Monday, September 17, 2018

GCG ਲੁਧਿਆਣਾ ਵਿੱਚ ਮਨਾਇਆ ਗਿਆ ਪਾਸ਼ ਦਾ ਜਨਮਦਿਨ

 ਵਿਦਿਆਰਥਣਾਂ ਨੇ ਪਾਸ਼ ਦੀਆਂ ਕਵਿਤਾਵਾਂ ਸੁਣਾਈਆਂ 
ਲੁਧਿਆਣਾ: 17 ਸਤੰਬਰ 2018: (ਪੰਜਾਬ ਸਕਰੀਨ ਬਿਊਰੋ)::
ਪਾਸ਼ ਨੇ ਸਾਰੀ ਉਮਰ ਲੋਕਾਂ ਦੇ ਹੱਕ ਵਿੱਚ ਅਤੇ ਸੱਤਾ ਦੇ ਖਿਲਾਫ਼ ਲਿਖਿਆ। ਸਰਕਾਰਾਂ ਨੂੰ ਲੰਮੇ ਹੱਥੀਂ ਲੈਣ ਵਾਲੇ ਪਾਸ਼ ਦੀ ਕਵਿਤਾ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਅੱਜ ਵੀ ਉਸ ਦੀ ਪਰਸੰਗਿਕਤਾ ਘੱਟ ਨਹੀਂ ਹੋਈ। ਇਹ ਪਾਸ਼ ਦੀ ਕਵਿਤਾ ਦੇ ਸ਼ਬਦਾਂ ਦਾ ਜਾਦੂ ਹੀ ਸੀ ਕਿ ਇਹ ਕਵਿਤਾ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਗਈ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਦੇ ਸਿਲੇਬਸਾਂ ਤੱਕ ਵੀ ਪਹੁੰਚੀ। ਤਹਿਸੀਲ ਨਕੋਦਰ ਦੇ ਪਿੰਡ ਤਲਵੰਡੀ ਸਲੇਮ ਵਿੱਚ 09 ਸਤੰਬਰ 1950 ਨੂੰ ਜਨਮ ਲੈਣ ਵਾਲੇ ਪਾਸ਼ ਦੀ ਕਵਿਤਾ ਗੈਰ ਪੰਜਾਬੀ ਕਲਾਕਾਰਾਂ ਨੇ ਵੀ ਗਾਈ। ਪਾਸ਼ ਦੀ ਕਵਿਤਾ ਅੱਜ ਵੀ ਸਾਹਿਤਿਕ ਸਮਾਗਮਾਂ ਦਾ ਇੱਕ ਜ਼ਰੂਰੀ ਅੰਗ ਮਹਿਸੂਸ ਕੀਤੀ ਜਾਂਦੀ ਹੈ। ਅੱਜ ਵੀ ਕਈ ਲੇਖਕ/ਸ਼ਾਇਰ ਆਪਣੀ ਕਵਿਤਾ ਤੋਂ ਪਹਿਲਾਂ ਪਾਸ਼ ਦੀ ਕਵਿਤਾ ਸੁਣਾਉਂਦੇ ਹਨ-ਕਦੇ ਜੋਸ਼ ਨਾਲ ਅਤੇ ਕਦੇ ਗੁਣਗੁਣਾ ਕੇ। 
ਸਮਾਜ ਵਿਚਲੀਆਂ ਬੇਇਨਸਾਫੀਆਂ ਅਤੇ ਸਰਕਾਰ ਦੀਆਂ ਵਧੀਕੀਆਂ ਦੇ ਖਿਲਾਫ਼ ਖੁਲ ਕੇ ਲਿਖਣ ਵਾਲੇ ਪਾਸ਼ ਦੇ ਦਿਲ ਵਿੱਚ ਅੰਤਾਂ ਦਾ ਮੋਹ ਵੀ ਸੀ। ਅਵਤਾਰ ਸਿੰਘ ਸੰਧੂ ਦੇ ਉਪਨਾਮ ਅਰਥਾਤ ਤਖੱਲਸ "ਪਾਸ਼" ਪਿਛੇ ਲੁਕੀ ਕਹਾਣੀ ਕੁਝ ਅਜਿਹਾ ਹੀ ਇਸ਼ਾਰਾ ਦੇਂਦੀ ਹੈ। ਜਦੋਂ ਪਾਸ਼ ਨੇ ਜਲੰਧਰ ਛਾਉਣੀ ਦੇ ਜੈਨ ਹਾਈ ਸਕੂਲ ਤੋਂ ਨੋਵੀਂ ਪਾਸ ਕੀਤੀ ਤਾਂ ਉੱਥੇ ਇੱਕ ਅਧਿਆਪਕਾ ਪਰਵੇਸ਼ ਦੇ ਨਾਲ ਉਸਨੂੰ ਆਦਰਸ਼ਕ ਮੋਹ ਹੋ ਗਿਆ। ਬਾਅਦ ਵਿੱਚ ਉੱਸੇ ਦੇ ਨਾਮ ਦਾ ਪਹਿਲਾ ਅੱਖਰ ਅਤੇ ਆਖਿਰੀ ਅੱਖਰ ਨੂੰ ਜੋੜ ਕੇ ਉਸ ਨੇ ਆਪਣਾ ਉਪ ਨਾਮ ਪਾਸ਼ ਰੱਖਿਆ। ਹੁਣ ਤਕਰੀਬਨ ਸਭ ਨੂੰ ਉਸਦਾ ਇਹੀ ਨਾਮ ਯਾਦ ਹੈ ਪਾਸ਼। ਭਾਵੇਂ ਪਾਸ਼ ਦਾ ਜਨਮ ਦਿਨ 9 ਸਤੰਬਰ ਨੂੰ ਲੰਘ ਚੁੱਕਿਆ ਹੈ ਪਰ ਇਸ ਦਿਨ ਨੂੰ ਮਨਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਅੱਜ ਵੀ ਪਾਸ਼ ਲੋਕਾਂ ਦੇ ਦਿਲਾਂ ਵਿੱਚ ਇੱਕ ਨਾਇਕ ਵਾਂਗ ਵੱਸਦਾ ਹੈ। ਉਸਨੂੰ ਯਾਦ ਕਰਨਾ ਅੱਜ ਦੀਆਂ ਮੁਸੀਬਤਾਂ ਵਿਰੁੱਧ ਸੰਘਰਸ਼ ਲਈ ਇੱਕ ਨਵਾਂ ਉਤਸ਼ਾਹ ਪੈਦਾ ਕਰਨ ਵਾਂਗ ਹੈ। ਪਾਸ਼ ਅਤੇ ਉਸਦੀ ਕਵਿਤਾ ਯਾਦ ਕਰਾਉਂਦੀ ਹੈ: ਅਸੀਂ ਲੜਾਂਗੇ ਸਾਥੀ: ਪਾਸ਼ ਅਤੇ ਉਸਦੀ ਕਵਿਤਾ ਜ਼ੁਲਮ ਅਤੇ ਬੇਇਨਸਾਫੀ ਦਾ ਜ਼ਿਕਰ ਹੀ ਨਹੀਂ ਕਰਦੀ ਬਲਕਿ ਉਸਦੇ
ਖਿਲਾਫ ਜੱਦੋਜਹਿਦ ਦੀ ਪ੍ਰੇਰਣਾ ਵੀ ਬਣਦੀ ਹੈ। 
ਪਾਸ਼ ਦਾ ਜਨਮ ਦਿਨ ਜੀਸੀਜੀ ਅਰਥਾਤ "ਗੌਰਮਿੰਟ ਕਾਲਜ  ਫਾਰ ਗਰਲਜ਼"  ਵਿੱਚ ਇੱਕ ਖਾਸ ਦਿਨ ਵੱਜੋਂ ਮਨਾਇਆ ਗਿਆ। ਇਹ ਦਿਨ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਬੜੇ ਹੀ ਉਤਸ਼ਾਹ ਵਾਲਾ ਯਾਦਗਾਰੀ ਦਿਨ ਹੋ ਨਿੱਬੜਿਆ। ਇੰਝ ਲੱਗਦਾ ਸੀ ਜਿਵੇਂ ਜੀਸੀਜੀ ਉਸ ਦਿਨ ਜੇ ਐਨ ਯੂ ਬਣ ਗਿਆ ਹੋਵੇ। ਪੰਜਾਬੀ ਦੇ ਪਰਸਿੱਧ ਕਵੀ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਇਸ ਸਮਾਗਮ ਨਾਲ ਲੁਧਿਆਣਾ ਵਿੱਚ ਸਥਿਤ ਲੜਕੀਆਂ ਦੇ ਇਸ ਸਰਕਾਰੀ ਕਾਲਜ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋਇਆ। ਇੱਕ ਨਵੀਂ ਨਵੀਂ ਚੇਤਨਾ ਪੈਦਾ ਹੋਈ। । ਇਸ ਸਮਾਗਮ ਵਿੱਚ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਹਿੰਦੀ ਵਿਭਾਗ ਦੇ ਮੁਖੀ ਪਰੋ. [ਡਾ.] ਰਾਕੇਸ਼ ਕੁਮਾਰ ਜੀ ਨੇ ਮੁੱਖ ਬੁਲਾਰੇ  ਦਾ ਰੋਲ ਅਦਾ ਕੀਤਾ। ਵਿਭਾਗ ਦੀ ਮੁਖੀ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਜੀ ਨੇ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਅਤੇ ਡਾ. ਰਾਕੇਸ਼ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਰਸਮੀ ਸਵਾਗਤ ਕੀਤਾ ਅਤੇ ਪਾਸ਼ ਦੀ ਨਿੱਜੀ ਜਿੰਦਗੀ ਤੇ ਕਵਿਤਾ ਉੱਪਰ ਆਪਣੇ ਵਿਚਾਰ ਪਰਗਟ ਕੀਤੇ। ਇਸ ਮੌਕੇ ਤੇ ਐਮ.ਏ. ਪੰਜਾਬੀ ਭਾਗ ਪਹਿਲਾ ਦੀ ਸ਼ਿਵਾਨੀ ਨੇ ਪਾਸ਼ ਦੇ ਜੀਵਨ ਅਤੇ ਕਵਿਤਾ ਬਾਰੇ ਆਪਣੇ ਵਿਚਾਰ ਰੱਖੇ। ਕਾਲਜ ਦੀਆਂ ਵਿਦਿਆਰਥਣਾਂ ਕਿਰਨ, ਤਜਿੰਦਰ ਕੌਰ, ਪੁਸ਼ਪਿੰਦਰ ਕੌਰ ਅਤੇ ਅਮਨ ਨੇ ਪਾਸ਼ ਦੀਆਂ ਕਵਿਤਾਵਾਂ ਸੁਣਾਈਆਂ। ਕਾਲਜ ਦੀ ਪ੍ਰਿੰਸੀਪਲ ਸ਼ਰੀਮਤੀ ਸਵਿਤਾ ਸ਼ਰਮਾ ਜੀ ਨੇ ਪੰਜਾਬੀ ਭਾਸ਼ਾ 'ਤੇ ਮਾਣ ਕਰਨ ਦੇ ਨਾਲ-ਨਾਲ ਭਾਸ਼ਾਈ ਏਕਤਾ ਤੇ ਜ਼ੋਰ ਦਿੱਤਾ। ਪਾਸ਼ ਦਾ ਸੁਨੇਹਾ ਇੱਕ ਵਾਰ ਫੇਰ ਅੱਜ ਦੇ ਸਮੇਂ ਵਾਲੇ ਸੱਚ ਦੀ ਆਵਾਜ਼ ਬਣ ਕੇ ਗੂੰਜਿਆ। ਬੜੀ ਹੀ ਬੇਖੌਫ਼ੀ ਨਾਲ। ਬੜੇ ਹੀ ਜੋਸ਼ ਨਾਲ। ਬੜੇ ਹੀ ਉਤਸ਼ਾਹ ਨਾਲ। 
ਪਾਸ਼ ਦੀ ਕਵਿਤਾ ਨੇ ਅਜੋਕੀ ਸਮਾਜਿਕ ਅਤੇ ਸਿਆਸੀ ਸਥਿਤੀ ਅਬਰੇ ਵੀ ਚਾਨਣਾ ਪਾਇਆ। ਪਾਸ਼ ਦੀ ਕਵਿਤਾ ਨੇ ਵਿਦਿਆਰਥੀ ਵਰਗ ਦੇ ਮਨਾਂ ਵਿੱਚ ਬਹੁਤ ਸਾਰੇ ਸੁਆਲ ਪੈਦਾ ਕੀਤੇ ਜਿਹਨਾਂ ਦੇ ਜੁਆਬਾਂ ਦੀ ਭਾਲ ਨਿਸ਼ਚੇ ਹੀ ਵਿਦਿਆਰਥੀ ਵਰਗ ਨੂੰ ਇੱਕ ਨਵਾਂ ਰਸਤਾ ਦਿਖਾਏਗੀ। ਨਿਰਾਸ਼ਾ ਅਤੇ ਭੰਬਲਭੂਸੇ ਵਾਲੀ ਮੌਜੂਦਾ ਸਥਿਤੀ ਵਿੱਚ ਪਾਸ਼ ਦੀ ਕਵਿਤਾ ਜਿੱਥੇ ਜਾਬਰਾਂ ਅਤੇ ਜ਼ਾਲਮਾਂ ਨੂੰ ਬੇਨਕਾਬ ਕਰਦੀ ਹੈ ਉੱਥੇ ਆਮ ਵਿਅਕਤੀ ਨੂੰ ਠੀਕ ਅਤੇ ਸਹੀ ਦੀ ਚੋਣ ਵਿੱਚ ਸਹਾਇਤਾ ਵੀ ਦੇਂਦੀ ਹੈ। ਮੰਚ ਸੰਚਾਲਨ ਦੀ ਭੂਮਿਕਾ ਪੰਜਾਬੀ ਵਿਭਾਗ ਦੀ ਅਧਿਆਪਕਾਂ ਡਾ. ਜਸਲੀਨ ਕੌਰ ਨੇ ਨਿਭਾਈ। ਇਸ ਮੌਕੇ ਤੇ ਸਮੂਹ ਪੰਜਾਬੀ ਵਿਭਾਗ ਅਤੇ ਡਾ. ਪਵਨ ਕੁਮਾਰ, ਮੁਖੀ ਸੰਸਕ੍ਰਿਤ ਵਿਭਾਗ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।  ਕੁਲ ਮਿਲਾ ਕੇ ਇਹ ਇੱਕ ਸਾਡਾ ਪਰ ਯਾਦਗਾਰੀ ਸਮਾਗਮ ਰਿਹਾ। ਇਸ ਸਮਾਗਮ ਨੇ ਜਿੱਥੇ ਪਾਸ਼ ਦੀ ਕਵਿਤਾ ਵਿਚਲੀ ਚੇਤਨਾ ਵਿਦਿਆਰਥਣਾਂ ਤੱਕ ਪਹੁੰਚਾਈ ਉੱਥੇ ਇਹ ਸਾਬਿਤ ਵੀ ਕੀਤਾ ਕਿ ਅੱਜ ਵੀ ਪਾਸ਼ ਨੂੰ ਕਿੰਨੇ ਜਜ਼ਬੇ ਅਤੇ ਉਤਸ਼ਾਹ ਨਾਲ ਪੜ੍ਹਿਆ ਸੁਣਿਆ ਜਾਂਦਾ ਹੈ। ਅੱਜ ਦੇ ਸਮਾਗਮ ਨੇ ਪਾਸ਼ ਦੀ ਹਰਮਨਪਿਆਰਤਾ ਨੂੰ ਇੱਕ ਵਾਰ ਫੇਰ ਸਾਬਿਤ ਕੀਤਾ। ਇਹ ਗੱਲ ਇੱਕ ਵਾਰ ਫੇਰ ਸਾਬਿਤ ਹੋਈ ਕਿ ਜਿਸ ਪਾਸ਼ ਨੂੰ ਕਤਲ ਕਰ ਦਿੱਤਾ ਗਿਆ ਸੀ ਉਹ ਪਾਸ਼ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ। ਉਹ ਅੱਜ ਵੀ ਦੱਸ ਰਿਹਾ ਕਿ ਕਿ ਕੀ ਹੁੰਦਾ ਹੈ ਸਭ ਤੋਂ ਵੱਧ ਖਤਰਨਾਕ? ਕੀ ਹੁੰਦੀ ਹੈ ਮੁਰਦਾ ਸ਼ਾਂਤੀ? ਕਿਓਂ ਖਤਰਨਾਕ ਹੈ ਸਾਡੇ ਵਿੱਚੋਂ ਤੜਪ ਦਾ ਮਰ ਜਾਣਾ। ਉਹ ਅੱਜ ਵੀ ਐਲਾਨ ਕਰਦਾ ਹੈ ਕਿ ਅਸੀਂ ਲੜਾਂਗੇ ਸਾਥੀ। 
ਪਾਸ਼ ਦੀ ਇਸ ਕਵਿਤਾ ਦੇ ਕੁਝ ਅੰਸ਼:
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ………….
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ

ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ…
ਪਾਸ਼ ਦੀ ਇੱਕ ਰਚਨਾ ਹੋਰ ਜਿਹੜੀ ਬਹੁਤ ਕੁਝ ਆਖਦੀ ਹੈ:

ਦਰੋਣਾਚਾਰੀਆ ਦੇ ਨਾਂਅ
ਮੇਰੇ ਗੁਰਦੇਵ ! ਜੇ ਓਦੋਂ ਹੀ ਤੁਸੀਂ ਇਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ
ਤਾਂ ਕਹਾਣੀ ਹੋਰ ਸੀ……

ਪਰ ਐਨ. ਸੀ. ਸੀ. ਵਿਚ
ਤੁਸਾਂ ਬੰਦੂਕ ਚੁੱਕਣ ਦਾ ਨੁਕਤਾ ਤਾਂ ਆਪ ਦੱਸਿਆ ਸੀ
ਕਿ ਆਪਣੇ ਦੇਸ਼ ਦੇ ਉੱਤੇ
ਜਦੋਂ ਕੋਈ ਭੀੜ ਬਣ ਜਾਵੇ
ਤਾਂ ਕੀਕਣ ਟਾਰਗਟ ਦੁਸ਼ਮਣ ਨੂੰ ਧਾਰ ਕੇ
ਤੇ ਘੋੜਾ ਨੱਪ ਦੇਣਾ ਹੈ-

ਹੁਣ ਜਦੋਂ ਦੇਸ਼ ਉੱਤੇ ਭੀੜ ਆਈ ਹੈ
ਮੇਰੇ ਗੁਰਦੇਵ !
ਆਪੂੰ ਹੀ ਤੁਸੀਂ ਦਰਯੋਧਨਾਂ ਸੰਗ ਜਾ ਖਲੋਤੇ ਹੋ
ਪਰ ਹੁਣ ਤੁਹਾਡਾ ਚੱਕਰ-ਵਯੂਹ
ਕਿਧਰੇ ਵੀ ਕਾਰਗਰ ਨਹੀਂ ਹੋਣਾ
ਤੇ ਪਹਿਲੇ ਵਾਰ ਅੰਦਰ ਹੀ
ਹਰ ਘਣਚੱਕਰ ਦਾ
ਚੁਰਾਸੀ-ਚੱਕਰ ਕੱਟਿਆ ਜਾਵੇਗਾ
ਹਾਂ, ਜੇ ਬਾਲ ਉੱਮਰੇ ਹੀ, ਤੁਸੀਂ ਇਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ ਤਾਂ ਕਹਾਣੀ ਹੋਰ ਸੀ…

No comments: