Tuesday, October 24, 2017

ਨਾਮਧਾਰੀ ਸੰਗਤ ਵੱਲੋਂ RSS ਦੇ ਹੱਕ ਵਿੱਚ ਖੁਲ੍ਹਾ ਸਟੈਂਡ

Mon, Oct 23, 2017 at 3:58 PM 
ਠਾਕੁਰ ਦਲੀਪ ਸਿੰਘ ਨੇ ਕਿਹਾ:ਗੁਰਪੂਰਬ ਮਨਾਉਣ ਵਾਲੇ ਚੰਗਾ ਹੀ ਕਰਦੇ ਨੇ 
ਲੁਧਿਆਣਾ: 23 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਵੱਡਾ ਕਰਕੇ ਪੜ੍ਹਨ ਲਈ ਇਸਤੇ ਕਲਿਕ ਕਰੋ
ਵੱਡਾ ਕਰਕੇ ਪੜ੍ਹਨ ਲਈ ਇਸਤੇ ਕਲਿਕ ਕਰੋ 
ਨਾਮਧਾਰੀ ਪੰਥਕ ਏਕਤਾ ਕਮੇਟੀ ਵੱਲੋਂ ਅੱਜ ਇੱਕ ਵਿਸ਼ੇਸ਼ ਇਕੱਤਰਤਾ 25 ਅਕਤੂਬਰ ਨੂੰ ਆਰ.ਐਸ.ਐਸ ਵੱਲੋਂ ਦਿੱਲੀ ਵਿਖੇ ਵਿਸ਼ਾਲ ਪੱਧਰ ਤੇ ਮਨਾਏ ਜਾ ਰਹੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਚਰਚਾ ਕੀਤੀ ਗਈ।
ਇਸ ਸਮੇਂ ਸ੍ਰ. ਨਵਤੇਜ ਸਿੰਘ ਨਾਮਧਾਰੀ ਨੇ ਕਿਹਾ ਕਿ ਸਾਨੂੰ ਮੀਡੀਆ ਵਿੱੱਚ ਪੜਕੇ ਪਤਾ ਲੱਗਾ ਹੈ ਕਿ ਕੁਝ ਸੱਜਨਾਂ ਵੱਲੋਂ ਆਰ.ਐਸ.ਐਸ.ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਮਨਾਏ ਜਾ ਰਹੇ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਿੱਖਾਂ ਨੂੰ ਉਥੇ ਜਾਣ ਤੋਂ ਮਨਾ ਕੀਤਾ ਜਾ ਰਿਹਾਹੈ। ਜਿਹੜੇ ਸੱਜਣ ਕਿਸੇ ਨੂੰ ਵੀ ਉਥੇ ਜਾਣ ਤੋਂ ਰੋਕਦੇ ਨੇ ਜਾਂ ਵਿਰੋਧ ਕਰਦੇ ਨੇ; ਉਹਨਾਂ ਨੂੰ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਅਸੀਂ ਨਾਮਧਾਰੀ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਾਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ-ਪਾਤਸ਼ਾਹ ਜੀ ਦਾ ਗੁਰਪੁਰਬ ਮਨਾਉਣ ਵਾਲਿਆਂ ਦਾ ਅਤੇ ਗੁਰਪੁਰਬ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਤਾਂ ਸਭ ਦੇ ਸਾਂਝੇ ਸਨ। 
ਗੁਰਪੁਰਬ ਕੋਈ ਵੀ ਮਨਾਵੇ, ਉਸ ਵਿੱਚ ਕੋਈ ਮਾੜੀ ਗੱਲ ਨਹੀਂ। ਗੁਰਪੁਰਬ ਮਨਾਉਣ ਵਾਲਾ ਭਾਵੇਂ ਰਾਜਨੀਤੀ ਕਰਦਾ ਹੈ, ਪਖੰਡ ਕਰਦਾ ਹੈ ਜਾਂ ਜੋ ਵੀ ਕਰਦਾ ਹੈ, ਪਰ ਕੰਮ ਤਾਂ ਚੰਗਾ ਹੀ ਕਰ ਰਿਹਾ ਹੈ। ਰਾਜਨੀਤੀ ਪਖੰਡ ਕੌਣ ਨਹੀਂ ਕਰਦਾ? ਲੋੜ ਅਨੁਸਾਰ ਸਾਰੇ ਹੀ ਕਰਦੇ ਨੇ।
ਜੇ ਆਰ.ਐਸ.ਐਸ ਵਾਲੇ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸੋਭਾ ਕਰਦੇ ਹਨ, ਸਾਨੂੰ ਉਹਨਾਂ ਦਾ ਵਿਰੋਧ ਕਰਨ  ਦੀ ਬਜਾਏ ਗੁਰਪੁਰਬ ਮਨਾਉਣ ਵਰਗੇ ਚੰਗੇ ਕੰਮ ਵਿੱਚ ਵੱਧ-ਚੜ ਕੇ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।ਗੁਰਬਾਣੀ ਵਿੱਚ  ਵੀ ਲਿਖਿਆ ਹੈ “ਗੁਰਮੁਖਿ ਵੈਰ ਵਿਰੋਧ ਗਵਾਵੈ”। ਸੋ ਸਾਨੂੰ ਵੀ ਗੁਰਬਾਣੀ ਅਨੁਸਾਰ ਆਰ.ਐਸ.ਐਸ. ਦਾ ਵਿਰੋਧ ਕਰਨ ਦੀ ਬਜਾਏ ਉਹਨਾਂ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਅਤੇ ਪ੍ਰੇਮ  ਨਾਲ  ਉਹਨਾਂ ਨੂੰ ਵੀ ਸਤਿਗੁਰੂ  ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਵਿਰੋਧ ਕਰਨ ਨਾਲ ਸਿੱਖ ਪੰਥ ਦੀ ਬਦਨਾਮੀ ਹੁੰਦੀ ਹੈ ਅਤੇ ਸਿੱਖ ਪੰਥ ਘਟਦਾ ਹੈ, ਦੂਰੀਆਂ ਵਧਦੀਆਂ ਹਨ ਜਦਕਿ ਪ੍ਰੇਮ ਕਰਨ ਨਾਲ ਸਿੱਖ ਪੰਥ ਵਧਦਾ ਹੈ ਅਤੇ ਸਿੱਖ ਪੰਥ ਦੀ ਸੋਭਾ ਹੁੰਦੀ ਹੈ। ਜਿਹੜੇ ਵੀ ਸਾਡੇ ਸਤਿਗੁਰੂ ਸਾਹਿਬਾਨ ਦਾ ਨਾਮ ਲੈਣਗੇ, ਉਹਨਾਂ ਦਾ ਵੀ ਭਲਾ ਹੋਵੇਗਾ। ਜੇ ਉਹ ਬੁਰੇ ਵੀ ਹਨ, ਤਾਂ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸੋਭਾ ਕਰ ਕੇ ਅਤੇ ਉਹਨਾਂ ਦਾ ਗੁਰਪੁਰਬ ਮਨਾ ਕੇ ਉਹ ਵੀ ਚੰਗੇ ਹੋ ਜਾਣਗੇ।ਇਸ ਕਰ ਕੇ ਜਿਹੜੇ ਵੀ ਸਾਡੇ ਸਤਿਗੁਰੂ ਸਾਹਿਬਾਨ ਦਾ ਗੁਰਪੁਰਬ ਮਨਾਉਂਦੇ ਹਨ, ਸਾਨੂੰ ਉਹਨਾਂ ਨਾਲ ਨਫਰਤ ਕਰਨ ਦੀ ਬਜਾਏ ਪ੍ਰੇਮ ਅਤੇ ਸਹਿਯੋਗ ਕਰਕੇ ਉਹਨਾਂ ਦਾ ਉਤਸ਼ਾਹ ਵਧਾਉਣਾ ਚਾਹੀਦਾ ਹੈ।
ਇਸ ਸਮੇਂ ਡਾ. ਰਜਿੰਦਰ ਸਿੰਘ, ਨਵਤੇਜ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਮਨਿੰਦਰ ਸਿੰਘ ਸਾਹਬੀ ਅਤੇ ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।

No comments: