Tuesday, November 30, 2010

ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਨੇ ਬਚਾਏ ਦੋ ਹੋਰ ਪਰਿਵਾਰਾਂ ਦੇ ਚਿਰਾਗ.

ਇਹ ਗੱਲ ਅੰਮ੍ਰਿਤਸਰ ਨੇੜੇ ਇੱਕ ਪਿੰਡ ਦੀ ਹੈ. ਅਜੇ ਉਸ ਬੱਚੇ ਨੂੰ ਇਸ ਦੁਨੀਆ ਵਿੱਚ ਜਨਮ ਲਿਆਂ ਮਸਾਂ ਚਾਰ ਕੁ ਦਿਨ ਹੀ ਹੋਏ ਸਨ ਕਿ ਇੱਕ ਦਿਨ ਅਚਾਨਕ ਹੀ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਜਿਹੀ ਹੋਈ ਜਦੋਂ ਪਿੰਡੇ ਨੂੰ ਹੱਥ ਲਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਬੱਚਾ ਤਾਂ ਬੁਖਾਰ ਵਿੱਚ ਭੁੱਜ ਰਿਹਾ ਸੀ. ਦੇਖਦਿਆਂ ਹੀ ਦੇਖਦਿਆਂ ਬੱਚੇ ਦਾ ਰੰਗ ਵੀ ਨੀਲਾ ਪੈ ਗਿਆ. ਬੱਚੇ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਉਸਨੂੰ ਦੋ ਚਾਰ ਦਿਨ ਰੱਖਕੇ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਜਦੋਂ ਗੱਲ ਨਹੀਂ ਬਣੀ ਤਾਂ ਡਾਕਟਰਾਂ ਨੇ ਉਸ ਬੱਚੇ ਨੂੰ ਤੁਰੰਤ ਹੀ ਸੀ ਐਮ ਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ. ਤਕਰੀਬਨ ਤਕਰੀਬਨ ਇਹੀ ਕੁਝ ਲੁਧਿਆਣਾ ਦੇ ਇੱਕ ਨਵ ਜਨਮੇ ਬੱਚੇ ਨਾਲ ਵੀ ਵਾਪਰਿਆ. ਉਸ ਬੱਚੇ ਨੂੰ ਵੀ ਸੀ ਐਮ ਸੀ ਹਸਪਤਾਲ  ਲੁਧਿਆਣਾ ਵਿੱਚ ਲਿਆਂਦਾ ਗਿਆ. ਏਥੇ ਇਹ ਗੱਲ ਦੱਸਣੀ ਵੀ ਬਹੁਤ ਹੀ ਜ਼ਰੂਰੀ ਹੈ ਕਿ ਉੱਤਰੀ ਭਾਰਤ ਦੇ ਪੁਰਾਣੇ ਹਸਪਤਾਲਾਂ ਚੋਂ ਇੱਕ ਸੀ ਐਮ ਸੀ ਹਸਪਤਾਲ ਬੱਚਿਆਂ ਦੇ ਅਜਿਹੇ ਨਾਜ਼ੁਕ ਆਪ੍ਰੇਸ਼ਨਾਂ ਲਈ ਵੀ ਪੂਰੀ ਦੁਨੀਆ ਵਿੱਚ ਪ੍ਰਸਿਧ ਹੈ. 
ਤੁਸੀਂ ਦੇਖ ਰਹੇ ਹੋ ਆਪ੍ਰੇਸ਼ਨ ਕਰਨ ਵਾਲੀ ਟੀਮ ਦੇ ਮੈਂਬਰ ਡਾਕਟਰ ਨੰਦਿਨੀ ਬੇਦੀ,
ਡਾਕਟਰ ਧਰੂਵ ਘੋਸ਼ , ਡਾਕਟਰ ਵਿਲੀਅਮ ਭੱਟੀ ਅਤੇ ਡਾਕਟਰ ਨਿਤਿਨ ਜੇ  ਪੀਟਰ
ਇਹਨਾਂ ਬੱਚਿਆਂ ਦਾ ਇਲਾਜ ਵੀ ਮਾਹਰ ਡਾਕਟਰਾਂ ਦੀ ਟੀਮ ਨੇ ਕੀਤਾ. ਦੋਵੇਂ ਬੱਚੇ ਹੁਣ ਪੂਰੀ ਤਰਾਂ ਠੀਕ ਹਨ ਅਤੇ ਪੂਰੀ ਤਰਾਂ ਆਮ ਜ਼ਿੰਦਗੀ ਜੀਊਣ ਦੇ ਕਾਬਲ ਬਣ ਗਏ ਹਨ. ਇਸ ਤਰਾਂ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਨੇ ਦੋ ਹੋਰ ਬੱਚਿਆਂ ਦੀ ਜਾਨ ਬਚਾ ਕੇ  ਦੋ ਹੋਰ ਪਰਿਵਾਰਾਂ ਦੇ ਘਰਾਂ ਨੂੰ ਹਨੇਰਾ ਹੋਣ ਤੋਂ ਬਚਾ ਲਿਆ ਹੈ. ਇਹ ਦੋਵੇਂ ਮਾਸੂਮ ਜਿਹੇ ਨੰਨ੍ਹੇ ਮੁੰਨੇ ਬੱਚੇ ਜਨਮ ਲੈਂਦਿਆਂ ਸਾਰ ਹੀ ਜ਼ਿੰਦਗੀ ਮੌਤ ਦੀ ਲੜਾਈ ਲੜਨ ਲੱਗ ਪਏ ਸਨ.  ਹਸਪਤਾਲ ਦੇ ਪ੍ਰਬੰਧਕਾਂ ਨੇ ਮੀਡੀਆ ਨੂੰ ਵੀ ਦੋਹਾਂ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਨਾਲ ਮਿਲਵਾਇਆ. ਇਸ ਮੌਕੇ ਤੇ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਬੱਚਿਆਂ ਦੀ ਸਰਜਰੀ ਦੇ ਮਾਹਰ ਡਾਕਟਰ ਧਰੁਵ ਘੋਸ਼ਡਾਕਟਰ ਵਿਲੀਅਮ ਭੱਟੀਡਾਕਟਰ ਨੰਦਿਨੀ ਬੇਦੀ ਅਤੇ ਡਾਕਟਰ ਨਿਤਿਨ ਜੇ ਪੀਟਰ ਵੀ ਮੌਜੂਦ ਸਨ. ਸਰਜਰੀ ਦੀ ਲੋੜ ਅਤੇ ਇਸ ਵਿੱਚ ਆਈਆਂ ਪਰੇਸ਼ਾਨੀਆਂ ਬਾਰੇ ਗੱਲ ਕਰਦਿਆਂ ਇਹਨਾਂ ਮਾਹਰ  ਡਾਕਟਰਾਂ ਨੇ ਮੀਡੀਆ ਨੂੰ ਦੱਸਿਆ ਕਿ ਇਸ ਕਿਸਮ ਦੀ ਸਮਸਿਆ ਮਸਾਂ ਪੰਜ ਸੱਤ ਹਜ਼ਾਰ ਬੱਚਿਆਂ ਪਿੱਛੇ ਕਿਸ ਇੱਕ ਬੱਚੇ ਨੂੰ ਹੁੰਦੀ ਹੈ ਪਰ ਹੁੰਦੀ ਇਹ ਬੜੀ ਗੰਭੀਰ ਹੈ. ਸਿਰਫ ਸਰਜਰੀ ਨਾਲ ਹੀ ਇਸਦਾ ਇਲਾਜ ਸੰਭਵ ਹੈ. ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਇਸ ਸਮਸਿਆ ਵਾਲੇ ਇਹਨਾਂ ਬੱਚਿਆਂ ਦੀ ਬਚਣ ਦਰ ਮਸਾਂ 50 --60 ਫੀਸਦੀ ਹੀ ਹੈ. 
             ਉਹਨਾਂ  ਦੱਸਿਆ ਕਿ ਇਸ ਸਰਜਰੀ ਦੌਰਾਨ ਬੱਚੇ ਦੀ ਛਾਤੀ ਜਾਂ ਪੇਟ ਦਾ ਅਪ੍ਰੇਸ਼ਨ ਕਰਕੇ ਉਸਦੀਆਂ ਅੰਤੜੀਆਂ ਨੂੰ ਟਿਕਾਣੇ ਸਿਰ ਲਿਆਉਣ ਹੁੰਦਾ ਹੈ. ਉਹਨਾਂ ਸਪਸ਼ਟ ਕੀਤਾ ਕਿ ਇਹ ਆਂਦਰਾਂ ਪੇਟ ਦੀ ਬਜਾਏ ਛਾਤੀ ਵਿੱਚ ਪਈਆਂ ਹੁੰਦੀਆਂ ਹਨ. ਉਹਨਾਂ ਨੂੰ ਸਰਜਰੀ ਨਾਲ ਹੀ ਪੇਟ ਵਿੱਚ ਲਿਆਂਦਾ ਜਾਂਦਾ ਹੈ. ਇਸ ਆਪ੍ਰੇਸ਼ਨ ਨਾਲ ਹੀ ਇਹਨਾਂ ਬੱਚਿਆਂ  ਦੀ ਜ਼ਿੰਦਗੀ ਸੁਰਖਿਅਤ ਹੁੰਦੀ ਹੈ. ਉਹਨਾਂ ਦੱਸਿਆ ਕਿ ਇਸ ਸਰਜਰੀ ਤੇ ਤਕਰੀਬਨ 60-70 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਖਰਚ ਆ ਜਾਂਦਾ ਹੈ.ਹੁਣ ਦੇਖਣਾ ਇਹ ਹੈ ਕਿ ਆਰਥਕ ਕਮਜ਼ੋਰੀਆਂ ਕਾਰਣ ਇਲਾਜ ਦੀ ਉਡੀਕ ਕਰ ਰਹੇ ਅਜਿਹੇ ਬੱਚਿਆਂ ਦੀ ਮਦਦ ਲਈ ਕਿੰਨੇ ਕੁ ਸਰਦੇ ਪੁੱਜਦੇ ਲੋਕ ਅੱਗੇ ਆਉਂਦੇ ਹਨ.   -- ਰੈਕਟਰ ਕਥੂਰੀਆ

No comments: