Friday, January 15, 2010

ਮੀਡੀਆ ਵਿੱਚ ਫਿਰ ਛਾ ਰਿਹਾ ਹੈ ਪੰਜਾਬ ਅਤੇ ਸਿੱਖ ਮੁੱਦਾ


ਜੂਨ-84 ਅਤੇ ਨਵੰਬਰ-84 ਨੂੰ 25 ਸਾਲ ਲੰਘ ਚੁੱਕੇ ਹਨ ਪਰ ਨਾਂ ਤਾਂ ਇਸ ਨਾਲ ਸੰਬੰਧਤ ਮਸਲੇ ਹੱਲ ਹੋਏ ਅਤੇ ਨਾਂ ਹੀ ਇਹਨਾਂ ਘਟਨਾਵਾਂ ਕਾਰਨ ਆਮ ਲੋਕਾਂ ਨੂੰ  ਮਿਲੇ ਜ਼ਖਮਾਂ ਤੇ ਮਰਹਮ ਲਗਾਉਣ ਦਾ ਕੋਈ ਠੋਸ ਉਪਰਾਲਾ ਹੋਇਆ. ਆਖਿਰਕਾਰ ਹੁਣ ਇਹ ਮਸਲਾ ਫਿਰ ਲੋਕਾਂ ਦੀ ਅਦਾਲਤ ਵਿੱਚ ਆ ਪਹੁੰਚਿਆ ਹੈ.  ਜੀ ਹਾਂ ! ਪੰਜਾਬ ਅਤੇ ਸਿਖ  ਮੁੱਦਾ ਇੱਕ ਵਾਰ ਫਿਰ ਮੀਡੀਆ 'ਚ

ਲਗਾਤਾਰ ਛਾ ਰਿਹਾ ਹੈ. ਜੇ ਹਿੰਦੀ ਮੀਡੀਆ ਵਿੱਚ ਇੱਕ ਵਾਰ ਫਿਰ ਇਸ ਮਾਮਲੇ ਨੂੰ ਚੁੱਕਿਆ ਗਿਆ ਹੈ ਤਾਂ ਪੰਜਾਬੀ ਮੀਡੀਆ ਵੀ ਇਸ  ਸੰਬੰਧ ਵਿੱਚ ਪਿੱਛੇ ਨਹੀਂ ਬਲਕਿ ਅੱਗੇ ਅੱਗੇ ਹੀ ਚੱਲ ਰਿਹਾ ਹੈ. ਹਾਂ ਇਸ ਦੇ ਨਾਲ ਹੀ ਇਹ  ਫ਼ਰਕ ਜ਼ਰੂਰ ਹੈ ਕਿ ਜੇ ਹਿੰਦੀ ਮੀਡੀਏ ਵਿੱਚ 25 ਸਾਲ ਪਹਿਲਾਂ ਵਾਪਰੀਆਂ ਜੂਨ-84 ਅਤੇ ਉਸ ਤੋਂ ਵੀ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਯਾਦ ਨੂੰ ਇੱਕ ਵਾਰ ਫਿਰ ਤਾਜ਼ਾ ਕੀਤਾ ਜਾ ਰਿਹਾ ਹੈ ਤਾਂ ਪੰਜਾਬੀ ਮੀਡੀਆ ਵਿੱਚ ਨਵੰਬਰ-84 ਦੇ ਨਾਲ ਨਾਲ ਨਵੀਆਂ ਨਵੀਆਂ ਘਟਨਾਵਾਂ ਦਾ ਵੇਰਵਾ ਅਤੇ ਵਿਸ਼ਲੇਸ਼ਣ ਵੀ ਪੂਰੇ ਵਿਸਥਾਰ ਨਾਲ ਲੋਕਾਂ ਸਾਹਮਣੇ ਲਿਆਂਦਾ ਜਾ ਰਿਹਾ ਹੈ. ਦਿਲਚਸਪ ਗੱਲ ਇਹ ਹੈ ਕਿ ਇਹਨਾਂ ਪਰਚਿਆਂ ਵਿੱਚ ਜਿਥੇ ਰਾਜਨੀਤਿਕ ਤੌਰ ਤੇ ਬੀ ਜੇ ਪੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਰਿਵਾਰ ਸਮੇਤ ਆਲੋਚਨਾ ਦਾ ਨਿਸ਼ਾਨਾ ਬਣਾਇਆ ਗਿਆ ਹੈ ਉੱਥੇ  ਇੱਕ ਬਿਲਕੁਲ ਹੀ ਨਵੇਂ ਆਏ ਪਰਚੇ  ਨੇ ਸਿਖ ਜਗਤ ਵਿੱਚ ਘਰ ਕਰ ਚੁੱਕੀ ਜਾਤ-ਪਾਤ ਦਾ ਮਸਲਾ ਵੀ ਉਠਾਇਆ ਹੈ ਅਤੇ ਇਹ ਸੁਆਲ ਵੀ ਕੀਤਾ ਹੈ ਕਿ ਦਲਿਤਾਂ ਨਾਲ ਕਿਓਂ ਨਹੀਂ ਖੜ੍ਹਦਾ ਸਰਮਾਏਦਾਰ ਸਿੱਖ ਸਮਾਜ..? ਇਹੋ ਜਿਹੇ ਕਈ ਮਸਲਿਆਂ ਅਤੇ ਅੰਦਰਲੀਆਂ ਗੱਲਾਂ ਨੂੰ ਬੇਨਕਾਬ ਕਰਨ ਵਾਲੇ ਇਸ ਪੰਜਾਬੀ ਪਰਚੇ ਦੇ ਸਰਪ੍ਰਸਤ ਹਨ ਭਾਈ ਮੰਨਾ ਸਿੰਘ ਉਰਫ ਗੁਰਸ਼ਰਨ ਭਾ ਜੀ ਅਤੇ ਮੁੱਖ ਸੰਪਾਦਕ  ਦੀ ਜ਼ਿੰਮੇਵਾਰੀ ਸੰਭਾਲੀ ਹੈ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਨੇ.   ਇੰਡੋ-ਪੰਜਾਬ ਨਾਂ ਦਾ ਇਹ ਪਰਚਾ ਪਟਿਆਲਾ ਤੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ ਹੈ. ਇਸ ਵੇਲੇ ਇਹ ਪਰਚਾ ਬਾਜ਼ਾਰ ਵਿੱਚ ਹੈ ਅਤੇ ਕੀਮਤ ਹੈ ਸਿਰਫ 15 ਰੁਪਏ.

      ਇੱਸੇ ਤਰਾਂ ਪਿਛਲੇ ਕੁਝ ਸਮੇਂ ਤੋਂ ਛਪ ਰਿਹਾ ਇੱਕ ਹੋਰ ਪੰਜਾਬੀ ਪਰਚਾ ਸਿਖ ਗਾਰਡੀਅਨ ਵੀ ਮਾਰਕੀਟ ਵਿੱਚ ਹੈ. ਜਗਰਾਓਂ ਤੋਂ ਪ੍ਰਕਾਸ਼ਿਤ ਹੁੰਦੇ ਇਸ ਪਰਚੇ ਦੀ ਕੀਮਤ ਵੀ 15 ਰਪੈ ਹੀ ਹੈ.  ਰੰਗੀਨ ਦਿੱਖ ਵਾਲੇ ਇਸ ਪਰਚੇ ਨੇ ਆਪਣੇ ਦਸੰਬਰ ਅੰਕ ਵਿੱਚ ਮਾਓਵਾਦ ਅਤੇ ਅਪ੍ਰੇਸ਼ਨ ਗ੍ਰੀਨ ਹੰਟ ਦੇ ਮੁੱਦੇ ਨੂੰ ਆਪਣੀ ਕਵਰ ਸਟੋਰੀ ਬਣਾਇਆ ਸੀ ਉੱਥੇ ਜਨਵਰੀ ਅੰਕ ਵਿੱਚ ਦਿਵਿਯਾ ਜਿਯੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲ) ਅਤੇ ਬਾਦਲ ਸਰਕਾਰ ਨੂੰ ਆਪਣੇ ਨਿਸ਼ਾਨੇ ਤੇ ਰਖਿਆ ਹੈ. ਇਸ ਪਰਚੇ ਨੇ ਲੁਧਿਆਣਾ ਗੋਲੀਕਾਂਡ ਦੀ ਕਹਾਣੀ ਨੂੰ ਇੱਕ ਚਸ਼ਮਦੀਦ ਦੀ ਜ਼ੁਬਾਨੀ ਤਸਵੀਰਾਂ ਸਮੇਤ ਪ੍ਰਕਾਸ਼ਿਤ ਕੀਤਾ ਹੈ ਅਤੇ ਸੱਦਾ ਦਿੱਤਾ ਹੈ ਕਿ ਪੰਥ ਦੀ ਅਗਵਾਈ ਲਈ ਹੁਣ ਆਮ ਲੋਕ ਅੱਗੇ ਆਉਣ. ਇਸ ਅੰਕ ਵਿਚ ਭਾਈ ਜਰਨੈਲ ਸਿੰਘ ਦਾ ਪੂਰਾ ਇੰਟਰਵਿਊ ਵੀ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਜੇ ਛੇ ਮਹੀਨਿਆਂ ਤੱਕ ਲੁਧਿਆਣਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲੀ ਤਾਂ ਖਾਲਸਈ ਰਵਾਇਤਾਂ ਮੁਤਾਬਿਕ ਸੋਧੇ ਜਾਣਗੇ.

       ਸਿੱਖ ਗਾਰਡੀਅਨ ਨੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਜ਼ਾਦ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ ਉੱਥੇ ਇੱਕ ਹੋਰ ਪਰਚੇ ਆਵਾਜ਼-ਏ-ਖਾਲਸਾ ਨੇ ਆਪਣੀ ਕਵਰ ਸਟੋਰੀ ਵਿੱਚ ਇਹ ਗੱਲ ਉਭਾਰੀ ਹੈ ਕਿ ਸ਼ਰੋਮਣੀ ਕਮੇਟੀ ਨੂੰ ਕਿਵੇਂ ਬਚਾਈਏ ? ਬਟਾਲਾ ਤੋਂ ਪੁਸਤਕ ਲੜੀ ਦੇ ਰੂਪ 'ਚ ਛਪ ਰਹੇ ਇਸ ਰੰਗੀਨ ਰਸਾਲੇ ਦੀ ਕੀਮਤ ਵੀ ਕੇਵਲ 15 ਰੁਪਏ ਹੈ ਅਤੇ ਇਸ ਦੇ ਮੁੱਖ ਸੰਪਾਦਕ ਹਨ ਨਾਰਾਇਣ ਸਿੰਘ. ਇਸ ਪਰਚੇ ਦੇ ਦਸੰਬਰ 2009 ਵਾਲੇ ਅੰਕ ਵਿੱਚ ਇੱਕ ਖਾਸ ਲਿਖਤ ਹੈ ਪੱਤਰਕਾਰ  ਦਲਬੀਰ ਸਿੰਘ  ਦਾ ਵਿਸ਼ੇਸ਼ ਲੇਖ ਜਿਸ ਦਾ ਸਿਰਲੇਖ ਹੈ..:"ਮਲਕ ਭਾਗੋਆਂ ਦਾ ਕਬਜਾ"...ਪਿਛਲੇ ਪੰਜਾਂ ਸਾਲਾਂ ਤੋਂ ਇੱਕ ਹੋਰ ਪੰਜਾਬੀ ਪਰਚਾ ਮਾਰਕੀਟ ਵਿਚ ਆ ਰਿਹਾ ਹੈ..ਖਾਲਸਾ ਫ਼ਤਿਹ੍ਨਾਮਾ. ਸੁਲਤਾਨਵਿੰਡ ਅੰਮ੍ਰਿਤਸਰ  ਤੋਂ ਪ੍ਰਕਾਸ਼ਿਤ ਹੁੰਦੇ ਇਸ ਪਰਚੇ ਨੇ ਵੀ ਜਿਥੇ ਨੂਰਮਹਿਲ ਵਾਲੇ ਦਿਵਿਯਾ ਜਿਯੋਤੀ ਜਾਗ੍ਰਿਤੀ ਸੰਸਥਾਨ ਨੂੰ ਆਪਣੀ ਸਖ਼ਤ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ ਉੱਥੇ ਬਾਦਲ ਸਰਕਾਰ ਨੂੰ ਵੀ ਪੰਥ ਵਿਰੋਧੀ ਆਖਦਿਆਂ ਲੁਧਿਆਣਾ ਗੋਲੀਕਾਂਡ ਬਾਰੇ ਕਾਫੀ ਕੁਝ ਲਿਖਿਆ ਹੈ. ਇਸ ਦੇ ਜਨਵਰੀ ਅੰਕ ਵਿੱਚ ਇੱਕ ਦਿਲਚਸਪ ਖੋਜ ਰਿਪੋਰਟ ਵੀ ਹੈ ਜਿਸ ਵਿੱਚ ਨੂਰਮਹਿਲ ਸਥਿਤ  ਸੰਸਥਾਨ ਬਾਰੇ ਕਾਫੀ ਕੁਝ ਤਸਵੀਰਾਂ ਸਮੇਤ ਪ੍ਰਕਾਸ਼ਿਤ ਕੀਤਾ ਗਿਆ ਹੈ. ਇਸ ਪਰਚੇ ਦੀ ਕੀਮਤ 20 ਰੁਪਏ ਹੈ ਅਤੇ ਇਸ ਦੇ ਮੁੱਖ ਸੰਪਾਦਕ ਹਨ ਬਲਜੀਤ ਸਿੰਘ ਖਾਲਸਾ.
        ਇਸੇ ਤਰਾਂ ਪੰਜਾਬ ਗਾਰਡੀਅਨ ਨੇ ਵੀ 15 ਜਨਵਰੀ 2010 ਦੇ ਅੰਕ ਵਿੱਚ ਕਿਹਾ ਹੈ ਕਿ ਸੰਤ ਭਿੰਡਰਾਂਵਾਲਿਆਂ ਵੱਲੋਂ ਸ਼ੁਰੂ ਕੀਤਾ ਧਰਮਯੁਧ ਮੋਰਚਾ ਜਾਰੀ ਰਹੇਗਾ.ਰੋਜ਼ਾਨਾ ਪੰਜਾਬ ਨਿਊਜ਼ ਨੇ ਨਾਨਕਸ਼ਾਹੀ ਕੈਲੇੰਡਰ ਦੇ ਮੁੱਦੇ ਨੂੰ ਉਠਾਇਆ ਹੈ.ਇੱਕ ਹੋਰ  ਪੰਜਾਬੀ ਸਪਤਾਹਿਕ ਪਰਚੇ ਸ਼ੇਰ-ਏ-ਪੰਜਾਬ ਨੇ ਵੀ ਕੈਲੰਡਰ ਦੇ ਮਾਮਲੇ ਨੂੰ ਕਾਫੀ ਥਾਂ ਦਿੱਤੀ ਹੈ. ਹੁਣ ਦੇਖਣਾ ਇਹ ਹੈ ਕਿ ਮੀਡੀਆ ਦਾ ਇਹ ਰੁੱਖ ਪੰਜਾਬ ਦੀ ਰਾਜਨੀਤੀ ਨੂੰ ਕਿਸ ਪਾਸੇ ਤੋਰਦਾ ਹੈ ?  ---ਰੈਕਟਰ  ਕਥੂਰੀਆ

No comments: