ਡਾਕਟਰ ਹਰਜਿੰਦਰ ਸਿੰਘ ਲਾਲ ਕਿਸੇ ਵੇਲੇ ਸਿਰਫ ਲਾਲ ਫਿਰੋਜ਼ਪੁਰੀ ਦੇ ਨਾਮ ਹੇਠਾਂ ਹੀ ਲਿਖਿਆ ਕਰਦੇ ਸਨ. ਗਜ਼ਲ ਦੀ ਦੁਨੀਆ ਵਿੱਚ ਉਹਨਾਂ ਨੇ ਬਹੁਤ ਸਾਰੇ ਗੁਰ ਭਾਵੇਂ ਦੀਪਕ ਜੈਤੋਈ ਹੁਰਾਂ ਦੀ ਬਖਸ਼ਿਸ਼ ਨਾਲ ਹੀ ਸਿੱਖੇ ਪਰ ਉਹਨਾਂ ਦਾ ਪਿਆਰ ਪੰਜਾਬੀ ਪੱਤਰਕਾਰੀ ਦੇ ਪਿਤਾਮਹ ਡਾਕਟਰ ਸਾਧੂ ਸਿੰਘ ਹਮਦਰਦ ਅਤੇ ਪ੍ਰਿੰਸੀਪਲ ਤਖ਼ਤ ਸਿੰਘ ਨਾਲ ਵੀ ਪੂਰਾ ਸੀ. ਗਜ਼ਲ ਬਾਰੇ ਲੰਮਾ ਵਿਚਾਰ ਵਟਾਂਦਰਾ ਅਕਸਰ ਹੋਇਆ ਕਰਦਾ ਸੀ. ਇਹ ਗੱਲ ਵੱਖਰੀ ਕਿ ਉਹਨਾਂ ਨੇ ਪੱਤਰਕਾਰਿਤਾ ਦੇ ਖੇਤਰ ਵਿੱਚ ਜਿਆਦਾ ਰੁਝ ਜਾਣ ਕਾਰਣ ਕਦੇ ਵੀ ਆਪਣੀਆਂ ਰਚਨਾਵਾਂ ਨੂੰ ਸੰਭਾਲਣ ਅਤੇ ਕਿਤਾਬੀ ਰੂਪ ਦੇਣ ਬਾਰੇ ਉਹੋ ਜਿਹੀ ਭਾਵਨਾ ਵਿਕਸਿਤ ਹੀ ਨਹੀਂ ਹੋਣ ਦਿੱਤੀ ਜਿਸ ਦਾ ਅਹਿਸਾਸ ਅਤੇ ਪ੍ਰਗਟਾਵਾ ਲੇਖਕਾਂ ਅਤੇ ਸ਼ਾਇਰਾਂ ਨੂੰ ਅਕਸਰ ਬੜੀ ਹੀ ਸ਼ਿੱਦਤ ਨਾਲ ਹੋਇਆ ਕਰਦਾ ਹੈ. ਇਸਦਾ ਅਰਥ ਇਹ ਨਹੀਂ ਕਿ ਡਾਕਟਰ ਲਾਲ ਨੂੰ ਕਿਤਾਬ ਦਾ ਛਪਣਾ ਪਸੰਦ ਨਹੀਂ ਸੀ ਜਾਂ ਫੇਰ ਆਪਣੀਰਚਨਾ ਨਾਲ ਪਿਆਰ ਨਹੀਂ ਸੀ. ਇਸਦੇ ਕਾਰਣ ਕੁਝ ਹੋਰ ਸਨ. ਇਹਨਾਂ ਕਾਰਣਾਂ ਦੇ ਖੁਲਾਸੇ ਲਈ ਇਹ ਲਿਖਤ ਸਹੀ ਥਾਂ ਨਹੀਂ ਹੈ ਪਰ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਡਾਕਟਰ ਲਾਲ ਨੂੰ ਪੰਜਾਬ ਦੀ, ਸਾਹਿਤ ਦੀ ਅਤੇ ਦੇਸ਼ ਦੇ ਨਾਲ ਪੂਰੀ ਦੁਨੀਆ ਦੀ ਚਿੰਤਾ ਮੁਢ ਤੋਂ ਹੀ ਸੀ. ਸਾਡਾ ਦੋਸਤਾਨਾ ਅਤੇ ਪਿਆਰ ਵੀ ਸ਼ਾਇਦ ਇਸ ਭਾਵਨਾ ਕਾਰਣ ਹੀ ਵਧਿਆ. ਇਸ ਭਾਵਨਾ ਕਾਰਣ ਕਿਤਾਬ ਛਪਵਾਉਣ ਜਾਂ ਲਿਖੀਆਂ ਰਚਨਾਵਾਂ ਨੂੰ ਸੰਭਾਲਣ ਦੀ ਗੱਲ ਨਜ਼ਰੰਦਾਜ਼ ਤਾਂ ਕਦੇ ਵੀ ਨਹੀਂ ਹੋਈ ਪਰ ਕਿਸੇ ਨਾ ਕਿਸੇ ਵੱਡੇ ਵਡੇਰੇ ਫਰਜ਼ ਲਈ ਬਲਿਦਾਨ ਜ਼ਰੂਰ ਹੁੰਦੀ ਰਹੀ. ਇਸ ਸਾਰੀ ਹਾਲਤ ਦੇ ਬਾਵਜੂਦ ਡਾਕਟਰ ਲਾਲ ਦੀਆਂ ਦੋ ਕਿਤਾਬਾਂ ਛਪ ਕੇ ਆ ਗਈਆਂ . ਗਰਮ ਆਹੋੰ ਕਾ ਲਿਬਾਸ ਹਿੰਦੀ ਵਿੱਚ ਆਈ. ਪੰਜਾਬੀ ਗਜ਼ਲ ਸੰਗ੍ਰਿਹ ਦਾ ਨਾਮ ਵੀ ਤੁਸੀਂ ਜਾਣਦੇ ਹੀ ਹੋ...ਜਦੋਂ ਮੌਸਮ ਬੁਰਾ ਆਇਆ. ਇਹ ਕਿਤਾਬਾਂ ਕਿਵੇਂ ਲੋਕਾਂ ਤੱਕ ਪਹੁੰਚੀਆਂ ਇਸ ਦੀ ਵੀ ਇੱਕ ਲੰਮੀ ਕਹਾਣੀ ਹੈ ਜਿਸ ਦੇ ਨਾਇਕ ਹਨ ਸ਼ਾਇਰੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਡਾਕਟਰ ਹਰਪਾਲ ਭੱਟੀ ਅਤੇ ਕਿਸੇ ਵੇਲੇ ਪੂਰੀ ਗੱਲ ਸੁਨਾਉਣਗੇ ਖੁਦ ਡਾਕਟਰ ਲਾਲ. ਹਰਪਾਲ ਭੱਟੀ ਹੁਰਾਂ ਨੇ ਇਹ ਸਭ ਕਿਵੇਂ ਕੀਤਾ ਇਸਦੀ ਚਰਚਾ ਤਾਂ ਫਿਰ ਕਦੇ ਸਹੀ ਪਰ ਅੱਜ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਲਾਲ ਦੀ. ਗਜ਼ਲ ਦੇ ਖੇਤਰ ਵਿੱਚ ਉਹਨਾਂ ਨੇ ਏਨੀ ਸਾਧਨਾ ਕੀਤੀ ਕਿ ਉਹਨਾਂ ਦੀ ਪਛਾਣ ਇਕ ਗਜ਼ਲਗੋ ਵਜੋਂ ਹੀ ਬਣ ਗਈ ਜਦਕਿ ਹਕੀਕਤ ਕੁਝ ਹੋਰ ਵੀ ਹੈ. ਅਜੀਤ ਅਖਬਾਰ ਲਈ ਸਰਗੋਸ਼ੀਆਂ ਕਾਲਮ ਲਿਖਦਿਆਂ ਉਹਨਾਂ ਨੇ ਆਪਣੀ ਵਾਰਤਕ ਦਾ ਲੋਹਾ ਵੀ ਮਨਵਾਇਆ ਅਤੇ ਰਿਪੋਰਟਿੰਗ ਦਾ ਵੀ. ਪਰ ਹੁਣ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹਨਾਂ ਨੇ ਨਜ਼ਮਾਂ ਵੀ ਲਿਖੀਆਂ ਅਤੇ ਗੀਤ ਵੀ. ਇਸ ਪੋਸਟ ਦੇ ਨਾਲ ਪੇਸ਼ ਹੈ ਲਾਲ ਫਿਰੋਜ਼ਪੁਰੀ ਦੀ ਇੱਕ ਨਜ਼ਮ....ਜੋ 1977 ਵਿੱਚ ਲਿਖੀ ਗਈ ਸੀ.
ਹਰ ਰੋਜ਼ ਮੇਰੇ ਨਾਮ
ਕਈ ਖ਼ਤ ਆਉਂਦੇ ਨੇ
ਕੁਝ ਦੋਸਤਾਂ ਦੇ ਵੀ
ਆਪਣੀਆਂ ਦੇ ਵੀ ਬੇਗਾਨਿਆਂ ਦੇ ਵੀ
ਪਰ, ਫਿਰ ਵੀ ਪਤਾ ਨਹੀਂ ਕਿਓਂ ?
ਸਦੀਆਂ ਤੋਂ ਰੋਜ਼ ਹੀ ਤੱਕਦਾ ਰਹਿੰਦਾ ਹਾਂ
ਰਾਹ ਡਾਕੀਏ ਦਾ
ਇੱਕ ਖੱਤ ਦੀ ਉਡੀਕ ਵਿੱਚ
ਜਿਸਦਾ ਨਹੀਂ ਪਤਾ ਕਿ ਕੌਣ ਪਾਏਗਾ
ਕਿਥੋਂ ਆਏਗਾ
ਤੇ ਕਿ ਲਿਖਿਆ ਹੋਵੇਗਾ ਉਸ ਵਿੱਚ
ਹਾਂ ! ਇੱਕ ਅਹਿਸਾਸ ਜਿਹਾ ਹੈ
ਜਿਵੇਂ ਉਹ ਸ਼ਾਇਦ ਜਿੰਦਗੀ ਦਾ ਪਹਿਲਾ ਖਤ ਹੋਇਗਾ
ਜਿੰਦਗੀ ਦੀ ਬਹਾਰ ਦਾ ਸੁਨੇਹਾ.
ਵਿਕੇੰਦ੍ਰਿਤ ਦੇ ਜੂਨ-77 ਵਾਲੇ ਅੰਕ ਵਿਚੋਂ ਧੰਨਵਾਦ ਸਹਿਤ.
1 comment:
ਕਈ ਵਾਰ ਕੁਝ ਦੋਸਤਾਂ ਦੀ ਜਿੰਦਗੀ ਦਾ ਓਹ ਪਹਿਲੂ ਸਾਹਮਣੇ ਆ ਖਲੋਂਦਾ ਹੈ ਜੋ ਹੈਰਾਨ ਕਰਦਾ ਹੈ | ਲਾਲ ਸਾਹਿਬ ਦੇ ਇੰਨਾ ਨੇੜੇ ਹੋ ਕੇ ਵੀ ਉਹਨਾਂ ਦੀ ਇਕ ਨਜ਼ਮ ਦੇ ਕਵੀ ਦੇ ਤੌਰ ਤੇ ਤੁਸੀਂ ਅੱਜ ਪਛਾਣ ਕਰਵਾਈ ਜਿਸ ਲੈ ਬੇਹੱਦ ਸ਼ੁਕਰੀਆ ਰੈਕਟਰ ਜੀ ਤੁਸੀਂ ਵਧਾਈ ਦੇ ਪਾਤਰ ਹੋ |
Post a Comment