Wednesday, December 02, 2009

1699 ਵਾਲੀ ਵਿਸਾਖੀ ਨੂੰ ਕੀ ਹੋਇਆ ਸੀ ਸਿਰਾਂ ਦੀ ਮੰਗ ਤੋਂ ਬਾਅਦ: ਖਾਸ ਰਿਪੋਰਟ


                      ਖਾਲਸਾ ਪੰਥ ਬਾਰੇ  ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਦੇ ਹਨ --ਖਾਲਸਾ ਮੇਰੋ ਰੂਪ ਹੈ ਖਾਸ....ਇਸ ਖਾਲਸਾ ਪੰਥ ਬਾਰੇ ਉਹਨਾਂ ਇਹ ਵੀ ਕਿਹਾ ਕਿ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ...--ਪ੍ਰਮਾਤਮਾ  ਦੀ ਮੌਜ ਨਾਲ ਪ੍ਰਗਟ ਹੋਣ ਵਾਲੇ ਜਿਸ ਖਾਲਸਾ ਪੰਥ ਨੂੰ ਗੁਰੂ ਸਾਹਿਬ ਨੇ ਆਪਣਾ ਖਾਸ ਰੂਪ ਕਿਹਾ ਹੋਵੇ ਉਸ ਖਾਲਸਾ ਪੰਥ ਦਾ ਮੁਢ ਕਿਸੇ ਝੂਠ ਜਾਂ ਫਰੇਬ  ਨਾਲ ਬਝਿਆ ਹੋਵੇ ; ਇਹ ਗੱਲ ਹੋ ਹੀ ਨਹੀਂ ਸਕਦੀ. ਜਿਹੜੇ ਲੋਕ ਇਹ ਆਖਦੇ ਹਨ ਕਿ ਵਾਰੋ ਵਾਰੀ ਪੰਜਾਂ ਸਿਰਾਂ ਦੀ ਮੰਗ ਵੇਲੇ ਤੰਬੂ  ਅੰਦਰ ਜਾ ਕੇ ਬੱਕਰੇ ਝਟਕਾਏ ਗਏ--ਓਹ ਲੋਕ ਬਹੁਤ ਹੀ ਅਜੀਬ ਗੱਲ ਕਰ ਰਹੇ ਹਨ.
                    ਆਪਣੇ ਹੀ ਗੁਰੂ ਤੇ  ਬੇਭਰੋਸਗੀ ਵਾਲੀ ਇਹ ਗੱਲ ਕਦੋਂ ਤੇ ਕਿਵੇਂ ਸ਼ੁਰੂ ਹੋਈ ਇਸ ਦੀ ਜਾਣਕਾਰੀ ਤਾਂ ਮੇਰੇ ਕੋਲ ਨਹੀਂ ਪਰ ਮੇਰੇ ਕੋਲ ਇੱਕ ਅਜਿਹੀ ਜਾਣਕਾਰੀ ਜ਼ਰੂਰ ਪੁੱਜੀ ਹੈ ਜੋ ਸਾਬਤ ਕਰਦੀ ਹੈ ਬੱਕਰੇ ਝਟਕਾਉਣ ਵਾਲੀ ਧਾਰਨਾ ਵੀ ਪੂਰੀ ਤਰਾਂ ਗਲਤ ਹੈ ਅਤੇ ਕਿਸੇ ਕਰਾਮਾਤ ਜਾਂ ਕਰਿਸ਼ਮੇ ਦੀ ਕਲਪਨਾ ਵੀ ਕਿਓਂਕਿ ਕਰਾਮਾਤ ਨੂੰ ਕਹਿਰ ਆਖਿਆ ਗਿਆ ਹੈ....ਨਾਟਕ ਚੇਟਕ ਕੀਏ ਕੁਕਾਜਾ , ਪ੍ਰਭ ਲੋਗਨ ਕੋ ਆਵਤ ਲਾਜਾ.
                       ਮੈਂ ਜਿਸ ਜਾਣਕਾਰੀ ਦੀ ਗੱਲ ਕਰ ਰਿਹਾ ਹਾਂ ਉਸਦਾ ਸਰੋਤ ਤਕਰੀਬਨ ਬਹੁਤ ਹੀ  ਪਿਛੇ  ਤੱਕ ਜਾਂਦਾ ਹੈ. ਇਹ ਜਾਣਕਾਰੀ ਇੱਕ ਇਤਿਹਾਸਿਕ  ਦਸਤਾਵੇਜ਼ ਤੇ ਆਧਾਰਿਤ ਹੈ. ਖਾਲਸਾ ਸਾਜਨਾ ਵਾਲੇ ਦਿਨ 29 ਮਾਰਚ 1699 ਨੂੰ ਵਿਸਾਖੀ ਦਾ ਦਿਹਾੜਾ ਸੀ. ਉਸ ਦਰਬਾਰ ਵਿਚ ਇਕ ਅਜਿਹਾ ਵਿਅਕਤੀ ਵੀ ਮੌਜੂਦ ਸੀ ਜੋ ਗੁਰੂ ਘਰ ਦੀਆਂ ਸਰਗਰਮੀਆਂ ਨੂੰ ਨੋਟ ਕਰਕੇ ਬਾਕਾਇਦਾ ਇੱਕ ਗੁਪਤ ਰਿਪੋਰਟ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਿਆ ਕਰਦਾ ਸੀ. 
                             ਉਸ ਵਕ਼ਤ ਦੀ ਸੀ ਆਈ ਡੀ ਦੇ ਇੱਕ ਅਧਿਕਾਰੀ ਵਜੋਂ ਭੇਜੀ ਆਪਣੀ ਗੁਪਤ ਰਿਪੋਰਟ ਵਿਚ ਇਸ ਅਧਿਕਾਰੀ ਨੇ ਆਪਣੇ ਖੁਫੀਆ ਢੰਗ ਤਰੀਕੇ ਨਾਲ ਉਹ ਸਭ ਕੁਝ ਦੇਖਿਆ ਜੋ ਕਿ ਸਿਰਾਂ ਦੀ ਮੰਗ ਤੋਂ ਬਾਅਦ ਤੰਬੂ ਵਿਚ ਵਾਪਰਿਆ. ਉਹ ਸਭ ਕੁਝ ਦੇਖਣ ਤੋ ਬਾਅਦ ਉਹ ਹੈਰਾਨ ਰਹਿ ਗਿਆ.  ਉਸ ਨੇ ਸ਼ਰਧਾ ਨਾਲ ਆਪਣਾ ਸਿਰ ਝੁਕਾਇਆ  ਅਤੇ ਅੰਮ੍ਰਿਤ ਛਕ  ਕੇ ਗੁਰੂ ਵਾਲਾ ਬਣ ਗਿਆ. 
                         ਉਸ ਦਿਨ ਉਸ ਨੇ ਆਪਣੀ ਆਖਿਰੀ ਰਿਪੋਰਟ ਤਿਆਰ ਕੀਤੀ ਅਤੇ ਆਪਣੇ ਅਸਤੀਫੇ ਦੇ ਨਾਲ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਘੱਲ ਦਿੱਤੀ. ਉਸ ਨੇ ਬੜੇ ਹੀ ਸਾਫ਼ ਸ਼ਬਦਾਂ ਵਿਚ ਦਸਿਆ ਕਿ ਸਿਰਾਂ ਦੀ ਮੰਗ ਤੋਂ ਬਾਅਦ ਕੀ ਹੋਇਆ.  ਪੂਰੀ ਘਟਨਾ ਬਿਆਨ ਕਰਨ ਤੋਂ ਬਾਅਦ ਉਸ ਨੇ ਇਹ ਵੀ ਦਸਿਆ ਕਿ ਉਸ ਨੇ ਵੀ ਹੁਣ ਮੁਸਲਿਮ ਧਰਮ ਛੱਡ  ਕੇ ਅੰਮ੍ਰਿਤ ਛਕ ਲਿਆ   ਹੈ. ਉਸ ਨੇ ਸਿੱਖ ਧਰਮ ਵਾਲੇ ਆਪਣੇ ਨਵੇ ਨਾਮ ਦੀ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਆਖਿਰੀ ਰਿਪੋਰਟ ਦੇ ਨਾਲ ਹੀ ਉਹ ਸੀ ਆਈ ਡੀ ਵਾਲੀ ਇਹ ਨੌਕਰੀ ਛੱਡ ਰਿਹਾ ਹੈ ਤਾਂ ਕਿ ਆਪਣੀ ਬਾਕੀ ਜ਼ਿੰਦਗੀ ਗੁਰੂ ਦੇ ਚਰਨਾਂ ਵਿੱਚ ਗੁਜ਼ਾਰ ਸਕੇ.  ਉਸ ਨੇ ਇੱਕ ਨੇਕ ਸਲਾਹ ਵਜੋਂ ਬਾਦਸ਼ਾਹ ਨੂੰ ਖਬਰਦਾਰ ਵੀ ਕੀਤਾ ਕਿ ਉਹ ਜਿਊਂਦੇ ਜਾਗਦੇ ਖੁਦਾ ਨਾਲ ਮੱਥਾ ਨਾ ਲਾਵੇ...ਉਸ ਨੇ ਚੇਤਾਵਨੀ ਵੀ ਦਿੱਤੀ ਕਿ ਜੇ ਤੂੰ ਮੇਰੀ ਗੱਲ ਤੇ ਅਮਲ ਨਾ ਕੀਤਾ ਤਾਂ ਤੇਰਾ ਪਰਿਵਾਰ ਅਤੇ ਸਲ੍ਤਨਤ ਤਬਾਹ ਹੋ ਜਾਣਗੇ.
                            ਇਸ ਰਿਪੋਰਟ ਬਾਰੇ ਹੋਰ ਚਰਚਾ  ਕਰਨ ਤੋਂ ਪਹਿਲਾਂ ਮੈਂ ਬਹੁਤ ਹੀ ਨਿਮਰਤਾ ਨਾਲ ਪੁਛਣਾ ਚਾਹੁੰਦਾ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ, ਸ਼ਰੋਮਣੀ ਅਕਾਲੀ ਦਲ ਕੋਲੋਂ ਅਤੇ ਹੋਰ ਸਰਦੀਆਂ ਪੁੱਜਦੀਆਂ  ਸਿਖ  ਸੰਸਥਾਵਾਂ ਅਤੇ ਵਿਅਕਤੀਆਂ ਕੋਲੋਂ ਕਿ  ਇਸ  ਬਾਰੇ ਹੋਰ ਲੋੜੀਂਦੀ  ਖੋਜ ਕਰਕੇ ਇਸ ਰਿਪੋਰਟ ਨੂੰ ਆਮ ਲੋਕਾਂ ਸਾਹਮਣੇ ਕਿਓਂ ਨਹੀਂ ਲਿਆਂਦਾ ਗਿਆ....???
                       
                      ਬੱਕਰੇ ਝਟਕਾਉਣ ਅਤੇ ਕਰਾਮਾਤ ਵਰਗੀਆਂ ਕਹਾਣੀਆਂ ਨਾਲ ਸਿਖ ਪੰਥ ਨੂੰ ਗੁਮਰਾਹ ਕਰਨ ਪਿਛੇ ਆਖਿਰ ਕੀ ਮਕਸਦ ਹੈ....??? ਇਸ ਦਸਤਾਵੇਜ਼ ਦੀ ਪ੍ਰਮਾਣਿਕਤਾ ਬਾਰੇ ਪਤਾ ਲਗਾਉਣ ਵਿਚ ਦੇਰੀ ਕਿਓਂ ਕੀਤੀ ਜਾ ਰਹੀ ਹੈ.....????

No comments: