Tuesday, May 11, 2010

ਇਹ ਟਿਪਣੀ ਕਿਸੇ ਰਚਨਾ ਤੋਂ ਘੱਟ ਨਹੀਂ


ਕੋਈ ਜ਼ਮਾਨਾ ਸੀ ਜਦੋਂ ਕੋਈ ਕਵੀ ਜਾਂ ਲੇਖਕ ਆਪਣੀ ਪਹਿਲੀ ਰਚਨਾ ਲਿਖਦਾ ਸੀ ਤਾਂ ਕਿਸੇ ਅਖਬਾਰ ਜਾਂ ਰਸਾਲੇ ਵਿੱਚ ਉਸਦਾ ਪ੍ਰਕਾਸ਼ਨ ਇੱਕ ਬਹੁਤ ਵੱਡਾ ਮਾਅਰਕਾ ਸਮਝਿਆ ਜਾਂਦਾ ਸੀ. ਇਸ ਸ਼ੁਭ ਕੰਮ ਲਈ ਕਈ ਪਾਪੜ ਵੀ ਵੇਲੇ ਜਾਂਦੇ ਸਨ ਤੇ ਕਈ ਖੱਜਲ ਖੁਆਰੀਆਂ ਵੀ ਹੁੰਦਿਆਂ ਸਨ. ਪਰ ਕਿਸੇ ਵਿਚੰਗੇ ਪਰਚੇ ਵਿੱਚ ਛਪਣਾ ਸਥਾਪਤੀ ਵੱਲ ਪਹਿਲਾ ਹੰਭਲਾ ਸਮਝਿਆ ਜਾਂਦਾ. ਜਦੋਂ ਰਚਨਾਵਾਂ ਦੀ ਗਿਣਤੀ ਵਧ ਜਾਂਦੀ ਤਾਂ ਫੇਰ ਕਿਸੇ ਖੁਸ਼ਕਿਸ੍ਮਤ ਕਲਮਕਾਰ ਨੂੰ ਕੋਈ ਚੰਗਾ ਪਬਲਿਸ਼ਰ ਮਿਲ ਜਾਂਦਾ ਤੇ ਉਸਦੀ ਕਿਤਾਬ ਮਾਰਕੀਟ ਵਿੱਚ ਆ ਜਾਂਦੀ. ਬਹੁਤ ਸਾਰੇ ਪੱਲਿਓਂ ਪੈਸੇ ਖਰਚ ਕਰਕੇ ਕਿਤਾਬਾਂ ਛਪਵਾਉਂਦੇ. ਕਿਤਾਬ ਛਾਪਣਾ ਜਾਂ ਛਪਵਾਉਣਾ ਭਾਵੇਂ ਕਿਸੇ ਯੱਗ ਤੋਂ ਘੱਟ ਨਹੀਂ ਸੀ ਹੁੰਦਾ ਪਰ ਫਿਰ ਵੀ ਕਈ ਕੰਮ ਅਜਿਹੇ ਹੁੰਦੇ ਜੋ ਛਪਣ ਤੋਂ ਬਾਅਦ ਵੀ ਦੇਰ ਤੱਕ ਪੂਰੇ ਹੁੰਦੇ ਰਹਿੰਦੇ. ਇਹਨਾਂ ਵਿੱਚ ਕਿਤਾਬ ਦਾ ਰਿਵਿਊ, ਕਿਤਾਬ ਦੀ ਵਿਕਰੀ, ਕਿਤਾਬ ਨੂੰ ਵਧ ਤੋਂ ਵਧ ਹਥਾਂ ਤੱਕ ਪਹੁੰਚਾਉਣਾ...ਇਹ ਸਾਰੇ ਕਾਰਜ ਬੜੀ ਹੀ ਔਖਿਆਈ ਨਾਲ ਪੂਰੇ ਹੁੰਦੇ. ਫਿਰ ਵੀ ਕਿਤਾਬ ਕਈ ਹਥਾਂ ਤੱਕ ਨਹੀਂ ਸੀ ਪਹੁੰਚਦੀ. ਇਸ ਕਿਤਾਬ ਤੇ ਮਿਲੀਆਂ ਟਿਪਣੀਆਂ ਨੂੰ ਅਗਲੇ ਐਡੀਸ਼ਨ ਲਈ ਸੰਪਾਦਿਤ ਕੀਤਾ ਜਾਂਦਾ. ਪਰ ਹੁਣ ਯੁਗ ਬਦਲ ਗਿਐ . ਰਚਨਾ ਲਿਖੋ, ਨੈਟ ਤੇ ਅਪਲੋਡ ਕਰੋ ਤੇ ਲਓ ਜੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ ਟਿਪਣੀਆਂ ਦਾ ਸਿਲਸਿਲਾ. ਓਹ ਰਚਨਾ ਅਮਰੀਕਾ, ਇੰਗਲੈਂਡ, ਕਨੇਡਾ, ਆਸਟਰੇਲੀਆ, ਜਰਮਨੀ ਸਾਰੇ ਪਾਸੇ ਪੜ੍ਹੀ ਜਾਂਦੀ ਹੈ. 
ਵੈਬ ਸਾਹਿਤ ਦੇ ਇਸ ਆਧੁਨਿਕ ਦੌਰ ਵਿੱਚ ਇੱਕ ਨਵਾਂ ਰੁਝਾਣ ਦੇਖਣ ਵਿੱਚ ਆਇਆ ਹੈ ਅਜਿਹੀਆਂ ਸਾਹਿਤਿਕ ਟਿਪਣੀਆਂ ਦਾ ਜੋ ਟਿਪਣੀ ਹੋਣ ਦੇ ਨਾਲ ਨਾਲ ਆਪਣੇ ਆਪ ਵਿੱਚ ਮੁਕੰਮਲ ਰਚਨਾਵਾਂ ਵੀ ਹਨ. 
ਅਨੀਤਾ ਚਾਨਾ ਨੇ ਇੱਕ ਨਜ਼ਮ ਲਿਖੀ ਅਤੇ ਅਨੀਤਾ ਦੇ ਮੁਤਾਬਕ ਹੀ ਉਸਨੂੰ ਡਾਕਟਰ ਹਰਜਿੰਦਰ ਸਿੰਘ ਲਾਲ ਨੇ ਪੋਲਿਸ਼ ਕਰ ਦਿੱਤਾ. ਜਦੋਂ ਇਹ ਕਵਿਤਾ ਫੇਸਬੁਕ ਤੇ ਛਪੀ ਤਾਂ ਇਸਦੀ ਬਹੁਤ ਸ਼ਲਾਘਾ ਹੋਈ. ਇਹ ਕਵਿਤਾ ਸੀ : "ਕਿੰਨੀ ਵਾਰ ਕਿਹੈ" ਲਓ ਪਹਿਲਾਂ ਕਵਿਤ ਪੜ੍ਹੋ.
ਕਿੰਨੀ ਵਾਰ ਕਿਹਾ
ਕਿ ਮੈਨੂੰ ਪਿਛੋਂ ਆਵਾਜ਼ ਨਾ ਮਾਰਿਆ ਕਰ ,
ਮੇਰੀ ਮਾਂ ਬਹੁਤ ਅਪਸ਼ਗਨ ਮੰਨਦੀ ਸੀ
ਪਿਛੋਂ ਮਾਰੀ ਆਵਾਜ਼ ਨੂੰ
ਪਰ ਮੈਂ ਤਾਂ ਕਦੇ ਪਰਵਾਹ ਨਹੀ ਸੀ ਕੀਤੀ
ਕਿਸੇ ਅਪਸ਼ਗਨ ਦੀ
ਫਿਰ ਹੁਣ ਤੇਰੇ ਪਿਛੋਂ ਆਵਾਜ਼ ਮਾਰਨ ਤੇ
ਮੈਂ ਕਿਓਂ ਤ੍ਰਭਕ ਜਾਂਦੀ ਹਾਂ
ਡਰ ਜਾਂਦੀ ਹਾਂ
ਸਚ ਦਸਾਂ
ਮੈਂ ਹੁਣ ਵੀ
ਅਪ੍ਸ਼੍ਗ੍ਨਾਂ ਤੋਂ ਨਹੀ ਡਰਦੀ
ਅਸਲ ਵਿਚ
ਜਦੋਂ ਵੀ ਤੂੰ ਪਿਛੋਂ ਆਵਾਜ਼ ਮਾਰਦੈਂ
ਤਾਂ ਪਿਛੇ ਮੁੜ ਕੇ ਤਕਦਿਆਂ ਹੀ
ਮੈਨੂੰ ਯਾਦ ਆ ਜਾਂਦੀ ਹੈ
ਬੀਤੀ ਜਿੰਦਗੀ
ਮੇਰਾ ਭੂਤਕਾਲ
ਵਿਸਰੇ ਹਾਦਸੇ
ਕੁਝ ਭੁਲੇ ਜਖ੍ਮ
ਤੇ ਤੇਰੀ ਓਹ ਭੋਲੀ ਸੂਰਤ
ਜਿਸਤੇ ਮੈਨੂੰ ਰਬ ਤੋਂ ਵੀ ਜਿਆਦਾ ਯਕੀਨ ਸੀ
ਤੇਰੇ ਓਹ ਸਾਰੇ ਵਾਦੇ
ਜਿੰਨਾ ਚੋ ਬਹੁਤੇ ਅਜੇ ਅਧੂਰੇ ਨੇ
ਤੇ ਕਈ ਤਾਂ ਹੁਣ ਬਿਲਕੁਲ ਝੂਠੇ ਵੀ ਲਗਦੇ ਨੇ
ਜਿਵੇਂ ਆਕਾਸ਼ ਚੋੰ ਤਾਰੇ ਤੋੜ ਕੇ ਮੇਰੇ ਵਾਲਾਂ ਚ ਟੰਗਣ ਦੀ ਗੱਲ
ਤੇ ਯਾਦ ਆ ਜਾਂਦੀਆਂ ਨੇ ਓਹ ਸਾਰੀਆਂ ਛਮਕਾਂ
ਜੋ ਮੇਰੀ ਨਰਮ ਰੂਹ ਦੇ ਪਿੰਡੇ ਤੇ ਤੂੰ ਮਾਰੀਆਂ
ਜੋ ਮੇਰੇ ਅਹਿਸਾਸਾਂ ਨੂੰ ਹੀ ਜ਼ਖਮੀ ਨਹੀ ਕਰ ਗਈਆਂ
ਸਗੋਂ ਮੇਰੀ ਜਿੰਦਗੀ ਨੂ ਵੀ ਇਕ ਅਜਾਬ
ਬਣਾ ਗਈਆਂ
ਇਸੇ ਲਈ ਮੈਂ ਵਾਰ ਵਾਰ ਕਹਿੰਦੀ ਹਾਂ
ਚੰਦਰਿਆ ਤੂਨ ਮੈਨੂੰ ਪਿਛੋਂ
ਆਵਾਜ਼ ਨਾ ਮਾਰਿਆ ਕਰ
ਇਹ ਯਾਦ ਕਰ ਕੇ
ਇਹ ਪਿਛੇ ਗੁਜਰੀ ਜਿੰਦਗੀ ਦੇ ਦਰਿਸ਼
ਦੇਖਕੇ
ਮੇਰੀ ਰੂਹ ਤੜਪ ਉਠਦੀ ਹੈ
ਤੇ ਮੇਰੇ ਸੁਕ ਚੁਕੇ ਜਖ੍ਮ ਹਰੇ ਹੋ ਜਾਂਦੇ ਨੇ
ਤੇ ਮੇਰੀਆਂ ਆਖਾਂ ਚੋੰ ਪਾਣੀ ਵਗੇ ਨਾ ਵਗੇ
ਪਰ ਮੇਰੇ ਏਹਸਾਸ ਦੇ ਜਖ੍ਮ
ਜਰੂਰ ਰਿਸਣ ਲੱਗ ਪੈਂਦੇ ਨੇ
ਇਸ ਤੇ ਇੱਕ ਛੋਟੀ ਪਰ ਭਾਵਪੂਰਤ ਟਿਪਣੀ ਸੀ...ਤਰਲੋਕ ਜੱਜ ਹੁਰਾਂ ਦੀ...ਜੋ ਅਧੀ ਰਾਤ ਹੁੰਦਿਆਂ ਸਾਰ ਅਰਥਾਤ ਪੂਰੇ 12 ਵਜੇ ਉਦੋਂ ਆਈ ਜਦੋ ਤਾਰੀਖ ਬਦਲ ਰਹੀ ਸੀ.
ਅਹਿਸਾਸ ਦੇ ਜਖਮਾਂ ਤੇ ਉਸ ਲੂਣ ਬਹੁਤ ਪਾਇਆ
ਉਸ ਪੀੜ ਬੜੀ ਬਖਸ਼ੀ , ਉਹ ਯਾਦ ਬਹੁਤ ਆਇਆ 
ਇਸ ਤੋਂ ਪੰਦਰਾਂ ਕੁ ਮਿੰਟ ਮਗਰੋਂ ਹੀ ਇਸ ਨਜ਼ਮ ਤੇ ਇੱਕ ਹੋਰ ਕਾਵਿਕ ਟਿਪਣੀ ਸੀ ਪਰਮਜੀਤ ਸਿੰਘ Munde ਦੀ  ਇਕ ਨਜ਼ਮ ਦੇ ਰੂਪ ਵਿੱਚ....ਲਓ ਦੇਖੋ  :

ਰਾਗ ਤੋਂ ਬਿਨਾ ਸੰਗੀਤ ਨਹੀ ਬਣਦਾ

ਦਰਦ ਤੋ ਬਿਨਾ ਗੀਤ ਨਹੀ ਬਣਦਾ

ਤੂੰ ਪਿਆਰ ਦੇ ਇਤਿਹਾਸ ਨੂੰ ਕੀ ਜਾਣੇ


ਇਹਦੇ ਰਾਗ ਦੇ ਇਤਿਹਾਸ ਨੂੰ ਕੀ ਜਾਣੇ

ਇਸ ਰਾਗ ਦੇ ਆਲਾਪ ਤੋਂ ਡਰਦੀ ਕਿਉਂ ਏਂ

ਇਸ਼ਕ ਦੇ ਸਰਾਪ ਨਾਲ ਨਫਰਤ ਕਰਦੀ ਕਿਉਂ ਏ

ਵਾਰ ਵਾਰ ਦੁਨੀਆਂ ਤੇ ਆਉਣਾ ਈ ਏ,ਤਾਂ ਮਰਦੀ ਕਿਉਂ ਏ

ਕਿਓਂ ਨਹੀ ਉਸ ਸਭ ਤੋਂ ਪਹਿਲੇ ਜਨਮ ਦੀ ਗਲ ਸੁਣਦੀ

ਜਦੋਂ ਦਰਦ ਬਣਿਆ ਨਹੀ ਸੀ, ਰਾਗ ਛਿਡ਼ਿਆ ਨਹੀਂ ਸੀ

ਇਸ਼ਕ ਅੰਨਾ ਨਹੀਂ ਸੀ, ਹੁਸਨ ਚਡ਼ਿਆ ਨਹੀਂ ਸੀ

ਕਿਉਂ ਨਹੀਂ ਉਸ ਜਨਮ ਦੀ ਗਲ ਸੁਣਦੀ,

ਜਦੋਂ ਅਖਰ ਬਣਿਆ ਨਹੀ ਸੀ,ਪਹਿਲਾ ਗੀਤ ਸ਼ਬਦਾਂ ਵਿਚ ਮਡ਼ਿਆ ਨਹੀਂ ਸੀ

ਕਿਉਂ ਨੀ ਓਸ ਜਨਮ ਦੀ ਗਲ ਸੁਣਦੀ,

ਕਿਸੇ ਵਾਰਸ ਨੂ ਹੀਰ ਅਜੇ ਸੁਝੀ ਨਹੀਂ ਸੀ

ਜਦੋਂ ਰਬ ਤੋਂ ਰਾਂਝਾ ਬਣੇ ਵਗੈਰ ਸਰਿਆ ਨਹੀਂ ਸੀ.........
ਛੋਟੀਆਂ ਮੋਟੀਆਂ ਹੋਰ ਟਿਪਣੀਆਂ ਆਉਂਦੀਆਂ ਰਹੀਆਂ. ਏਨੇ ਚ ਹੀ ਦਿਨ ਚੜ੍ਹ ਗਿਆ ਅਤੇ ਦੁਪਹਿਰ ਹੋਣ ਤੋਂ ਪਹਿਲਾਂ ਹੀ ਸਵੇਰੇ 11  ਵੱਜ ਕੇ 28 ਮਿੰਟਾਂ ਤੇ ਇੱਸੇ ਤਰਾਂ ਕਵਿਤਾ ਦੇ ਰੂਪ ਵਿੱਚ ਹੀ ਇੱਕ ਹੋਰ ਟਿਪਣੀ ਸੀ ਦਵਿੰਦਰ ਜੌਹਲ ਹੁਰਾਂ ਦੀ ਜੋ ਇਸ ਪ੍ਰਕਾਰ ਸੀ:
ਜ਼ਿੰਦਗ਼ੀ ਤੇਰੇ ਦਮੇਲੀਂ / ਦੇਵਿੰਦਰ ਜੌਹਲ
ਇਸ ਵਾਰ ਤੂੰ  ਪਿਛੇ  ਮੁੜ ਕੇ
ਨਾ ਦੇਖੀਂ
ਹੋ ਸਕਦਾ ਇਸ ਵਾਰ
ਆਵਾਜ਼ ਹੋਰ ਤਿੱਖੀ ਹੋਵੇ

ਟੁੱਕ ਜਾਵੇ ਸੰਵੇਦਨਾ ਨੂੰ
ਯਾ ਏਨੀ ਮਿੱਠੀ ਹੋਵੇ
ਕਿ ਪੁੜ ਜਾਏ ਹੱਥ ਦੀਆਂ ਰੇਖਾਵਾਂ ’ਚ
ਛਿਲਤਰਾਂ ਬਣਕੇ
ਇਸ ਵਾਰ ਧੁੱਪ ਨੂੰ
ਹਵੇਲੀ ਨਹੀਂ ਚਾਹੀਦੀ
ਇਸ ਵਾਰ ਹਵੇਲੀ ਨੂੰ
ਨਵਾਰੀ ਪਲੰਘ ਨਹੀਂ ਚਾਹੀਦੇ
ਇਸ ਵਾਰ ਪਲੰਘ ਨੂੰ
ਸਿਰਫ਼ ਬਿਸਤਰ ਦੀ ਸਿਲਵਟ
ਨਹੀਂ ਚਾਹੀਦੀ
ਇਸ ਵਾਰ ਹਾਣ ਦੀ ਧੁੱਪ ਸਹੇਲੀ ਹੋਏਗੀ
ਪੈਰ ਦੀ ਜੁੱਤੀ ਦੀ ਥਾਂ ਤੇ ਹੁਣ ਪਹੇਲੀ ਹੋਏਗੀ
ਇਸ ਵਾਰ ਤੂੰ ਪਿੱਛੇ ਮੁੜ ਕੇ
ਨਾ ਦੇਖੀਂ
ਅਗਲੇ ਪੱਬ ਤੇ ਯਕੀਂ ਰੱਖੀਂ
ਜ਼ਿੰਦਗ਼ੀ ਤੇਰੇ ਦਮੇਲੀਂ ਹੋਏਗੀ.
ਇਸ ਤੋਂ ਕੁਝ ਬਾਅਦ ਇਹਨਾਂ ਟਿਪਣੀਆਂ ਵਿੱਚ ਹੀ ਇੱਕ ਹੋਰ ਟਿਪਣੀ ਸੀ ਇੰਦਰਜੀਤ ਦੀ. ਲਓ ਦੇਖੋ-ਇਹ ਵੀ ਕਿਸੇ ਆਜ਼ਾਦ ਰਚਨਾ ਤੋਂ ਘੱਟ ਨਹੀਂ...
ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਕਦੀ ਹਨੇਰੇ ਚੋਂ ਬਾਹਰ ਆ,
ਰਸ਼ਨੀ ਕੀ ਏ ਤੈਨੂੰ ਅਜੇ ਇਸਦਾ ਅਹਿਸਾਸ ਨਹੀਂ।

ਪਾਣੀ ਦੀ ਕਲਪਨਾ ਨਦੀ ਨਹੀਂ ਹੈ,
ਸਾਗਰ ਕਿਨਾਰੇ ਚਲ,
ਛੂਹ ਕੇ ਵੇਖ ਚੰਚਲ ਲਹਿਰਾਂ ਨੂੰ ।
ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਇਹ ਪੁਰਖਿਆਂ ਦੀਆਂ ਯਾਦਾਂ ਹੁਣ ਛੱਡ ਪਰਾਂ,
ਛੱਡ ਪਰਾਂ ਇਹ ਰੀਤਾਂ, ਇਹ ਅਡੰਬਰ,
ਇਹਨਾਂ ਵਿਚ ਤੇਰੀ ਯਾਦ ਉਲਝ ਅਸਤ ਜਾਵੇਗੀ,
ਚੱਲ ਕੇ ਆਜਾ ਰੋਸ਼ਨੀ ਵੱਲ।
ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਦੁਪਿਹਰ ਵੇਲੇ ਸਿਵਿਆਂ ਵਿਚੋ ਲੰਘਣ ਦਾ ਡਰ ਤਰੇ ਮੰਨ ਦਾ ਏ,
ਇਕ ਦਿਨ ਤੂੰ ਵੀ ਤੇ ਮੈਂ ਵੀ ਏਥੇ ਆਉਣਾਂ ਏ,
ਤੇਰੀ ਵੀ ਥਾਂ ਏ ਇਥੇ,
ਆਪਣਾ ਹੱਕ ਸਾਂਭਣ ਦੀ ਜਾਚ ਸਿੱਖ,
ਜਾਚ ਸਿੱਖ ਜਿਉਣ ਦੀ।
ਜਦ ਕਦੇ ਮੈਂ ਘੌਰ ਉਦਾਸੀ ਪਲਾਂ ਵਿੱਚ ਗੁਆਚ ਜਾਂਦਾ,
ਤਾਂ ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਨਿਕਲ ਆ ਇਹਨਾ ਹਨੇਰੇ ਦੇ ਜੰਗਲਾਂ ਵਿਚੋ,
ਆ ਫੜ ਲੈ ਮੇਰੀ ਬਾਂਹ, ਬਣਾ ਲੈ ਮੈਨੂੰ ਆਪਣੀ,
ਵਾਦਿਆਂ ਦੇ ਪੈਰ ਨਹੀਂ ਹੁੰਦੇ ਤੇ ਕੌਲ ਕਦੇ ਤ਼ੁਰ ਕੇ ਨਿਭਣ ਨਹੀਂ ਆਏ,
ਜੀਵਨ ਇਕ ਸਤਰੰਗੀ ਪੀਂਘ ਏ, ਚੁਣ ਲੈ ਰੰਗ ਇਸਦੇ।
ਫਿਰ ਇਕ ਦਿਨ ਮੈਂ ਜਾਗ ਪਿਆ,
ਤੋੜ ਦਿਤੇ ਮੈਂ ਰੀਵਾਜ, ਸਾੜ ਦਿਤੀਆਂ ਰਸਮਾਂ,ਰੀਤਾਂ,
ਵਿਸਰ ਗਿਆ ਪੁਰਖਿਆਂ ਦੀਆਂ ਯਾਦਾਂ।
ਤੇ ਫਿਰ ਇਕ ਦਿਨ ਉਹ ਆਈ,
ਉਹ ਜੋ ਅਕਸਰ ਮੈਨੂੰ ਆਖਿਆ ਕਰਦੀ ਸੀ,ਬਣਾ ਲੈ ਮੈਨੂੰ ਆਪਣੀ, ਫੜ ਲੈ ਮੇਰੀ ਬਾਂਹ। ਪਰ ਅੱਜ ਉਹ ਕੁਝ ਹੋਰ ਆਖ ਗਈ,ਸਿਰਜ ਗਈ ਕੁਝ ਨਵੀਆਂ ਰੀਤਾਂ, ਰਚਾ ਗਈ ਇਕ ਨਵਾਂ ਅਡੰਬਰ,
ਉਸਦੇ ਬੋਲ ਅੱਜ ਤੱਕ ਮੇਰੇ ਕੰਨਾ ਚ ਗੁੰਜਦੇ ਨੇ,
ਅੜਿਆ ਮੈਂ ਤੇਰੀ ਨਹੀਂ ਹੋ ਸਕਦੀ,
ਸਮਾਜ ਮੈਨੂੰ ਤ਼ੇਰੀ ਨਹੀਂ ਹੋਣ ਦੇਵੇਗਾ,
ਅੱਛਾ ਮੈਂ ਚਲਦੀ ਆਂ,
ਅਲਵਿਦਾ .........!
ਇੱਸੇ ਤਰਾਂ ਇਸ ਵੈਬ ਮੀਡਿਆ ਵਿੱਚ ਫੋਟੋ ਸਾਹਿਤ ਦਾ ਰੁਝਾਨ ਵੀ ਤੇਜ਼ ਹੈ. ਬਹੁਤ ਵੱਡੀ ਗੱਲ ਸਿਰਫ ਫੋਟੋ ਰਾਹੀਂ ਆਖ ਦਿੱਤੀ ਜਾਂਦੀ ਹੈ. ਕਿਓਂ ਹੈਂ ਨਵੇਂ ਯੁਗ ਦਾ ਨਵਾਂ ਕਮਾਲ.  ਤੁਹਾਨੂੰ ਇਹ ਰਚਨਾ ਕਿਹੋ ਜਿਹੀ ਲੱਗੀ ਦਸਣਾ ਭਲ ਨਾ ਜਾਣਾ. ਰੈਕਟਰ ਕਥੂਰੀਆ

2 comments:

Tarlok Judge said...

ਰੈਕਟਰ ਜੀ ਕਮਾਲ ਦੇ ਲਿੰਕ ਜੋੜੇ ਨੇ ਤੁਸੀਂ | ਮੈਂ ਤੇ ਅਨੀਤਾ ਜੀ ਦੀ ਰਚਨਾ ਤੇ ਟਿੱਪਣੀ ਕੀਤੀ ਤੇ ਭੁੱਲ ਗਿਆ ਪਰ ਤੁਸੀਂ ਇੱਕ ਰਚਨਾ ਦੇ ਪੜ੍ਹੇ ਜਾਣ ਤੇ ਸਲਾਹੇ ਜਾਣ ਦੇ ਵਿਸਥਾਰ ਨੂ ਜਿਸ ਤਰਾਂ ਖੂਬਸੂਰਤੀ ਨਾਲ ਰੂਪਮਾਨ ਕੀਤਾ ਹੈ ਕਮਾਲ ਹੈ | ਵਾਕਈ ਅੱਜ ਯੁਗ ਬਦਲ ਗਿਆ ਹੈ ਤੇ ਤੁਸੀਂ ਆਪਣੀ ਰਚਨਾ ਕੰਪਿਊਟਰ ਤੇ ਟਾਈਪ ਕਰੋ ਤਾਂ ਅਖਬਾਰ ਯਾ ਰਿਸਾਲੇ ਦੇ ਸੰਪਾਦਕ ਨੂ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਤੇ ਤੁਹਾਡੀ ਰਚਨਾ ਛਪ ਜਾਂਦੀ ਹੈ | ਇਹ ਅੱਜ ਦਾ ਕਿੱਸਾ ਹੈ ਪਰ ਇੱਕ ਕਿੱਸਾ ਹੋਰ ਵੀ ਹੈ ਜੋ ਸਾਂਝਾ ਕਰਦਾ ਹਾਂ |

ਮੈਨੂ ਯਾਦ ਹੈ ਕਿ ਪੰਜਾਬੀ ਦੇ ਇੱਕ ਸਿਰਮੌਰ ਗਜਲਕਾਰ ਓਸ ਵੇਲੇ ਦੇ ਇੱਕ ਬੜੇ ਵੱਡੇ ਅਖਬਾਰ ਦੇ ਦਫਤਰ ਦੀਆਂ ਪੌੜੀਆਂ ਵਿਚ ਵਿਸਕੀ ਦੀ ਬੋਤਲ ਲੈ ਕੇ ਹਰ ਸ਼ਨੀਵਾਰ ਖੜੇ ਹੁੰਦੇ ਸਨ ਕਿਓਂਕਿ ਹਰ ਐਤਵਾਰ ਉਹਨਾਂ ਦੀ ਇੱਕ ਗਜਲ ਲਈ ਉਸ ਅਖਬਾਰ ਵਿਚ "ਗਜਲ ਉਸਨੇ ਛੇੜੀ " ਕਲਮ ਸੁਰਖਿਅਤ ਹੁੰਦਾ ਸੀ | ਮੇਰੇ ਇੱਕ ਨਜਦੀਕੀ ਮਿੱਤਰ ਨੇ ਬੜੇ ਪਾਪੜ ਵੇਲੇ ਪਰ ਓਹ ਉਸ ਅਖਬਾਰ ਵਿਚ ਨਹੀਂ ਛਪ ਸਕਿਆ | ਅਖੀਰ ਉਸਨੇ ਪਹਿਲਾਂ ਆਪਣੇ ਨਾਮ ਤੇ ਭੇਜੀਆਂ ੫-੬ ਗਜ਼ਲਾਂ ਇੱਕ ਕੁੜੀ ਦੇ ਨਾਮ ਤੇ ਲਿਖ ਕੇ ਭੇਜੀਆਂ ਜੋ ਕਿ ਅਗਲੇ ਹੀ ਐਤਵਾਰ ਅਖਬਾਰ ਦੇ ਪਹਿਲੇ ਪੰਨੇ ਤੇ ਛਪ ਗਈਆਂ ! ਦੋਰਾਹੇ ਇੱਕ ਪ੍ਰੋਗ੍ਰਾਮ ਤੇ ਮੈਨੂ ਸਤਿਕਾਰ ਯੋਗ ਗਿਆਨੀ ਸ਼ਾਦੀ ਸਿੰਘ ਮਿਲੇ ਜਿਹਨਾ ਨਾਲ ਉਹਨਾ ਦੇ ਹੀ ਅਖਬਾਰ ਵਿਚ ਚੱਲ ਰਿਹਾ ਇਹ ਸਭ ਕੁਝ ਸਾਂਝਾ ਕੀਤਾ ਤੇ ਉਹਨਾ ਨੇ "ਜਰੁਰ ਵੇਖਾਂਗੇ " ਕਹਿ ਕੇ ਭਰੋਸਾ ਵੀ ਦਿੱਤਾ | ਉਸਤੋਂ ਕਿਨਾ ਚਿਰ ਬਾਦ ਤੱਕ ਉਹ ਸਾਹਿਤ ਸੰਪਾਦਕ ਉਸ ਕੁੜੀ ਦੀ ਭਾਲ ਕਰਦਾ ਰਿਹਾ ਪਰ ਵਿਚਾਰਾ ਨਾਕਾਮ ਰਿਹਾ ਕਿਓਂਕਿ ਕੁੜੀ ਦਾ ਅਸਲ ਵਜੂਦ ਹੀ ਕੋਈ ਨਹੀਂ ਸੀ | ਮੈਂ ਤੇ ਮੇਰਾ ਮਿੱਤਰ ਹਰਮੀਤ ਵਿਦਿਆਰਥੀ ਕਈ ਵਾਰ ਅਜੇ ਵੀ ਚਸਕੇ ਲੈ ਕੇ ਇਹ ਗੱਲ ਯਾਦ ਕਰਦੇ ਹਾਂ ਪਰ "ਸੁਮਨ ਸੁਮਿਤਰ" ਨੂ ਕੋਈ ਨਹੀਂ ਲਭ ਸੱਕਿਆ | ਇਹ ਕਿੱਸਾ ਸ਼ਾਇਦ ਹਰਜਿੰਦਰ ਬਲ ਨੂ ਵੀ ਯਾਦ ਹੋਵੇਗਾ |

Jagdev Singh Toor said...

Very nice ,I Like it...............realy nice.........