇਹਨਾਂ ਦੀ ਉਲੰਘਣਾ ਅਕਸਰ ਹੁੰਦੀ ਹੈ. ਸੁਨੀਤਾ ਨੇ ਏਥੋਂ ਤੱਕ ਕਿਹਾ ਕਿ  ਉਹ ਖੁਦ ਵੀ ਇਨ੍ਹਾਂ ਸਖਤ ਨਿਯਮਾਂ ਦਾ ਸ਼ਿਕਾਰ ਹੋਈ ਹੈ। ਉਸਨੇ ਯਾਦ ਕਰਾਇਆ ਕਿ ਵਿਆਹ ਪਿੱਛੋਂ ਜਦੋਂ ਮੈਨੂੰ ਟ੍ਰੇਨਿੰਗ ਕੈਂਪ ਵਿਚ ਰਹਿਣਾ ਪਿਆ ਤਾਂ ਮੈਂ ਆਪਣੇ ਪਤੀ ਨਾਲ ਮੁਲਾਕਾਤ ਦੀ ਇਜਾਜ਼ਤ ਮੰਗੀ ਸੀ. ਬਸ ਇਹ ਇਜਾਜ਼ਤ ਮੰਗਣ ਤੇ ਹੀ ਉਥੋਂ ਦੇ ਇਕ ਅਧਿਕਾਰੀ ਨੇ ਮੇਰੀ ਬੇਇੱਜ਼ਤੀ ਕੀਤੀ ਅਤੇ ਮੈਨੂੰ ਕਾਫੀ ਝਾੜ ਪਾਈ। ਇਸ ਦੁਖਦਾਈ ਘਟਨਾ ਤੋਂ ਬਾਅਦ  ਮੈਂ ਕੈਂਪ ਵਿਚ ਨਾ ਰਹਿਣ ਦਾ ਫੈਸਲਾ ਕਰ ਲਿਆ। ਹੁਣ ਦੇਖਣਾ ਇਹ ਹੈ ਕਿ ਸੁਣ ਇਤਾ ਦੇ ਬਿਆਨ ਨੂੰ ਅਧਾਰ ਮੰਨ ਕੇ ਕੋਈ ਠੋਸ ਕਦਮ ਚੁੱਕਿਆ ਜਾਂਦਾ ਹੈ ਜਾਂ ਨਹੀਂ ?...ਰੈਕਟਰ ਕਥੂਰੀਆ 

No comments: