
ਹਰ ਹਾਲਾਤ ਵਿੱਚ ਜੀਊਣ ਦੀ ਜ਼ਿਦ ਦਾ ਨਾਮ ਹੈ ਗੁਲਸ਼ਨ ਦਿਆਲ. ਇਹ ਹਿੰਮਤ ਇਹ ਸ਼ਕਤੀ ਉਸਨੂੰ ਰਾਤੋ ਰਾਤ ਨਹੀਂ ਮਿਲੀ. ਇਸ ਪਿਛੇ ਕਹਾਣੀ ਹੈ ਉਸ ਦੇ ਸੰਘਰਸ਼ ਦੀ. ਕਈ ਵਾਰ ਇੰਝ ਲੱਗਦਾ ਹੈ ਕਿ ਗੁਲਸ਼ਨ ਨੂੰ ਕਿਸੇ ਖਾਸ ਮਕ਼ਸਦ ਲਈ ਦੁਨੀਆ ਵਿੱਚ ਭੇਜਿਆ ਗਿਆ ਹੈ...ਸੋਚਦਿਆਂ ਸੋਚਦਿਆਂ ਖਿਆਲਾਂ ਦੀ ਦੁਨੀਆ ਵਿੱਚ ਅਸਲ ਗੱਲ ਹੀ ਗੁਆਚ ਜਾਂਦੀ ਪਰ ਸੁਆਲ ਦਾ ਜੁਆਬ ਨਾ ਮਿਲਦਾ...ਇੱਕ ਦਿਨ ਪੁਛਿਆ ਕੁਝ ਆਪਣੇ ਬਾਰੇ ਦੱਸੋ...ਜੁਆਬ ਸੀ ਇਹ ਬੜਾ ਔਖਾ ਕੰਮ ਹੈ. ਇਹ ਗੱਲ ਹੈ ਵੀ ਬਿਲਕੁਲ ਹਕੀਕਤ ਕਿ ਆਪਣੇ ਬਾਰੇ ਦੱਸਣਾ ਬਹੁਤ ਹੀ ਔਖਾ ਕੰਮ ਹੈ. ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣਾ, ਬਾਰ ਬਾਰ ਸਿਰ ਚੁੱਕ ਕੇ ਵਖਾਲੀ ਦੇਂਦੀਆਂ ਖੂਬੀਆਂ ਵਿਚੋਂ ਦੋ ਚਾਰ ਦੱਸਣੀਆਂ ਅਤੇ ਹੋਰ ਬੜਾ ਕੁਝ ਅਜਿਹਾ ਹੁੰਦਾ ਹੈ ਜੋ ਦਿਲ ਅਤੇ ਦਿਮਾਗ ਵਿੱਚ ਖੌਰੂ ਜਿਹਾ ਪਾ ਦੇਂਦਾ ਹੈ. ਭਵਿਖ ਦੇ ਸੁਪਨੇ, ਅਤੀਤ ਦੀਆਂ ਯਾਦਾਂ, ਦੁੱਖਾਂ ਦੇ ਸਮੁੰਦਰ, ਸੁੱਖਾਂ ਦਾ ਜ਼ਿਕਰ, ਮਨ ਦੇ ਅਸਮਾਨ...ਬਹੁਤ ਕੁਝ ਅਣਦੇਖਿਆ ਕਰਕੇ ਕਿਤੇ ਚਾਰ ਸਤਰਾਂ ਜੁੜਦੀਆਂ ਹਨ...ਓਹ ਵੀ ਉਹਨਾਂ ਨੂੰ ਜਿਹੜੇ ਇਹ ਸਾਰਾ ਸੰਤੁਲਨ ਕਾਇਮ ਰੱਖ ਸਕਦੇ ਹਨ. ਅਸਰ ਸਿਰਫ ਉਹਨਾਂ ਦੇ ਸ਼ਬਦਾਂ ਚ ਪੈਦਾ ਹੁੰਦਾ ਹੈ ਜਿਹੜੇ ਮਿਸਾਲੀ ਹੱਦ ਤੱਕ ਆਪਣੇ ਪ੍ਰਤੀ ਵੀ ਇਮਾਨਦਾਰ ਹੁੰਦੇ ਹਨ ਅਤੇ ਦੂਜਿਆਂ ਪ੍ਰਤੀ ਵੀ. ਓਹ ਕਿਸੇ ਫਾਇਦੇ ਜਾਂ ਨੁਕਸਾਨ ਲਈ ਕਦੇ ਸਚ ਜਾਂ ਝੂਠ ਨਹੀਂ ਬੋਲਦੇ...ਜੇ ਕੁਝ ਲੁਕਾਉਂਦੇ ਵੀ ਹਨ ਤਾਂ ਸਿਰਫ ਏਸ ਲਈ ਕਿ ਮਤਾਂ ਕਿਸੇ ਦਾ ਦਿਲ ਨਾ ਦੁਖੇ....ਅਜਿਹੇ ਗਿਣੇ ਚੁਣੇ ਕਲਮਕਾਰਾਂ ਵਿੱਚੋਂ ਇੱਕ ਗੁਲਸ਼ਨ ਦਿਆਲ ਵੀ ਹੈ.

ਆਪਣੇ ਬਾਰੇ ਉਸ ਨੇ ਦਸਿਆ...ਰਾਜਸਥਾਨ ਦੇ ਰੇਗਿਸਤਾਨ ਵਿਚ ਜਨਮ , ਸੋ ਮਾਰੂਥਲਾਂ ਦੀ ਵੀਰਾਨੀ ਜਿਥੇ ਹਿੱਸੇ ਆਈ , ਉਥੇ ਜਿੰਦਗੀ ਲਈ ਬੇਹਦ ਪਿਆਸ ਵੀ ਮਿਲੀ । ਮੁਢਲਾ ਬਚਪਨ ਓੜੀਸਾ ਦੇ ਸੋਹਣੇ ਸਮੁੰਦਰ ਤੇ ਕੋਣਾਰਕ ਦੇ ਮੰਦਰ ਦੀ ਛਾਂ ਵਿਚ ਬਿਤਾਇਆ ‘ ਤਾਂ ਕੁਦਰਤ ਨਾਲ ਪਿਆਰ ਸੁਗਾਤ ਵਜੋਂ ਮਿਲਿਆ , ਪੰਜਾਬ ਵਿਚ ਵੱਡੀ ਤੇ ਜੁਆਨ ਹੋਈ , ਤੇ ਪੰਜਾਬ ਦੀ ਮਿੱਟੀ ਤੋਂ ਇੱਕ ਜ਼ਿਦ ਜੇਹੀ ਮਿਲੀ, ਹਰ ਹਾਲਤ ਵਿਚ ਜਿਓਣ ਦੀ ਜ਼ਿਦ ,B. SC ਤੇ M.A. ਗੌਰਮਿੰਟ ਕਾਲਜ ਫਾਰ ਵੂਮੈਨ ਤੋਂ ਕੀਤੀ ਇੱਕ ਸਾਇੰਸ ਟੀਚਰ ਵੱਜੋਂ ਅਤੇ ਫਿਰ ਇੰਗਲਿਸ਼ ਲੈਕਚਰਰ ਵਜੋਂ ਪੜ੍ਹਾਇਆ, ਕੈਲੀਫ਼ੋਰਨੀਆ ਆ ਗਈ ਤੇ ਟੀਚਿੰਗ ਵਿਚ ਹੀ ਚਲੀ ਗਈ ਤੇ ਹੁਣ as a Resource Specialist (ਵਿਸ਼ੇਸ਼ ਸਿੱਖਿਆ ਟੀਚਰ) ਵਜੋਂ ਕੰਮ ਕਰਦੀ ਹਾਂ.....ਬੇਹਦ ਪਿਆਰ ਹੈ ਆਪਣੀ ਜੋਬ ਨਾਲ. ਇੰਡੀਆ ਵਿਚ ਇਕ ਦਿਨ ਧੱਕੀ ਧਕਾਈ ਇੱਕ ਮਹਫ਼ਿਲ ਵਿਚ ਗਈ , ਇਕ ਨਜ਼ਮ ਪੜ੍ਹੀ , ਚੀਫ਼ ਗੈਸਟ ਸਨ ਆਸਿਫ਼ ਸ਼ਾਹਕਾਰ, ਉਹ ਭੁੱਲ ਗਏ, ਮੈਨੂੰ ਯਾਦ ਰਹਿ ਗਿਆ, ਫੇਰ ਇੱਕ ਦਿਨ ਆਪਣੇ ਭਤੀਜੇ ਰਾਹੀਂ ਉਹਨਾਂ ਨਾਲ ਫੇਸਬੁਕ ਤੇ ਮਿਲਣਾ ਹੋਇਆ , ਯਾਦ ਕਰਵਾਇਆ ਤੇ ਬੋਲੇ , ” ਹੁਣ ਕਿਓਂ ਨਹੀਂ ਲਿਖਦੀ ?” ਅਤੇ ਇੱਕ ਵਾਰ ਫਿਰ ਹੋ ਗਈ ਨੇੰ ਸ਼ੁਰੂਆਤ. ਅਜੇ ਤੱਕ ਕੋਈ ਕਿਤਾਬ ਨਹੀਂ ਛਪੀ....ਜਦੋਂ ਮੂਡ ਬਣ ਜਾਏ ਉਦੋਂ ਹੀ ਲਿਖਦੀ ਹਾਂ. ਸਾਰਿਆਂ ਦੋਸਤਾਂ ਪਿਆਰ ਹੈ.
ਇਹ ਸਾਡਾ ਪਿਆਰ
ਕੇਹਾ ਸਾਡਾ ਪਿਆਰ ਹੈ ?
ਕੋਈ ਗੱਲ ਨਹੀਂ ਕਰਦੇ
ਪਰ ਹਜ਼ਾਰਾਂ ਹਜ਼ਾਰਾਂ ਗੱਲਾਂ ਕਹਿ ਜਾਂਦੇ ਹਾਂ
ਤੇ ਵਿਚਾਰੇ ਸਾਰੇ ' ਸ਼ਬਦ '
ਚੁੱਪ ਚੁੱਪ ਅਵਾਕ ਸਾਡੇ ਵੱਲ ਤੱਕਦੇ ਰਹਿ ਜਾਂਦੇ ਨੇ
ਦਿਨ ਚੜ੍ਹਦਾ ਹੈ
ਤੇ ਹਜ਼ਾਰਾਂ ਹੀ ਸੁਨੇਹੇ
ਸੂਰਜ ਦੀਆਂ ਰਿਸ਼ਮਾਂ ਨੂੰ ਫੜ
ਤੇਰੇ ਮੱਥੇ ਨੂੰ ਚੁੰਮ ਮੇਰੇ ਗਲ ਆ ਲਗਦੇ ਨੇ ।
ਕਦੀ ਕਦੀ ਬੱਦਲ ਵੀ
ਛਾ ਜਾਂਦੇ ਨੇ ਪਰ ਤੂੰ ਝੱਟ ਹੀ
ਮੇਘਦੂਤ ਦਾ ਸਹਾਰਾ ਲੈ ਕੇ
ਮੇਰੇ ਤੇ ਸਾਵਣ ਵਾਂਗ ਵਰ੍ਹ ਜਾਂਦਾ ਏ
ਸ਼ਾਮ ਹੁੰਦੀ ਹੈ
ਸਾਰੀਆਂ ਬਾਤਾਂ ਕਾਹਲੀ ਨਾਲ
ਤੇਰੇ ਦਿਲ ਨੂੰ ਛੋਹ
ਚੰਨ ਦੀ ਸਵਾਰੀ ਕਰ
ਮੇਰੇ ਕੰਨਾਂ ਵਿਚ ਆ
ਸ਼ਹਿਦ ਵਾਂਗ ਘੁਲ ਜਾਂਦੀਆਂ ਨੇ
ਪਰ ਕਦੀ ਕਦੀ ਮੱਸਿਆ ਵੀ ਆ ਜਾਂਦੀ ਹੈ
ਫਿਰ ਵੀ ਦਿਲਾਂ ਦੀ ਧੜਕਨ ਇੰਨੀ ਤੇਜ਼ ਹੁੰਦੀ ਹੈ
ਕਿ ਤਾਰਿਆਂ ਦਾ ਸਹਾਰਾ ਲੈ
ਆਪਣੀਆਂ ਗੱਲਾਂ
ਅਸਮਾਨ ਦੀ ਵਿਸ਼ਾਲ ਚਾਦਰ ਤੇ
ਟਿਮ ਟਿਮਾ ਮੁਸਕਰਾਉਂਦੀਆਂ ਨੇ
ਇਹ ਕੇਹਾ ਪਿਆਰ ਹੈ
ਕਿ ਹਜ਼ਾਰਾਂ ਮੀਲ ਦੀ ਦੂਰੀ
ਪਰ ਫਿਰ ਵੀ ਦਿਲ
ਇਕ ਮਿਕ ਹੋ ਧੜਕਦੇ ਨੇ
---ਗੁਲਸ਼ਨ ਦਿਆਲ
ਤੁਹਾਨੂੰ ਇਹ ਰਚਨਾ ਅਤੇ ਇਸਦੀ ਪੇਸ਼ਕਾਰੀ ਕਿਹੋ ਜਿਹੀ ਲੱਗੀ...ਜ਼ਰੂਰ ਦੱਸਣਾ....ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ....--ਰੈਕਟਰ ਕਥੂਰੀਆ
2 comments:
beautiful description of inspiring, very kind and elegant Gulshan Dayal
ਕਦੀ ਕਦੀ ਬੱਦਲ ਵੀ
ਛਾ ਜਾਂਦੇ ਨੇ ਪਰ ਤੂੰ ਝੱਟ ਹੀ
ਮੇਘਦੂਤ ਦਾ ਸਹਾਰਾ ਲੈ ਕੇ
ਮੇਰੇ ਤੇ ਸਾਵਣ ਵਾਂਗ ਵਰ੍ਹ ਜਾਂਦਾ ਏ
wah...
ਬਹੁਤ ਬਹੁਪੱਖੀ ਸ਼ਖ਼ਸੀਅਤ ਹਨ ਗੁਲਸ਼ਨ ਜੀ......ਉਹਨਾਂ ਦੀਆਂ ਕਵਿਤਾਵਾਂ ਰੂਹ ਤੱਕ ਪਹੁੰਚਦੀਆਂ ਹਨ ਪਰ ਕਈ ਵਾਰ ਨਿਰਾਸ਼ਾਵਾਦੀ ਸੁਰ ਤੋਂ ਡਰ ਵੀ ਲਗਦਾ ਹੈ......ਉਮੀਦ ਹੈ ਭਵਿੱਖ ਵਿਚ ਉਹ ਆਪਣੀਆਂ ਲਿਖਤਾਂ ਵਿਚ ਹੋਰ ਨਿਖਾਰ ਲੈ ਕੇ ਆਉਣ ਗਏ। ਰੈਕਟਰ ਕਥੂਰੀਆ ਜੀ ਗੁਲਸ਼ਨ ਜੀ ਸਬੰਧੀ ਭਰਪੂਰ ਜਾਣਕਾਰੀ ਦੇਣ ਲਈ ਸ਼ੁਕਰੀਆ।
Post a Comment