Saturday, January 22, 2011

ਮਹਿੰਗਾਈ ਦਾ ਹਥੋੜਾ: ਕੀ ਹੈ ਅੰਕੜਿਆਂ ਦੀ ਹਕੀਕਤ

Posted on Sat, Jan 22, 2011 at 1:13 AM
ਓਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਹਨ ਜਦੋਂ ਕਿਹਾ ਜਾਂਦਾ ਸੀ  "ਦੱਬ ਕੇ ਵਾਹ ਤੇ ਰੱਜ ਕੇ ਖਾ |" ਅੱਜ ਦੇ ਚਲਣ ਵਿਚ ਤਾਂ ਜਿਵੇਂ ਇਹ ਗੱਲ ਸੋਚਣੀ ਵੀ ਗੁਨਾਹ ਹੈ |  ਅੱਜ ਕਲ ਤਾਂ ਇਹ ਗਲ ਢੁੱਕਵੀਂ ਬੈਠਦੀ ਹੈ "ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦਸ਼ਾਹੇ  ਦਾ |" ਮਹਿੰਗਾਈ ਇੰਨੀ ਉਤਾਂਹ ਵੱਲ ਨੂੰ ਚੜ੍ਹੀ ਪਈ ਹੈ ਜਿਵੇਂ ਪਤੰਗਬਾਜੀ ਦਾ ਕੋਈ ਮੁਕਾਬਲਾ ਹੋ ਰਿਹਾ ਹੋਵੇ ਕਿ ਕੀਹਦਾ ਪਤੰਗ ਜ਼ਿਆਦਾ ਉਚਾ ਹੈ ਮਤਲਬ ਕਿ ਕਹਿੜੀ ਚੀਜ਼ ਜ਼ਿਆਦਾ ਮਹਿੰਗੀ ਹੈ | ਚਲਣ ਇਹ ਚੱਲ ਪਿਆ ਹੈ ਕਿ ਨਿੱਤ ਜ਼ਰੂਰਤ ਦਿਆਂ ਵਸਤੂਆਂ ਦਿਨ-ਬ-ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਐਸ਼ਪ੍ਰਸਤੀ [ਲਗਜ਼ਰੀ] ਵਸਤਾਂ ਮੁਕਾਬਲੇ ਦੇ ਦੌਰ ਕਾਰਨ ਸਸਤੀਆਂ ਹੁੰਦੀਆਂ ਜਾ ਰਹੀਆਂ ਹਨ | ਨਿਗ੍ਹਾ ਮਾਰ ਕੇ ਦੇਖੋ ਤਾਂ ਆਪਨੇ ਆਲੇ ਦੁਆਲੇ ਪਤਾ ਲੱਗ ਜਾਵੇਗਾ | ਫਿਰ ਮੈਨੂ ਸ਼ਿਆਮ ਜਗੋਤਾ ਜੀ ਵੱਲੋਂ ਕਹੀ ਇਹ ਗੱਲ ਕਹਿਣੀ ਬੜੀ ਸੁਭਾਵਕ ਜਿਹੀ ਲੱਗਦੀ ਕਿ ਆਮ ਇਨਸਾਨ ਕਿਤੇ ਨਾ ਕਿਤੇ ਤਾਂ ਇਹ ਪੁੱਛਣਾ ਲੋਚ ਰਿਹਾ ਹੈ ਕਿ ਕੀ ਤੁਸੀਂ ਮੈਨੂੰ ਵੀ ਅਫ਼ਜ਼ਲ ਤੇ ਕਸਾਬ ਦੀ ਤਰ੍ਹਾਂ ਬਚਾਓਗੇ ? ਤਸਵੀਰ ਵਿਚ ਮਹਿੰਗਾਈ ਦੇ ਗੁਬਾਰ ਨਾਲ ਉੱਡ ਰਹੇ ਸ਼ਖਸ ਦੀ ਜੁਬਾਨ ਚੀਖ ਚੀਖ ਕੇ ਇਹੀ ਕਹਿ ਰਹੀ ਹੈ | ਫਿਰ ਜੇ ਜਵਾਬ ਮਿਲਦਾ ਹੈ ਤਾਂ ਬੜੀ ਦੇਰ ਬਾਅਦ ਅਤੇ ਜਦ ਤਕ ਕਈ ਆਮ ਇਨਸਾਨ ਮਹਿੰਗਾਈ ਦੇ ਗੁਬਾਰ ਨਾਲ ਨਾਲ ਚੜ੍ਹਾਈ ਕਰ ਗਏ ਹੁੰਦੇ ਹਨ ਤੇ ਜਾਂ ਫਿਰ ਜਵਾਬ ਵਿਚ ਮਿਲਦਾ ਹੈ ਬਹੁਤ ਹੀ ਲੰਬਾ ਲਾਰਾ ਕਿ ਉਸ ਲਾਰੇ ਨੂ ਪੂਰਾ ਹੁੰਦੀਆਂ ਅੱਧੀ ਤੋੰ ਵੀ ਵਧ ਖਲਕਤ ਦੇ ਸਾਹ ਸੂਤ ਜਾਂਦੇ ਹਨ | ਇਹਨਾਂ ਗੱਲਾਂ ਦੇ ਸਰਲ ਅਰਥ ਮੈਂ ਬਾਅਦ ਵਿਚ ਖੋਲਾਂਗਾ ਪਰ ਉਸ ਤੋਂ ਪਹਿਲਾਂ ਮਹਿੰਗਾਈ ਦੇ ਆਰਥਿਕ ਪੱਖ ਤੋਂ ਇੱਕ ਫਿਰਨੀ ਜਿਹੀ ਝਾਤ ਮਾਰ ਲਈਏ |
ਮਹਿੰਗਾਈ ਦਰ :-
ਮਹਿੰਗਾਈ ਦਾ ਹਥੋੜਾ 
25 ਦਿਸੰਬਰ ਦੇ ਅੰਕੜਿਆਂ ਮੁਤਾਬਕ ਖਾਣ ਦੀਆਂ ਵਸਤਾਂ ਦੀ ਮੁੱਦਰਾ ਸਫੀਤੀ ਦਰ 18.32 % ਨੂੰ ਛੂਹ ਗਈ ਸੀ | ਉਸ ਤੋਂ ਪਿਛਲੇ ਹਫਤੇ ਇਹ 14.44 % ਸੀ | ਜਦ ਕਿ ਇਹ 13 ਨਵੰਬਰ 10.15 % ਸੀ | ਆਖਿਰ ਇਹ 18.32 %, 14.44%, 10.15 % ਕੀ ਹਨ ? ਜੇ ਅਸੀਂ ਇਹਨਾਂ ਨੂੰ ਆਮ ਭਾਸ਼ਾ ਵਿਚ ਵਖਿਆਣ ਕਰਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਵਿਅਕਤੀ ਦੀ ਖ਼ਰੀਦ ਸ਼ਕਤੀ ਵਿਚ ਵਾਧਾ ਜਾਂ ਘਾਟਾ ਹੈ | ਹੁਣ ਇਹ ਵਾਧਾ ਹੈ ਜਾਂ ਘਾਟਾ ਇਹ ਚੱਕਰ ਉਲਟਾ ਹੈ | ਕਹਿਣ ਦਾ ਭਾਵ ਕਿ ਜੇ ਅੱਖਰ ਜਮਾਂ ਦੇ ਨਿਸ਼ਾਨ ਵਿਚ ਹੋਵੇ ਤਾਂ ਖ਼ਰੀਦ ਸ਼ਕਤੀ ਵਿਚ ਘਾਟਾ ਹੈ ਅਤੇ ਜੇ ਅੱਖਰ ਘਟਾਉ ਦੇ ਨਿਸ਼ਾਨ ਵਿਚ ਹੋਵੇ ਤਾਂ ਖ਼ਰੀਦ ਸ਼ਕਤੀ ਵਿਚ ਵਾਧਾ ਹੈ | ਹੋਰ ਸਰਲ ਅਰਥਾਂ ਵਿਚ ਇਸਨੂੰ ਇੰਝ ਸਮਝਿਆ ਜਾ ਸਕਦਾ ਹੈ, 18.32 % ਜਾਂ +18.32 % [ਗੱਲ ਇੱਕੋ ਹੀ ਹੈ] ਤਾਂ ਖ਼ਰੀਦ ਸ਼ਕਤੀ ਵਿਚ ਘਾਟਾ ਹੈ ਅਤੇ ਜੇ ਇਹ ਅੰਕੜੇ ਇਸ ਤਰ੍ਹਾਂ -18.32 % ਹਨ ਤਾਂ ਇਸ ਤੋਂ ਭਾਵ ਹੈ ਕੇ ਖ਼ਰੀਦ ਸ਼ਕਤੀ ਵਿਚ ਵਾਧਾ ਹੈ | ਹੁਣ ਸਹਿਜੇ ਹੀ ਇਹ ਕਿਹਾ ਜਾ ਸਕਦਾ ਹੈ ਕਿ ਨਵੰਬਰ 13 ਨੂੰ ਮਹਿੰਗਾਈ ਤੇ ਲਗਾਮ ਜੋ 10.15 % ਤੱਕ ਸੀ 25 ਦਿਸੰਬਰ ਨੂੰ ਓਹ 18.32 % ਦੀ ਹੱਦ ਨੂੰ ਵੀ ਪਾਰ ਕਰ ਗਈ | ਹੁਣ ਅਸੀਂ ਇਸਨੂ ਇੰਝ ਆਖ ਸਕਦੇ ਹਾਂ  ਕਿ 18.32 % ਤੋਂ ਭਾਵ ਹੈ ਕਿ ਮਨੁੱਖ ਦੀ ਖ਼ਰੀਦ ਸ਼ਕਤੀ ਵਿਚ 18.32 % ਦੀ ਗਿਰਾਵਟ ਆਈ ਹੈ | ਆਖਿਰ ਇਹ ਖ਼ਰੀਦ ਸ਼ਕਤੀ ਕਿਵੇਂ ਘਟੀ ? ਇਹਨਾਂ ਅੰਕੜਿਆਂ ਦਾ ਅਧਾਰ ਕਹਿੜੇ ਅੰਕੜੇ ਹਨ ਜੋ ਇਹ ਸਭ ਨਿਰਧਾਰਿਤ ਕਰਦੇ ਹਨ ?
ਕਾਰਟੂਨ ਧੰਨਵਾਦ ਸਹਿਤ: wheelosphere
ਗੱਲ ਬੜੀ ਹੀ ਸੱਪਸ਼ਟ ਹੈ | ਪਹਿਲਾਂ ਇਹ ਜਾਣੀਏ ਕਿ ਇਹ ਨਿਰਧਾਰਿਤ ਕਿਸ ਤਰ੍ਹਾਂ ਹੁੰਦੇ ਹਨ | ਦਰਅਸਲ ਮਹਿੰਗਾਈ ਨੂੰ ਮਾਪਣ ਲਈ ਸਾਡੇ ਦੇਸ਼ ਵਿਚ ਕੁਝ ਮਾਪਦੰਡ ਬਣਾਏ ਗਏ ਹਨ ਜਿਹਨਾ ਰਾਹੀਂ ਮਹਿੰਗਾਈ ਦੀ ਘਟਦੀ ਅਤੇ ਵਧਦੀ ਚਾਲ ਨੂੰ ਮਾਪਿਆ ਜਾਂਦਾ ਹੈ | ਇਸ ਨੂੰ ਮਾਪਣ ਲਈ ਬਹੁਤ ਸਾਰੇ ਪੱਖ ਦੇਖੇ ਜਾਂਦੇ ਹਨ ਪਰ ਜੋ ਪੱਖ ਸਭ ਤੋਂ ਵਧ ਮਹੱਤਤਾ ਹੈ ਓਹ ਹੈ ਅਧਾਰ ਸਾਲ [Base Year] | ਮਤਲਬ ਕਿ ਕਿਸੇ ਸਾਲ ਦੀਆਂ ਕੀਮਤਾਂ ਨੂੰ ਅਧਾਰ ਮੰਨ ਕੇ ਉਸ ਤੋਂ ਅਗਲੇ ਸਾਲ ਵਿਚ ਆਏ ਫ਼ਰਕ [ਵਾਧਾ ਜਾਂ ਘਟਾ] ਨੂੰ ਲੈ ਕੇ ਅਧਾਰ ਸਾਲ ਦੀਆਂ  ਕੀਮਤਾਂ ਨਾਲ ਤਕਸੀਮ [divide] ਕਰ ਕੇ 100 ਨਾਲ ਜਰਬ [multiply] ਕੀਤਾ ਜਾਂਦਾ ਹੈ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੇ ਅੰਕੜੇ ਪ੍ਰਤੀਸ਼ਤ ਵਿਚ ਬੋਲੇ ਜਾਂਦੇ ਹਨ | ਜਿਵੇਂ ਕਿ 18.32 % | ਇਹ ਅਧਾਰ ਸਾਲ ਕੁਝ ਵਕਫੇ ਪਿਛੋਂ ਬਦਲ ਦਿੱਤੇ ਜਾਂਦੇ ਹਨ | ਇਸ ਵਾਰ ਜੋ ਮੁੱਦਰਾ ਸਫੀਤੀ ਦਰ ਹੈ ਉਸ ਦਾ ਅਧਾਰ ਸਾਲ 2004-05 ਦਾ ਵਿੱਤੀ ਵਰ੍ਹਾ ਹੈ |
ਮਹਿੰਗਾਈ ਵਧਣ ਦੇ ਕਾਰਣ :-
ਜਿਸ ਤਰ੍ਹਾਂ ਵਿਗਿਆਨ ਵਿਚ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਕੋਈ ਨਾ ਕੋਈ ਕਾਰਣ ਹੁੰਦਾ ਹੈ ਇੰਨ-ਬਿੰਨ ਉਸੇ ਤਰ੍ਹਾਂ ਅਰਥਸ਼ਾਸਤਰ ਵਿਚ ਵੀ ਮਹਿੰਗਾਈ ਦੇ ਵਧਣ ਜਾਂ ਘਟਣ ਦੇ ਕਾਰਣ ਹੁੰਦੇ ਹਨ | ਅਰਥਸ਼ਾਸਤਰ ਮੁਤਾਬਕ ਵਸਤਾਂ ਦੀ ਕੀਮਤ ਬਜ਼ਾਰ ਵਿਚ ਓਹਨਾ ਦੀ ਮੰਗ ਅਤੇ ਪੈਦਾਵਾਰ ਤੇ ਅਧਾਰਿਤ ਹੁੰਦੀ ਹੈ ਜਿਸਨੂੰ ਅੰਗ੍ਰੇਜੀ ਵਿਚ Demand and supply ਵੀ ਕਿਹਾ ਜਾਂਦਾ ਹੈ | ਜੇਕਰ ਵਸਤਾਂ ਦੀ ਮੰਗ ਇੱਕੋ ਸਾਰ ਰਹੇ ਤਾਂ ਵਸਤਾਂ ਦੀ ਕੀਮਤ ਇੱਕ ਸੰਤੁਲਿਤ ਕੇਂਦਰ ਬਿੰਦੁ'ਤੇ [equilibrium point] ਅਧਾਰਿਤ ਰਹਿੰਦੀ ਹੈ | ਜੇ ਮੰਗ ਵਧ ਜਾਵੇ ਅਤੇ ਪੈਦਾਵਾਰ ਬਰਾਬਰ ਰਹੇ ਜਾਂ ਪੈਦਾਵਾਰ ਘੱਟ ਜਾਵੇ ਤਾਂ ਕੀਮਤਾਂ ਵਧ ਜਾਂਦੀਆਂ ਹਨ | ਜੇ ਮੰਗ ਘੱਟ ਜਾਵੇ ਜਾਂ ਪੈਦਾਵਾਰ ਵਧ ਜਾਵੇ ਤਾਂ ਕੀਮਤਾਂ ਘੱਟ ਜਾਂਦੀਆਂ ਹਨ | ਅਰਥਸ਼ਾਸਤਰ ਮੁਤਾਬਿਕ ਇਹੀ ਇੱਕ ਕਾਰਣ ਹੈ ਕੀਮਤਾਂ ਦੇ ਵਧਣ ਜਾਂ ਘਟਣ ਦਾ |
ਰਾਜਨੀਤਿਕ ਹੁੱਲੜ ਅਤੇ ਬਿਨਾਬਾਜੀ :-
     ਕੜੀ ਮੁਤਾਬਿਕ ਅਗਲਾ ਪ੍ਰਸ਼ਨ ਇਹ ਬਣਦਾ ਹੈ ਕਿ ਅੱਜ ਜੋ ਕੀਮਤਾਂ ਵਧੀਆਂ ਹੋਇਆਂ ਹਨ ਇਹਨਾਂ ਪਿਛੇ ਹੁਣ ਕੀ  ਕਾਰਣ ਹੋ ਸਕਦਾ ਹੈ ? ਕਿ ਇਸ ਵਾਰ ਮੰਗ ਜਿਆਦਾ ਵਧ ਗਈ ਹੈ ਅਤੇ ਪੈਦਾਵਾਰ ਬਰਾਬਰ ਹੈ ? ਜਾਂ ਫਿਰ ਇਸ ਵਾਰ ਪੈਦਾਵਾਰ ਘੱਟ  ਹੋਈ ਹੈ ਅਤੇ ਮੰਗ ਬਰਾਬਰ ਹੈ ? ਮੈਨੂੰ ਇਹਨਾਂ ਦੋਨਾਂ ਵਿਚ ਕੋਈ ਵੀ ਵਾਜਿਬ ਕਾਰਣ ਨਹੀ ਲੱਗਦਾ | ਜ਼ਰਾ ਗੌਰ ਕਰੋ ਕਿ ਕੀਮਤਾਂ ਜਾਣ-ਬੁਝ ਕੇ ਵਧਾਈਆਂ ਨਹੀ ਜਾ ਸਕਦੀਆਂ ? ਪਰ ਕਿਵੇਂ ? ਜਿਵੇਂ ਕਿ ਅਰਥਸ਼ਾਸਤਰ ਮੁਤਾਬਿਕ ਜੇ ਪੈਦਾਵਾਰ ਘੱਟ ਜਾਵੇ ਤਾਂ ਕੀਮਤਾਂ ਵਧ ਜਾਂਦੀਆਂ ਹਨ ਉਵੇਂ ਹੀ ਜੇ ਵਸਤਾਂ ਦੀ ਬਜ਼ਾਰ ਵਿਚ ਪਹੁੰਚ ਨੂੰ ਘਟਾ ਦਿੱਤਾ ਜਾਵੇ ਜਾਂ ਬੰਦ ਕਰ ਦਿੱਤਾ ਜਾਵੇ ਤਾਂ ਕੀਮਤਾਂ ਆਪਣੇ ਆਪ ਹੀ ਵਧ ਜਾਣਗੀਆਂ | ਫਿਰ ਓਹੀ ਮਾਲ ਵਿਕੇਗਾ ਜੋ ਬਜ਼ਾਰ ਵਿਚ ਮੌਜੂਦਾ ਰੂਪ ਵਿਚ ਪਿਆ ਹੋਵੇਗਾ ਅਤੇ ਓਹ ਵੀ ਉਚੀਆਂ ਦਰਾਂ'ਤੇ | ਲਓ ਜੀ ਕੀਮਤਾਂ ਵਧ ਗਈਆਂ !
ਫੋਟੋ ਧੰਨਵਾਦ ਸਹਿਤ: ਵਿਚਾਰ ਮੀਮਾਂਸਾ 
ਹੁਣ ਗਲ ਇਹ ਉਠਦੀ ਹੈ ਕਿ ਇਸ ਸਾਰੇ ਕਾਰੇ ਨੂੰ ਅੰਜਾਮ ਕਿਵੇਂ ਦਿੱਤਾ ਜਾ ਸਕਦਾ ਹੈ ? ਕੋਈ ਹੈਰਾਨੀ ਵਾਲੀ ਗਲ ਨਹੀਂ ਕਿ ਇਸ ਸਾਰੇ ਕਾਰੇ  ਨੂੰ ਵੱਡੇ-ਵੱਡੇ ਵਪਾਰੀਆਂ ਅਤੇ ਜਮਾਖੋਰਾਂ ਵਲੋਂ ਅੰਜਾਮ ਦਿੱਤਾ ਜਾਂਦਾ ਹੈ ਅਤੇ ਚੋਖਾ ਮੁਨਾਫਾ ਕਮਾਇਆ ਜਾਂਦਾ ਹੈ | ਅਤੇ ਇਸ ਕਾਰੇ ਨੂੰ ਅੰਜਾਮ ਦੇਣ ਲਈ ਮੱਦਦ ਕਰਦੇ ਹਨ ਰਾਜਨੀਤਿਕ ਬਿਆਨ | ਪਰ ਓਹ ਕਿਵੇਂ ? ਜ਼ਰਾ ਸਿੱਕੇ ਦਾ ਦੂਸਰਾ ਪਾਸਾ ਦੇਖਣ ਦਾ ਯਤਨ ਕਰੋ, ਜਦੋਂ ਕਿਸੇ ਰਾਜਨੀਤਿਕ ਨੇਤਾ ਦਾ ਬਿਆਨ ਆਵੇ ਕਿ ਇਸ ਵਾਰ ਫ਼ਸਲ ਬਰਸਾਤ ਨਾਲ ਖਰਾਬ ਹੋਣ ਦੇ ਆਸਾਰ ਹਨ ਤਾਂ ਕਿ ਇਹ ਵਪਾਰੀਆਂ ਅਤੇ ਜਮਾਖੋਰਾਂ ਨੂੰ ਮੌਜੂਦਾ ਮਾਲ ਗੋਦਾਮਾਂ ਵਿਚ ਦਬਾ ਕੇ ਰਖਣ ਲਈ ਦਿੱਤੀ ਗਈ ਇੱਕ ਸਿੱਧੇ ਰੂਪ ਵਿਚ ਸ਼ੈਅ ਨਹੀਂ ? ਅਤੇ ਇਹਨਾਂ ਨਾਲ ਹੋਣ ਵਾਲੇ ਮੁਨਾਫਿਆਂ ਵਿਚ ਜੇ ਕਿਸੇ ਨੇਤਾ ਦੀ ਮਿਲੀਭੁਗਤ ਹੋਵੇ ਤਾਂ ਓਹ ਵੀ ਅਤਿ-ਕਥਨੀ ਨਹੀ | ਜਦੋਂ ਪਵਾਰ ਸਾਹਬ  ਦਾ ਬਿਆਨ ਆਵੇ ਕਿ ਮਹਾਂਰਾਸ਼ਟਰ ਵਿਚ ਬਰਸਾਤ ਕਾਰਣ ਫ਼ਸਲ ਖਰਾਬ ਹੋ ਗਈ ਹੈ ਅਤੇ ਇਸ ਵਾਰ ਪੈਦਾਵਾਰ ਘੱਟ ਰਹੇਗੀ | ਤਾਂ ਕੀ ਇਹ ਜਮਾਂਖੋਰਾਂ ਨੂੰ ਸ਼ਹਿ ਨਹੀਂ ? ਗਲ ਇਹ ਹੈ ਕਿ ਇਹ ਘੱਟ ਪੈਦਾਵਾਰ ਵਾਲਾ ਬਿਆਨ ਦੇਣਾ ਕਿੰਨਾ ਕੁ ਜ਼ਰੂਰੀ ਹੈ ? ਕਿ ਇਕ ਖਿੱਤੇ ਵਿਚ ਘੱਟ ਪੈਦਾਵਾਰ ਪੂਰੇ ਦੇਸ਼ ਨੂੰ ਸਖਤੇ'ਚ ਪਾ ਸਕਦੀ ਹੈ ? ਜੇ ਪਾ ਵੀ ਸਕਦੀ ਹੈ ਤਾਂ ਕਿ ਗੁਆਂਢੀ ਦੇਸ਼ਾਂ ਤਾ ਵਸਤਾਂ ਨਹੀਂ ਮੰਗਵਾਈਆਂ ਜਾ ਸਕਦੀਆਂ ? ਫਿਰ ਇਹ ਪੈਦਾਵਾਰ ਘੱਟ ਹੋਣ ਵਾਲੀ ਗੱਲ ਨੂੰ  ਜਨਤਕ ਕਰਨ ਦੀ ਕੀ ਲੋੜ ਹੈ ? ਕੀ  ਹੁਣ ਇਹ ਸਿੱਧੇ ਅਰਥਾਂ ਵਿਚ ਵਸਤਾਂ ਨੂੰ ਜਮਾਂ ਕਰ ਕ ਰੱਖਣ ਅਤੇ ਓਹਨਾਂ ਦੀਆਂ ਕੀਮਤਾਂ ਨੂੰ ਅਸਮਾਨੀ ਛੁਹਾਉਣ ਨੂੰ ਦਿੱਤੀ ਗਈ ਸ਼ਹਿ ਨਹੀਂ ਤਾਂ ਹੋਰ ਕੀ ਹੈ ?
ਮਹਿੰਗਾਈ ਵਿਰੁਧ ਕਾਮਰੇਡ 
ਫਿਰ ਕੁਝ ਦਿਨਾਂ ਪਿਛੋਂ ਜਦੋਂ ਭਾਰਤ ਦੇ ਉਘੇ ਅਰਥਸ਼ਾਸਤਰੀ ਮੋਂਟੇਕ ਸਿੰਘ ਆਹਲੂਵਾਲੀਆ ਜੀ ਦਾ ਬਿਆਨ ਆਉਂਦਾ ਹੈ ਕਿਕੀਮਤਾਂ ਵਧਣ ਨਾਲ ਆਰਥਿਕ ਖੁਸ਼ਹਾਲੀ ਵਧੀ ਹੈ | ਦੇਸ਼ ਦੀ GDP ਵਧ ਰਹੀ ਹੈ ਅਤੇ ਸਦਾ ਟੀਚਾ ਹੈ ਕਿ ਇਸ ਵਿੱਤੀ ਵਰ੍ਹੇ ਦੇ ਅੰਤ ਤਕ ਇਹ  9 % ਦਾ ਅੰਕੜਾ ਪਾਰ ਕਰ ਜਾਵੇ | ਮੈਂ ਪੁਛਦਾ ਹਾਂ ਆਹਲੂਵਾਲੀਆ ਸਾਹਬ ਨੂੰ ਕਿ ਤੁਸੀਂ ਖੁਸ਼ਹਾਲੀ ਵਧਣ ਦੀ ਬਜਾਏ ਇਹ ਬਿਆਨ ਕਿਓਂ ਨਹੀਂ ਦਿੰਦੇ ਕਿ ਲੋਕਾਂ ਦੀ ਖ਼ਰੀਦ ਸ਼ਕਤੀ ਵਿਚ ਘਾਟਾ ਹੋਇਆ ਹੈ ਅਤੇ ਇਹ ਘਾਟਾ ਦਿਨ-ਬ-ਦਿਨ ਜਾਰੀ ਰਹੇਗਾ ? ਆਖਿਰ ਜਦ ਕੀਮਤਾਂ ਵਧੀਆਂ ਹਨ ਫਿਰ GDP ਤਾਂ ਸੁਭਾਵਕ ਤੌਰ ਤੇ ਵਧੇਗੀ ਹੀ ਵਧੇਗੀ ਅਤੇ ਨਾਲ ਫਿਰ ਤੁਸੀਂ ਇਹ ਇਸ਼ਾਰਾ ਵੀ ਕਰ ਰਹੇ ਹੋ ਕਿ ਤੁਸੀਂ ਇਸਨੂ 9 % ਤੱਕ ਲੈ ਕੇ ਜਾਣਾ ਚਾਹੁੰਦੇ ਹੋ | ਗੱਲ ਤਾਂ ਤਾਂ ਬਣਦੀ ਹੈ ਕਿ ਜਦੋਂ ਕੀਮਤਾਂ ਪਕੜ ਵਿਚ ਰਹਿਣ ਅਤੇ GDP ਵੀ ਵਧਦੀ ਰਹੇ |ਆਹਲੂਵਾਲੀਆ ਸਾਹਬ ਇਹ GDP ਵਧਣ ਵਾਲੀ ਗਲ ਜਨਤਕ ਕਰਨ ਦੀ ਕੀ ਲੋੜ ਹੈ ? ਇਹ ਤਾਂ ਫਿਰ ਇਹੀ ਹੋਇਆ ਕਿ ਜਿਵੇਂ ਫਾਰਮੈਲਿਟੀ ਲਈ ਕੋਈ ਬਿਆਨ ਦਿੱਤਾ ਗਿਆ ਹੁੰਦਾ ਹੈ | ਹੁਣ ਪਾਠਕ ਹੀ ਦੱਸਣ ਕਿ ਇਹ ਸਿੱਧੇ ਰੂਪ ਵਿਚ ਕੀਮਤਾਂ ਵਧਣ ਨੂੰ ਸ਼ਹਿ ਨਹੀਂ ਤਾਂ ਹੋਰ ਕੀ ਹੈ ? 
ਮੇਰੇ ਮੁਤਾਬਿਕ ਕੀਮਤਾਂ ਵਧਣ ਵਿਚ ਜਿੰਨਾਂ ਵੱਡਾ ਹਿੱਸਾ ਸਰਕਾਰੀ ਅਤੇ ਰਾਜਨੀਤਿਕ ਬਿਆਨਬਾਜ਼ੀ ਦਾ ਹੈ ਓਨਾਂ ਹੋਰ ਕਿਸੇ ਦਾ ਨਹੀਂ | ਜੇ ਇਹ ਹਿੱਸਾ 99 % ਤੋਂ ਵੀ ਵਧ ਹੈ ਤਾਂ ਮੇਰੇ ਮੁਤਾਬਿਕ ਇਸ ਵਿਚ ਕੋਈ ਹੈਰਾਨੀ ਵਾਲੀ ਗਲ ਨਹੀਂ ਹੈ |  ਇਹੀ ਓਹੀ ਗੱਲਾਂ ਸਨ ਜਿਹਨਾਂ ਦੇ ਸਰਲ ਅਰਥ ਖੋਲਣ ਦੀ ਗੱਲ ਲਿਖੀ ਸੀ ਮੈਂ ਉਪਰ | 
ਪੈਟ੍ਰੋਲ ਦੀਆਂ ਕੀਮਤਾਂ ਵਿਚ ਵਾਧਾ :-


  ਜਦੋਂ ਦਾ ਸਰਕਾਰ ਨੇ ਪੈਟ੍ਰੋਲ ਦੀਆਂ ਦਰਾਂ ਨੂੰ ਨਿਰਧਾਰਿਤ ਕਰਨ ਦਾ ਜਿੰਮਾ ਕੰਪਨੀਆਂ ਨੂੰ ਦੇ ਦਿੱਤਾ ਹੈ ਇਹ ਓਦੋਂ ਦਾ ਹੀ ਹਰ ਮਹੀਨ ਕੁਝ ਨਾ ਕੁਝ ਕਿਸੇ ਨਾ ਕਿਸੇ ਤਰੀਕੇ ਵਧ ਰਿਹਾ ਹੈ | ਹੁਣੇ ਹੀ ਪਿਛੇ ਜਿਹੇ ਪੈਟ੍ਰੋਲ ਦਿਆਂ ਕੀਮਤਾਂ ਵਿਚ ਉਛਾਲ ਦੇਖਣ ਨੂੰ ਮਿਲਿਆ ਹੈ | ਜੇ ਦੇਖਿਆ ਜਾਵੇ ਤਾਂ ਕਚੇ ਤੇਲ ਦੀ ਕੀਮਤ ਪਿਛਲੇ ਸਾਲ ਨਾਲੋਂ ਸਿਰਫ ਇੱਕ ਡਾਲਰ ਪ੍ਰਤੀ ਬੈਰਲ ਹੀ ਵਧੀ ਹੈ | ਪਰ ਪੈਟ੍ਰੋਲ ਦੀ ਅੱਜ ਅਤੇ ਪਿਛਲੇ ਸਾਲ ਦੀ ਕੀਮਤ ਵਿਚ ਕਿੰਨਾ ਫ਼ਰਕ ਹੈ ਓਹ ਹਰ ਕੋਈ ਸਹਿਜੇ ਹੀ ਸਮਝ ਸਕਦਾ ਹੈ | ਇਸਦੇ ਪਿਛੇ ਹੁਣ ਕਿ ਕਾਰਣ ਹਨ ਓਹ ਵੀ ਡੂੰਘੀ ਗੱਲ ਤਾਂ ਹੈ ਹੀ ਪਰ ਚਿੰਤਾ ਇਸ ਗੱਲ ਦੀ ਹੈ ਕਿ ਇਸ ਨਾਲ ਹੁਣ ਕੀਮਤਾਂ'ਤੇ ਵਾਧੇ ਦੇ ਰੂਪ ਵਿਚ ਹੋਰ ਕਿੰਨਾ ਕੁ ਅਸਰ ਪਵੇਗਾ ? ਮਹਿੰਗਾਈ ਹਰ ਹਾਲ ਵਧੇਗੀ ਹੀ ਵਧੇਗੀ |  ਹੁਣ ਤਾਂ ਹਾਲ ਇਹ ਹੋ ਚੁੱਕਾ ਹੈ ਕਿ ਫੇਸਬੁਕ ਵਰਗੀ ਸੋਸ਼ਲ ਨੈਟਵਰਕਿੰਗ ਸਾਈਟ ਤੇ ਨੌਜਵਾਨਾਂ ਵਲੋਂ ਅਜਿਹੇ ਸੁਨੇਹੇ ਪੜ੍ਹਨ ਨੂੰ ਮਿਲਦੇ ਹਨ "This is the first time in the history that needs, comfort and luxuries are available on same price. Onions: Rs. 65/- KG, Petrol: Rs. 65/- liter, Beer: Rs. 65/- bottle."
     ਹਾਲੇ ਸ਼ੁਕਰ ਹੈ ਕਿ ਡੀਜ਼ਲ ਦੀਆਂ ਕੀਮਤਾਂ ਨਿਰਧਾਰਿਤ ਕਰਨ ਦਾ ਜਿੰਮਾ ਸਰਕਾਰ ਦੇ ਹਥਾਂ ਵਿਚ ਹੀ ਹੈ ਅਤੇ ਇਹ ਕੀਮਤਾਂ ਹਾਲੇ ਨਹੀਂ ਵਧਾਈਆਂ ਗਈਆਂ | ਪਰ ਡਰ ਇਹ ਜਾਪਦਾ ਹੈ ਕਿ ਕਿਤੇ ਆਉਣ ਵਾਲੇ ਵਿੱਤੀ ਬਜਟ ਵਿਚ ਕਿਤੇ ਇਸਦੀ ਕੀਮਤ ਵੀ ਨਾ ਵਧ ਜਾਵੇ | ਜੇ ਹੋਇਆ ਤਾਂ ਆਮ ਆਦਮੀ ਦਾ ਜੀਣਾ ਦੁੱਭਰ ਹੋਇਆ ਸਮਝੋ |
ਫਿਰ ਜਿਥੇ ਇਹ ਗਲ ਸਿਰਫ ਦਿਲਾਂ ਵਿਚ ਘਰ ਕਰੀ ਬੈਠੀ ਹੈ ਓਦੋਂ ਇਹ ਜੁਬਾਨ ਤੇ ਵੀ ਆ ਜਾਵੇਗੀ | "ਕੀ ਤੁਸੀਂ ਮੈਨੂੰ ਵੀ ਅਫ਼ਜ਼ਲ ਤੇ ਕਸਾਬ ਦੀ ਤਰ੍ਹਾਂ ਬਚਾਓਗੇ ?"   --- ਸਤਿੰਦਰ ਸ਼ਾਹ ਸਿੰਘ          -----000--------------
ਜਿਸ ਤਨ ਲਾਗੇ ਸੋਈ ਜਾਨੇ ਕੌਣ ਜਾਨੇ ਪੀਰ ਪਰਾਈ..ਇਹ ਇੱਕ ਅੱਟਲ ਹਕੀਕਤ ਹੈ. ਸਦੀਵੀ ਸਚ ਹੈ ਪਰ ਕੁਝ ਲੋਕ ਇਸ ਮਕ਼ਸਦ ਲਈ ਹੀ ਆਪਣੀ ਜ਼ਿੰਦਗੀ ਲਾ ਦੇਂਦੇ   ਹਨ. ਉਹਨਾਂ ਨੂੰ ਹਮੇਸ਼ਾ ਤਕਲੀਫਾਂ ਮਿਲਦੀਆਂ ਹਨ ਪਰ ਓਹ ਕਦੇ ਆਪਣਾ ਰਸਤਾ ਨਹੀਂ ਬਦਲਦੇ. ਇਸ ਰਸਤੇ ਨੂੰ ਅਪਣਾਉਣ ਵਾਲੇ ਇੱਕ ਹੋਰ ਵਿਰਲੇ ਨੌਜਵਾਨ ਸਤਿੰਦਰ ਸ਼ਾਹ ਸਿੰਘ  ਦੀ ਉਮਰ ਅਜੇ ਬੜੀ ਛੋਟੀ ਹੈ ਪਰ ਸੋਚ ਅਤੇ ਚਾਹਤ ਬਹੁਤ ਵੱਡੀ.ਪੰਜਾਬ ਦੇ ਇੱਕ ਇੱਕ ਛੋਟੇ ਜਿਹੇ ਇਲਾਕੇ ਨਾਲ ਸਬੰਧਿਤ ਇਹ  ਨੌਜਵਾਨ ਕਲਮਕਾਰ  ਅੱਜ ਕੱਲ ਨੋਇਡਾ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਮਿਹਨਤ ਕਰ ਰਿਹਾ ਹੈ. ਅਥਾਹ ਰੁਝੇਵਿਆਂ ਦੇ ਬਾਵਜੂਦ ਆਮ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਨਾ ਅਤੇ ਫਿਰ ਉਹਨਾਂ ਨੂੰ ਇਸ ਦਰਦ ਤੋਂ ਨਿਜਾਤ ਦਵਾਉਣ ਲਈ ਵੀ ਕੁਝ ਉੱਦਮ ਉਪਰਾਲਾ ਕਰਨਾ ਅੱਜ ਵੀ ਸਤਿੰਦਰ ਸ਼ਾਹ ਸਿੰਘ  ਨੇ ਆਪਣੇ ਮੁਢਲੇ ਫਰਜ਼ਾਂ ਵਿੱਚ ਸਮਝਿਆ ਹੋਇਆ ਹੈ. ਤੁਹਾਨੂੰ ਇਸ ਨੌਜਵਾਨ ਦੀ ਇਹ ਰਚਨਾ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ.   --ਰੈਕਟਰ ਕਥੂਰੀਆ

3 comments:

Tarlok Judge said...

ਮਹਿੰਗੇ ਹੋ ਗਏ ਪਿਆਜ਼ ਟਮਾਟਰ ਰੁੱਸ ਗ ਈ ਖੁਸ਼ਬੋਈ
ਅੱਗੇ ਖਾਣ ਨੂੰ ਦਿੰਦੀ ਸੀ ਹੁਣ ਖਾਣ ਨੂੰ ਪਵੇ ਰਸੋਈ

Anonymous said...

Shukriya Rector ji .....

Anonymous said...

16 aane sach hai tarlok sir