Tuesday, August 16, 2016

ਪ੍ਰੋ. ਗੁਰਦਿਆਲ ਸਿੰਘ ਦਾ ਸਦੀਵੀ ਵਿਛੋੜਾ- ਝੰਜੋੜਿਆ ਗਿਆ ਸਾਹਿਤ ਜਗਤ

Tue, Aug 16, 2016 at 4:26 PM
ਆਮ ਲੋਕਾਂ ਦੇ ਸੰਘਰਸ਼ਾਂ ਦਾ ਲੇਖਕ ਬਣਿਆ ਰਹੇਗਾ ਰਚਨਾਵਾਂ ਰਾਹੀਂ ਪ੍ਰੇਰਨਾ ਸਰੋਤ 
ਲੁਧਿਆਣਾ: 16 ਅਗਸਤ, 2016: (ਪੰਜਾਬ ਸਕਰੀਨ ਬਿਊਰੋ):  
ਅੱਜ ਦੁਪਹਿਰ ਇਹ ਖ਼ਬਰ ਆਈ ਕਿ ਪ੍ਰੋ. ਗੁਰਦਿਆਲ ਸਿੰਘ ਜੋ ਗਿਆਨਪੀਠ ਸਨਮਾਨ ਜਿੱਤ ਕੇ ਪੰਜਾਬੀ ਸਾਹਿਤ ਜਗਤ ਦਾ ਮਾਣ ਸਨ, ਸਦੀਵੀ ਵਿਛੋੜਾ ਦੇ ਗਏ ਹਨ। ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਨਮਾਨਿਤ ਆਜੀਵਨ ਮੈਂਬਰ ਸਨ। ਉਨ੍ਹਾਂ ਦੇ ਨਾਵਲਾਂ ਤੇ ਹੋਰ ਲਿਖਤਾਂ ਦੀ ਪੰਜਾਬੀ ਲੋਕ ਮਨ ਵਿੱਚ ਇੱਕ ਵਿਸ਼ੇਸ਼ ਥਾਂ ਹੈ। ਉਨ੍ਹਾਂ ਦੇ ਸਦੀਵੀ ਵਿਛੋੜੇ ਦੀ ਖ਼ਬਰ ਨਾਲ਼ ਸਮੁੱਚਾ ਸਾਹਿਤ ਜਗਤ ਝੰਜੋੜਿਆ ਗਿਆ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਇਸ ਮੌਕੇ ਗਹਿਰਾ ਦੁੱਖ ਪ੍ਰਗਟ ਕਰਦਿਆਂ  ਕਿਹਾ-
ਅੱਜ ਦੁਪਹਿਰ ਜਦੋਂ ਪ੍ਰੋ. ਗੁਰਦਿਆਲ ਸਿੰਘ ਦੇ ਅੰਦਰ ਤੱਕ ਝੰਜੋੜ ਦੇਣ ਵਾਲ਼ੀ ਖ਼ਬਰ ਕਿ ਉਹ ਸਦੀਵੀ ਵਿਛੋੜਾ ਦੇ ਗਏ ਹਨ, ਸੁਣੀ ਤਾਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਕਹਾਣੀ ‘‘ਇੱਕ ਯੋਧੇ ਦਾ ਚਲਾਣਾ’’ ਯਾਦ ਆਈ। ਪ੍ਰੋ. ਗੁਰਦਿਆਲ ਸਿੰਘ ਭਾਰਤੀ ਸਾਹਿਤਕਾਰਾਂ ਦੀ ਪ੍ਰੰਪਰਾ ਦੇ ਇੱਕ ਵੱਡੇ ਦਿੱਗਜ ਸਨ। ਇਸ ਪ੍ਰੰਪਰਾ ਦੀ ਸ਼ੁਰੂਆਤ ਉਰਦੂ ਦੇ ਵੱਡੇ ਨਾਮਣੇ ਵਾਲ਼ੇ ਕਥਾਕਾਰ ਨਾਲ਼ ਹੋਈ ਸੀ, ਜਿਸ ਨੂੰ ਭਾਰਤੀ ਲੋਕ ਮਨ ਦੀ ਆਤਮਾ ਦੀ ਪੀੜ ਨੂੰ ਸਮਝਿਆ ਸੀ- ਸਾਡੀ ਮੁਰਾਦ ਮੁਨਸ਼ੀ ਪ੍ਰੇਮਚੰਦ ਤੋਂ ਹੈ। ਪ੍ਰੋ. ਗੁਰਦਿਆਲ ਸਿੰਘ ਨੂੰ ਹਿੰਦੀ ਦੇ ਵੱਡੇ ਨਾਮਵਰ ਚਿੰਤਕ ਪ੍ਰੋ. ਨਾਮਵਰ ਸਿੰਘ ਨੇ ਪੰਜਾਬੀ ਵਿੱਚ ਲਿਖਣ ਵਾਲ਼ਾ ਭਾਰਤੀ ਨਾਵਲਕਾਰ ਕਹਿ ਕੇ ਮਾਣ ਦਿੱਤਾ ਹੈ। ਮੁਨਸ਼ੀ ਪ੍ਰੇਮਚੰਦ ਦੇ ਪਾਏ ਪੂਰਣਿਆਂ ਨੂੰ ਹੋਰ ਗੂੜ੍ਹੇ ਕਰਦੇ ਹੋਏ ਪ੍ਰੋ. ਗੁਰਦਿਆਲ ਸਿੰਘ ਨੇ ਹਾਸ਼ੀਏ ’ਤੇ ਸੁੱਟ ਦਿੱਤੇ ਗਏ ਉਸ ਕਿਰਤੀ ਵਰਗ ਨੂੰ ਆਪਣੇ ਗਲਪ ਵਿੱਚ ਥਾਂ ਦਿੱਤੀ, ਜਿਸ ਨੂੰ ਨਾ ਕੇਵਲ ਉਸਦੀ ਕਿਰਤ ਦੇ ਮੁੱਲ ਤੋਂ ਵਾਂਝਾ ਕੀਤਾ ਗਿਆ ਸੀ ਸਗੋਂ ਉਸ ਦੇ ਸਵੈਮਾਣ ਨੂੰ ਵੀ ਮਿੱਧ-ਮਧੋਲ਼ ਦਿੱਤਾ ਸੀ। ਜ਼ਿੰਦਗੀ ਦੇ ਸਾਰੇ ਸੁੱਖਾਂ ਅਤੇ ਸਮਾਜਿਕ ਨਿਆਂ ਤੋਂ ਵੰਚਿਤ ਕਰ ਦਿੱਤੇ ਗਏ। ਜਿਸ ਕਿਰਤੀ ਵਰਗ ਨੂੰ ਖ਼ਾਮੋਸ਼ ਕਰ ਦਿੱਤਾ ਗਿਆ ਸੀ, ਪ੍ਰੋ. ਗੁਰਦਿਆਲ ਸਿੰਘ ਨੇ ਉਸ ਦੀ ਆਤਮਾ ਦੀ ਚੀਤਕਾਰ ਨੂੰ ਸੁਣਿਆ ਵੀ ਅਤੇ ਉਸ ਨੂੰ ਕਲਾਤਮਕ ਸੁਰ ਵਿੱਚ ਜ਼ੁਬਾਨ ਦਿੱਤੀ। ਜਗਸੀਰ ਤੇ ਰੌਣਕ ਨਾਵਲ ਮੜ੍ਹੀ ਦਾ ਦੀਵਾ, ਮੋਦਮ ਤੇ ਦਾਨੀ ਨਾਵਲ ਅੱਧ ਚਾਨ੍ਹਣੀ ਰਾਤ, ਬਿਸ਼ਨਾ ਨਾਵਲ ਅਣਹੋਏ, ਪਰਸਾ ਤੇ ਮੁਖਤਿਆਰੋ ਨਾਵਲ ਪਰਸਾ ਆਦਿ ਅਜਿਹੇ ਅਮਰ ਪਾਤਰ ਹਨ, ਜਿਹੜੇ ਸਭ ਸੁੱਖ ਸਾਧਨਾਂ, ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਨਿਆਂ ਤੋਂ ਨਿਰਵਾਸਿਤ ਹੋ ਜਾਣ ਦੇ ਬਾਵਜੂਦ ਸਥਿਤੀਆਂ ਅੱਗੇ ਹਾਰ ਨਹੀਂ ਮੰਨਦੇ। 
ਇਨ੍ਹਾਂ ਅਣਹੋਏ ਪਰ ਮਹਾਨ ਮਨੁੱਖਾਂ ਦਾ ਧੀਮੀ ਸੁਰ ਵਾਲ਼ਾ ਪ੍ਰਤੀਰੋਧ ਨਾ ਕੇਵਲ ਗੁਰਦਿਆਲ ਸਿੰਘ ਸਗੋਂ ਪੰਜਾਬ ਦੀ ਨਾਵਲ ਪ੍ਰੰਪਰਾ ਦਾ ਹਾਂਸਲ ਹੈ। ਗੁਰਦਿਆਲ ਸਿੰਘ ਜਿੰਨਾ ਆਪਣੇ ਵਰਤ-ਵਰਤਾਅ ਵਿੱਚ ਕੋਮਲ ਚਿੱਤ ਅਤੇ ਨਿਰਮਾਣ ਸੀ, ਉਨੇ ਹੀ ਉਸਦੇ ਪਾਤਰ ਸਮਾਜਿਕ ਅਨਿਆਂ ਦੇ ਖ਼ਿਲਾਫ਼ ਮੋਰਚੇ ਬੰਨ੍ਹ ਲੈਣ ਵਾਲ਼ੇ ਰਿਲੱਥ ਸਾਬਿਤ ਹੋਏ। ਗੁਰਦਿਆਲ ਸਿੰਘ ਨੇ ਭਾਰਤ ਦੇ ਮਧੋਲ਼ੇ ਹੋਏ ਲੋਕਾਂ ਲਈ ਆਤਮ ਸਨਮਾਨ ਨੂੰ ਪਰਸੇ ਜਿਹੇ ਪ੍ਰਤੀਕਾਤਮਕ ਸ਼ਾਹਕਾਰ ਦੁਆਰਾ ਇੱਕ ਨਵੀਂ ਪਛਾਣ ਦਿੱਤੀ। ਗੁਰਦਿਆਲ ਸਿੰਘ ਦੇ ਜਾਣ ਨਾਲ਼ ਨਾ ਕੇਵਲ ਪੰਜਾਬੀ  ਸਾਹਿਤ ਸੱਭਿਆਚਾਰ ਨੂੰ ਨਾ ਪੂਰਿਆ ਜਾਣ ਵਾਲ਼ਾ ਘਾਟਾ ਪਿਆ ਹੈ ਸਗੋਂ ਅਸੀਂ ਪੰਜਾਬ ਦੇ ਇੱਕ ਸੰਵੇਦਨਸ਼ੀਲ ਬੁੱਧੀਜੀਵੀ ਅਤੇ ਸਿਰਜਕ ਤੋਂ ਵਾਂਝੇ ਹੋ ਗਏ ਹਾਂ। ਜਿਸ ਨੇ ਬਾਜ਼ਾਰ, ਕਾਰਪੋਰੇਟ ਜਗਤ ਅਤੇ ਧਾਰਮਿਕ ਹੱਠਧਰਮੀਆਂ ਵੱਲੋਂ ਪੈਦਾ ਕੀਤੇ ਨਵੇਂ ਸੱਭਿਆਚਾਰਕ ਸੰਕਟ ਨੂੰ ਸੰਬੋਧਨ ਵੀ ਕੀਤਾ ਹੈ। ਉਹ ਸ਼ਬਦ ਦੇ ਸਹੀ ਅਰਥਾਂ ਵਿੱਚ ਇੱਕ ਅਜਿਹਾ ਧਰਤੀ ਪੁੱਤਰ ਸੀ ਜਿਸ ਨੇ ਆਪਣੀ ਰਚਨਾਤਮਕ ਸੰਵੇਦਨਸ਼ੀਲਤਾ ਅਤੇ ਫ਼ਿਕਰਮੰਦੀ ਕਰਕੇ ਪੰਜਾਬੀ ਲੇਖਕਾਂ ਦੀ ਪੱਤ ਰੱਖ ਵਿਖਾਈ। ਗੁਰਦਿਆਲ ਸਿੰਘ ਬਾਰੇ ‘‘ਹੈ’’ ਦੀ ਥਾਂ ‘‘ਸੀ’’ ਸੋਚ ਕੇ ਹੀ ਰੂਹ ਕੰਬ ਉੱਠੀ ਹੈ।
ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਆਖਿਆ ਕਿ ਪ੍ਰੋ. ਗੁਰਦਿਆਲ ਸਿੰਘ ਦੇ ਜਾਣ ਨਾਲ਼ ਸਾਡੇ ਸਮਿਆਂ ਦੀ ਰੌਸ਼ਨ ਦਿਮਾਗ਼ ਸ਼ਖਸੀਅਤ ਸਾਡੇ ਕੋਲ਼ੋਂ ਚਲੀ ਗਈ ਹੈ। ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਮਹਿਸੂਸ ਕੀਤਾ ਕਿ ਪ੍ਰੋ. ਗੁਰਦਿਆਲ ਸਿੰਘ ਹੋਰਾਂ ਦੀ ਸਾਹਿਤ ਜਗਤ ਨੂੰ ਦੇਣ ਭੁਲਾਈ ਨਹੀਂ ਜਾ ਸਕੇਗੀ। ਉਨ੍ਹਾਂ ਦੀਆਂ ਲਿਖਤਾਂ ’ਤੇ ਹਮੇਸ਼ਾ ਪੰਜਾਬੀ ਸਾਹਿਤ ਜਗਤ ਨੂੰ ਮਾਣ ਰਹੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ, ਪ੍ਰੋ. ਨਿਰੰਜਨ ਤਸਨੀਮ, ਮਿੱਤਰ ਸੈਨ ਮੀਤ, ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਤਰਲੋਚਨ ਲੋਚੀ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਧਨੋਆ, ਸਹਿਜਪ੍ਰੀਤ ਮਾਂਗਟ, ਸਰੂਪ ਸਿੰਘ ਅਲੱਗ, ਅਜੀਤ ਪਿਆਸਾ, ਡਾ. ਦਵਿੰਦਰ ਦਿਲਰੂਪ, ਜਨਮੇਜਾ ਸਿੰਘ ਜੌਹਲ, ਡਾ. ਗੁਰਇਕਬਾਲ ਸਿੰਘ, ਜਸਵੰਤ ਜ਼ਫ਼ਰ, ਸਵਰਨਜੀਤ ਸਵੀ, ਭਗਵਾਨ ਢਿੱਲੋਂ ਆਦਿ ਨੇ ਲੇਖਕਾਂ ਨੇ ਗ਼ਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

No comments: