Monday, June 28, 2010

ਬਾਪੂ ਜਦੋਂ ਚਰਖਾ ਕਬਾੜੀਏ ਨੂੰ ਦੇਣ ਲੱਗਾ ਨਿਮੋਂਝੂਣੀ ਅੰਮਾਂ ਦਾ ਕਲੇਜਾ ਕੰਬ ਉਠਿਆ |


ਪੰਜਾਬੀ ਸ਼ਾਇਰ ਤਰਲੋਕ ਜੱਜ ਨੇ ਸ਼ਾਇਰੀ ਵਿਚ ਕਈ ਨਵੇਂ ਤਜੁਰਬੇ ਕੀਤੇ ਨੇ ਜਿਹਨਾਂ ਵਿਚ ਜੰਜੀਰੀਦਾਰ ਗਜ਼ਲਾਂ, ਡਿਓਢ ਗਜ਼ਲਾਂ ਤੇ ਕਈ ਹੋਰ ਕਾਵਿ ਰੂਪ ਸ਼ਾਮਿਲ ਹਨ | ਹੁਣ ਮੈਂ ਪਾਠਕਾਂ ਨੂੰ ਜੱਜ ਹੁਰਾਂ ਦੀ ਇੱਕ ਕਬਿੱਤ ਛੰਦ ਵਿਚ ਲਿਖੀ ਨਵੀਂ ਗ਼ਜ਼ਲ ਨਾਲ ਰੂਬਰੂ ਕਰਵਾ ਰਿਹਾ ਹਾਂ ਜਿਸ ਦੇ ਹਰ ਸ਼ੇਅਰ ਵਿਚੋਂ ਸਾਨੂੰ ਪੇਂਡੂ ਜੀਵਨ , ਰੀਤੀ ਰਿਵਾਜਾਂ ਦਾ ਝਲਕਾਰਾ ਮਿਲਦਾ ਹੈ | ਗ਼ਜ਼ਲ ਦੇ ਮਤਲੇ ਵਿਚ ਵਿਆਹ ਤੋਂ ਬਾਅਦ ਮੁਕਲਾਵਾ ਲੈਣ ਗਾਏ ਗਭਰੂ ਦੇ ਮੁਟਿਆਰ ਨਾਲ ਆਹਮੋ ਸਾਹਮਣੇ ਹਯਾ ਦੇ ਪਰਦੇ ਹੇਠ ਹੋਈ ਮੁਲਾਕਾਤ ਜਦੋਂ ਓਹ ਆਪਣੇ ਪਤੀ ਨੂੰ ਰੋਟੀ ਲੱਸੀ ਦੇਣ ਦੇ ਬਹਾਨੇ ਆਓਂਦੀ ਹੈ ਤਾਂ ਦੋਵਾਂ ਦੀ ਮਨੋਦਸ਼ਾ ਦਾ ਬਖੂਬੀ ਵਰਨਣ ਕੀਤਾ ਗਿਆ ਹੈ ਜੋ ਸਾਡੇ ਸਾਹਮਣੇ ਇੱਕ ਬਹੁਤ ਹੀ ਵਧੀਆ ਦਰਿਸ਼ ਚਿਤਰਣ ਪੇਸ਼ ਕਰਦਾ ਹੈ |

ਇਸੇ ਤਰਾਂ ਦੂਜੇ ਸ਼ੇਅਰ ਵਿਚ ਪਿੰਡ ਵਿਚ ਲਗਦੇ ਤੀਆਂ ਦੇ ਮੇਲੇ ਵਿਚ ਕੁੜੀਆਂ ਦੇ ਗਿਧੇ ਦੀ ਧਮਾਲ ਬਖੂਬੀ ਵਰਨਣ ਕੀਤਾ ਗਿਆ ਹੈ | 
ਮਿੱਲਾਂ ਦੇ ਰੈਡੀ ਮੇਡ ਕਪੜਿਆਂ ਤੇ ਦਰੀ ਖੇਸਾਂ ਨੇ ਸਾਡੀ ਪੇਂਡੂ ਜਿੰਦਗੀ ਨੂੰ ਇੰਨਾ ਕੁ ਸੁਖਾਲਾ ਕਰ ਦਿੱਤਾ ਹੈ ਕਿ ਇਸ ਨਾਲ ਸਾਡੇ ਪਿੰਡਾਂ ਦੀਆਂ ਗਲੀਆਂ ਵਿਚ ਬੁਢੀ ਮਾਂ ਦੇ ਘੂਕਦੇ ਚਰਖੇ ਅਲੋਪ ਹੋ ਚੱਲੇ ਨੇ | ਭੰਗ ਭਾੜੇ ਕਬਾੜੀਏ ਕੋਲ ਦੇ ਹੱਥੀਂ ਚੜ੍ਹ ਰਹੇ ਚਰਖੇ ਵੇਖ ਅੰਮਾਂ ਦੀ ਮਨੋਦਸ਼ਾ ਨੂੰ ਜਿਸ ਕਲਾਮਈ ਢੰਗ ਨਾਲ ਵਰਨਣ ਕੀਤਾ ਹੈ ਓਹ ਦਰਿਸ਼ ਮੱਲੋ ਮੱਲੀ ਆਖਾਂ ਵਿਚ ਪਾਣੀ ਲੈ ਆਓਂਦਾ ਹੈ |
ਹੁਣ ਤਾਂ ਵਿਆਹ ਸ਼ਾਦੀਆਂ ਮੈਰਿਜ ਪੈਲਸਾਂ ਵਿਚ ਹੋਣ ਲੱਗ ਪਏ ਹਨ ਤੇ ਜੰਞ ਦੇ ਰੋਟੀ ਖਾਣ ਤੇ ਚਾਹ ਪਾਣੀ ਪੀਣ ਸਮੇਂ ਦਿੱਤੀਆਂ ਜਾਂਦਿਆ ਸਿਠਣੀਆਂ ਤੇ ਜਾਂਞੀਆਂ ਦੇ ਜਵਾਬੀ ਛੰਦਾਂ ਤੋਂ ਹੋਣ ਵਾਲੇ ਝਗੜਿਆਂ ਵਰਨਣ ਵੀ ਬੇਮਿਸਾਲ ਹੈ |

ਇਹ ਗ਼ਜ਼ਲ ਤੁਹਾਡੇ ਸਾਹਮਣੇ ਪੇਸ਼ ਕਰਦਾ ਹੋਇਆ ਮਾਣ ਮਹਿਸੂਸ ਕਰ ਰਿਹਾਂ | ਗ਼ਜ਼ਲ ਕਿਹੋ ਜਿਹੀ ਲੱਗੀ- ਆਪਣੀ ਰਾਇ ਲਿਖਣੀ ਨਾਂ ਭੁੱਲਣਾ | 


ਛੰਨੇ ਵਿੱਚ ਲੱਸੀ ਪਾ ਕੇ ਮੰਜੇ ਉੱਤੇ ਰਖਦਿਆਂ 
ਹੱਥ ਜਦੋਂ ਛੱਡੇ ਗੋਰੀ ਛੰਨਾ ਕੰਬ ਉਠਿਆ |
ਮਿਠੀ ਮੁਸਕਾਨ ਜਦੋਂ ਸੁੱਟੀ ਉਹਨੇ ਮੇਰੇ ਉੱਤੇ
ਰੱਬ ਦੀ ਸੌਂਹ ਮੈਂ ਸਾਰੇ ਦਾ ਸਾਰਾ ਕੰਬ ਉਠਿਆ |

ਪਿੰਡ ਵਿਚ ਤੀਆਂ ਵਾਲਾ ਮੇਲਾ ਲੱਗਾ , ਮੇਲੇ ਵਿਚ ,
ਗਿੱਧਾ ਪਾਇਆ ਮੁਟਿਆਰਾਂ, ਸੁਹਣੀਆਂ ਸੁਨੱਖੀਆਂ ,
ਜਿਵੇਂ ਜਿਵੇਂ ਧਰਤੀ ਤੇ, ਕੁੜੀਆਂ ਧਮਾਲ ਪਾਈ,
ਉਵੇਂ ਉਵੇਂ ਧਰਤੀ ਦਾ, ਪਿੰਡਾ ਕੰਬ ਉਠਿਆ |

ਦਰੀਆਂ ਤੇ ਖੇਸ ਜਦੋਂ ਰੈਡੀ ਮੇਡ ਆਓਣ ਲੱਗੇ
ਗਲੀਆਂ 'ਚ ਚਰਖੇ ਦੀ ਘੂਕ ਨੂੰ ਗ੍ਰਹਿਣ ਲੱਗਾ
ਬਾਪੂ ਜਦੋਂ ਚਰਖਾ ਕਬਾੜੀਏ ਨੂੰ ਦੇਣ ਲੱਗਾ
ਨਿਮੋਂਝੂਣੀ ਅੰਮਾਂ ਦਾ ਕਲੇਜਾ ਕੰਬ ਉਠਿਆ |

ਚੋਟੀ ਲੱਗੀ ਨਾਨਕੀ ਪਰਤ ਆਈ ਵੇਖ ਕੇ ਤੇ
ਹੱਸ ਹੱਸ ਵਹੁਟੀ ਸਾਰੇ ਪਿੰਡ ਵਿਚ ਵੰਡ ਆਈ
ਦੋਹਤੇ ਦੇ ਵਿਆਹ ਤੋਂ ਆਈਆਂ ਮਾਮੀਆਂ ਦਾ ਟੌਹਰ ਵੇਖ
ਸੜੂੰ ਭੁਜੂੰ ਕਰਦਾ ਸ਼ਰੀਕਾ ਕੰਬ ਉਠਿਆ |

ਜਾਂਞੀਆਂ ਨੂੰ ਵਧ ਚੜ੍ਹ ਮੇਲਣਾਂ ਨੇ ਸਿੱਠਣੀਆਂ
ਏਸ ਤਰਾਂ ਦਿੱਤੀਆਂ ਕਿ ਭਖ ਉੱਠੇ ਮਾਮਲੇ
ਦਾਰੂ 'ਚ ਗੜੁੱਚ ਹੋਏ ਜਾਂਞੀਆਂ ਨੇ ਛੰਦ ਪੜ੍ਹੇ
ਵਧਦੀ ਮਕਾਲ ਵੇਖ ਲਾੜਾ ਕੰਬ ਉਠਿਆ ||

1 comment:

Tarlok Judge said...

ਰੈਕਟਰ ਜੀ , ਇੱਕ ਪੜ੍ਹਨ ਲਈ ਭੇਜੀ ਰਚਨਾ ਨੂੰ ਤੁਸੀਂ ਏਨਾ ਮਾਣ ਦਿੱਤਾ , ਤੁਹਾਡਾ ਬਹੁਤ ਬਹੁਤ ਸ਼ੁਕਰੀਆ