|
ਇੰਦਰਜੀਤ ਦੀ ਕਵਿਤਾ ਨਾਲ ਪੋਸਟ ਕੀਤੀ ਗਈ ਤਸਵੀਰ |
ਦਿਲ ਦੀ ਦੁਨੀਆ ਵੀ ਬੜੀ ਅਜੀਬ ਹੁੰਦੀ ਹੈ. ਜਦੋਂ ਦਿਲ ਚ ਕੋਈ ਗੱਲ ਘਰ ਕਰ ਜਾਏ ਤਾਂ ਫੇਰ ਦਿਲ ਨੇ ਕਦੇ ਵੀ ਨਾਂ ਤਾਂ ਦੁਨੀਆ ਵਾਲਿਆਂ ਦੀ ਸੁਣੀ, ਨਾ ਹੀ ਸਮਾਜ ਦੀ ਅਤੇ ਨਾ ਹੀ ਦਿਮਾਗ ਦੀ. ਰਸਮਾਂ ਰਿਵਾਜ ਸਭ ਕੁਝ ਪਿਛੇ ਛੁੱਟ ਜਾਂਦਾ ਹੈ. ਪਰ ਕਈ ਵਾਰ ਇਹ ਸਭ ਕੁਝ ਕਰਕੇ ਵੀ ਦਿਲ ਨੂੰ ਤਸੱਲੀ ਨਹੀਂ ਮਿਲਦੀ. ਕੂੰ ਨਹੀਂ ਮਿਲਦਾ. ਦਿਲ ਦੀ ਬੇਚੈਨੀ ਟਿਕਣ ਨਹੀਂ ਦੇਂਦੀ. ਏਹੋ ਜਿਹੀ ਹਾਲਤ ਵਿੱਚ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਅਚਾਨਕ ਹੀ ਕੋਈ ਬਦਲੀ ਵਰਸ ਪੈਂਦੀ ਹੈ ਤੇ ਪਿਆਸੀ ਧਰਤੀ ਦੀ ਪਿਆਸ ਮਿਟ ਜਾਂਦੀ ਹੈ. ਸੁੱਕੇ ਦਰਖਤ ਹਰੇ ਹੋ ਜਾਂਦੇ ਹਨ. ਇਸ ਅਨੋਖੀ ਬਰਸਾਤ ਤੋਂ ਬਾਅਦ ਆਪਣਾ ਚਿਰਾਂ ਪੁਰਾਣਾ ਰਾਹ ਬਦਲ ਕੇ ਨਵੀਂ ਡੰਡੀ ਪੈ ਜਾਂਦਾ ਹੈ. ਹਿੰਦੀ ਵਿੱਚ ਜਿਸਨੂੰ ਹਰਦਯ ਪਰਿਵਰਤਨ ਕਿਹਾ ਜਾਂਦਾ ਹੈ ਉਸ ਵਰਗਾ ਹੀ ਕੁਝ ਹੋਇਆ ਹੈ ਹੁਣ ਪੰਜਾਬੀ ਕਵਿਤਾ ਵਿੱਚ. ਪੰਜਾਬੀ ਸਾਹਿਤ ਵਿੱਚ ਆਪਣੀ ਅਮਿੱਟ ਛਾਪ ਛੱਡਣ ਵਾਲੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਅਤੇ ਗੁਰਬਾਣੀ ਵਿਆਖਿਆ ਵਿੱਚ ਜਾਦੂਈ ਮੁਹਾਰਤ ਪ੍ਰੋਫੈਸਰ ਸਾਹਿਬ ਸਿੰਘ ਹੁਰਾਂ ਨੂੰ ਪੜ੍ਹਨ ਮਗਰੋਂ ਨੌਜਵਾਨ ਸ਼ਾਇਰ ਇੰਦਰਜੀਤ ਸਿੰਘ (ਕਾਲਾਸੰਘਿਆ ) ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਹ ਹੁਣ ਤੱਕ ਹਨੇਰਾ ਹੀ ਢੋ ਰਿਹਾ ਸੀ. ਉਸਨੂੰ ਇੰਝ ਲੱਗਿਆ ਜਿਵੇਂ ਬਸ ਹੁਣੇ ਹੀ ਉਸਦੀ ਜਾਗ ਖੁੱਲੀ ਹੋਵੇ. ਇਹ ਸਚਮੁਚ ਕਮਾਲ ਸੀ....ਇਹ ਇੱਕ ਕ੍ਰਿਸ਼ਮਾ ਵੀ ਕਹਿ ਲਈਏ ਤਾਂ ਕੁਝ ਗਲਤ ਨਹੀਂ ਹੋਵੇਗਾ. ਇਹ ਵੀ ਹਿਰਦੇ ਚ ਤਬਦੀਲੀ ਦੀ ਇੱਕ ਨਵੀਂ ਮਿਸਾਲ. ਜਿਸਨੇ ਅਹਿਸਾਸ ਕਰਾਇਆ ਹੈ ਕਿ ਜੜਾਂ ਨਾਲੋਂ ਟੁੱਟ ਕੇ ਕਦੇ ਕੋਈ ਹਰਾ ਨਹੀ ਰਿਹਾ. ਆਪਣੇ ਹੁਣ ਤੱਕ ਦੇ ਹਨੇਰੇ ਸਫਰ ਵੱਲ ਦੇਖਕੇ ਉਹ ਉਦਾਸ ਵੀ ਹੋਇਆ. ਜਦੋਂ ਉਹ ਉਦਾਸ ਹੋਇਆ ਤਾਂ ਇਸ ਨੂੰ ਕਬੂਲ ਕਰਦਿਆਂ ਉਸਨੇ ਲਿਖਿਆ: ਬਹੁਤ ਉਦਾਸ ਹਾ
ਜਿਵੇ ਟੁੱਟ ਗਿਆ ਹੋਵੇ
ਮੇਰੇ ਅੰਦਰੋ ਕੁਝ
ਤੜਫ ਰਹੀ
ਮੇਰੀ ਕਵਿਤਾ
ਜੋ ਗਵਾ ਚੁਕੀ ਹੈ
ਆਪਣੇ ਕੋਮਲ ਭਾਵ
ਵਿਦੇਸ਼ੀ ਫਿਲੋਸਫੀਆ ਵਿਚ
ਦੂਰ ਉਡਾਰੀ ਲਾ ਕੇ
ਥਕੇ ਹੋਏ ਪੰਛੀ ਵਾਂਗ
ਮੁੜਨਾ ਚਾਹ ਰਿਹਾ
ਬਜੁਰਗਾ ਦੀ ਵਿਰਾਸਤ ਦੇ
ਆਲਣਿਆ ਵੱਲ
ਕੀ
ਅਪਣਉਣਗੇ ਮੈਨੂੰ ਓਹ?
ਲਓ ਪੜ੍ਹੋ ਤੁਸੀਂ ਇਹ ਪੂਰੀ ਕਵਿਤਾ ਅਤੇ ਫੇਰ ਆਪਣੇ ਦਿਲ ਨੂੰ ਪੁਛ ਕੇ ਦਸਿਓ ਕਿ ਇਹ ਆਵਾਜ਼ ਕੀ ਆਖਦੀ ਹੈ. ਤੁਹਾਨੂੰ ਇਹ ਸਚ ਅਤੇ ਇਸਦਾ ਬਿਆਨ ਕਿਵੇਂ ਲੱਗਿਆ ਇਹ ਵੀ ਦਸਿਓ.
|
ਇੰਦਰਜੀਤ ਸਿੰਘ ਨੂੰ ਸਨਮਾਨਿਤ ਕਰਦਿਆਂ ਪੰਜਾਬ ਯੂਥ ਡਿਵੈਲਪਮਿੰਟ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ |
ਬਹੁਤ ਉਦਾਸ ਹਾ
ਜਿਵੇ ਟੁੱਟ ਗਿਆ ਹੋਵੇ
ਮੇਰੇ ਅੰਦਰੋ ਕੁਝ
ਤੜਫ ਰਹੀ
ਮੇਰੀ ਕਵਿਤਾ
ਜੋ ਗਵਾ ਚੁਕੀ ਹੈ
ਆਪਣੇ ਕੋਮਲ ਭਾਵ
ਵਿਦੇਸ਼ੀ ਫਿਲੋਸਫੀਆ ਵਿਚ
ਦੂਰ ਉਡਾਰੀ ਲਾ ਕੇ
ਥਕੇ ਹੋਏ ਪੰਛੀ ਵਾਂਗ
ਮੁੜਨਾ ਚਾਹ ਰਿਹਾ
ਬਜੁਰਗਾ ਦੀ ਵਿਰਾਸਤ ਦੇ
ਆਲਣਿਆ ਵੱਲ
ਕੀ
ਅਪਣਉਣਗੇ ਮੈਨੂੰ ਓਹ?
ਜਿਨਾ ਨੂੰ ਤੋੜਨ ਲਈ
ਹਵਾ ਦਾ ਵੇਗ
ਮੈਂ ਹੀ ਤਾ
ਤੇਜ ਕਰਦਾ ਰਿਹਾ
ਬੜਾ ਤੜਫਾ ਰਿਹਾ
ਉਹ ਸੁਪਨਾ
ਸੁਰਮਈ ਨਿਸ਼ਾਨ ਸਾਹਿਬ ਦੇ ਉਪਰ
ਦਗ ਦਗ ਕਰਦਾ ਸੂਰਜ
ਅਜੇ ਤੱਕ
ਕੰਨਾ ਵਿਚ ਗੂੰਜ
ਰਿਹੇ ਨੇ
ਉਸ ਦਰਵੇਸ਼ ਦੇ ਬੋਲ
"ਸਮਾਜਿਕ ਤਬਦੀਲੀ ਦਾ ਰਾਹ
ਵਿਦੇਸ਼ੀ ਕਹਾਣੀਆ ਵਿਚੋ ਨਹੀ
ਦਸਮ ਪਾਤਸ਼ਾਹ ਦੇ ਬਖਸ਼ੀ
ਤਲਵਾਰ ਤੇ ਕਲਮ ਵਿਚੋ ਨਿਕਲੇਗਾ"
ਚੌਪਾਈ ਦੇ ਬੋਲ
ਜਪਜੀ ਦੇ ਸ਼ਬਦ
ਵਸ ਜਾਣ ਕਿਤੇ ਮੇਰੇ ਮਨ
ਆਕਾਲ ਪੁਰਖ
ਜਿਸ ਦੀ ਹੋਦ ਨੂੰ ਰੱਦ ਕਰਦਾ ਰਿਹਾ
ਲੁਕਣਾ ਚਾਹੁੰਦਾ ਹਾ
ਉਸਦੇ ਅਗੋਸ਼ ਵਿਚ
ਉਲਝਿਆ ਹੋਇਆ ਹਾ
ਇਸ ਸੋਚ ਵਿਚ
ਕਿਤੇ ਅਜਾਈ
ਤਾ ਨਹੀ
ਚਲੇ ਜਾਵੇਗਾ
ਇਹ ਜਨਮ
ਕੀ
ਮੈਨੂੰ ਮਾਫ ਕਰ ਦੇਣਗੇ
ਮੇਰੇ ਵਿਰਸੇ ਦੇ ਮਹਾਨਾਇਕ
ਬਨਣਗੇ ਮੇਰੇ ਰਹਿਨੁਮਾ......?
--ਇੰਦਰਜੀਤ ਸਿੰਘ
{ਹਰਿੰਦਰ ਸਿੰਘ ਮਹਿਬੂਬ ਜੀ ਦੀ ਕਿਤਾਬ "ਸਹਿਜੇ ਰਚਿਓ ਖਾਲਸਾ" ਪੜ੍ਹਨ ਤੋ ਬਾਅਦ}
ਸਾਨੂੰ ਉਮੀਦ ਹੈ ਕਿ ਉਸਦੇ ਕੁਝ ਨਾਰਾਜ਼ ਹੋਏ ਮਿੱਤਰ ਵੀ ਆਪਣੇ ਦਿਲਾਂ ਦੀ ਆਵਾਜ਼ ਸੁਣਨ ਲਈ ਹਿੰਮਤ ਦਿਖਾਉਣਗੇ. -- ਰੈਕਟਰ ਕਥੂਰੀਆ
2 comments:
ਕਵਿਤਾ ਸੋਹਣੀ ਹੈ | ਪਰ ਅਸੀਂ ਘਰੋਂ ਜਾਂਦੇ ਹੀ ਕਿਉਂ ਹਾਂ ਨਾਲੇ ਕਿਨਾਂ ਤੋਂ ਆਗਿਆ ਲਈ ਜਾ ਰਹੀ ਹੈ ਘਰ ਪਰਤਣ ਦੀ | ਕੌਣ ਹੈ ਜੋ ਸਾਡਾ ਰਾਹ ਰੋਕੀ ਖੜਾ ਹੈ ?
ਗੁਰਦਵਾਰੇ ਦੇ ਪਰਧਾਨ ਨੇ ਜਦ ਮੈਨੂੰ ਕਿਤੇ ਕਿਹਾ ਸੀ ਕਿ ਤੂੰ ਪੰਥ ਚੋਂ ਨਿੱਕਲ ਚੁੱਕਾ ਹੈਂ ਤਾਂ ਮੇਰਾ ਦੋ ਟੂਕ ਸਵਾਲ ਸੀ ਕਿ "ਮੈਨੂੰ ਕੱਢ ਕੌਣ ਸਕਦਾ ਹੈ ?" ਐਵੇਂ ਕਿਸੇ ਅੱਗੇ ਲੇਹੜੀਆਂ ਜਿਹੀਆਂ ਨਹੀਂ ਕੱਢਣੀਆਂ ਚਾਹੀਦੀਆਂ | ਸਾਨੂੰ ਕੌਣ ਤੋਦ ਸਕਦਾ ਹੈ ਸਾਡੇ ਖੂਨ ਨਾਲੋਂ ?
ਇੰਦਰਜੀਤ ਜੀ ਸਭ ਤੋਂ ਪਹਿਲਾਂ ਇੰਨੀ ਖੁਬਸੂਰਤ ਨਜ਼ਮ ਲਈ ਵਧਾਈ ਕਬੂਲ ਕਰੋ ...
ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜੋ ਮਹਾਨ ਵਿਰਸਾ ਬਖਸ਼ਿਆ ਹੈ ਉਸ ਵਿੱਚ ਸ਼ਰਨ ਆਏ ਨੂੰ ਕੰਠ ਲਉਣ ਦੀ ਉੱਚੀ ਸੋਚ ਹੈ ਅਪਣੇ ਵਿਰਸੇ ਨੂੰ ਪਹਿਚਾਨਣ ਦੀ ਲੋੜ ਹੈ ...ਸਿੱਖ ਧਰਮ ਨੂੰ ਧਰਮ ਤੇ ਕਬਜਾ ਕਰੀ ਬੈਠੀਆਂ ਜੋਕਾਂ ਨੇ ਬਦਨਾਮ ਕਰ ਦਿੱਤਾ...ਪਰ ਵਿਚਾਰਧਾਰਾ ਕਦੇ ਨਹੀਂ ਮਰਦੀ ....ਇੱਥੇ ਵੀ ਕਿਰਤ ਕਰਨ ਦਾ , ਵੰਡ ਖਾਣ ਦਾ ਵਿਰਸਾ ਹੈ ....ਆਪਣੇ ਵਿਰਸੇ ਪ੍ਰਤੀ ਇੰਨੀ ਸੋਹਣੀ ਸੋਚ ਲਈ ਤੁਹਾਡੇ ਪੈਰ ਛੋਹਣ ਨੂੰ ਦਿਲ ਕਰਦਾ ਹੈ ....
Post a Comment