Wednesday, December 26, 2018

28 ਦਸੰਬਰ ਵਾਲੇ ਸੈਮੀਨਾਰ ਨੂੰ ਲੈ ਕੇ ਨਾਮਧਾਰੀਆਂ ਵਿੱਚ ਦੁਫੇੜ ਹੋਰ ਵਧਿਆ

ਦਿੱਲੀ ਵਿੱਚ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਵੱਲੋਂ ਭਾਰੀ ਰੋਸ ਵਖਾਵਾ
ਲੁਧਿਆਣਾ\ਦਿੱਲੀ: 26 ਦਸੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਨਾਮਧਾਰੀ ਸੰਪਰਦਾ ਵਿੱਚ ਚਲਿਆ ਆ  ਰਿਹਾ ਦੁਫੇੜ ਇੱਕ ਵਾਰ ਫੇਰ ਗੰਭੀਰ ਹੋ ਗਿਆ ਹੈ। ਦਿੱਲੀ ਵਿੱਚ 28 ਦਸੰਬਰ ਨੂੰ ਕਰਾਏ ਜਾ ਰਹੇ ਸੈਮੀਨਾਰ ਨੂੰ ਲੈ ਕੇ ਤਿੱਖਾ ਹੋਇਆ ਇਹ ਦੁਫੇੜ ਇੱਕ ਵਾਰ ਫੇਰ ਨਾਜ਼ੁਕ ਸਥਿਤੀ ਵਿੱਚ ਪੁੱਜ ਗਿਆ ਹੈ। ਜਿਸ ਨਾਮਧਾਰੀ ਪੰਥ ਦੀਆਂ ਮਿਸਾਲਾਂ ਸਾਰੀ ਦੁਨੀਆ ਦਿਆ ਕਰਦੀ ਸੀ ਉਹ ਨਾਮਧਾਰੀ ਪੰਥ ਅੱਜ ਖੁਦ ਦੁਨੀਆ ਭਰ ਦੀਆਂ ਨਜ਼ਰਾਂ ਦਾ ਕੇਂਦਰ ਬਣ ਗਿਆ ਹੈ। ਮਾਤਾ ਚੰਦ ਕੌਰ ਦੇ ਵਹਿਸ਼ੀਆਨਾ ਕਤਲ ਤੋਂ ਬਾਅਦ ਧੜੇਬੰਦੀ ਵਾਲੀ ਇਹ ਸਥਿਤੀ ਲਗਾਤਾਰ ਗੰਭੀਰ ਹੁੰਦੀ ਚਲੀ ਆ ਰਹੀ ਹੈ। ਸਿਆਸੀ ਧਿਰਾਂ ਦੀ ਸਿਆਸਤ ਦਾ ਸ਼ਿਕਾਰ ਹੋਇਆ ਇਹ ਧਾਰਮਿਕ ਸਿੰਘਾਸਨ ਅੱਜ ਫੇਰ ਡਾਂਵਾਂਡੋਲ ਹੋਇਆ ਨਜ਼ਰ ਆ ਰਿਹਾ ਹੈ।  
ਨਾਮਧਾਰੀ ਸਤਿਸੰਗ ਸੇਵਾ ਸੋਸਾਇਟੀ ਨੇ ਦੱਸਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਦਾ 200 ਸਾਲਾ ਜਨਮਦਿਨ 28 ਦਸੰਬਰ ਨੂੰ ਦਿੱੱਲੀ ਵਿਖੇ ਵੱਡੇ ਪੱਧਰ ਉੱਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਸਰਕਾਰ ਵੱਲੋਂ ਠਾਕੁਰ ਉਦੈ ਸਿੰਘ ਜੀ ਨੂੰ ਇਸ ਉੱਚ ਪੱਧਰੀ ਸਮਾਗਮ ਵਿੱਚ ਬੁਲਾਕੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਦੀ ਹਾਜ਼ਰੀ ਵਿੱਚ ਇਹ ਸਮਾਗਮ ਕੀਤਾ ਜਾਣਾ ਹੈ।ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਠਾਕੁਰ ਉਦੈ ਸਿੰਘ ਜੀ ਦੀ ਹਾਜ਼ਰੀ ਵਿੱਚ ਕਰਵਾਏ ਜਾ ਰਹੇ 28 ਦਸੰਬਰ ਵਾਲੇ ਇਸ ਸਮਾਗਮ ਨੂੰ ਲੈ ਕੇ ਨਾਮਧਾਰੀ ਪੰਥ ਦੀ ਏਕਤਾ ਚਾਹੁਣ ਵਾਲੀ ਸੰਗਤ ਦੇ ਮਨਾਂ ਵਿੱਚ ਬਹੁਤ ਰੋਸ ਪੈਦਾ ਹੋ ਗਿਆ ਹੈ ਕਿਉਂਕਿ ਭਾਜਪਾ ਸਰਕਾਰ ਨੇ ਨਾਮਧਾਰੀਆਂ ਦੀ ਏਕਤਾ ਤਾਂ ਕਰਵਾਈ ਨਹੀਂ ਪਰ ਨਾਮਧਾਰੀਆਂ ਦਾ ਆਪਸ ਵਿੱਚ ਪਾਟਕ ਹੋਰ ਵਧਾਉਣ ਵਾਲਿਆਂ ਹਰਕਤਾਂ ਜ਼ਰੂਰ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਜਾਰੀ ਪ੍ਰੈਸ ਬਿਆਨ ਵਿੱਚ ਸਪਸ਼ਟ ਕਿਹਾ ਗਿਆਂ ਹੈ ਕਿ ਏਕਤਾ ਦੇ ਵੱਡੇ ਵਿਰੋਧੀ ਠਾਕੁਰ ਉਦੈ ਸਿੰਘ ਜੀ ਨੂੰ ਸਥਾਪਿਤ ਕਰਨ ਵਾਸਤੇ ਸਤਿਗੁਰੂ ਰਾਮ ਸਿੰਘ ਜੀ ਦਾ ਜਨਮਦਿਨ ਮਨਾਉਣ ਦੇ ਬਹਾਨੇ ਰਾਜਨੀਤੀ ਕੀਤੀ ਹੈ। ਜਿਕਰਯੋਗ ਹੈ ਕਿ ਠਾਕੁਰ ਉਦੈ ਸਿੰਘ ਸ੍ਰੀ ਭੈਣੀ ਸਾਹਿਬ ਵਿਖੇ ਨਾਮਧਾਰੀ ਸੰਪਰਦਾ ਦੇ ਗੁਰੂ ਬਣੇ ਸਨ ਜਦਕਿ ਉਹਨਾਂ ਦੇ ਹੀ ਵੱਡੇ ਭਰਾ ਠਾਕੁਰ ਦਲੀਪ ਸਿੰਘ ਨੂੰ ਡਾਕਟਰ ਇਕਬਾਲ ਸਿੰਘ ਨੇ ਸਤਿਗੁਰੁ ਜਗਜੀਤ ਸਿੰਘ ਹੁਰਾਂ ਵੱਲੋਂ ਦਿੱਤੀ ਗੁਰਤਾਗੱਦੀ ਵਾਲੀ ਸਾਰੀ ਸਮਗਰੀ ਜੀਵਨ ਨਗਰ ਸਿਰਸਾ ਵਿਖੇ 21 ਦਸੰਬਰ 2012 ਨੂੰ ਹੋਏ ਸਮਾਗਮ ਦੌਰਾਨ ਸਾਰਿਆਂ ਸੰਗਤਾਂ ਸਾਹਮਣੇ ਲਿਆ ਕੇ ਸੌਂਪੀ ਸੀ। ਇਸ ਸਮਗਰੀ ਵਿੱਚ ਨਾਰੀਅਲ, ਇੱਕ ਆਸਨ, ਪੰਜ ਪੈਸੇ ਅਤੇ ਹੋਰ ਸਬੰਧਿਤ ਸਮਗਰੀ ਸ਼ਾਮਲ ਸੀ। ਠਾਕੁਰ ਦਲੀਪ ਸਿੰਘ ਹੁਰਾਂ ਨੇ ਇਸ ਨੂੰ ਸਿਰ ਮੱਥੇ ਲਾਉਂਦਿਆਂ ਇਹ ਸਾਰੀ ਸਮਗਰੀ ਮਾਤਾ ਚੰਦ ਕੌਰ ਦੀ  ਤਸਵੀਰ ਸਾਹਮਣੇ ਅਰਪਿਤ ਕਰਦਿਆਂ ਉਹਨਾਂ ਨੂੰ ਗੁਰੂ ਮੰਨਣ ਲਈ ਆਖਿਆ ਸੀ। ਇਸ ਤਰਾਂ ਮਾਤਾ ਚੰਦ ਕੌਰ ਨਾਮਧਾਰੀ ਸੰਪਰਦਾ ਦੀ ਪਹਿਲੀ ਮਹਿਲਾ ਗੁਰੂ ਬਣੇ। ਤਕਰੀਬਨ 88 ਸਾਲਾਂ ਦੀ ਉਮਰ ਵਿੱਚ ਭੈਣੀ ਸਾਹਿਬ ਦੇ ਅੰਦਰ ਹੀ ਉਹਨਾਂ ਦਾ ਵਹਿਸ਼ੀਆਨਾ ਕਤਲ ਕਰ ਦਿੱਤਾ ਗਿਆ। ਇਸ ਕਤਲ ਤੋਂ ਬਾਅਦ ਨਾਮਧਾਰੀਆਂ ਦੇ ਇਹਨਾਂ ਦੋਹਾਂ ਧੜਿਆਂ ਦੀ ਆਪਸੀ ਧੜੇਬੰਦੀ ਵਧਦੀ ਚਲੀ ਗਈ। ਹੁਣ ਇਸ ਸੈਮੀਨਾਰ ਨਾਲ ਇਹ ਫੁੱਟ ਇੱਕ ਵਾਰ ਫੇਰ ਸਿਖਰਾਂ 'ਤੇ ਆ ਗਈ ਲੱਗਦੀ ਹੈ।  ਜਿਕਰਯੋਗ ਹੈ ਕਿ ਮਾਤਾ ਚੰਦ ਕੌਰ ਦੇ ਕਾਤਲ ਨਾ ਤਾਂ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਮੌਕੇ ਲੋਕਾਂ ਸਾਹਮਣੇ ਆ ਸਕੇ ਨਾ ਹੀ ਕਾਂਗਰਸ ਸਰਕਾਰ ਸਮੇਂ। ਕਾਤਲ ਕੌਣ ਹੈ ਇਹ ਗੱਲ ਹੁਣ ਤੱਕ ਇੱਕ ਭੇਦ ਬਣੀ ਹੋਇਆ ਹੈ। 
ਨਾਮਧਾਰੀ ਸਤਿਸੰਗ ਸੇਵਾ ਸੋਸਾਇਟੀ ਮੁਤਾਬਿਕ ਭਾਜਪਾ ਸਰਕਾਰ ਦੀ ਨਾਮਧਾਰੀਆਂ ਨੂੰ ਪਾੜਣ ਦੀ ਅਤੇ ਠਾਕੁਰ ਉਦੈ ਸਿੰਘ ਨੂੰ ਸਥਾਪਿਤ ਕਰਨ ਦੀ ਚਾਲ ਇਸ ਗੱਲ ਤੋਂ ਵੀ ਪ੍ਰਤੱਖ ਹੁੰਦੀ ਹੈ ਕਿ ਇਸ ਉੱਚ ਪੱਧਰੀ ਸਮਾਗਮ ਵਿੱਚ ਠਾਕੁਰ ਉਦੈ ਸਿੰਘ ਜੀ ਦੇ ਵੱਡੇ ਭਰਾ, ਗੁਰੂਗੱਦੀ ਦੇ ਮਾਲਕ ਅਤੇ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਨੂੰ ਇਸ ਸਮਾਗਮ ਲਈ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ। ਅਸਲ ਵਿੱਚ ਇਹ ਸਮਾਗਮ ਏਕਤਾ ਦੀਆਂ  ਕੋਸ਼ਿਸ਼ਾਂ ਨੂੰ ਸੱਟ ਮਾਰਨ ਦੀ ਕੋਝੀ ਸਾਜ਼ਿਸ਼ ਹੈ। ਜਿਸਦੇ ਦੂਰਰਸ ਸਿੱਟੇ ਕਾਫੀ ਗੰਬ ਹੀਰ ਨਿਕਲ ਸਕਦੇ ਹਨ। 
ਸੋਸਾਇਟੀ  ਨੇ ਕਿਹਾ ਕਿ ਅਸੀਂ ਸਤਿਗੁਰੂ ਦਲੀੋਪ ਸਿੰਘ ਨਾਮਧਾਰੀ ਜੀ ਦੇ ਹੁਕਮ ਅਨੁਸਾਰ ਖੁੱਲ ਕੇ ਭਾਜਪਾ ਦੇ ਸਮਰਥਕ ਹਾਂ ਜਦਕਿ ਠਾਕੁਰ ਉਦੈ ਸਿੰਘ ਜੀ ਪੂਰੀ ਤਰਾਂ ਕਾਂਗਰਸ ਸਮਰਥਕ ਹਨ। ਸਾਨੂੰ ਹੈਰਾਨੀ ਅਤੇ ਦੁੱਖ ਹੋ ਰਿਹਾ ਹੈ ਕਿ ਕੇਂਦਰੀ ਭਾਜਪਾ ਸਰਕਾਰ ਆਪਣੇ ਸਮਰਥਕਾਂ ਨੂੰ ਛੱਡਕੇ ਆਪਣੇ ਵਿਰੋਧੀ ਅਤੇ ਕਾਂਗਰਸ ਸਮਰਥਕਾਂ ਨੂੰ ਸਥਾਪਿਤ ਕਰ ਰਹੀ ਹੈ। ਸਾਡੇ ਅਨੁਸਾਰ ਕਿਸੇ ਵੀ ਸਰਕਾਰ ਦਾ ਕੰਮ ਸਮਾਜ ਵਿੱਚ ਅਮਨ-ਸ਼ਾਂਤੀ ਬਹਾਲ ਕਰਨਾ ਹੁੰਦਾ ਹੈ ਅਤੇ ਅਮਨ ਸ਼ਾਂਤੀ ਏਕਤਾ ਨਾਲ ਹੀ ਸੰਭਵ ਹੁੰਦੀ ਹੈ। ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਨਾਮਧਾਰੀ ਪੰਥ ਅਤੇ ਦੁਨੀਆ ਵਿੱਚ ਏਕਤਾ ਚਾਹੁੰਦੇ ਹਾਂ ਜਦਕਿ ਠਾਕੁਰ ਉਦੈ ਸਿੰਘ ਜੀ ਏਕਤਾ ਦੇ ਵਿਰੋਧੀ ਹਨ ਅਤੇ ਸਦਾ ਹੀ ਸਮਾਜ ਨੂੰ ਪਾੜਕੇ ਰੱੱਖਦੇ ਹਨ। ਹਿੰਸਾ ਕਰਕੇ ਅਮਨ-ਸ਼ਾਂਤੀ ਭੰਗ ਕਰਦੇ ਹਨ। ਫੇਰ ਵੀ ਸਰਕਾਰ ਪੱਖਪਾਤ ਕਰਕੇ ਉਹਨਾਂ ਨੂੰ ਸਥਾਪਤ ਕਰ ਰਹੀ ਹੈ। 
ਇਸੇ ਦੌਰਾਨ ਠਾਕੁਰ ਦਲੀਪ ਸਿੰਘ ਦੇ ਸਮਰਥਕ ਖੁੱਲ ਕੇ ਆਰ ਐਸ ਐਸ ਦੀ ਹਮਾਇਤ ਵਿੱਚ ਆ ਗਏ ਅਤੇ ਠਾਕੁਰ ਉਦੈ ਸਿੰਘ ਦੇ ਸਮਰਥਕਾਂ ਨੇ ਕਾਂਗਰਸ ਪਾਰਟੀ ਦੇ ਨਾਲ ਨਾਲ ਖੱਬੇਪੱਖੀਆਂ ਨਾਲ ਵੀ ਭੈਣੀ ਸਾਹਿਬ ਦਾ ਰਵਾਇਤੀ ਮੇਲਜੋਲ ਹੋਰ ਵਧਾ ਲਿਆ।  ਦੂਜੇ ਪਾਸੇ ਆਰ ਐਸ ਐਸ ਮੁਖੀ ਡਾਕਟਰ ਮੋਹਨ ਭਾਗਵਤ ਅਤੇ ਹੋਰ ਬੀਜੇਪੀ ਲੀਡਰ ਵੀ ਠਾਕੁਰ ਦਲੀਪ ਸਿੰਘ ਹੁਰਾਂ ਦੇ ਸਮਾਗਮਾਂ ਵਿੱਚ ਪੁੱਜਦੇ ਰਹੇ।
ਹੁਣ ਆਰ ਐਸ ਐਸ ਅਤੇ ਭਾਜਪਾ ਦੀ ਹਮਾਇਤ 'ਤੇ ਖੜੋਤੇ ਨਾਮਧਾਰੀ ਇਸ ਗੱਲ ਕਰਕੇ ਵੀ ਔਖੇ ਹਨ ਕਿ ਸਾਡੇ ਸਮਰਥਨ ਦੇ ਬਾਵਜੂਦ ਕੇਂਦਰ ਸਰਕਾਰ ਕਾਂਗਰਸ ਸਮਰਥਕ ਧੜੇ ਨੂੰ ਆਪਣੀ "ਮਾਣਤਾ" ਕਿਓਂ ਦੇ ਰਹੀ ਹੈ? ਉਹਨਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਨਾਮਧਾਰੀ ਪੰਥ ਦੀ ਗੱਦੀ ਸਤਿਗੁਰੂ ਦਲੀਪ ਸਿੰਘ ਨਾਮਧਾਰੀ ਨੂੰ ਮਿਲੀ ਹੈ ਅਤੇ ਉਹ ਇਸ ਵੇਲੇ  ਨਾਮਧਾਰੀਆਂ ਦੇ ਮੌਜੂਦਾ ਗੁਰੂ ਹਨ। ਉਹਨਾਂ ਦਾ ਕਹਿਣਾ ਹੈ ਕਿ ਠਾਕੁਰ ਉਦੈ ਸਿੰਘ ਨੇ ਤਾਂ ਆਪਣੇ ਮਾਤਾ-ਪਿਤਾ ਨੂੰ ਧੱਕੇ ਨਾਲ ਬਾਹਰ ਕੱਢਕੇ ਡੇਰਾ ਭੈਣੀ ਸਾਹਿਬ ਉੱਤੇ ਕਬਜਾ ਕੀਤਾ ਹੈ ਅਤੇ ਉਹਨਾਂ ਨੇ ਮਾਤਾ ਚੰਦ ਕੌਰ ਜੀ ਨੂੰ ਡਰਾ-ਧਮਕਾ ਕੇ ਆਪਣੇ ਆਪ ਨੂੰ ਗੁਰੂ ਐਲਾਨ ਕਰਵਾਇਆ ਹੈ। ਅਸੀਂ ਅਸਲੀ ਨਾਮਧਾਰੀ ਹਾਂ ਕਿਉਂਕਿ ਅਸੀਂ ਆਪਣੇ ਗੁਰੂ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ "ਸਰਬੱਤ ਖਾਲਸੇ ਨੇ ਮਿਲਕੇ ਰਹਿਣਾ" ਨੂੰ ਮੰਨਕੇ ਪੰਥਕ ਏਕਤਾ ਲਈ ਲਗਾਤਾਰ ਯਤਨਸ਼ੀਲ ਹਾਂ ਜਦਕਿ ਠਾਕੁਰ ਉਦੈ ਸਿੰਘ ਜੀ ਪੰਥਕ ਏਕਤਾ ਲਈ ਹਰ ਕੋਸ਼ਿਸ਼ ਨੂੰ ਲਗਾਤਾਰ ਨਾਕਾਮ ਕਰਕੇ ਪੰਥ ਨੂੰ ਪਾੜ ਰਹੇ ਹਨ।
ਨਾਮਧਾਰੀ ਸਤਿਸੰਗ ਸੇਵਾ ਸੋਸਾਇਟੀ ਨੇ ਕਿਹਾ ਹੈ ਕਿ ਇਹ ਮੌਕਾ ਅਜਿਹੇ ਸਮਾਗਮ ਨਾਲ ਜੇਕਰ ਸਰਕਾਰ ਨੇ ਮਨਾਉਣਾ ਹੀ ਹੈ ਤਾਂ ਉਹ ਸਤਿਗੁਰੂ ਦਲੀਪ ਸਿੰਘ ਨਾਮਧਾਰੀ ਨਾਲ ਮਿਲਕੇ ਮਨਾਵੇ, ਠਾਕੁਰ ਉਦੈ ਸਿੰਘ ਜੀ ਨਾਲ ਨਹੀਂ। ਇਸ ਬਿਆਨ ਵਿੱਚ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਸਮਾਗਮ ਮਨਾਉਣਾ, ਵੱਡੀ ਗਿਣਤੀ ਵਿੱਚ ਨਾਮਧਾਰੀ ਸੰਗਤਾਂ ਦੀ ਨਾਰਾਜ਼ਗੀ ਦਾ ਕਾਰਨ ਬਣੇਗਾ। ਇਸ ਲਈ ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮਾਗਮ ਨੂੰ ਅੱਗੇ ਪਾ ਦਿੱਤਾ ਜਾਵੇ ਅਤੇ ਨਾਮਧਾਰੀ ਪੰਥ ਦੀ ਏਕਤਾ ਕਰਵਾਉਣ ਤੋਂ ਬਾਅਦ ਇਹ ਸਮਾਗਮ ਕਰਵਾਇਆ ਜਾਵੇ। ਵਰਨਣਯੋਗ ਹੈ ਕਿ ਏਕਤਾ ਨੂੰ ਤਤਪਰ ਨਾਮਧਾਰੀ ਸੰਗਤ ਨੇ ਸਰਕਾਰ ਨੂੰ ਪੰਥ ਦੀ ਏਕਤਾ ਲਈ ਬਹੁਤ ਵਾਰ ਬੇਨਤੀ ਕੀਤੀ ਸੀ, ਪਰ ਸਰਕਾਰ ਨੇ ਏਕਤਾ ਨਾ ਕਰਵਾਕੇ ਅਤੇ ਇਹ ਸਮਾਗਮ ਵਾਲਾ  ਨਾਟਕੀ ਕੰਮ ਕਰਕੇ ਪੰਥ ਦੀਆਂ ਦੂਰੀਆਂ ਹੋਰ ਵਧਾ ਦਿੱੱਤੀਆਂ ਹਨ।  
ਨਾਮਧਾਰੀਆਂ ਦੇ ਇਸ ਧੜੇ ਦੇ ਨੇੜਲੇ ਸੂਤਰਾਂ ਮੁਤਾਬਿਕ ਇਸ ਸਬੰਧ ਵਿੱਚ ਨਾਮਧਾਰੀਆਂ ਦਾ ਇੱਕ ਵਫਦ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਮਿਲਿਆ ਅਤੇ ਇਸ ਸਮਾਗਮ ਦੇ ਐਲਾਨ ਨਾਲ ਪੈਦਾ ਹੋਈ ਸਾਰੀ ਸਥਿਤੀ ਤੋਂ ਵੀ ਉਹਨਾਂ ਨੂੰ ਜਾਣੂ ਕਰਵਾਇਆ। ਹੁਣ ਦੇਖਣਾ ਹੈ ਕਿ ਇਸ ਸਮਾਗਮ ਬਾਰੇ ਕੇਂਦਰ ਸਰਕਾਰ ਕੀ ਰਣਨੀਤੀ ਅਖਤਿਆਰ ਕਰਦੀ ਹੈ। 

No comments: