Thursday, January 14, 2010

ਐ ਪਿਆਰੇ ਪੰਥ ਉਦਾਸ ਨਾ ਹੋ....!

ਗੱਲ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੀ ਹੈ. ਸਿੰਘਾਂ ਨੇ ਬੇਦਾਵਾ ਲਿਖ ਦਿੱਤਾ...ਪਰ ਜਦੋਂ  ਮਾਈ ਭਾਗੋ ਨੇ ਹਲੂਣਾ ਦਿੱਤਾ ਤਾਂ ਓਹੀ ਬੇਦਾਵੀਏ ਸਿੰਘ ਫਿਰ ਪਰਤ ਆਏ. ਜੰਗ ਦੇ ਮੈਦਾਨ ਵਿੱਚ ਨਿੱਤਰ ਕੇ ਆਪਣੀ ਭੁੱਲ ਬਖਸ਼ਾਈ ਤੇ ਸੱਚੇ ਪਾਤਸ਼ਾਹ ਨੇ ਟੁੱਟੀ ਗੰਢ ਲਈ. ਇਹ ਗੁਰੂ ਦਾ ਪੰਥ ਹੈ...ਹੁਣ ਫਿਰ ਕੋਈ ਮਾਈ ਭਾਗੋ ਉਠੇਗੀ ਅਤੇ ਬੇਦਾਵੀਏ ਪਰਤ ਆਉਣਗੇ. ਗੁਰੂ ਫੇਰ ਰਹਿਮਤ ਕਰੇਗਾ ਅਤੇ ਟੁੱਟੀ ਫੇਰ ਗੰਢੀ ਜਾਏਗੀ.



ਸ਼ਾਹੀ ਜਬਰ ਸਿਖਰਾਂ ਤੇ ਪੁੱਜ ਗਿਆ ਸੀ. ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੋਂਕ ਵਿੱਚ ਸ਼ਹੀਦ ਕਰ ਦਿੱਤਾ ਗਿਆ. ਡਾਕਟਰ ਗੁਰਮੁਖ ਸਿੰਘ ਆਪਣੀ ਇੱਕ ਖੋਜ ਪੁਸਤਕ ਵਿੱਚ ਇਸ ਬਾਰੇ ਲਿਖਦੇ ਹਨ ਕਿ ਕਤਲਗਾਹ ਵਿੱਚ ਸੀਸ ਤੇ ਧੜ ਪਿਆ ਰਹਿਣ ਦਿੱਤਾ ਤੇ ਢੰਡੋਰਾ ਪਿਟਵਾ ਦਿੱਤਾ ਕਿ ਜੇਕਰ ਕੋਈ ਸਿੰਘ ਹੈ ਗੁਰੂ ਦਾ ਤਾਂ ਉਹ ਇਹ ਸੀਸ ਉਠਾ ਲਵੇ. ਸਰਕਾਰੀ ਭੈਅ ਅਤੇ ਤਸ਼ਦਦ ਤੋਂ ਡਰਦਿਆਂ ਦਿੱਲੀ ਨਿਵਾਸੀ ਕਿਸੇ ਸਿੱਖ ਨੇ ਇਹ ਮਹਾਨ ਕਾਰਜ ਕਰਨ ਦਾ ਹੋਂਸਲਾ ਹੀ ਨਾ ਕੀਤਾ...ਤੇ ਆਪਣੇ ਆਪ ਨੂੰ ਰਾਮ ਭਗਤ ਅਖਵਾ ਕੇ ਜਾਨ ਬਚਾਉਣ ਦੀ ਸੋਚੀ. ਅਜਿਹੀ ਦਸ਼ਾ ਸੀ ਲੋਕਾਂ ਦੀ, ਸਿੱਖਾਂ ਦੀ, ਹਿੰਦੁਆਂ ਦੀ....ਜਿਹਨਾਂ ਦੇ ਧਰਮ ਦੀ ਰਾਖੀ ਲਈ ਗੁਰੂ ਸਾਹਿਬ ਨੇ ਸੀਸ ਭੇਟ ਕੀਤਾ....

ਡਾ
ਕਟਰ ਗੁਰਮੁਖ ਸਿੰਘ ਦੇ ਮੁਤਾਬਿਕ ਹੀ ਭਾਈ ਜੈਤਾ ਜੀ ਤਰਲੋ ਮੱਛੀ  ਹੋਏ ਹਾਲਤ ਬਾਰੇ ਵਿਚਾਰ ਕਰਦੇ ਰਹੇ ਤੇ ਅਖੀਰ ਆਪਣੇ ਪਿਤਾ ਨੂੰ ਕਹਿਣ ਲੱਗੇ--ਸੀਸ ਤਾਂ ਰਾਤ ਬਰਾਤੇ ਚੁੱਕਿਆ ਜਾ ਸਕਦਾ ਹੈ ਪਰ ਮੁਗ੍ਹਲ ਪਹਿਰੇਦਾਰਾਂ ਨੂੰ ਭਰਮ ਵਿੱਚ ਰੱਖਣ ਲਈ ਉੱਥੇ ਹੋਰ ਸੀਸ ਰੱਖਣਾ ਪਵੇਗਾ.  ਧੰਨ ਸਿੱਖੀ..ਧੰਨ ਗੁਰੂ ਦਾ ਪਿਆਰ...ਸਤਿਗੁਰੂ ਦੇ ਚਰਣ ਕਮਲਾਂ ਦੇ ਭੌਰੇ ਭਾਈ ਜੀ ਦੇ ਪਿਤਾ ਨੇ ਆਖਿਆ ਠੀਕ ਹੈ ਮੇਰਾ ਸੀਸ ਕੱਟ ਕੇ ਲੈ ਜਾਹ ਤੇ ਸਤਿਗੁਰੂ ਜੀ ਦਾ ਸੀਸ ਸੰਭਾਲ ਕੇ ਆਨੰਦਪੁਰ ਸਾਹਿਬ ਪੁੱਜੋ. ਭਾਈ ਜੀ ਨੇ ਅਜਿਹਾ ਹੀ ਕੀਤਾ. ਗੁਰੂ ਜੀ ਦੀ ਪ੍ਰੀਤ ਹਿਤ ਪਿਤਾ ਵਾਰ ਦਿੱਤਾ ਤੇ ਹਨੇਰੇ ਵਿੱਚ ਸੀਸ ਵਟਾ ਕੇ ਨਿਕਲ ਤੁਰੇ...

...ਗੁਰੂ ਸਾਹਿਬ ਨੇ ਇਹਨਾਂ  ਮੁਸੀਬਤਾਂ ਨੂੰ ਕਿਵੇਂ ਖਿੜੇ ਮੱਥੇ ਲਿਆ ਇਸ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ. ਪ੍ਰਸਿਧ ਲੇਖਕ ਭਾਈ ਵੀਰ ਸਿੰਘ ਜੀ ਇੱਕ ਥਾਂ ਲਿਖਦੇ ਹਨ.."ਅਚਾਨਕ ਆਖਿਰੀ ਯੁਧ ਆ ਵਾਪਰਦਾ ਹੈ ਤੇ ਹਾਲਾਤ ਪਲਟਾ ਖਾਂਦੇ ਹਨ ਕਿ ਸਭ ਕੁਝ ਲੁੱਟ ਜਾਂਦਾ ਹੈ ਤੇ ਆਪ ਅੱਜ ਰੋਪੜ ਤੇ ਚਮਕੌਰ ਦੀਆਂ ਹੋਣੀਆਂ ਲੰਘ ਕੇ ਮਾਲਵੇ ਨੂੰ ਜਾ ਰਹੇ ਇੱਕ ਉਦਾਸੀ ਸੰਤ ਦੇ ਡੇਰੇ ਆ ਖੜ੍ਹੇ ਹੁੰਦੇ ਹਨ. ਜੋ  ਕਿ ਆਪਣਾ ਸਿੱਖ ਹੈਸੀ. ਹਾਂ ਦਾਤਾ ਆਪਣੇ ਜਾਚਕ ਦੇ ਦੁਆਰੇ ਖੜਾ ਹੈ. ਇਹ ਕੌਤਕ ਕਰਤਾਰ ਦਾ ਜਾਂ ਕਰਤਾਰ ਤੇ ਲਾਡਲੇ ਦਾ ਆਪ ਵਰਤਾਇਆ ਹੋਇਆ ਹੈ. ਪਰ ਨਕਸ਼ਾ ਇਹ ਹੈ. ਇਹ ਮਹੰਤ ਪਿਆਰ ਨਾਲ ਮਿਲਦਾ ਹੈ, ਸੇਵਾ ਕਰਦਾ ਹੈ, ਪਰ ਆਖਦਾ ਹੈ ਰਾਤ ਨਾ ਰਹੋ, ਅੱਗੇ ਨਿਕਲ ਜਾਓ, ਵੈਰੀ ਆ ਗਿਆ ਤਾਂ ਮੈਂ ਤੇ ਮੇਰਾ ਡੇਰਾ ਤਬਾਹ ਹੋ ਜਾਣਗੇ.ਸ਼ਿਬਲੀ ਮਿੱਤਰ ਦੇ ਫੁੱਲ ਮਾਰਨ ਤੇ ਮਨਸੂਰ ਰੋ ਪਿਆ ਸੀ. ਹਾਂ ਜਿਸ ਨੇ ਸਾਰੇ ਸ਼ਹਿਰ ਦੀ ਪਥਰਾਂ ਦੀ ਮਾਰ ਸਹਾਰੀ ਸੀ ਮਿੱਤਰ ਦਾ ਫੁੱਲ ਮਾਰਨਾ ਸਹਾਰ ਨਾ ਸਕਿਆ. ਪਰ ਇਥੇ ਤੱਕੋ ਅਝਵੀ ਦਿਲ -ਮਜਬੂਰੀ, ਕਿ ਆਪਣਾ ਮਿੱਤਰ ਹੈ, ਜਿਸ ਨੂੰ ਡੇਰੇ ਤੇ ਸੰਗਤਾਂ ਜੋਗਾ ਵੀ ਆਪ ਨੇ ਕੀਤਾ ਸੀ, ਅੱਜ ਵੈਰੀਆਂ ਤੋਂ ਡਰ ਰਿਹਾ ਹੈ ਅਤੇ ਇੱਕ ਰਾਤ ਦੀ ਸਿਰ ਲੁਕਾਉਣ ਦੀ ਥਾਂ ਨਹੀਂ ਦੇਂਦਾ. ਪਰ ਆਪ ਦਾ ਦਿਲ ਟੁੱਟਦਾ ਨਹੀਂ, ਮਿੱਤਰ ਦੀ ਫੁੱਲ-ਮਾਰ ਖਾ ਕੇ ਰੋਂਦਾ ਨਹੀਂ, ਨਿਰਾਸ ਨਹੀਂ ਹੁੰਦਾ. ਉਥੋਂ ਆਪ ਉੱਸੇ ਰੰਗ ਉਠ ਤੁਰਦੇ ਹਨ.

ਥੋਂ ਤੁਰ ਕੇ ਕਿਸੇ ਬੇਸਰੋ ਸਮਾਨੀ, ਇਸ ਸਰਬੰਸ ਤਬਾਹ ਕਰ ਚੁੱਕੀ ਹਾਲਤ ਵਿੱਚ ਇੱਕ ਸਿੱਖ ਦੇ, ਹਾਂ ਆਪਣੇ ਸਿਖ ਦੇ ਦੁਆਰੇ ਅਪ੍ੜਦੇ ਹਨ, ਆਖਦੇ ਹਨ ਆਪਣੀ ਘੋੜੀ ਦੇਹ, ਜੋ ਅਸੀਂ ਹੁਣ ਪਲੰਘ ਦੀ ਸਵਾਰੀ ਛੱਡ ਕੇ ਘੋੜੀ ਤੇ ਸਵਾਰ ਹੋ ਛੇਤੀ ਮਾਲਵੇ ਜਾ ਵੜੀਏ  ਪਰ ਉਹ ਭਾਵਨਾ ਵਾਲਾ, ਪਿਆਰ ਵਾਲਾ ਸਿਖ ਸੌ  ਦੋ ਸੌ ਦੀ ਇੱਕ ਘੋੜੀ ਉਸ ਪਾਤਸ਼ਾਹ ਨੂੰ ਦੇਣੋਂ ਨਾਹ ਕਰਦਾ ਹੈ. ਜਿਸਦੇ ਤਬੇਲੇ ਵਿੱਚ ਹਜ਼ਾਰਾਂ ਅਰਬੀ ਘੋੜੇ ਹੁੰਦੇ ਸਨ, ਆਪਣੀ ਇਸ ਬੇਕਸੀ ਦੀ ਹਾਲਤ ਵੇਖ ਕੇ ਉਹ ਗੁਰੂ ਗੋਬਿੰਦ ਸਿੰਘ ਦਾ ਦਿਲ ਅਰਮਾਨ ਵਿੱਚ ਨਹੀਂ ਜਾਂਦਾ, ਮਨਸੂਰ ਵਾਲਾ ਹਉਕਾ ਨਹੀਂ ਖਾਂਦਾ, ਆਪਣੇ ਆਪ ਨੂੰ ਨਿਤਾਣਾ ਨੀਵਾਂ ਹੋ ਗਿਆ ਨਹੀਂ  ਸਮਝਦਾ, ਉਹੋ ਉੱਚਾ ਠਾਠ, ਉਹੋ ਚੜ੍ਹਦੀਆਂ ਕਲਾਂ ਹਨ."

No comments: