ਦੇਸ਼ ਦੇ ਕੁਝ ਭਾਗਾਂ ਵਿੱਚ ਲਗਾਤਾਰ ਬੜੀ ਹੀ ਤੇਜ਼ੀ ਨਾਲ ਜੋਰ ਫੜਦੀ ਜਾ ਰਹੀ ਮਾਓਵਾਦੀ ਲਹਿਰ ਕਿਸੇ ਵੇਲੇ ਪੰਜਾਬ ਵਿੱਚ ਵੀ ਸਰਗਰਮ ਹੋਈ ਸੀ. ਉਸ ਵੇਲੇ ਸਿਆਸੀ ਹਲਕਿਆਂ ਦੇ ਨਾਲ ਨਾਲ ਸਾਹਿਤਕ ਹਲਕਿਆਂ ਵਿੱਚ ਵੀ ਇਸ ਲਹਿਰ ਦੇ ਹੀ ਚਰਚੇ ਹੁੰਦੇ ਸਨ. ਸੰਤ ਰਾਮ ਉਦਾਸੀ, ਪਾਸ਼, ਹਰਭਜਨ ਹਲਵਾਰਵੀ, ਲਾਲ ਸਿੰਘ ਦਿਲ ਅਤੇ ਕਈ ਹੋਰ ਨਾਮ. ਉਸ ਵੇਲੇ ਡਾਕਟਰ ਜਗਤਾਰ ਨੇ ਵੀ ਕਾਫੀ ਕੁਝ ਲਿਖਿਆ :
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਉਸ ਨੇ ਏਥੋਂ ਤੱਕ ਵੀ ਆਖ ਦਿੱਤਾ:
ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ,
ਦਾਸਤਾਂ ਸਾਡੀ ਕਦੇ ਜਾਣੀ ਨਹੀਂ।
ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ,
ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ।
ਫਿਰ ਓਹ ਇੱਕ ਹੋਰ ਫੈਸਲਾਕੁੰਨ ਭਵਿਖਵਾਣੀ ਵੀ ਕਰਦਾ ਹੈ:
ਭੁੱਖਾਂ ਦੇ ਨਾਲ ਹੰਭੇ, ਝੱਖੜ ਦੇ ਨਾਲ ਝੰਬੇ
ਲੋਕੀ ਉਡੀਕਦੇ ਨਾ, ਰੁੱਤਾਂ ਨੂੰ ਰਹਿਬਰਾਂ ਨੂੰ
ਬਾਜ਼ਾਂ ਨੇ ਅੰਤ ਉਡਣਾ, ਅੰਬਰਾਂ ਤੋਂ ਵੀ ਅਗੇਰੇ
ਪਾਏਗਾ ਡੋਰ ਕੋਈ, ਕਦ ਤੀਕ ਭਲਾ ਪਰਾਂ ਨੂੰ।
ਇਹ ਓਹ ਸਮਾਂ ਸੀ ਜਦੋਂ ਨਕਸਲਬਾੜੀ ਲਹਿਰ ਦੇ ਕਵੀ ਅਤੇ ਲੇਖਕ ਲੋਕਾਂ ਵਿੱਚ ਮਕਬੂਲ ਹੋ ਰਹੇ ਸਨ. ਸਕੂਲਾਂ, ਕਾਲਜਾਂ ਅਤੇ ਹੋਰ ਬੋਧਿਕ ਹਲਕਿਆਂ ਵਿੱਚ ਉਹਨਾਂ ਦੀ ਚਰਚਾ ਇੱਕ ਜ਼ਰੂਰੀ ਅੰਗ ਬਣ ਚੁੱਕੀ ਸੀ. ਬਾਅਦ ਵਿਚ ਜਦੋਂ ਬੇਬਾਕ ਨਾਵਲਕਾਰ ਵਜੋਂ ਜਾਣੇ ਜਾਂਦੇ ਜਸਵੰਤ ਸਿੰਘ ਕੰਵਲ ਦਾ ਨਾਵਲ ਲਹੂ ਦੀ ਲੋਅ ਆਇਆ ਤਾਂ ਉਸ ਨੂੰ ਇੱਕ ਇਤਿਹਾਸਿਕ ਦਸਤਾਵੇਜ਼ ਵਾਂਗ ਬਹੁਤ ਹੀ ਆਦਰ ਮਾਣ ਨਾਲ ਪੜ੍ਹਿਆ ਗਿਆ. ਪਰ ਲਹੂ ਦੀ ਲੋਅ ਨੂੰ ਲਿਖਣ ਲਈ ਕੰਵਲ ਨੇ ਖੁਦ ਉਹਨਾਂ ਥਾਵਾਂ ਨੂੰ ਦੇਖਿਆ ਜਿਹਨਾਂ ਥਾਵਾਂ ਤੇ ਨਕਸਲਬਾੜੀ ਕਾਰਕੁਨਾਂ ਦਾ ਮੁਕਾਬਲਾ ਬਣਾਇਆ ਗਿਆ ਸੀ. ਆਪਣੀ ਲੇਖਣੀ ਅਤੇ ਖਾਸ ਕਰਕੇ ਇਸ ਨਾਵਲ ਬਾਰੇ ਕੰਵਲ ਦਾ ਕਹਿਣਾ ਹੈ ਕਿ ਜਜ੍ਬਾਤੋਂ ਸੱਖਣੀ ਖੁਸ਼ਕੀ ਦਾ ਸਾਹਿਤ ਵਿੱਚ ਕੋਈ ਗਾਹਕ ਨਹੀਂ.
ਪਰ ਏਹੋ ਜਿਹੇ ਕਲਮਕਾਰਾਂ ਅਤੇ ਸਾਹਿਤਕ ਉਚੀਆਂ ਦੇ ਵਿੱਚ ਆਪਣੀ ਥਾਂ ਬਣਾਉਣ ਦੇ ਬਾਵਜੂਦ ਵੀ ਇਹ ਲਹਿਰ ਕਿਓਂ ਦਮ ਤੋੜ ਗਈ ਇਸ ਤੇ ਹੁਣ ਤਕ ਲੰਮੀਆਂ ਬਹਿਸਾਂ ਜਾਰੀ ਹਨ. ਸਿਖ ਮਿਲੀਟੇੰਸੀ ਦੇ ਮੁੱਦੇ ਤੇ ਇਹ ਲਹਿਰ ਦੋਫਾੜ ਕਿਓਂ ਹੋਈ ਇਹ ਵੀ ਇੱਕ ਲੰਮੀ ਅਤੇ ਵੱਖਰੀ ਕਹਾਣੀ ਹੈ. ਪਰ ਜਿਥੋਂ ਤੱਕ ਤਰਸੇਮ ਬਾਵਾ, ਪਾਸ਼, ਬਾਬਾ ਬੂਝਾ ਸਿੰਘ ਅਤੇ ਹੋਰ ਨਕਸਲੀ ਸ਼ਹੀਦਾਂ ਦੀ ਗੱਲ ਹੈ; ਉਹਨਾਂ ਨੂੰ ਲਹਿਰ ਦੇ ਸਾਰੇ ਹਿੱਸੇ ਹੀ ਸ਼ਹੀਦ ਮੰਨਦੇ ਹਨ. ਹਾਲਾਂਕਿ ਇਸ ਲਹਿਰ ਚੋਂ ਸਿੱਖ ਲਹਿਰ ਚ ਆਏ ਕਲਮਕਾਰ ਅਜਮੇਰ ਸਿੰਘ ਬਾਰੇ ਬਹਿਸ ਅਕਸਰ ਦਿਖਾਈ ਦੇ ਜਾਂਦੀ ਹੈ. ਫਿਰ ਵੀ ਪਾਸ਼ ਅਤੇ ਬਾਬਾ ਬੂਝਾ ਸਿੰਘ ਬਾਰੇ ਫਿਲਮਾਂ ਬਣਾਉਣ ਦਾ ਐਲਾਨ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਗੱਲਾਂ ਦੀ ਚਰਚਾ ਵੀ ਇੱਕ ਵਾਰ ਫਿਰ ਗਰਮਾ ਗਈ ਹੈ. ਹੁਣ ਬਹੁਤ ਸਾਰੇ ਉਹਨਾਂ ਕਾਰਕੁਨਾਂ ਦੀ ਚਰਚਾ ਵੀ ਇੱਕ ਵਾਰ ਫਿਰ ਤੁਰ ਪਈ ਹੈ ਜਿਹਨਾਂ ਦੀ ਗੱਲ ਲੋਕ ਭੁੱਲ ਭਲਾ ਵੀ ਚੁੱਕੇ ਸਨ. ਇਹੋ ਜਿਹੇ ਹਾਲਾਤ ਵਿੱਚ ਇਹ ਫਿਲਮਾਂ ਕੀ ਸੰਦੇਸ਼ ਦੇਂਦੀਆਂ ਹਨ ਇਸ ਦਾ ਪਤਾ ਸਮਾਂ ਆਉਣ ਤੇ ਹੀ ਲੱਗੇਗਾ. ਅਖੀਰ ਵਿੱਚ ਇਸ ਗੱਲ ਦਾ ਜ਼ਿਕਰ ਜ਼ਰੂਰੀ ਹੈ ਕਿ ਪਾਸ਼ ਬਾਰੇ ਫਿਲਮ ਸਤਯ ਵਾਲੇ ਅਨੁਰਾਗ ਕਸ਼ਿਅਪ ਵਲੋਂ ਬਣਾਈ ਜਾ ਰਹੀ ਹੈ ਅਤੇ ਬਾਬਾ ਬੂਝਾ ਸਿੰਘ ਬਾਰੇ ਫਿਲਮ ਦੀ ਸਕ੍ਰਿਪਟ ਲਿਖਣ ਅਤੇ ਨਿਰਦੇਸ਼ਨ ਦੀ ਜ਼ਿਮੇਵਾਰੀ ਪ੍ਰਸਿਧ ਪੱਤਰਕਾਰ ਬਖਸ਼ਿੰਦਰ ਨੂੰ ਦਿੱਤੀ ਗਈ ਹੈ. ----ਰੈਕਟਰ ਕਥੂਰੀਆ
No comments:
Post a Comment