Saturday, January 20, 2018

ਕੀ ਜੋਤਿਸ਼ ਸ਼ਚਮੁੱਚ ਇੱਕ ਤੁੱਕਾ ਹੈ ਜਾਂ ਪੂਰਾ ਵਿਗਿਆਨ?

ਤਰਕਸ਼ੀਲ ਸੁਸਾਇਟੀ ਵੱਲੋਂ ਜੋਤਿਸ਼ ਦੇ ਵਿਸ਼ੇ 'ਤੇ ਸੈਮੀਨਾਰ 21 ਜਨਵਰੀ ਨੂੰ?
ਲੁਧਿਆਣਾ: 15 ਜਨਵਰੀ 2018: (ਪੰਜਾਬ ਸਕਰੀਨ ਟੀਮ):: 
ਜੋਤਿਸ਼ ਨੂੰ ਅੰਧ ਵਿਸ਼ਵਾਸ ਕਹਿਣ ਵਾਲਿਆਂ ਦੀ ਕਮੀ ਕਦੇ ਵੀ ਨਹੀਂ ਰਹੀ। ਇਸਦੇ ਬਾਵਜੂਦ ਜੋਤਿਸ਼ 'ਤੇ ਵਿਸ਼ਵਾਸ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਚਲੀ ਜਾ ਰਹੀ ਹੈ। ਵੱਡੀਆਂ ਵੱਡੀਆਂ ਅਖਬਾਰਾਂ ਅਤੇ ਚੈਨਲਾਂ ਉੱਤੇ ਆਉਂਦੇ ਰਾਸ਼ੀਫਲ ਨੂੰ ਪੜ੍ਹਨ ਵਾਲਿਆਂ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਸਗੋਂ ਜ਼ਿਆਦਾ ਹੁੰਦੀ ਹੈ। ਅੰਗਰੇਜ਼ੀ ਅਖਬਾਰਾਂ ਵਿੱਚ ਛਪਦੇ ਰਾਸ਼ੀਫਲ ਨੂੰ ਉਹ ਲੋਕ ਵੀ ਕਿਸੇ ਨ ਕਿਸੇ ਕੋਲੋਂ ਪੜ੍ਹਾਉਂਦੇ ਹਨ ਜਿਹਨਾਂ ਨੂੰ ਖੁਦ ਚੰਗੀ ਤਰਾਂ ਅੰਗਰੇਜ਼ੀ ਨਹੀਂ ਆਉਂਦੀ ਹੁੰਦੀ। ਜੋਤਿਸ਼ੀਆਂ ਦਾ ਪ੍ਰਭਾਵ ਸਿਆਸਤ ਨਾਲ ਜੁੜੇ ਲੋਕਾਂ ਵਿੱਚ ਵੀ ਕਾਫੀ ਹੈ। ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਖੁਲ ਕੇ ਜੋਤਿਸ਼ੀਆਂ ਕੋਲ ਜਾਂਦੇ ਹਨ ਅਤੇ ਕੁਝ ਲੋਕ ਲੁੱਕ ਕੇ। ਲੁਧਿਆਣਾ ਦੇ ਕਰੀਮਪੁਰਾ ਬਾਜ਼ਾਰ ਵਿੱਚ ਇੱਕ ਪ੍ਰਸਿੱਧ ਹਿੰਦੀ ਲੇਖਕ ਰਹਿੰਦੇ ਸਨ ਡਾਕਟਰ ਗਿਆਨ ਸਿੰਘ ਮਾਨ। ਉਹ ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਵੀ ਰਹੇ। ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੂੰ ਮਾਣ ਸਨਮਾਣ ਵੀ ਮਿਲੇ। ਮੈਨੂੰ ਯਾਦ ਹੈ ਕਿ ਉਹਨਾਂ ਦਾ ਚੁਬਾਰਾ ਉਸ ਵੇਲੇ ਦੇ ਇੱਕ ਪ੍ਰਸਿੱਧ ਅਕਾਲੀ ਲੀਡਰ ਦੇ ਘਰ ਸਾਹਮਣੇ ਹੁੰਦਾ ਸੀ। ਡਾਕਟਰ ਗਿਆਨ ਸਿੰਘ ਮਾਨ ਕੋਲੋਂ ਜੋਤਿਸ਼ ਲਵਾਉਣ ਲਈ ਉਸ ਵੇਲੇ ਦੇ ਮੰਨੇ ਪ੍ਰਮੰਨੇ ਲੀਡਰ ਬੁੱਕਲ ਵਿੱਚ ਮੂੰਹ ਸਿਰ ਬੁੱਕਲ ਵਿੱਚ ਲੁਕੋ ਕੇ ਜਾਇਆ ਕਰਦੇ ਸਨ-ਸਿਰਫ ਆਪਣੇ ਭਵਿੱਖ ਬਾਰੇ ਜਾਨਣ ਅਤੇ ਉਸਦੇ ਉਪਾਅ ਪੁੱਛਣ। ਉਂਗਲੀਆਂ ਦੀਆਂ ਲਕੀਰਾਂ ਨੂੰ ਸਾਰੀ ਦੁਨੀਆ ਵਿੱਚ ਮਾਣਤਾ ਮਿਲੀ ਹੋਈ ਹੈ। ਸਾਰੀ ਫੋਰੈਂਸਿਕ ਸਾਇੰਸ ਇਸ ਨੂੰ ਵਰਤੋਂ ਵਿੱਚ ਲਿਆਉਂਦੀ ਹੈ। ਅਧਾਰ ਕਾਰਡ ਤੱਕ ਇਹਨਾਂ ਨਿਸ਼ਾਨਾਂ ਦੀ ਵਰਤੋਂ ਹੁੰਦੀ ਹੈ। ਇਸ ਲਈ ਸਮਝ ਤੋਂ ਬਾਹਰ ਹੈ ਕਿ ਜੇ ਉਂਗਲੀਆਂ ਦੇ ਨਿਸ਼ਾਨਾਂ ਦੀ ਅਹਿਮੀਅਤ ਹੁੰਦੀ ਹੈ ਤਾਂ ਹੱਥ ਦੇ ਬਾਕੀ ਹਿੱਸੇ ਦੀਆਂ ਲਕੀਰਾਂ ਫਿਜ਼ੂਲ ਕਿਵੇਂ ਹੋ ਸਕਦੀਆਂ ਹਨ?
ਸਮੁੰਦਰ ਦਾ ਜਵਾਰਭਾਟਾ ਵੀ ਅਜਿਹੀ ਪ੍ਰਕਿਰਿਆ ਹੈ ਜਿਸ ਨੂੰ ਵਿਗਿਆਨ ਮੰਨਦਾ ਹੈ। ਜੇ ਚੰਦਰਮਾ ਵਿਸ਼ਾਲ ਸਮੁੰਦਰ ਦੇ ਪਾਣੀ ਉੱਤੇ ਆਪਣਾ ਪ੍ਰਭਾਵ ਪਾ ਸਕਦਾ ਹੈ ਤਾਂ ਇਨਸਾਨ ਦੇ ਪੇਟ ਵਿੱਚ ਮੌਜੂਦ ਪਾਣੀ ਉੱਤੇ ਕਿਓਂ ਨਹੀਂ? ਸ਼ਾਇਦ ਪੂਰਨਮਾਸ਼ੀ ਅਤੇ ਮੱਸਿਆ ਦੇ ਵਰਤਣ ਦਾ ਕਾਰਨ ਇਹੀ ਹੁੰਦਾ ਹੈ। ਜਵਾਰਭਾਟੇ ਸਮੇਂ ਮਨ ਦੀਆਂ ਤਰੰਗਾਂ ਅਤੇ ਦਿਮਾਗੀ ਸੋਚ ਵੀ ਪ੍ਰਭਾਵਿਤ ਹੁੰਦੀ ਹੈ।  ਕਵੀਆਂ ਸ਼ਾਇਰਾਂ ਨੂੰ ਚੰਦਰਮਾਂ ਵਿੱਚ ਆਪਣੀ ਮਹਿਬੂਬ ਨਜ਼ਰ ਆਉਂਦੀ ਹੈ ਅਤੇ ਗਰੀਬ ਨੂੰ ਚੰਨ ਰੋਟੀ ਵਰਗਾ ਲਗਦਾ ਹੈ। ਕੁਲ ਮਿਲਾ ਕੇ ਚੰਦਰਮਾ ਦੀ ਚਾਲ ਵੀ ਵਿਗਿਆਨ ਦੇ ਦਾਇਰੇ ਵਿੱਚ ਆਉਂਦੀ ਹੈ। ਦੱਸਿਆ ਜਾਂਦਾ ਹੈ ਕਿ ਉਹਨਾਂ ਦਿਨਾਂ ਵਿੱਚ ਪਾਗਲਖਾਨਿਆਂ ਵਿਛ੍ਕ ਭਰਤੀ ਹੋਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ। ਦੁਨੀਆ ਦੇ ਪ੍ਰਸਿੱਧ  ਜੋਤਿਸ਼ੀ ਦੁਨੀਆ ਭਰ ਵਿੱਚ ਵੱਖ ਵੱਖ ਢੰਗ ਤਰੀਕਿਆਂ ਨਾਲ ਆਪੋ ਆਪਣਾ ਨੈਟਵਰਕ ਚਲਾ ਰਹੇ ਹਨ। ਇਹਨਾਂ ਨੂੰ ਮੂੰਹਮੰਗੀਆਂ ਰਕਮਾਂ ਦੇਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਅੱਜਕਲ੍ਹ ਇਹ ਸਿਸਟਮ ਆਨਲਾਈਨ ਤਕਨੋਲੋਜੀ ਰਾਹੀਂ ਵੀ ਤੇਜ਼ੀ ਨਾਲ ਚੱਲ ਰਿਹਾ ਹੈ। 
ਹਾਂ ਇਹ ਗੱਲ ਵੱਖਰੀ ਹੈ ਕਿ ਰੋਜ਼ੀ ਰੋਟੀ ਦੇ ਚੱਕਰਾਂ ਨੇ ਇਸ ਖੇਤਰ ਵਿੱਚ ਵੀ ਅਡੰਬਰ ਅਤੇ ਅੰਧ ਵਿਸ਼ਵਾਸ ਚਿੰਤਾਜਨਕ ਹੱਦ ਤੱਕ ਵਧ ਦਿੱਤਾ ਹੈ। ਜੇ ਸੜਕਛਾਪ ਜੋਤਿਸ਼ੀਆਂ ਨੇ ਇਸ ਦੀ ਸਾਖ ਨੂੰ ਸੱਟ  ਮਾਰੀ ਹੈ ਤਾਂ ਇਸ ਕਾਰੋਬਾਰ ਰਾਂਹੀਂ ਵੱਡੇ ਵੱਡੇ ਮਹਿਲ ਮੁਨਾਰੇ ਖੜੇ ਕਰਨ ਵਾਲੇ ਵੀ ਘੱਟ ਨਹੀਂ ਹਨ। ਨੁਕਸਾਨ ਹੋਇਆ ਹੈ ਤਾਂ ਜੋਤਿਸ਼ ਬਾਰੇ ਨਿਰਪੱਖ ਕਿਸਮ ਦੀ ਵਿਗਿਆਨਕ ਜਾਂਚ ਦਾ। ਇਸਨੂੰ ਅੰਨੀ ਸ਼ਰਧਾ ਨਾਲ ਦੇਖਣ ਵਾਲਿਆਂ ਨੇ ਵੀ ਇੱਕ ਤਰਫ ਪਹੁੰਚ ਅਪਣਾਈ ਅਤੇ ਇਸ ਦਾ ਅੰਨਾ ਵਿਰੋਧ ਕਰਨ ਵਾਲਿਆਂ ਨੇ ਵੀ ਇਹੀ ਰਸਤਾ ਅਪਣਾਇਆ। 
ਇਸ ਬਾਰੇ ਵਿਗਿਆਨਕ ਪਹੁੰਚ ਦੇ ਰਸਤੇ ਖੁਲੇ ਰੱਖਦਿਆਂ ਇਸ ਖੇਤਰ ਵਿੱਚ ਹੁੰਦੀ ਆਰਥਿਕ ਲੁੱਟ ਬਾਰੇ ਚੇਤਨਾ ਜਗਾਉਣੀ ਵੀ ਜ਼ਰੂਰੀ ਹੈ। ਬਹੁਤ ਹੀ ਘੱਟ ਰੇਟਾਂ ਤੇ ਮਿਲਣ ਵਾਲੇ ਛੱਲੇ, ਨਗ, ਪੱਥਰ ਅਤੇ ਹੋਰ ਸਾਮਾਨ ਦੁਗਣੇ ਤਿਗਣੇ ਨਹੀਂ ਬਲਕਿ ਕਈ ਕਈ ਗੁਣਾਂ ਮਹਿੰਗੇ ਵੇਚੇ ਜਾਂਦੇ ਹਨ। ਇਸ ਦੇ ਨਾਲ ਮੰਤਰਾਂ ਅਤੇ ਜਾਪੁ ਦੀ ਕੀਮਤ ਵੀ ਸ਼ਾਮਲ ਕਰ ਲਈ ਜਾਂਦੀ ਹੈ। ਇਸ ਖੇਤਰ ਦੇ ਵਧਣ ਫੁੱਲਣ ਦਾ ਕਾਰਨ ਇਸਦੀਆਂ ਖੂਬੀਆਂ ਨਹੀਂ ਬਲਕਿ ਆਮ ਜਨਤਾ ਵਡੇ ਮਨਾਂ ਵਿੱਚ ਆ ਕਮਜ਼ੋਰੀ ਹੈ।  ਕਮਜ਼ੋਰ ਮਨ ਚਮਤਕਾਰਾਂ ਦੀ ਉਡੀਕ ਕਰਦਾ ਹੈ।  ਕ੍ਰਿਸ਼ਮੇ ਭਾਲਦਾ ਹੈ-ਜਿਹੜੇ ਅਕਸਰ ਨਹੀਂ ਹੁੰਦੇ। ਵੱਡੇ ਵੱਡੇ ਲੀਡਰਾਂ ਦੀਆਂ ਤਸਵੀਰਾਂ ਨੂੰ ਅਖਬਾਰਾਂ ਦੇ ਇਸ਼ਤਿਹਾਰਾਂ ਰਾਹੀਂ ਆਮ ਜਨਤਾ ਦੇ ਮਨਾਂ ਉੱਤੇ ਕਬਜ਼ਿਆਂ ਲਈ ਵਰਤਿਆ ਜਾਂਦਾ ਹੈ। ਅਜਿਹੀਆਂ ਤਸਵੀਰਾਂ ਉੱਤੇ ਕਾਨੂੰਨੀ ਪਾਬੰਦੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਾਲ ਤਸਵੀਰਾਂ ਖਿਚਵਾ ਕੇ ਇਹ ਲੋਕ ਆਮ ਜਨਤਾ ਉੱਤੇ ਇਹੀ ਪ੍ਰਭਾਵ ਪਾਉਂਦੇ ਹਨ ਕਿ ਸ਼ਾਇਦ ਉਹਨਾਂ ਦੀ ਭਵਿਖਵਾਣੀ ਜਾਂ ਮੰਤਰਜਾਪ ਕਾਰਨ ਹੀ ਫਲਾਂ ਫਲਾਂ ਵਿਅਕਤੀ ਏਨੇ ਵੱਡੇ ਰੁਤਬੇ ਜਾਂ ਅਹੁਦੇ 'ਤੇ ਪਹੁੰਚਿਆ। ਅੱਜ ਪੜ੍ਹੇ ਲਿਖੇ ਨੌਜਵਾਨ ਮੁੰਡਿਆਂ, ਕੁੜੀਆਂ, ਬੱਚਿਆਂ ਅਤੇ ਬਜੁਰਗਾਂ ਦੀਆਂ ਕਲਾਈਆਂ, ਡੋਲਿਆਂ ਜਾਂ ਗਲਾਂ ਵਿੱਚ ਧਾਗੇ ਤਵੀਤ ਆਮ ਦੇਖੇ ਜਾ ਸਕਦੇ ਹਨ। ਨਿਸ਼ਾਨ ਇਸ ਵਿੱਦਿਆ ਨੂੰ ਨਹੀਂ ਬਲਕਿ ਇਸ ਖੇਤਰ ਵਿਚਲੇ ਅਡੰਬਰੀ ਲੋਕਾਂ ਨੂੰ ਬਣਾਉਣਾ ਜ਼ਰੂਰੀ ਹੈ। 
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਵੱਲੋਂ 21 ਜਨਵਰੀ (ਐਤਵਾਰ) ਨੂੰ ਸਵੇਰੇ 11 ਵਜੇ "ਜੋਤਿਸ਼  ਇਕ ਤੁੱਕਾ " ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਹੋ ਰਹੇ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਮਾ. ਸੁਰਜੀਤ ਸਿੰਘ ਦੌਧਰ ਜੋਤਿਸ਼ ਦੀ ਉਤਪਤੀ ਅਤੇ ਇਸ ਦੇ ਗ਼ੈਰ ਵਿਗਿਆਨਿਕ ਹੋਣ ਬਾਰੇ ਤੱਥਾਂ ਭਰਪੂਰ ਜਾਣਕਾਰੀ ਦੇਕੇ ਜੋਤਸ਼ੀਆਂ ਦੇ ਢੌਂਗ ਨੂੰ ਨੰਗਾ ਕਰਨਗੇ। ਯਾਦ ਰਹੇ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸੈਮੀਨਾਰਾਂ ਦੀ ਲੜੀ ਅਨੁਸਾਰ ਇਹ 7ਵਾਂ ਸੈਮੀਨਾਰ ਹੈ ਜੋ ਕਿ ਬ੍ਰਹਿਮੰਡ ਅਤੇ ਜੀਵ ਦੀ ਉਤਪਤੀ ਵਿਸ਼ੇ ਤੋਂ ਸ਼ੁਰੂ ਕੀਤੀ ਗਈ ਸੀ। ਸੁਸਾਇਟੀ ਦੇ ਜਥੇਬੰਦਕ ਮੁਖੀ ਜਸਵੰਤ ਜੀਰਖ ਅਤੇ ਵਿੱਤ ਮੁਖੀ ਸਤੀਸ਼ ਸੱਚਦੇਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਤਸੀਆਂ ਅਤੇ ਤਾਂਤਰਿਕਾਂ ਆਦਿ ਵੱਲੋਂ ਲੋਕਾਂ ਦੀ ਅਗਿਆਨਤਾ ਦਾ ਲਾਭ ਉਠਾਕੇ ਉਹਨਾਂ ਦੀ ਕਿਸਮਤ ਨੂੰ ਸੁਧਾਰਨ ਦੇ ਉਪਾਵਾਂ ਦੇ ਬਹਾਨੇ ਵੱਡੀ ਪੱਧਰ ਤੇ ਲੁੱਟਿਆ ਜਾਂਦਾ ਹੈ। ਤਰਕਸ਼ੀਲ ਸੁਸਾਇਟੀ ਨੇ ਲੋਕਾਂ ਨੂੰ ਇਸ ਲੁੱਟ ਤੋਂ ਬਚਣ ਲਈ ਉਹਨਾਂ ਨੂੰ ਜੋਤਿਸ਼ ਦੇ ਝੂਠ ਬਾਰੇ ਸਿੱਖਿਅਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਸੁਸਾਇਟੀ ਨੇ ਹਰ ਤਰਾਂ ਦੇ ਜੋਤਿਸ਼ੀਆਂ/ਤਾਂਤਰਿਕਾਂ ਆਦਿ ਲਈ 5 ਲੱਖ ਰੁ. ਦਾ ਇਨਾਮ ਵੀ ਰੱਖਿਆ ਹੋਇਆ ਹੈ।  ਇਹ ਇਨਾਮ ਉਹਨਾਂ ਨੂੰ ਤਾਂ ਹੀ ਮਿਲੇਗਾ ਜੇਕਰ ਉਹ ਇਸ ਨੂੰ ਵਿਗਿਆਨਿਕ ਤੌਰ ਤੇ ਸਹੀ ਸਿੱਧ ਕਰ ਦਿੰਦੇ ਹਨ। ਪਰ ਅੱਜ ਤੱਕ ਕੋਈ ਵੀ ਜੋਤਸ਼ੀ ਆਦਿ ਇਸ ਨੂੰ ਸਿੱਧ ਨਹੀਂ ਕਰ ਸਕਿਆ। ਉਹਨਾਂ ਹਰ ਅਗਾਂਹਵਧੂ ਵਿਚਾਰ ਰੱਖਣ ਵਾਲੇ ਮਨੁੱਖ ਨੂੰ ਇਸ ਸੈਮੀਨਾਰ ਵਿੱਚ ਪਹੁੰਚਕੇ ਜੋਤਿਸ਼ੀਆਂ ਵੱਲੋਂ ਲਾਏ ਜਾਂਦੇ ਤੁੱਕੇ ਸਮਝਣ ਦੀ ਅਪੀਲ ਕੀਤੀ ਹੈ।
ਚੰਗਾ ਹੋਵੇ ਜੇ ਲੋਕਾਂ ਦੇ ਮਨੋਬਲ ਨੂੰ ਮਜਬੂਤ ਕੀਤਾ ਜਾਵੇ। ਉਹਨਾਂ ਨੂੰ ਬੜੇ ਹੀ ਪ੍ਰੇਮ ਨਾਲ ਸਮਝਾਇਆ ਜਾਵੇ ਕਿ 
ਤਦਬੀਰ ਸੇ ਬਿਗੜੀ ਹੁਈ ਤਕਦੀਰ ਬਣਾ ਲੇ;
ਅਪਨੇ ਪੇ ਭਰੋਸਾ ਹੈ ਤੋ ਏਹ ਦਾਂਵ ਲਗਾ ਲੇ। 
ਇਸ ਸਬੰਧੀ ਹੋਰ ਵੇਰਵੇ ਲਈ ਸੰਪਰਕ ਕੀਤਾ ਜਾ ਸਕਦਾ ਹੈ ਜਸਵੰਤ ਜੀਰਖ ਹੁਰਾਂ ਨਾਲ (98151-69825) 

No comments: