Wednesday, January 26, 2011

ਕਈ ਖੂਬੀਆਂ ਸਨ ਮਾਤਾ ਜੋਗਿੰਦਰ ਕੌਰ ਵਿੱਚ

ਜਥੇਦਾਰ ਟੌਹੜਾ ਦੇ ਦੇਹਾਂਤ ਵੇਲੇ ਅਫਸੋਸ ਦੀ ਲਹਿਰ 
ਬੜੀ ਲੰਮੀ ਦੇਰ ਤੱਕ ਪੰਥਕ ਰਾਜਨੀਤੀ  ਦਾ ਧੁਰਾ ਬਣ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ  ਦੀ ਧਰਮ ਪਤਨੀ  ਮਾਤਾ ਜੋਗਿੰਦਰ ਕੌਰ ਟੌਹੜਾ  ਅੱਜ ਅਕਾਲ ਚਲਾਣਾ ਕਰ ਗਏ. ਉਹ ਬੀਮਾਰ ਹੋਣ ਕਾਰਣ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਦਾਖਿਲ ਸਨ ਅਤੇ ਉਹਨਾਂ ਨੇ ਬੁਧਵਾਰ 26 ਜਨਵਰੀ ਵਾਲੇ ਦਿਨ ਸਵੇਰੇ ਆਖਰੀ ਸਾਹ ਲਿਆ. ਉਹਨਾਂ ਦਾ ਅੰਤਿਮ ਸੰਸਕਾਰ ਵੀਰਵਾਰ 27 ਜਨਵਰੀ ਨੂੰ ਕੀਤਾ ਜਾਏਗਾ. ਮਾਤਾ ਜੋਗਿੰਦਰ ਕੌਰ ਟੌਹੜਾ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਲ ਸਾਰੀ ਜ਼ਿੰਦਗੀ ਬੜੀ ਹੀ ਸਾਦਗੀ ਨਾਲ ਕੱਟੀ.  ਜਥੇਦਾਰ ਟੌਹੜਾ ਦੇ ਦੇਹਾਂਤ ਤੋਂ ਬਾਅਦ ਵੀ ਉਹਨਾਂ ਨੇ ਆਪਣੇ ਆਜ਼ਾਦ ਸਟੈਂਡ ਨੂੰ ਕਾਇਮ ਰੱਖਿਆ. ਜਥੇਦਾਰ ਟੌਹੜਾ ਦੇ ਅਕਾਲ ਚਲਾਣੇ ਮਗਰੋਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਸੀ ਜਿਸ ਦਾ ਅਕਾਲੀ ਦਲ ਨੇ ਵਿਰੋਧ ਵੀ ਕੀਤਾ ਸੀ ਪਰ ਬਾਅਦ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਵੀ ਇਹ ਦਰਜਾ ਦੇਣ ਦਾ ਐਲਾਨ ਕੀਤਾ. 
ਪੰਥ ਰਤਨ ਦਾ ਸਨਮਾਨ ਪ੍ਰਾਪਤ ਕਰਨ ਵੇਲੇ 
ਜਦੋਂ ਬੀਬੀ ਜੀ ਦਾ ਵਿਆਹ ਟੌਹੜਾ ਸਾਹਿਬ ਨਾਲ ਹੋਇਆ ਉਸ ਵੇਲੇ ਉਮਰ ਸੀ 14 ਸਾਲ  ਅਤੇ ਟੌਹੜਾ ਸਾਹਿਬ ਸਨ 18 ਸਾਲਾਂ ਦੇ. ਵਿਆਹ ਤੋਂ ਬਾਅਦ ਜਦੋਂ ਟੌਹੜਾ ਸਾਹਿਬ ਰਾਜਨੀਤੀ ਵਿੱਚ ਆਏ ਤਾਂ ਸ਼ੁਰੂ ਹੋ ਗਿਆ ਮੋਰਚਿਆਂ ਦਾ ਸਿਲਸਿਲਾ, ਆਏ ਦਿਨ ਐਜੀਟੇਸ਼ਨਾਂ, ਆਏ ਦਿਨ ਫੜੋਫੜੀ...ਇਹ ਸਭ ਕਹਿਣ ਸੁਨਣ ਨੂੰ ਭਾਵੇਂ ਚੰਗਾ ਲੱਗਦਾ ਹੈ ਪਰ ਪਤਾ ਉਸ ਘਰ ਨੂੰ ਹੀ ਹੁੰਦਾ ਹੈ ਜਿਸ ਘਰ ਨੇ ਅੰਦੋਲਨਾਂ ਦੇ ਸੇਕ ਨੂੰ ਨੇੜਿਓਂ ਮਹਿਸੂਸ ਕੀਤਾ ਹੋਵੇ. ਦੂਰ ਬੈਠ ਕੇ ਤਮਾਸ਼ਾ ਦੇਖਣ ਵਾਲੇ ਤਾਂ ਬਹੁਤ ਹੁੰਦੇ ਹਨ. ਫਿਰ ਸਭ ਤੋਂ ਵੱਡੀ ਗੱਲ ਕਿ ਕਿੰਗ-ਮੇਕਰ ਹੋ ਕੇ ਵੀ ਕਦੇ ਟੋਹੜਾ ਸਹਿਣ ਨੇ ਕੁਝ ਨਹੀਂ ਸੀ ਬਣਾਇਆ. ਇਸ ਗੱਲ ਦਾ ਗਿਲਾ ਵੀ ਕਦੇ ਬੀਬੀ ਹੁਰਾਂ ਦੀ ਜ਼ੁਬਾਨ ਤੇ ਨਹੀਂ ਸੀ ਆਇਆ. ਜਦੋਂ ਜਥੇਦਾਰ ਦਾ ਦੇਹਾਂਤ ਹੋਇਆ ਤਾਂ ਸਮਾਂ ਬਹੁਤ ਹੀ ਨਾਜ਼ੁਕ ਅਤੇ ਦੁੱਖਾਂ ਭਰਿਆ ਸੀ. ਉਸ ਵੇਲੇ ਵੀ ਮਾਤਾ ਜੀ ਨੇ ਇਹ ਸਦਮਾ ਅਡੋਲ ਰਹਿ ਕੇ ਜਰਿਆ. ਉਹਨਾਂ ਨੇ ਦੁੱਖ ਪ੍ਰਗਟ ਕਰਨ ਲਈ ਆਏ ਸਾਰਿਆਂ ਦਾ ਮਾਣ ਰੱਖਿਆ, ਸਭ ਦੀ ਗੱਲ ਸੁਣੀ ਪਰ ਪੂਰੀ ਤਰਾਂ ਚੇਤੰਨ ਰਹਿ ਕੇ. ਉਹਨਾਂ ਨੇ ਕਦੇ ਵੀ ਕਿਸੇ ਨੂੰ ਇਸ ਗੱਲ ਦੀ ਇਜ਼ਾਜ਼ਤ ਨਹੀਂ ਦਿੱਤੀ ਕਿ ਉਹ ਟੋਹੜਾ ਸਾਹਿਬ ਦੇ ਚੱਲ ਵੱਸਣ ਮਗਰੋਂ ਉਹਨਾਂ ਦੇ ਵਿਚਾਰਾਂ ਦਾ ਕਤਲ ਕਰ ਜਾਵੇ. ਪੰਥ ਰਤਨ ਦੇ ਸਨਮਾਣ ਦਾ ਮੌਕਾ ਆਇਆ ਤਾਂ ਉਹਨਾਂ ਨੇ ਇਸ ਸਨਮਾਣ ਨੂੰ ਬੜੇ ਹੀ ਸਤਿਕਾਰ ਨਾਲ ਪ੍ਰਾਪਤ ਕੀਤਾ. 
ਸੰਨ 2004 ਦੀਆਂ ਚੋਣਾਂ ਵੇਲੇ ਵੋਟ ਪਾਉਣ ਜਾਂਦਿਆਂ  
ਇਸ ਮੌਕੇ ਤੇ ਟੌਹੜਾ ਸਾਹਿਬ ਦੀਆਂ ਯਾਦਾਂ ਇੱਕ ਵਾਰ ਫੇਰ ਬੜੀ ਤੇਜ਼ੀ ਨਾਲ ਆ ਗਈਆਂ ਸਨ ਫਿਰ ਵੀ ਆਪ ਸੰਤੁਲਿਤ ਰਹੇ. ਲੋਕਤੰਤਰ ਨਾਲ ਉਹਨਾਂ ਨੇ ਪੂਰੀ ਤਰਾਂ ਨਿਭਾਈ. ਲੋਕਰਾਜ ਵਾਲੇ ਇਸ ਸਿਸਟਮ ਵਿੱਚ ਵੋਟਾਂ ਦੀ ਅਹਿਮੀਅਤ ਨੂੰ ਵੀ ਓਹ ਚੰਗੀ ਤਰਾਂ ਜਾਣਦੇ ਸਨ. ਅੱਜ ਵਾਲੇ ਯੁਗ ਦੇ ਇੱਕ ਮਹਤਵਪੂਰਣ ਹਥਿਆਰ ਵੋਟ ਦੀ ਸ਼ਕਤੀ ਤੋਂ ਵੀ ਉਹ ਚੰਗੀ ਤਰਾਂ ਜਾਣੂ ਸਨ.  ਸ਼ਾਇਦ ਇਹੀ ਕਾਰਣ ਸੀ ਕਿ ਸੰਨ 2004 ਦੀਆ ਚੋਣਾਂ ਵੇਲੇ  ਉਹ ਬਜ਼ੁਰਗ ਉਮਰ ਦੇ ਬਾਵਜੂਦ ਵੀ ਆਪਣੇ ਭਤੀਜੇ ਰਾਜਿੰਦਰ ਸਿੰਘ ਨੂੰ ਨਾਲ ਲੈ ਕੇ  ਵੋਟ ਪਾਉਣ ਲਈ ਪੁੱਜੇ. ਟੌਹੜਾ ਸਾਹਿਬ ਦੀ ਜ਼ਿੰਦਗੀ ਨੂੰ ਉਹਨਾਂ ਦੇ ਨਾਲ ਰਹਿ ਕੇ ਘਰੇਲੂ ਚਿੰਤਾਵਾਂ ਤੋਂ ਮੁਕਤ ਰੱਖਣ ਵਾਲੀ ਉਹ ਸ਼ਖਸੀਅਤ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ. ਉਹਨਾਂ ਦੇ ਤੁਰ ਜਾਣ ਤੋਂ ਬਾਅਦ ਵੀ ਉਹਨਾਂ ਦੀ ਸਾਦਗੀ, ਸਾਧਾਰਣ ਰਹਿਣੀ ਬਹਿਣੀ ਅਤੇ ਹੋਰ ਕਈ ਖੂਬੀਆਂ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ...--ਰੈਕਟਰ ਕਥੂਰੀਆ.   

No comments: