Sunday, August 15, 2010

ਆਖਿਰ ਕੌਣ ਅਤੇ ਕਦੋਂ ਪੂੰਝੇਗਾ ਹਰੇਕ ਅੱਖ ਦਾ ਹਰੇਕ ਹੰਝੂ

ਕਿਸੇ ਵੇਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਹਰੇਕ ਅੱਖ ਦੇ ਹਰੇਕ ਹੰਝੂ ਨੂੰ ਪੂੰਝਣ ਦੀ ਗੱਲ ਆਖੀ ਸੀ. ਉਹਨਾਂ ਇਹ ਵੀ ਕਿਹਾ ਸੀ ਕਿ ਜਦੋਂ ਤੱਕ ਹੰਝੂ ਹਨ ਅਤੇ ਦੁੱਖ ਹੈ ਉਦੋਂ ਤੱਕ ਸਾਡਾ ਕੰਮ ਪੂਰਾ ਨਹੀਂ ਹੋਵੇਗਾ. ਉਹਨਾਂ ਦੇ ਇਸ ਕਥਨ ਵਾਲੇ ਇਸ਼ਤਿਹਾਰ 15 ਅਗਸਤ ਦੇ ਮੌਕੇ ਉੱਤੇ ਅਖਬਾਰਾਂ ਲਈ ਵੀ ਜਾਰੀ ਕੀਤੇ ਗਏ ਹਨ. ਇਹ ਪੂਰਾ ਕਥਨ ਆਸਾਨੀ ਨਾਲ ਪੜ੍ਹਨ ਲਈ ਤੁਸੀਂ ਨਾਲ ਹੀ ਦਿੱਤੀ ਗਈ ਤਸਵੀਰ ਤੇ ਵੀ ਕਲਿੱਕ ਕਰ ਸਕਦੇ ਹੋਇਸ ਕਥਨ ਨੂੰ ਯਾਦ ਰਖਣ ਲਈ ਹੁਣ ਤੱਕ ਕੀ ਕੀ ਕੀਤਾ ਗਿਆ ਅਤੇ ਹੰਝੂ ਪੂੰਝਣ ਲਈ ਕੀ ਕੀ ਉਪਰਾਲੇ ਕੀਤੇ ਗਏ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਇੱਕ ਗੱਲ ਸਾਫ਼ ਜ਼ਾਹਿਰ ਹੈ ਕਿ ਆਮ ਲੋਕਾਂ ਲਈ ਬਣਦੀਆਂ ਅਤੇ ਪ੍ਰਚਾਰੀਆਂ ਜਾਂਦੀਆਂ ਸਕੀਮਾਂ ਦਾ ਫਾਇਦਾ ਕੁਝ ਉੱਪਰ ਵਾਲੇ ਖਾਸ ਲੋਕਾਂ ਤਕ ਹੀ ਰਹਿ ਜਾਂਦਾ ਹੈ. ਆਜ਼ਾਦੀ ਤੋਂ ਬਾਅਦ ਕੁਝ ਕੁ ਮਾਮਲਿਆਂ ਨੂੰ ਛੱਡ ਕੇ ਜ਼ਿਆਦਾਤਰ ਆਮ ਲੋਕਾਂ ਦੀ ਗਰੀਬੀ ਵੀ ਵਧੀ ਹੈ ਅਤੇ ਉਹਨਾਂ ਦੇ ਦੁੱਖ ਦਰਦ ਵੀ. ਉਹਨਾਂ ਦੇ ਮਨਾਂ ਵਿੱਚ ਪੈਦਾ ਹੋਇਆ ਬੇਬਸੀ ਦਾ ਅਹਿਸਾਸ ਲਗਾਤਾਰ ਮਜ਼ਬੂਤ ਹੋ ਰਿਹਾ ਹੈ. ਦਫਤਰਾਂ ਅਤੇ ਅਫਸਰਾਂ ਕੋਲ ਹੁੰਦੀਆਂ ਖੱਜਲ ਖੁਆਰੀਆਂ ਉਹਨਾਂ ਦੇ ਮਨਾਂ ਵਿੱਚ ਬੇਗਾਨਗੀ ਦੀ ਭਾਵਨਾ ਨੂੰ ਹੀ ਵਾਧਾ ਰਹੀਆਂ ਹਨ. ਇਹਨਾਂ ਭਾਵਨਾਵਾਂ ਤੋਂ ਬਾਅਦ ਪੈਦਾ ਹੋਣ ਵਾਲਾ ਗੁੱਸਾ ਕੀ ਸ਼ਕਲ ਅਖਤਿਆਰ ਕਰਦਾ ਹੈ ਕੁਝ ਕਿਹਾ ਨਹੀਂ ਜਾ ਸਕਦਾ. 
ਦੂਜੇ ਪਾਸੇ ਅਖਬਾਰੀ ਸੁਰਖੀਆਂ ਕੁਝ ਹੋਰ ਹੀ ਬਿਆਨ ਕਰਦੀਆਂ ਹਨ. ਇਹਨਾਂ ਨੂੰ ਦੇਖ ਕੇ ਨਹੀਂ ਲੱਗਦਾ ਕਿ ਹਰੇਕ ਅੱਖ ਦੇ ਹਰੇਕ ਹੰਝੂ ਨੂੰ ਪੂੰਝਣ ਲਈ ਸਚਮੁਚ ਹੀ ਕੁਝ ਗਿਆ ਹੋਵੇ. ਥਾਣਾ ਕੋਟਲੀ ਸੂਰਤ ਮੱਲੀ ਵਿੱਚ ਪੈਂਦੇ ਪਿੰਡ ਭਗਵਾਨਪੁਰ ਵਿੱਚ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ. ਗੱਲ ਸੀ ਇੱਕ ਪ੍ਰੇਮ ਕਹਾਣੀ ਦੀ. ਕੁੜੀ ਵਾਲਿਆਂ ਨੇ ਦਲਿਤ ਪਰਿਵਾਰ ਦੇ ਮੁੰਡੇ ਨੂੰ ਸਜ਼ਾ ਦੇਣ ਲਈ ਉਸਦੀ 26 ਸਾਲਾ ਭਾਬੀ ਨੂੰ ਘਰੋਂ ਬੁਲਵਾ ਲਿਆ ਜੋ ਕਿ ਇੱਕ ਬੱਚੇ ਦੀ ਮਾਂ ਵੀ ਹੈ. ਇਸ ਔਰਤ ਦੇ ਕੱਪੜੇ ਉਤਾਰਕੇ ਉਸਨੂੰ ਨਗਨ ਅਵਸਥਾ ਵਿੱਚ ਹੀ ਸਾਰੇ ਪਿੰਡ ਵਿੱਚ ਘੁਮਾਇਆ ਗਿਆ. ਜਗ ਬਾਣੀ ਵੱਲੋਂ ਪ੍ਰਕਾਸ਼ਿਤ ਇਸ ਪੂਰੀ ਖਬਰ ਨੂੰ ਪੜ੍ਹਨ ਲਈ ਏਥੇ ਕਲਿੱਕ ਕਰੋ ਜਾਂ ਫੇਰ ਨਾਲ ਪ੍ਰਕਾਸ਼ਿਤ ਤਸਵੀਰ ਉੱਤੇ ਕਲਿੱਕ ਕਰੋ.
ਏਸੇ ਤਰਾਂ ਸ਼ਨੀਵਾਰ ਦੀ ਸ਼ਾਮ ਨੂੰ ਪੁਲਿਸ ਵੱਲੋਂ ਕਿਸਾਨਾਂ ਤੇ ਫਾਇਰਿੰਗ ਵੀ ਕੀਤੀ ਗਈ ਅਤੇ ਹਥਗੋਲੇ ਵੀ ਸੁੱਟੇ ਗਏ. ਅਲੀਗੜ੍ਹ ਵਿੱਚ ਨਿਹੱਥੇ ਕਿਸਾਨਾਂ ਵਿਰੁਧ ਕੀਤੀ ਗਈ ਇਸ ਕਾਰਵਾਈ ਵਿੱਚ ਦੋ ਕਿਸਾਨ ਮਾਰੇ ਗਏ. ਗੁੱਸੇ ਵਿੱਚ ਆਏ ਕਿਸਾਨਾਂ ਨੇ ਕਈ ਵਾਹਨ ਵੀ ਸਾੜ ਦਿੱਤੇ ਅਤੇ ਚੋੰਕੀ ਨੂੰ ਵੀ ਅੱਗ ਲਗਾ ਦਿੱਤੀ. ਪੂਰੀ ਖਬਰ ਪੜ੍ਹਨ ਲਈ  ਏਥੇ ਕਲਿੱਕ ਕਰੋ ਜਾਂ ਫੇਰ ਨਾਲ ਛਪੀ ਤਸਵੀਰ ਤੇ. ਇਹ ਖਬਰ ਵੀ ਬਹੁਤ ਹੀ ਸਪਸ਼ਟ ਸੰਕੇਤ ਦੇਂਦੀ ਹੈ ਕਿ ਦੇਸ਼ ਦੀ ਹਾਲਤ ਹੁਣ ਕਿਧਰ ਨੂੰ ਜਾ ਰਹੀ ਹੈ. ਇਹ ਤਾਂ ਹੈ ਸਿਰਫ ਇੱਕੋ ਹੀ ਦਿਨ ਦੀਆਂ ਖਬਰਾਂ ਦਾ ਜ਼ਿਕਰ ਪਰ ਹਕੀਕਤ ਇਹ ਹੈ ਕਿ ਹੁਣ ਇਹੋ ਜਿਹੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ. ਜੇ ਸਚਮੁਚ ਹੀ ਹਰੇਕ ਅੱਖ ਦੇ ਹਰੇਕ ਹੰਝੂ ਨੂੰ ਪੂੰਝਣਾ  ਹੈ ਤਾਂ ਫੇਰ ਲਾਠੀ, ਗੋਲੀ ਅਤੇ ਬੰਬਾਂ ਦੀ ਭਾਸ਼ਾ ਤਿਆਗ ਕੇ ਹਮਦਰਦੀ ਵਾਲੀ ਮਰਹਮ ਦੀ ਬੋਲੀ ਤੋਂ ਕੰਮ ਲੈਣਾ ਪਵੇਗਾ. ਇਸ ਬਾਰੇ ਤੁਹਾਡੇ ਸੁਝਾਵਾਂ ਦੀ ਵੀ ਉਡੀਕ ਰਹੇਗੀ.  --ਰੈਕਟਰ ਕਥੂਰੀਆ.  

2 comments:

ਬਲਜੀਤ ਪਾਲ ਸਿੰਘ said...

ਕਥੂਰੀਆ ਜੀ,ਇਕ ਦਿਨ ਦੀ ਗੱਲ ਨਹੀਂ ਰੋਜਾਨਾ ਹੀ ਅਖਬਾਰਾਂ ਵਿਚ ਅਜਿਹੀਆਂ ਹੀ ਖਬਰਾਂ ਪੜ੍ਹਦੇ ਰਹਿੰਦੇ ਹਾਂ। ਆਖਿਰ ਕੋਈ ਤਾਂ ਬਦਲੇਗਾ ਇਸ ਨਿਜ਼ਾਮ ਦਾ ਚਿਹਰਾ ?

Rector Kathuria said...

ਬਲਜੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ....ਅਜਿਹੀਆਂ ਖਬਰਾਂ ਹੁਣ ਰੋਜ਼ ਦੀ ਗੱਲ ਹੋ ਗਈਆਂ ਹਨ.....੧੫ ਅਗਸਤ ਦੇ ਕੌਮੀ ਤਿਓਹਾਰ ਵੱਜੋਂ ਮਨਾਏ ਜਾਂਦੇ ਦਿਨ ਦੇ ਮੌਕੇ ਤੇ ਵੀ ਇਹਨਾਂ ਖਬਰਾਂ ਦਾ ਉੱਸੇ ਤਰਾਂ ਛਾਏ ਰਹਿਣਾ ਸਾਬਿਤ ਕਰਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਅਨਸਰਾਂ ਨੂੰ ਇਸ ਦਿਨ ਦਾ ਵੀ ਕੋਈ ਲਿਹਾਜ਼ ਨਹੀਂ ਹੈ....!

ਇਸ ਹਕੀਕਤ ਪ੍ਰਤੀ ਸੁਚੇਤ ਹੋਈ ਜਨਤਾ ਹੀ ਇਸ ਨਿਜ਼ਾਮ ਦਾ ਚਿਹਰਾ ਬਦਲੇਗੀ...!